“ਹੁਣ ਤਾਂ ਸਰਕਾਰੀ ਸਕੂਲਾਂ ਵਿੱਚ ਸਿਰਫ ਗਰੀਬ ਤੇ ਪਰਵਾਸੀ ਲੋਕਾਂ ਦੇ ਬੱਚੇ ਪੜ੍ਹਦੇ ਹਨ। ਸਰਕਾਰ ਵੱਲੋਂ ਇਹਨਾਂ ਨੂੰ ...”
(3 ਅਗਸਤ 2024)
ਸਾਡੀ ਗਲੀ ਦੇ ਮੋੜ ’ਤੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਜਾਣ ਵਾਲੇ ਬੱਚਿਆਂ ਦੀ ਬੱਸ ਸਵੇਰੇ ਆ ਕੇ ਰੁਕਦੀ ਹੈ। ਕਈ ਮਾਵਾਂ ਨੇ ਬੱਚੇ ਨੂੰ ਕੁੱਛੜ ਚੁੱਕਿਆ ਹੁੰਦਾ ਹੈ, ਦੂਜੀ ਬਾਂਹ ’ਤੇ ਬਸਤਾ ਲਟਕਾਈ ਬੱਸ ਵੱਲ ਦੌੜ ਰਹੀਆਂ ਹੁੰਦੀਆਂ ਹਨ। ਕੁਝ ਸੰਭਲੇ ਹੋਏ ਬੱਚੇ ਜੋ ਦੌੜੇ ਤਾਂ ਜਾਂਦੇ ਹਨ ਪਰ ਭਾਰੀ-ਬੋਝਲ ਬਸਤਾ ਮਾਂ-ਬਾਪ ਨੇ ਹੀ ਚੁੱਕਿਆ ਹੁੰਦਾ ਹੈ। ਪਹਿਲਾਂ ਘਰ ਵਿੱਚ ਬੱਚੇ ਮਾਂ ਬਾਪ ਦੀ ਰੇਲ ਬਣਾਉਂਦੇ ਹਨ। ਟਾਈਮ ਸਿਰ ਉਠਾਉਣਾ, ਤਿਆਰ ਕਰਨਾ, ਬਸਤਾ ਚੈੱਕ ਕਰਨਾ ਟਿਫਨ ਪੈਕ ਕਰਨਾ। ਜਦੋਂ ਟਾਈਮ ਨਹੀਂ ਰਹਿੰਦਾ ਤਾਂ ਬੱਚਾ ਨਾਸ਼ਤਾ ਕਰਨ ਤੋਂ ਨਾਂਹ ਕਰਦਾ ਹੈ। ਮਾਂ ਪਰੌਂਠੀ ਰੋਲ ਕਰਕੇ ਹੱਥ ਵਿੱਚ ਫੜਾ ਦਿੰਦੀ ਹੈ ਤੇ ਉਹ ਰਸਤੇ ਵਿੱਚ ਖਾਂਦਾ ਹੈ। ਮਾਂ-ਬਾਪ. ਬੱਚੇ ਸਭ ਤਣਾਉ ਵਿੱਚ ਵਿਖਾਈ ਦਿੰਦੇ ਹਨ। ਬੱਚਾ ਬੱਸ ਵਿੱਚ ਬੈਠ ਗਿਆ ਤਾਂ ਸਮਝੋ ਜਿਵੇਂ ਜੰਗ ਜਿੱਤ ਲਈ ਹੋਵੇ।
ਉਸ ਵੇਲੇ ਮੈਨੂੰ ਅਕਸਰ ਛੇ ਦਹਾਕੇ ਪਹਿਲਾਂ ਦਾ ਪ੍ਰਾਇਮਰੀ ਸਿੱਖਿਆ ਦਾ ਇਤਿਹਾਸ ਚੇਤੇ ਆਉਂਦਾ ਹੈ, ਜਦੋਂ ਅਸੀਂ ਵੀ ਪੜ੍ਹਨੇ ਪਏ ਸੀ। ਮੇਰਾ ਪ੍ਰਾਇਮਰੀ ਸਕੂਲ ਪਿੰਡ ਵਿੱਚ ਹੀ ਸਾਡੀ ਹਵੇਲੀ ਵਿੱਚ ਲਗਦਾ ਰਿਹਾ। ਬਾਅਦ ਵਿੱਚ ਪੰਚਾਇਤ ਨੇ ਜਗ੍ਹਾ ਦਿੱਤੀ ਤੇ ਉੱਥੇ ਦੋ ਕਮਰੇ ਦਾ ਸਕੂਲ ਹੋਂਦ ਵਿੱਚ ਆਇਆ। ਘਰਾਂ ਤੋਂ ਦੂਰ ਨਹੀਂ ਸੀ, ਸਕੂਲ ਲੱਗਣ ਦੀ ਟੱਲੀ ਵੱਜਦੀ ’ਤੇ ਅਸੀਂ ਪਹੁੰਚ ਜਾਂਦੇ। ਉਦੋਂ ਪ੍ਰਾਇਮਰੀ ਸਕੂਲ ਵੀ ਬਹੁਤ ਘੱਟ ਹੁੰਦੇ ਸਨ। ਕਈ ਬੱਚੇ ਨਾਲ ਦੇ ਪਿੰਡਾਂ ਤੋਂ ਵੀ ਆਉਂਦੇ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿ ਕੇ ਪੰਜ ਜਮਾਤਾਂ ਪਾਸ ਕਰਦੇ ਸਨ। ਹੁਣ ਬੱਚੇ ਦੇ ਪਹਿਲੇ ਦਿਨ ਸਕੂਲ ਜਾਣ ’ਤੇ ਵੀਡੀਓ ਬਣਦੀ ਹੈ ਤੇ ਮਠਿਆਈ ਵੰਡੀ ਜਾਂਦੀ ਹੈ। ਯਾਦ ਆਉਂਦਾ ਹੈ ਕਿ ਸਾਨੂੰ ਘਰ ਦਾ ਕੋਈ ਜਣਾ ਹੱਟੀਉਂ ਸਵਾ ਪੰਜ ਆਨੇ ਦੇ ਪਤਾਸੇ ਲੈ ਕੇ ਸਕੂਲ ਛੱਡ ਆਉਂਦਾ ਸੀ। ਉਦੋਂ ਪਤਾਸੇ ਮਠਿਆਈ ਤੋਂ ਵੱਧ ਸੁਆਦੀ ਲੱਗਦੇ ਸਨ।
ਦਾਖਲ ਹੋਣ ਤੋਂ ਬਾਅਦ ਸਾਨੂੰ ਫੱਟੀ, ਕਲਮ, ਦਵਾਤ, ਸਲੇਟ, ਸਲੇਟੀ, ਕੈਦਾ ਤੇ ਪਹਾੜਾ ਲਿਆਉਣ ਲਈ ਕਹਿ ਦਿੱਤਾ ਜਾਂਦਾ ਸੀ, ਜੋ ਸਾਡੇ ਸ਼ਹਿਰ ਤੋਂ ਆਉਂਦੇ ਅਧਿਆਪਕ ਵੀ ਲਿਆ ਕੇ ਦੇ ਦਿੰਦੇ ਸਨ। ਘਰ ਦੇ ਸੀਤੇ ਹੋਏ ਲੰਮੇ ਝੋਲੇ ਵਿੱਚ ਇਹ ਸਮਾਨ ਪਾਕੇ ਸਾਡਾ ਬਸਤਾ ਤਿਆਰ ਹੋ ਜਾਂਦਾ ਸੀ, ਜਿਸਦਾ ਵਜ਼ਨ ਮਸੀਂ ਅੱਧਾ ਕਿਲੋ ਹੁੰਦਾ ਹੋਵੇਗਾ। ਪਰ ਹੁਣ ਤਾਂ ਸ਼ੁਰੂ ਵਿੱਚ ਹੀ ਬਸਤਾ ਚਾਰ ਕਿਲੋ ਦਾ ਹੋਵੇਗਾ ਹੀ।
ਅੱਜ ਕੱਲ੍ਹ ਸ਼ੁਰੂ ਤੋਂ ਹੀ ਬੱਚੇ ਦਾ ਕਾਪੀ-ਪੈੱਨ ਨਾਲ ਵਾਸਤਾ ਪੈਂਦਾ ਹੈ। ਪਰ ਸਾਡੀ ਪੰਜਵੀਂ ਤਕ ਦੀ ਪੜ੍ਹਾਈ ਫੱਟੀ, ਕਲਮ, ਦਵਾਤ ਦੇ ਦੁਆਲੇ ਹੀ ਘੁੰਮਦੀ ਸੀ। ਫੱਟੀ ਦੀ ਖਾਸ ਚੋਣ ਕੀਤੀ ਜਾਂਦੀ। ਸ਼ੁਰੂ ਵਿੱਚ ਉਸ ’ਤੇ ਗੋਹਾ ਥੱਪ ਦੇਣਾ, ਸੁੱਕ ਜਾਣ ’ਤੇ ਮਲ-ਮਲ ਕੇ ਧੋਣਾ ਤੇ ਪੋਚਣਾ। ਫੱਟੀ ਪੋਚਣਾ ਵੀ ਇੱਕ ਕਲਾ ਸੀ। ਅੱਛੀ ਤਰ੍ਹਾਂ ਸਫਾਈ ਕਰਕੇ ਚਿੱਟੀ ਜਾਂ ਪੀਲੀ ਭਾਹ ਮਾਰਦੀ ਗਾਚਨੀ ਫੇਰੀ ਜਾਣਾ। ਜਦੋਂ ਫੱਟੀ ਭਰ ਜਾਣੀ ਤਾਂ ਹੱਥ ਫਿਰ ਕੇ ਸਮਤਲ ਕਰਨਾ। ਕਿਨਾਰਿਆਂ ਤੋਂ ਉਂਗਲੀ ਨਾਲ ਸਾਫ ਕਰਕੇ ਬਾਰਡਰ ਬਣਾ ਲੈਣਾ। ਸੁਕਾਉਣ ਲਈ ਧੁੱਪੇ ਰੱਖ ਦੇਣਾ ਜਾਂ ਫਿਰ ਹੱਥ ਵਿੱਚ ਫੜ ਕੇ ਹਿਲਾਉਂਦੇ ਰਹਿਣਾ ਤਾਂ ਕਿ ਜਲਦੀ ਸੁੱਕ ਜਾਵੇ। ਫਿਰ ਆਪਣੇ ਬਣਾਏ ਗੀਤ ਗਾਉਣੇ:
ਸੂਰਜਾ-ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਘਰ ਨੂੰ ਜਾਹ …।
ਸਵੇਰ ਵੇਲੇ ਸਕੂਲ ਜਾ ਕੇ ਫੱਟੀ ਲਿਖਣੀ। ਪਹਿਲੀ-ਦੂਜੀ ਜਮਾਤ ਵਿੱਚ ਅਧਿਆਪਕ ਲਾਈਨਾਂ ਮਾਰ ਕੇ ਪੈਨਸਿਲ ਨਾਲ ਅੱਖਰ ਉਘਾੜਦੇ ਭਾਵ ਪੂਰਨੇ ਪਾ ਦਿੰਦੇ ਤੇ ਅਸੀਂ ਕਲਮ ਨੂੰ ਕਾਲੀ ਸਿਆਹੀ ਦੀ ਦਵਾਤ ਵਿੱਚ ਡੁਬੋ ਕੇ ਲਿਖੀ ਜਾਂਦੇ। ਕਾਲੀ ਸਿਆਹੀ ਦੀਆਂ ਪੁੜੀਆਂ ਨੂੰ ਦਵਾਤ ਵਿੱਚ ਪਾ ਕੇ ਪਾਣੀ ਨਾਲ ਘੋਲਿਆ ਜਾਂਦਾ ਤੇ ਉਸ ਨੂੰ ਇੱਕ ਖਾਸ ਗਾੜ੍ਹਾਪਨ ਤਕ ਰੱਖਦੇ ਸਾਂ। ਅਸੀਂ ਘਰ ਤੋਂ ਕਾਨੇ ਲੈ ਕੇ ਜਾਂਦੇ ਤੇ ਮਾਸਟਰ ਜੀ ਚਾਕੂ ਜਾਂ ਬਲੇਡ ਨਾਲ ਘੜ ਕੇ ਸਾਰਿਆਂ ਨੂੰ ਦਿੰਦੇ ਸਨ। ਵਧੀਆ ਕਲਮ ਨਾਲ ਹੀ ਵਧੀਆ ਲਿਖਾਈ ਹੁੰਦੀ ਸੀ। ਉਹ ਮੋਟੀ ਪਤਲੀ ਦੇ ਹਿਸਾਬ ਨਾਲ ਟੱਕ ਲਾਉਂਦੇ। ਹਿੰਦੀ ਲਿਖਣ ਲਈ ਟੱਕ ਟੇਢਾ ਰੱਖਣਾ। ਹੱਥ-ਲਿਖਤ ਦੇ ਮੁਕਾਬਲੇ ਵੀ ਕਰਵਾਏ ਜਾਂਦੇ। ਮਾਣ ਹੈ ਕਿ ਮੇਰੀ ਲਿਖਾਈ ਹੁਣ ਤਕ ਸੁੰਦਰ ਹੈ। ਤੀਜੀ-ਚੌਥੀ ਵਿੱਚ ਅਸੀਂ ਆਪੇ ਲਾਈਨਾਂ ਮਾਰ ਲੈਂਦੇ ਤੇ ਮਾਸਟਰ ਜੀ ਜਾਂ ਮੌਨੀਟਰ ਦੇ ਬੋਲਣ ਤੇ’ ਜ਼ੁਬਾਨੀ ਲਿਖਣਾ ਹੁੰਦਾ ਸੀ। ਪੂਰਨੇ ਨਹੀਂ ਸੀ ਪਾਏ ਜਾਂਦੇ। ਫੱਟੀ ਦੇ ਇੱਕ ਪਾਸੇ ਪੰਜਾਬੀ ਤੇ ਦੂਜੇ ਪਾਸੇ ਪਹਾੜੇ ਲਿਖਦੇ ਸਾਂ। ਸਲੇਟ ਦੀ ਵੀ ਆਪਣੀ ਅਹਿਮੀਅਤ ਸੀ। ਇਸਦੇ ਇੱਕ ਸਿਰੇ ਤੇ ਛੇਕ ਵਿੱਚੋਂ ਧਾਗਾ ਲੰਘਾ ਕੇ ਕੱਪੜੇ ਦਾ ਪੂੰਝਾ ਜਿਹਾ ਬਣਾ ਕੇ ਬੰਨ੍ਹ ਲੈਂਦੇ। ਪਹਾੜੇ ਲਿਖਦੇ ਸਵਾਲ ਕੱਢਦੇ ਤੇ ਬਾਅਦ ਵਿੱਚ ਇਸੇ ਪੂੰਝੇ ਦੀ ਵਰਤੋਂ ਕਰਦੇ ਜੋ ਰਬੜ ਦਾ ਕੰਮ ਕਰਦਾ।
ਘਰ ਦੀ ਅਲਮਾਰੀ ਦੇ ਇੱਕ ਖਾਨੇ ਵਿੱਚ ਸਾਡੇ ਲਈ ਸਲੇਟੀਆਂ ਦਾ ਡੱਬਾ, ਕਾਲੀ ਸਿਆਹੀ ਦੀਆਂ ਪੁੜੀਆਂ, ਨੀਲੀ ਸਿਆਹੀ ਦੀਆਂ ਟਿੱਕੀਆਂ ਤੇ ਗਾਚਨੀ ਪਈ ਹੁੰਦੀ ਸੀ, ਜੋ ਪਿਤਾ ਜੀ ਸ਼ਹਿਰ ਤੋਂ ਲਿਆਉਂਦੇ ਹੁੰਦੇ ਸਨ। ਉਂਝ ਲੋੜ ਪੈਣ ’ਤੇ ਹੱਟੀਉਂ ਵੀ ਲੈ ਆਉਂਦੇ। ਕਈ ਬੱਚੇ ਸਲੇਟੀ ਲਿਖਣ ਲਈ ਘੱਟ ਤੇ ਖਾਣ ਲਈ ਜ਼ਿਆਦਾ ਵਰਤ ਲੈਂਦੇ। ਉਹਨਾਂ ਨੂੰ ਸਖਤੀ ਨਾਲ ਰੋਕਿਆ ਜਾਂਦਾ। ਚੌਥੀ-ਪੰਜਵੀਂ ਵਿੱਚ ਨੀਲੀ ਸਿਆਹੀ ਦੀ ਵਰਤੋਂ ਸ਼ੁਰੂ ਹੋ ਗਈ ਸੀ। ਟੀਨ ਦੀ ਦਵਾਤ ਵਿੱਚ ਸਿਆਹੀ ਦੀ ਟਿੱਕੀ ਘੋਲ਼ੀ ਜਾਂਦੀ ਤੇ ਬਰੀਕ ਘੜੀ ਹੋਈ ਕਲਮ ਨਾਲ ਕਾਪੀਆਂ ’ਤੇ ਲਿਖਦੇ। ਅੱਧੀ ਛੁੱਟੀ ਤੋਂ ਬਾਅਦ ਪਹਾੜੇ ਬੋਲੇ ਜਾਂਦੇ। ਕਈ ਵਾਰ ਸਾਰਾ ਸਕੂਲ ਇਕੱਠਾ ਹੋ ਜਾਂਦਾ। ਇੱਕ ਬੱਚਾ ਅੱਗੇ ਖੜ੍ਹਾ ਹੋ ਕੇ ਬੋਲਦਾ ਤੇ ਬਾਕੀ ਸਾਰੇ ਪਿੱਛੇ ਬੋਲਦੇ। ਜਦੋਂ ਛੁੱਟੀ ਦੀ ਘੰਟੀ ਵੱਜਦੀ ਤਾਂ ਗਲੀਆਂ ਵਿੱਚ ਭੱਜਦੇ ਹੋਏ ਟੋਟਕੇ ਜੋੜੀ ਜਾਂਦੇ - ਇੱਕ ਦੂਣੀ ਦੂਣੀ ਘਰੋਂ ਚਲਾਈ ਪੂਣੀ (ਰੂੰ)। ਜੇਕਰ ਅੱਧੀ-ਛੁੱਟੀ ਸਾਰੀ ਹੋ ਜਾਂਦੀ ਤਾਂ ਵੀ ਬੋਲਦੇ ਜਾਣਾ - ਅੱਧੀ ਛੁੱਟੀ ਸਾਰੀ ਮੀਆਂ ਮੱਖੀ ਮਾਰੀ।
ਸਾਡਾ ਪ੍ਰਾਇਮਰੀ ਸਕੂਲ ਤਕ ਦਾ ਸਫਰ ਰਵਾਂ ਰਵੀ ਚਲਦਾ ਹੋਇਆ ਆਨੰਦਮਈ ਹੀ ਹੁੰਦਾ ਸੀ। ਅੱਜ ਦੇ ਸਮੇਂ ਵਿੱਚ ਪਦਾਰਥਵਾਦੀ ਤੇ ਆਧੁਨਿਕਤਾ ਦੀ ਅਜਿਹੀ ਹਨੇਰੀ ਝੁੱਲੀ ਹੋਈ ਹੈ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰਾਈਵੇਟ ਸਕੂਲਾਂ ਦਾ ਬੋਲਬਾਲਾ ਹੈ।
ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾ ਕੇ ਅੰਗਰੇਜ਼ੀ ਬੋਲਦਾ ਵੇਖਣਾ ਤੇ ਵੱਡਾ ਅਫਸਰ ਬਣਾਉਣਾ ਚਾਹੁੰਦੇ ਹਨ। ਵੇਖਿਆ ਜਾਵੇ ਤਾਂ ਨਾਮਵਰ ਸ਼ਖਸੀਅਤਾਂ ਨੇ ਇਹਨਾਂ ਸਕੂਲਾਂ ਵਿੱਚ ਹੀ ਪੜ੍ਹ ਕੇ ਹਰ ਕਿੱਤੇ ਵਿੱਚ ਉੱਚ ਅਹੁਦੇ ਹਾਸਲ ਕਰਦੇ ਹੋਏ ਨਾਮਣਾ ਖੱਟਿਆ ਹੈ। ਹੁਣ ਤਾਂ ਸਰਕਾਰੀ ਸਕੂਲਾਂ ਵਿੱਚ ਸਿਰਫ ਗਰੀਬ ਤੇ ਪਰਵਾਸੀ ਲੋਕਾਂ ਦੇ ਬੱਚੇ ਪੜ੍ਹਦੇ ਹਨ। ਸਰਕਾਰ ਵੱਲੋਂ ਇਹਨਾਂ ਨੂੰ ਇੱਕ ਵੇਲੇ ਦਾ ਖਾਣਾ ਵੀ ਮਿਲਦਾ ਹੈ। ਕਈ ਤਾਂ ਰੋਟੀ ਮਿਲਣ ਦੀ ਆਸ ਨਾਲ ਹੀ ਜਾਂਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5184)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: