“ਅਸੀਂ ਮਿਲਾਵਟੀ ਭੋਜਨ ਅਤੇ ਬਣਾਵਟੀ ਤਰੀਕੇ ਨਾਲ ਪਕਾਏ ਅਤੇ ...”
(4 ਦਸੰਬਰ 2019)
ਸਾਡੀ ਪੀੜ੍ਹੀ ਪਹਿਲੀ ਤੇ ਆਖਰੀ ਬੇਜੋੜ, ਅਨੋਖੀ, ਦੁਵੱਲੀ ਤੇ ਵੱਖਰੀ ਪਛਾਣ ਵਾਲੀ ਵਿਲੱਖਣ ਹੋ ਨਿੱਬੜੀ ਹੈ। ਦੇਸ਼ ਦੀ ਅਜ਼ਾਦੀ ਤੋਂ ਬਾਅਦ 10-15 ਸਾਲ ਦੇ ਅੰਦਰ ਹੀ ਇਹ ਹੋਂਦ ਵਿੱਚ ਆਈ ਹੈ। ਸਾਡੀ ਗਿਣਤੀ ਹੁਣ ਥੋੜ੍ਹੀ ਰਹਿ ਗਈ ਹੈ ਅਤੇ ਆਉਂਦੇ ਇੱਕ ਦੋ ਦਹਾਕਿਆਂ ਵਿੱਚ ਪੂਰੀ ਖਤਮ ਹੋ ਜਾਵੇਗੀ। ਅਸੀਂ ਅਜ਼ਾਦ ਭਾਰਤ ਵਿੱਚ ਅੱਖਾਂ ਖੋਲ੍ਹਣ ਵਾਲੇ ਪਹਿਲੇ ਬਾਸ਼ਿੰਦੇ ਹਾਂ। ਉਸ ਸਮੇਂ ਚੁਤਰਫੇ ਨਵੀਂ ਪ੍ਰਾਪਤ ਹੋਈ ਅਜ਼ਾਦੀ ਲਈ ਖੁਸ਼ੀ ਦੀ ਲਹਿਰ ਫੈਲੀ ਹੋਈ ਸੀ, ਪਰ ਦੂਜੇ ਪਾਸੇ ਦੇਸ਼ ਦੀ ਵੰਡ ਦਾ ਸੰਤਾਪ ਵੀ ਬਹੁਤ ਲੋਕਾਂ ਨੇ ਭੋਗਿਆ। ਲੱਖਾਂ ਲੋਕ ਨਿਹੱਕੇ ਮਾਰੇ ਗਏ ਤੇ ਕਰੋੜਾਂ ਦੇ ਕਰੀਬ ਪੰਜਾਬੀਆਂ ਨੇ ਇਹ ਉਜਾੜਾ ਆਪਣੇ ਹੱਡੀਂ ਹੰਢਾਇਆ। ਉਦੋਂ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕੰਬਦੀ ਕਲਮ ਨਾਲ ਪੰਜਾਬ ਦੇ ਕਤਲੇਆਮ ਉੱਤੇ ਲੱਖਾਂ ਧੀਆਂ ਦੇ ਜਬਰ ਜਿਨਾਹ ਦੇ ਦਰਦ ਦੀ ਕਹਾਣੀ, ਵਾਰਿਸ ਸ਼ਾਹ ਨੂੰ ਮੁਖ਼ਾਤਿਬ ਕਰਦੇ ਸ਼ਬਦਾਂ ਨਾਲ ਨਜ਼ਮ ਦਾ ਰੂਪ ਦਿੱਤਾ ਸੀ - ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ ... ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ...।
ਅਸੀਂ ਅਜ਼ਾਦੀ ਘੁਲਾਟੀਆਂ ਅਤੇ ਨੇਤਾਵਾਂ ਤੋਂ ਬਹੁਤ ਪ੍ਰਭਾਵਿਤ ਸੀ। ਹਮੇਸ਼ਾ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਲੋਕ ਗੀਤ ਅਤੇ ਬੋਲੀਆਂ ਯਾਦ ਰੱਖਦੇ। ਜਿਵੇ - ਸੁਹਣੇ ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਹੀਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਹੀਓ ...। ਪਰ ਹੁਣ ਪੰਜਾਬ ਵਿੱਚ ਫੁੱਲਾਂ ਜਿਹੀ ਖੁਸ਼ਬੋ ਕਿੱਥੇ? ਉਹ ਪੰਜਾਬ ਗਾਇਬ ਹੋ ਗਿਆ ਕਿਧਰੇ। ਉਦੋਂ ਪੰਜਾਬ ਵਿੱਚ ਆਈ ਖੜੋਤ ਨੇ ਫਿਰ ਤੋਂ ਪੈਰਾਂ ਸਿਰ ਖੜ੍ਹੇ ਹੋਣਾ ਸ਼ੁਰੂ ਕੀਤਾ ਸੀ। ਅੱਜ ਦੇ ਵਿਗਿਆਨਕ ਤੇ ਤਕਨੀਕੀ ਯੁੱਗ ਤੱਕ ਅੱਪੜਦਿਆਂ ਲੰਬਾ ਪੈਂਡਾ ਤੈਅ ਕਰਨਾ ਪਿਆ ਹੈ। ਉਹ ਤਾਂ ਜਦੋਂ ਯਾਦਾਂ ਦੇ ਚਿੱਤਰਪਟ ਨੂੰ ਉਧੇੜਦੇ ਹਾਂ ਤਾਂ ਲੰਘਿਆ ਸਮਾਂ ਸਾਹਮਣੇ ਆਣ ਖਲੋਂਦਾ ਹੈ। ਸਾਡੀ ਜੀਵਨ ਸ਼ੈਲੀ ਬੜੀ ਸਾਦਗੀ ਭਰਪੂਰ ਸੀ। ਅਸੀਂ ਬਿਨਾਂ ਕਿਸੇ ਤੌਖਲੇ ਦੇ ਪ੍ਰਦੂਸ਼ਨ ਰਹਿਤ ਪਾਣੀ, ਖੂਹਾ, ਖਾਲਿਆਂ ਨਲਕਿਆਂ ਅਤੇ ਟੂਟੀਆਂ ਤੋਂ ਬੁੱਕਾਂ ਭਰ-ਭਰ ਪੀਂਦੇ ਤੇ ਉਚਾਰਣ ਕਰਦੇ, ਰੱਬ ਨਾਲੋਂ ਕੋਈ ਉੱਚਾ ਨਹੀਂ ਤੇ ਜਲ ਨਾਲੋਂ ਕੁਝ ਸੁੱਚਾ ਨਹੀਂ। ਅਸੀਂ ਮਿਲਾਵਟੀ ਭੋਜਨ ਅਤੇ ਬਣਾਵਟੀ ਤਰੀਕੇ ਨਾਲ ਪਕਾਏ ਅਤੇ ਰੰਗੇ ਹੋਏ ਫਲ ਸਬਜ਼ੀਆਂ ਦੀ ਬਜਾਏ, ਦੁੱਧ ਦਹੀਂ, ਲੱਸੀ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਭੋਜਨ ਹੀ ਖਾਂਦੇ ਰਹੇ ਹਾਂ। ਅਸੀਂ ਆਖਰੀ ਪੀੜ੍ਹੀ ਹਾਂ ਜਿਹਨਾਂ ਨੇ ਧੇਲਾ ਟਕਾ, ਆਨੇ, ਦੁਆਨੀ, ਛਟਾਂਕ, ਸੇਰ ਮਣ ਆਦਿ ਦੀ ਵਰਤੋਂ ਕੀਤੀ। ਮੋਰੀ ਵਾਲਾ ਪੈਸਾ, ਧੇਲਾ ਟਕਾ ਬੱਚਿਆਂ ਦੇ ਜੇਬ ਖਰਚ ਲਈ ਵਾਧੂ ਸੀ। ਅਸੀਂ ਹੱਟੀ ਤੋਂ ਗੋਲੀਆਂ, ਗੱਟੇ, ਪਤਾਸੇ ਆਦਿ ਲੈ ਕੇ ਮਨਪਸੰਦ ਰੂੰਗਾ-ਝੂੰਗਾ ਵੀ ਭਾਲਦੇ।
ਦੂਰ-ਦੁਰਾਡੇ ਸੁਨੇਹੇ ਜਾਂ ਸੁੱਖ-ਸਾਂਦ ਪੁੱਛਣ ਲਈ ਸਾਡਾ ਵਾਹ ਪੋਸਟ ਕਾਰਡ, ਟੈਲੀਗ੍ਰਾਮ, ਇਨਲੈਂਡ ਅਤੇ ਐਨਵਲਪ ਪੱਤਰਾਂ ਨਾਲ ਪਿਆ। ਪਰ ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ, ਜੇਕਰ ਪੋਸਟਕਾਰਡ ਨਾਲ ਕੰਮ ਸਰਦਾ ਹੈ ਤਾਂ ਮਹਿੰਗੇ ਪੱਤਰ ਕਿਉਂ? ਕਿਰਸੀ ਅਤੇ ਸੰਜਮੀ ਸੁਭਾਅ ਹਰ ਕਿਸੇ ਕੋਲ ਸੀ। ਹੌਲੀ ਹੌਲੀ ਇਹਨਾਂ ਦਾ ਅੰਤ ਹੁੰਦਾ ਵੀ ਵੇਖ ਰਹੇ ਹਾਂ ਤੇ ਹੁਣ ਈ-ਮੇਲ, ਸੋਸ਼ਲ ਮੀਡੀਆ ਰਾਹੀਂ ਸੁਨੇਹੇ ਭੇਜਣ ਵਿੱਚ ਵੀ ਕੁਸ਼ਲਤਾ ਹਾਸਲ ਕਰ ਲਈ ਹੈ।
ਮੈਂ ਪ੍ਰਾਇਮਰੀ ਤੋਂ ਬਾਅਦ ਪਿੰਡ ਦੇ ਨਾਲ ਲਗਦੇ ਸ਼ਹਿਰ ਵਿੱਚ ਅੱਠਵੀਂ ਕੀਤੀ ਤਾਂ ਤਿੰਨ ਮੀਲ ਦਾ ਪੈਦਲ ਸਫਰ ਕਰਕੇ ਪਹੁੰਚਦੇ। ਰੇਤ ਤੇ ਧੁੱਦਲ ਭਰੇ ਰਾਹਾਂ ਉੱਤੇ ਕਈ ਜਣੇ ਨੰਗੇ ਪੈਰੀਂ ਵੀ ਤੁਰਦੇ ਰਸਤੇ ਵਿੱਚ ਇੱਕ ਰੋਹੀ ਰੋਜ਼ ਪਾਰ ਕਰਦੇ। ਬਰਸਾਤੀ ਦਿਨਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਜਾਂਦੀ ਤਾਂ ਅਸੀਂ ਸਿਰਾ ਉੱਤੇ ਬਸਤੇ ਰੱਖ ਕੇ ਰੁੜ੍ਹਨ ਤੋਂ ਬਚਦੇ ਹੋਏ ‘ਪੇਮੀ ਦੇ ਨਿਆਣੇਂ’ ਕਹਾਣੀ ਦੇ ਪਾਤਰਾਂ ਵਾਂਗ ਰੱਬ ਨੂੰ ਯਾਦ ਕਰਦੇ ਹੋਏ ਪਾਰ ਲੰਘਦੇ। ਸਕੂਲ ਪਹੁੰਚ ਕੇ ਗਰਮੀ ਅਤੇ ਹੁੰਮਸ ਭਰੇ ਕਮਰਿਆਂ ਵਿੱਚ ਬੋਰੀ ਅਤੇ ਤੱਪੜ ਵਿਛਾ ਕੇ ਬੈਠਦੇ ਤੇ ਹੁਣ ਅਸੀਂ ਖੁਸ਼ ਹਾਂ ਕਿ ਸਾਡੇ ਪੋਤੇ-ਪੋਤੀਆਂ ਏ.ਸੀ. ਬੱਸਾਂ ਰਾਹੀਂ ਸਕੂਲ ਜਾਂਦੇ ਹਨ, ਤੇ ਸਕੂਲਾਂ-ਕਾਲਜਾਂ ਵਿੱਚ ਏ.ਸੀ. ਕਮਰਿਆਂ ਵਿੱਚ ਮੇਜ਼-ਕੁਰਸੀਆਂ ਉੱਤੇ ਬੈਠ ਕੇ ਪੜ੍ਹਦੇ ਹਨ। ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਹੜੀ ਲੱਕੜ ਦੀਆਂ ਤਖਤੀਆਂ ਨੂੰ ਗਾਚਨੀ ਨਾਲ ਪੋਚ ਕੇ, ਕਲਮ-ਦਵਾਤ ਅਤੇ ਸਿਆਹੀ ਦੀ ਵਰਤੋਂ ਕਰਕੇ ਲਿਖਦੇ ਤੇ ਸਲੇਟੀ ਨਾਲ ਸਲੇਟ ਉੱਤੇ ਸਵਾਲ ਕੱਢਦੇ ਸਾਂ।
ਸਾਡੀ ਪੀੜ੍ਹੀ ਵਿੱਚ ਬਚਪਨ ਵੇਲੇ ਅੱਜ ਵਾਂਗ ਮਨੋਰੰਜਨ ਦੇ ਕੋਈ ਸਾਧਨ ਨਹੀਂ ਸਨ। ਅਸੀਂ ਖੇਡਾਂ ਰਾਹੀਂ, ਬਜ਼ੁਰਗਾਂ ਤੋਂ ਬਾਤਾਂ, ਚੁਟਕਲੇ ਸੁਣਦੇ ਅਤੇ ਰਾਤ ਨੂੰ ਚੰਦ ਤਾਰਿਆਂ ਨਾਲ ਗੱਲਾਂ ਕਰਦਿਆਂ ਆਨੰਦ ਭਰਪੂਰ ਸਮਾਂ ਬਤੀਤ ਕਰਦੇ। ਸਮੇਂ ਦੇ ਨਾਲ ਵਿਗਿਆਨਕ ਕਾਢਾਂ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਅਸੀਂ ਰੇਡੀਓ ਨੂੰ ਸੁਣਿਆ, ਵੇਖਿਆ। ਇਸ ਤੋਂ ਬਾਅਦ ਟਰਾਂਜਿਸਟਰ, ਟੇਪ ਰਿਕਾਰਡ, ਵੀ.ਸੀ.ਆਰ. ਵਗੈਰਾ ਈਜ਼ਾਦ ਹੋਏ। ਵੱਡੇ ਹੋਏ ਤਾਂ ਬਲੈਕ ਐਂਡ ਵਾਈਟ ਟੀ.ਵੀ. ਤੇ ਫਿਰ ਰੰਗਦਾਰ ਟੀ.ਵੀ. ਨੇ ਬਹੁਤ ਆਕਰਸ਼ਿਤ ਕੀਤਾ।
ਉਦੋਂ ਟੈਲੀਫੋਨ ਕੁਨੈਕਸ਼ਨ ਲੈਣਾ ਪਹਾੜ ਦੀ ਚੋਟੀ ਸਰ ਕਰਨ ਬਰਾਬਰ ਸੀ। ਮੇਰੇ ਪਤੀ ਦੀ ਬੈਂਕ ਦੀ ਨੌਕਰੀ ਵਿੱਚ ਮੈਨੇਜਰ ਬਣਨ ਅਤੇ ਘਰ ਵਿੱਚ ਇਹ ਸਹੂਲਤ ਮਿਲਣ ਤੇ ਹੀ ਪਹਿਲੀ ਵੇਰ ਟੈਲੀਫੋਨ ਦੀ ਵਰਤੋਂ ਕੀਤੀ। ਕੋਈ ਮਹਿਮਾਨ ਆਉਂਦਾ ਤਾਂ ਉਹ ਵੀ ਫੋਨ ਦਾ ਫਾਇਦਾ ਉਠਾਉਂਦਾ। ਬਚਪਨ ਅਤੇ ਜਵਾਨੀ ਵਿੱਚ ਅਸੀਂ ਵਿਦੇਸ਼ੀ ਵਸਤਾਂ ਲਈ ਉਤਸੁਕ ਰਹਿੰਦੇ ਸਾਂ। ਕਈ ਸ਼ਹਿਰਾਂ ਵਿੱਚ ਚੋਰ ਬਜ਼ਾਰ ਦੇ ਨਾਂ ’ਤੇ ਮਾਰਕੀਟ ਲਗਦੀ ਤੇ ਅਸੀਂ ਉਚੇਚੇ ਤੌਰ ਉੱਤੇ ਪਹੁੰਚਦੇ। ਅੱਜ ਹਰ ਸਟੋਰ ਤੇ ਬਰੈਂਡਡ ਚੀਜ਼ਾਂ ਉਪਲਬਧ ਹਨ ਪਰ ਹੁਣ ਕੋਈ ਖਾਹਿਸ਼ ਹੀ ਨਹੀਂ ਰਹੀ। 60ਵਿਆਂ ਦੇ ਸਮੇਂ ਦੌਰਾਨ ਭਾਰਤ ਗਰੀਬੀ, ਭੁੱਖ-ਮਰੀ ਵਿੱਚੋਂ ਲੰਘ ਰਿਹਾ ਸੀ ਤਾਂ ਦੇਸ਼ ਵਾਸੀਆਂ ਨੂੰ ਇੱਕ ਸਮੇਂ ਦਾ ਭੋਜਨ ਨਾ ਕਰਨ ਦੀ ਅਪੀਲ ਕੀਤੀ ਗਈ ਸੀ, ਇਸ ਤੋਂ ਬਾਅਦ ਹਰੀ ਕ੍ਰਾਂਤੀ ਦਾ ਆਰੰਭ ਹੋਇਆ ਤੇ ਹੁਣ ਅਨਾਜ ਦਾ ਠੀਕ ਢੰਗ ਨਾਲ ਭੰਡਾਰ ਨਾ ਹੋਣ ਕਾਰਣ ਰੁਲਦਾ ਵੀ ਹੈ। ਅਸੀਂ ਦੋਨਾਂ ਪੱਖਾਂ ਨੂੰ ਮਾਣਿਆ ਹੈ।
ਅਸੀਂ ਵੱਡੇ ਅਤੇ ਸਾਂਝੇ ਪਰਿਵਾਰਾਂ ਤੇ ਬਹੁ-ਗਿਣਤੀ ਭੈਣ-ਭਰਾਵਾਂ ਨਾਲ ਇਕੱਠੇ ਰਹਿੰਦੇ ਅਤੇ ਹੁਣ ਇੱਕ ਜਾਂ ਦੋ ਬੱਚਿਆਂ ਦੇ ਪਰਿਵਾਰ ਵਾਲੀ ਅਗਲੀ ਪੀੜ੍ਹੀ ਨਾਲ ਵੀ ਸਹਿਜ ਹਾਂ। ਅਸੀਂ ਆਖਰੀ ਪੀੜ੍ਹੀ ਹੋਵਾਂਗੇ ਜੋ ਆਪਣੇ ਬਜ਼ੁਰਗਾਂ, ਮਾਂ-ਬਾਪ ਤੇ ਖਾਸ ਕਰਕੇ ਪਿਤਾ ਤੋਂ ਬਹੁਤ ਡਰਦੇ ਸਾਂ। ਪਰ ਅੱਜ ਬੱਚਿਆਂ ਦਾ ਵਰਤਾਰਾ ਵੇਖਕੇ ਬੇਚੈਨ ਅਤੇ ਫਿਕਰਮੰਦ ਜ਼ਰੂਰ ਹੋ ਜਾਈਦਾ ਹੈ। ਬੱਚੇ ਪਦਾਰਥਵਾਦੀ ਹਨ। ਉਹਨਾਂ ਨੂੰ ਜੀਵਨ ਸੇਧ ਦੇਣ ਦੀ ਯੋਗਤਾ ਹੁਣ ਸਾਡੇ ਵਿੱਚ ਨਹੀਂ ਰਹੀ। ਉਲਟਾ ਬੱਚੇ ਮਾਪਿਆਂ ਨੂੰ ਨਵੀਂ ਸਥਿਤੀ ਅਨੁਸਾਰ ਬਦਲਣ ਲਈ ਨਸਹੀਤਾਂ ਵੀ ਦਿੰਦੇ ਹਨ। ਨਤੀਜਨ ਮਾਂ-ਬਾਪ ਇਕੱਲਤਾ ਅਤੇ ਘੋਰ ਉਦਾਸੀ ਵਿੱਚ ਜਾ ਰਹੇ ਹਨ। ਹਾਲਾਤ ਇੰਨੇ ਤ੍ਰਾਸਦਿਕ ਹਨ ਕਿ ਚੰਡੀਗੜ੍ਹ ਦੇ ਬਜ਼ੁਰਗ ਲਖਮੀ ਦਾਸ ਨੇ ਬਿਮਾਰ ਪਤਨੀ ਦਾ ਕਤਲ ਕਰਨ ਪਿੱਛੋਂ ਖੁਦਕੁਸ਼ੀ ਕਰ ਲਈ, ਜਦੋਂ ਕਿ ਬੱਚੇ ਉੱਪਰਲੀ ਮੰਜ਼ਿਲ ’ਤੇ ਰਹਿੰਦੇ ਹਨ। ਇਸ ਘਟਨਾ ਤੋਂ ਸਮਾਜ ਨੂੰ ਕਈ ਸੁਨੇਹੇ ਮਿਲਦੇ ਹਨ। ਸਮਾਂ ਪਲ ਪਲ ਅੱਗੇ ਜਾ ਰਿਹਾ ਹੈ ਤੇ ਇਸ ਨੂੰ ਸਹਿਜ, ਸਰਲ ਅਤੇ ਆਸਾਨ ਤਰੀਕੇ ਨਾਲ ਪਾਰ ਕਰ ਜਾਣ ਦੀ ਕੋਸ਼ਿਸ਼ ਵਿੱਚ ਹਨ ਮੇਰੀ ਪੀੜ੍ਹੀ ਦੇ ਬਾਸ਼ਿੰਦੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1830)
(ਸਰੋਕਾਰ ਨਾਲ ਸੰਪਰਕ ਲਈ: