“ਰਿਸ਼ਤੇ ਹਮੇਸ਼ਾ ਨਾਵਾਂ, ਰਸਮਾਂ ਦੇ ਮੁਹਤਾਜ ਨਹੀਂ ਹੁੰਦੇ। ਨਾ ਹੀ ਲਹੂ ਦਾ ਗੇੜ ਸਾਂਝਾ ਹੋਣਾ ...”
(7 ਅਪਰੈਲ 2021)
(ਸ਼ਬਦ: 980)
ਇਹ ਪੰਜ ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਅਖਬਾਰਾਂ ਅਤੇ ਰਸਾਲੇ ਪੜ੍ਹਨ ਦਾ ਸ਼ੌਕ ਰੱਖਣ ਵਾਲੇ ਮੇਰੇ ਪਿਤਾ ਜੀ ਪ੍ਰੀਤ-ਲੜੀ ਮੈਗਜ਼ੀਨ ਦੇ ਲਾਈਫ ਮੈਂਬਰ ਰਹੇ। ਸ਼ਹਿਰ ਵਿੱਚ ਡਾਕਟਰੀ (ਵੈਦ) ਦੀ ਦੁਕਾਨ ਕਰਦੇ ਹੋਏ ਉਹ ਹਰ ਮਹੀਨੇ ਪ੍ਰੀਤ-ਲੜੀ ਪਹਿਲਾਂ ਦਿਕਾਨ ’ਤੇ ਆਪ ਪੜ੍ਹ ਲੈਂਦੇ ਤੇ ਫਿਰ ਸਾਡੇ ਲਈ ਘਰ ਲੈ ਆਉਂਦੇ। ਇਸ ਵਿਚਲੇ ਲੇਖ ਸਵੈ-ਪੂਰਨਤਾ, ਸਵੈ-ਭਰੋਸਾ ਤੇ ਸਫਲ ਜ਼ਿੰਦਗੀ ਆਦਿ ਦੇ ਮੂਲ-ਅਰਥ ਸਾਡੇ ਮਨਾਂ ਨੂੰ ਟੁੰਬਦੇ।
ਮੈਂ ਉਦੋਂ 7ਵੀਂ ਜਮਾਤ ਵਿੱਚ ਪੜ੍ਹਦੀ ਸੀ, ਜਦੋਂ ਪਿਤਾ ਜੀ ਨੇ ਇੱਕ ਦਿਨ ਸ਼ਾਮੀਂ ਕਿਹਾ, “ਅਸੀਂ ਇੱਕ ਪ੍ਰੀਤ-ਮਿਲਣੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪ੍ਰੀਤ ਨਗਰ ਜਾਣਾ ਹੈ। ਇਸ ਵਿੱਚ ਉੱਘੇ ਲੇਖਕ, ਮੈਂਬਰ ਤੇ ਪਾਠਕ ਹਿੱਸਾ ਲੈਂਦੇ ਹਨ।” ਜਾਣ ਵਾਲੇ ਦਿਨ, ਸਾਈਕਲ ਦੇ ਅਗਲੇ ਡੰਡੇ ਉੱਤੇ ਕੱਪੜਾ ਬੰਨ੍ਹ ਕੇ ਛੋਟੇ ਵੀਰ ਨੂੰ ਤੇ ਪਿੱਛੇ ਕੈਰੀਅਰ ਉੱਤੇ ਮੈਂਨੂੰ ਬਿਠਾ ਕੇ, ਹੈਂਡਲ ਨਾਲ ਝੋਲਾ ਬੰਨ੍ਹ ਪਿਤਾ ਜੀ ਸ਼ਹਿਰ ਪਹੁੰਚੇ। ਦੁਕਾਨ ’ਤੇ ਸਾਈਕਲ ਰੱਖ ਕੇ ਅਸੀਂ ਅੰਮ੍ਰਿਤਸਰ ਵਾਲੀ ਗੱਡੀ ਵਿੱਚ ਬੈਠ ਗਏ। ਉੱਥੋਂ ਵੈਗਨ ਰਾਹੀਂ ਲੋਪੋਕੇ ਤੇ ਫਿਰ ਟਾਂਗੇ ਉੱਤੇ ਪ੍ਰੀਤਨਗਰ ਪਹੁੰਚ ਗਏ। ਪ੍ਰੀਤ-ਮਿਲਣੀ ਵਾਲੀ ਜਗ੍ਹਾ ’ਤੇ ਠਹਿਰਨ ਲਈ ਖੁੱਲ੍ਹਾ ਵਰਾਂਡਾ ਤੇ ਪੰਡਾਲ ਵਗੈਰਾ ਬਣਾਏ ਹੋਏ ਸਨ। ਸ਼ਾਮ ਨੂੰ ਪਿਤਾ ਜੀ ਸਾਨੂੰ ਪਿੰਡ ਦੀ ਸੈਰ ਕਰਵਾ ਕੇ ਲਿਆਏ। ਉਦੋਂ ਨਵੇਕਲੇ ਜਿਹੇ ਘਰ ਸਨ। ਸ. ਨਾਨਕ ਸਿੰਘ ਹੋਰਾਂ ਦਾ ਘਰ ਵੀ ਵੇਖਿਆ, ਜਿਨ੍ਹਾਂ ਦੇ ਨਾਵਲ ਮੈਂ ਵੱਡੀ ਹੋ ਕੇ ਬਹੁਤ ਪੜ੍ਹੇ।
ਅਗਲੇ ਦਿਨ ਸਵੇਰੇ ਪ੍ਰੀਤ-ਮਿਲਣੀ ਸੰਮੇਲਨ ਸ਼ੁਰੂ ਹੋਇਆ। ਲੇਖਕ ਆਪਣੀਆਂ ਵਿਚਾਰ-ਗੋਸ਼ਟੀਆਂ ਨਾਲ ਸਾਹਮਣੇ ਸਟੇਜ ’ਤੇ ਆ ਰਹੇ ਸਨ। ਕਈਆਂ ਦੇ ਭਾਸ਼ਣ ਬਹੁਤ ਲੰਮੇ ਲਗਦੇ, ਮੁੱਕਣ ਵਿੱਚ ਨਾ ਆਉਂਦੇ। ਅਸੀਂ ਨਿਆਣ ਉਮਰੇ ਉਕਤਾ ਰਹੇ ਸਾਂ, ਐਵੇਂ ਪਿਤਾ ਜੀ ਦੇ ਡਰੋਂ ਕੁਸਕਦੇ ਨਾ। ਕੁਝ ਲੇਖਕਾਂ ਦੇ ਨਾਂਅ ਤੇ ਲੇਖ ਵਗੈਰਾ ਪੜ੍ਹਦੇ ਹੀ ਸਾਂ, ਸੋ ਮੈਂ ਉਨ੍ਹਾਂ ਵੱਲ ਧਿਆਨ ਕੇਂਦਰਿਤ ਕੀਤਾ। ਮੈਗਜ਼ੀਨ ਦੇ ਬਾਨੀ-ਸੰਪਾਦਕ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਵੇਖਣ ਤੇ ਸੁਣਨ ਲਈ ਉਤਸੁਕ ਹੋ ਰਹੇ ਸਾਂ। ਸਧਾਰਨ ਦਿੱਖ ਪਰ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਾਲੇ ਵਿਅਕਤੀ ਜਦੋਂ ਸਟੇਜ ’ਤੇ ਆਏ ਤਾਂ ਪਤਾ ਲੱਗਾ ਕਿ ਇਹੀ ਹਨ। ਫਿਰ ਅਸੀਂ ਟਿਕ ਕੇ ਬੈਠ ਗਏ। ਉਨ੍ਹਾਂ ਨੇ ਲੇਖਕਾਂ ਬਾਰੇ ਤੇ ਆਪਣੀਆਂ ਲਿਖਤਾਂ ਸਬੰਧੀ ਬੋਲਣ ਤੋਂ ਬਾਅਦ ਜ਼ਿਆਦਾ ਕੁਝ ਮੈਗਜ਼ੀਨ ਬਾਰੇ ਦੱਸਿਆ। ਆਏ ਲੇਖਕਾਂ ਦਾ ਧੰਨਵਾਦ ਵੀ ਕੀਤਾ।
ਖਾਣੇ ਅਤੇ ਚਾਹ-ਪਾਣੀ ਦਾ ਇੰਤਜ਼ਾਮ ਬੜਾ ਵਧੀਆ ਤੇ ਘਰੇ ਹੀ ਸੀ। ਦੁਪਹਿਰ ਦਾ ਖਾਣਾ ਮੇਜ਼-ਕੁਰਸੀਆਂ ’ਤੇ ਬੈਠੇ ਹੀ ਖਾ ਰਹੇ ਸਾਂ ਤੇ ਪਰਿਵਾਰਕ ਮੈਂਬਰ ਵਰਤਾ ਰਹੇ ਸਨ। ਮੈਂਨੂੰ ਉੱਥੇ ਪੂਰੀਆਂ ਬਹੁਤ ਸਵਾਦ ਲੱਗੀਆਂ, ਕਿਉਂਕਿ ਸਾਡੇ ਘਰ ਵਿੱਚ ਅਜਿਹਾ ਖਾਣਾ ਨਹੀਂ ਸੀ ਬਣਦਾ। ਮੈਂ ਖਾਣਾ ਬੰਦ ਕਰਨਾ ਚਾਹ ਰਹੀ ਸੀ, ਤਦੇ ਮਹਿੰਦਰ ਕੌਰ (ਸ. ਗੁਰਬਖਸ਼ ਸਿੰਘ ਜੀ ਦੀ ਵੱਡੀ ਨੂੰਹ) ਮੇਰੀ ਥਾਲੀ ਵਿੱਚ ਪੂਰੀ ਰੱਖਣ ਲੱਗੇ ਤਾਂ ਮੈਂ ਉਨ੍ਹਾਂ ਵੱਲ ਵੇਖਦਿਆਂ ਨਾਂਹ ਕਰ ਦਿੱਤੀ। ਉਨ੍ਹਾਂ ਨੇ ਬੜੇ ਪਿਆਰ ਤੇ ਮਮਤਾ ਭਰੇ ਲਹਿਜ਼ੇ ਵਿੱਚ ਇੱਕ ਹੋਰ ਪੂਰੀ ਰੱਖ ਕੇ ਕਿਹਾ, “ਆਹ ਪੂਰੀ ਤੇਰੀ ਮੁਸਕਰਾਹਟ ਦੇ ਨਾਂਅ ’ਤੇ!” ਫਿਰ ਮੈਂ ਉਹ ਪੂਰੀ ਵੀ ਬੜੇ ਚਾਅ ਨਾਲ ਖਾ ਗਈ। ਉਨ੍ਹਾਂ ਦਾ ਇਹ ਕੁਮੈਂਟ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕੀ, ਕਿਉਂਕਿ ਜ਼ਿੰਦਗੀ ਦੇ ਔਝੜ ਰਾਹਾਂ ’ਤੇ ਚੱਲਦਿਆਂ ਇਹੋ ਜਿਹੇ ਪਲ ਬੜੇ ਸਹਾਈ ਹੁੰਦੇ ਹਨ।
ਅਗਲੇ ਦਿਨ ਸਾਡੀ ਵਾਪਸੀ ਸੀ। ਸਵੇਰ ਦੇ ਚਾਹ-ਨਾਸ਼ਤੇ ਤੋਂ ਬਾਅਦ ਅਸੀਂ ਘਰ ਦੇ ਸਭ ਮੈਬਰਾਂ ਨੂੰ ਮਿਲੇ ਤੇ ਵਿਦਾਇਗੀ ਲਈ। ਇਸ ਪ੍ਰੋਗਰਾਮ ਦੀ ਸਾਰਥਿਕਤਾ ਤਾਂ ਸਾਨੂੰ ਵੱਡੇ ਹੋ ਕੇ ਸਮਝ ਆਈ, ਪਰ ਸਮਾਜਿਕ ਸਾਂਝਾ ਦਾ ਸਬਕ ਵਧੇਰੇ ਮਿਲਿਆ। ਆਪਣੇ ਬਾਪ ਦੀ ਮੈਂ ਕਰਜ਼ਦਾਰ ਹਾਂ, ਜਿਸ ਦੀ ਸਾਹਿਤ ਪ੍ਰਤੀ ਰੁਚੀ ਤੇ ਵਧੀਆ ਪਾਠਕ ਹੋਣ ਦੀ ਬਦੌਲਤ, ਮੇਰੀ ਜਿੰਦਗੀ ਵਿੱਚ ਥੋੜ੍ਹੀ ਬਹੁਤ ਸਾਹਿਤਕ ਜਾਗ ਲੱਗੀ ਹੈ।
***
ਮਾਂ ਦਿਵਸ ’ਤੇ ਮਿਲਿਆ ਤੋਹਫਾ!
ਕੁਝ ਦਿਨ ਪਹਿਲਾਂ ਮੈਂ ਪਾਰਕ ਵਿੱਚ ਸੈਰ ਕਰ ਰਹੀ ਸੀ। ਇੱਕ ਔਰਤ ਮੇਰੇ ਸਾਹਮਣੇ ਆ ਕੇ ਖੁਸ਼ੀ ਨਾਲ ਬੋਲੀ, “ਹੈਂ! ਮੈਡਮ ਜੀ ਤੁਸੀਂ? ਮੈਂ ਨੀਲਮ ਸ਼ਰਮਾ। ਰੋਪੜ ਸਰਕਾਰੀ ਹਾਈ ਸਕੂਲ ਵਿੱਚ ਤੁਸੀਂ ਸਾਨੂੰ ਛੇਵੀਂ ਜਮਾਤ ਵਿੱਚ ਸਾਇੰਸ ਪੜ੍ਹਾਉਂਦੇ ਸੀ।”
“ਅੱਛਾ, ਫਿਰ ਤਾਂ ਤੁਸੀਂ ਮੇਰੇ ਸਟੂਡੈਂਟ ਰਹੇ ਹੋ?” ਮੈਂ ਨੀਲਮ ਨੂੰ ਬੜੇ ਤਪਾਕ ਨਾਲ ਮਿਲੀ।
ਇਸ ਵਿਦਿਆਰਥਣ ਦੇ ਸਬੱਬੀਂ ਮਿਲ ਜਾਣ ’ਤੇ ਅੱਜ ਸਮੇਂ ਦੀਆਂ ਪੈੜਾਂ ਹੇਠ ਨੱਪੀਆਂ ਕੁਝ ਯਾਦਾਂ ਤਾਜ਼ਾ ਹੋ ਗਈਆਂ ਹਨ। ਮੇਰੇ ਅਧਿਆਪਨ ਸਫਰ ਦਾ ਉਦੋਂ ਦੂਜਾ ਸਕੂਲ ਸੀ ਤੇ ਮੈਂ ਉਮਰ ਦੇ ਅਜੇ ਦੋ ਦਹਾਕੇ ਹੀ ਟੱਪੇ ਸਨ। ਦੋ ਜਾਂ ਤਿੰਨ ਅਧਿਆਪਕਾਂ ਮੇਰੀਆਂ ਹਮ-ਉਮਰ ਸਨ ਤੇ ਬਾਕੀ ਸਭ ਵਿੱਚ ਮੈਂਨੂੰ ਆਂਪਣੀ ਮਾਸੀ, ਭੂਆ ਤੇ ਵੱਡੀ ਭੈਣ ਦਾ ਝਾਉਲਾ ਪੈਂਦਾ। ਉਹਨਾਂ ਦੀਆਂ ਨਸੀਹਤਾਂ ’ਤੇ ਤੁਰ ਕੇ ਜ਼ਿੰਦਗੀ ਅਸਾਨ ਲਗਦੀ। ਕਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਇਹ ਸਫਰ ਚੱਲਦਾ ਰਿਹਾ ਤੇ ਆਖਰੀ ਪੜਾਅ ਫਰੀਦਕੋਟ ਜ਼ਿਲੇ ਵਿੱਚ ਇੱਕ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਯਾਦਗਾਰੀ ਹੋ ਨਿੱਬੜਿਆ।
ਇੱਥੋਂ ਤਕ ਅਪੜਦਿਆਂ ਰਿਸ਼ਤਿਆਂ ਦੇ ਮਾਅਨੇ ਵੀ ਬਦਲ ਗਏ ਤੇ ਹੁਣ ਮੈਂ ਕਿਸੇ ਦੀ ਵੱਡੀ ਭੈਣ, ਮਾਸੀ, ਭੂਆ ਤੇ ਮਾਂ ਹੋਣ ਦਾ ਮਾਣ ਪ੍ਰਾਪਤ ਕੀਤਾ। ਇਤਿਹਾਸ ਦੀ ਲੈਕਚਰਾਰ, ਸਕੂਲ ਦੇ ਇੰਚਾਰਜ ਤੇ ਪ੍ਰਿੰਸੀਪਲ ਨਾਲ ਭੈਣਾਂ ਵਰਗਾ ਪਿਆਰ ਅਤੇ ਕਈ ਵਾਰ ਬਹਿਸ ਤੇ ਤਕਰਾਰ ਹੋ ਜਾਣ ’ਤੇ ਵੀ ਪਰਿਵਾਰਕ ਸਬੰਧ ਕਾਇਮ ਰੱਖੇ। ਕੁਝ ਸਹਿ-ਅਧਿਆਪਕਾਂ ਮੇਰੀ ਬੇਟੀ ਦੇ ਹਾਣ ਦੀਆਂ ਸਨ। ਉਹਨਾਂ ਨਾਲ ਮਾਂ-ਧੀ ਦਾ ਰਿਸ਼ਤਾ ਬਣ ਜਾਣਾ ਸੁਭਾਵਿਕ ਸੀ। ਕਿਰਨਦੀਪ ਕੌਰ ਨਾਂ ਦੀ ਇੱਕ ਅਧਿਆਪਕਾ ਨੂੰ ਆਪਣੇ ਘਰ ਤੋਂ ਦੂਰ ਆਪਣੀ ਭੂਆ ਦੇ ਕੋਲ ਰਹਿਣਾ ਪੈ ਰਿਹਾ ਸੀ। ਉਸ ਨੇ ਮੇਰਾ ਮੋਹ-ਤੇਹ ਅਤੇ ਵਿਸ਼ਵਾਸ ਕੁਝ ਜ਼ਿਆਦਾ ਹੀ ਜਿੱਤਿਆ।
ਅਗਾਂਹ ਵਧੂ ਖਿਆਲਾਂ ਦੀ ਧਾਰਨੀ, ਖੁੱਲ੍ਹੇ-ਡੁੱਲ੍ਹੇ ਸੁਭਾਅ ਵਾਲੀ ਉਹ ਲੜਕੀ ਆਪਣੀ ਜ਼ਿੰਮੇਵਾਰੀ ਅਤੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੀ। ਮਾਂ-ਬਾਪ ਤੋਂ ਦੂਰ ਸਮਾਜਿਕ ਲੜਾਈਆਂ ਵਿੱਚ ਉਲਝ ਜਾਂਦੀ ਤਾਂ ਆਣ ਮੇਰੇ ਗੋਡੇ ’ਤੇ ਸਿਰ ਧਰ ਲੈਣਾ ਤੇ ਇਹਸਾਸ ਕਰਵਾਉਣਾ ਕਿ ਮੈਂਨੂੰ ਤੁਹਾਡੇ ਵਿੱਚੋਂ ਆਪਣੀ ਮਾਂ ਲੱਭੀ ਹੈ। ਇੱਕ ਦਿਨ ਸਕੂਲ ਆਉਂਦੇ ਹੀ ਮੇਰੇ ਗਲੇ ਲੱਗ ਕੇ ਉਸਨੇ ਮੈਂਨੂੰ ਇੱਕ ਤੋਹਫਾ ਫੜਾ ਦਿੱਤਾ। ਮੈਂ ਹੈਰਾਨੀ ਨਾਲ ਪੁੱਛਿਆ, “ਇਹ ਕੀ?”
“ਅੱਜ ਮਾਂ ਦਿਵਸ ਹੈ ਮੈਡਮ!” ਉਸਨੇ ਜਜਵਾਬ ਦਿੱਤਾ। ਮੇਰੀ ਆਪਣੀ ਬੇਟੀ ਦਾ ਫੋਨ ਤਾਂ ਸ਼ਾਮ ਨੂੰ ਆਇਆ ਪਰ ਇਸ ਧੀ ਨੇ ਦੱਸਿਆ ਕਿ ਮਾਂ ਆਪਣੀ, ਬੇਗਾਨੀ ਜਾਂ ਹੋਰ ਨਹੀਂ, ਸਗੋਂ ਸਭ ਦੀ ਹੁੰਦੀ ਹੈ। ਤੋਹਫ਼ਾ ਖੋਲ੍ਹ ਕੇ ਦੇਖਿਆ। ਇਸ ਵਿੱਚ ਜੀਵਨ-ਜਾਚ ਦੇ ਲੇਖਾਂ ਵਾਲੀ ਕਿਤਾਬ ‘ਸੁਖਨ-ਸੁਨੇਹੇ’ ਸੀ। ਇਸਦੇ ਮੁੱਖ ਪੰਨੇ ’ਤੇ ਜੋ ਉਸਨੇ ਭੂਮਿਕਾ ਬੰਨ੍ਹੀ, ਉਸਦੀ ਸ਼ਬਦਾਵਲੀ ਹੂ-ਬ-ਹੂ ਇਹ ਸੀ:
“ਤੁਹਾਡੇ ਲਈ ਪਿਆਰ ਤੇ ਸਤਿਕਾਰ ਨਾਲ ... ਮਾਂ ਦਿਵਸ ’ਤੇ।
ਰਿਸ਼ਤੇ ਹਮੇਸ਼ਾ ਨਾਵਾਂ, ਰਸਮਾਂ ਦੇ ਮੁਹਤਾਜ ਨਹੀਂ ਹੁੰਦੇ। ਨਾ ਹੀ ਲਹੂ ਦਾ ਗੇੜ ਸਾਂਝਾ ਹੋਣਾ ਜ਼ਰੂਰੀ ਹੁੰਦਾ ਹੈ। ਕੁਝ ਰਿਸ਼ਤੇ ਆਪਸੀ ਪਿਆਰ ਅਤੇ ਅਪਣੱਤ ਉੱਤੇ ਟਿਕੇ ਹੁੰਦੇ ਹਨ, ਜੋ ਮੁਕਾਬਲਤਨ ਜ਼ਿਆਦਾ ਮਿਠਾਸ ਅਤੇ ਸਕੂਨ ਦਿੰਦੇ ਹਨ। ਐਸੇ ਰਿਸ਼ਤੇ ਇਨਸਾਨੀਅਤ ਦੀ ਤਰਜਮਾਨੀ ਕਰਦੇ ਹਨ। ਮੈਂਨੂੰ ਖੁਸ਼ੀ ਹੈ ਕਿ ਤੁਸੀਂ ਮਿਲੇ।”
ਇੱਕ ਮਾਂ ਦੀ ਤਰ੍ਹਾਂ ਉਸ ਦੇ ਜੀਵਨ ਦੇ ਹਰ ਪਲ, ਹਰ ਕਦਮ ’ਤੇ ਮੇਰੀਆਂ ਸ਼ੁਭ-ਇੱਛਾਵਾਂ ਉਸਦੇ ਨਾਲ ਰਹੀਆਂ ਹਨ। ਇੱਕ ਮਾਂ ਉਸਦੇ ਪਵਿੱਤਰ ਪਿਆਰ ਨੂੰ ਅੱਜ ਵੀ ਸਿਜਦਾ ਕਰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2694)
(ਸਰੋਕਾਰ ਨਾਲ ਸੰਪਰਕ ਲਈ: