KulminderKaur7ਮੈਨੂੰ ਰੋਣਹਾਕੀ ਨੂੰ ਖੜ੍ਹੀ ਵੇਖ ਕੇ ਉਸ ਪੁੱਛਿਆਤੂੰ ਹਾਲੇ ਇੱਥੇ ਹੀ ਖੜ੍ਹੀ ਹੈਂਕੀ ਗੱਲ ਹੈਮੈਂ ਉਸ ਨੂੰ ਆਪਣਾ ...
(21 ਜੁਲਾਈ 2022)
ਮਹਿਮਾਨ: 29.


ਸਾਡੇ ਘਰ ਕੰਮ ਕਰਨ ਵਾਲੀ ਲੜਕੀ ਕਈ ਦਿਨਾਂ ਬਾਅਦ ਆਈ ਤਾਂ ਮੈਂ ਥੋੜ੍ਹਾ ਹਿਰਖ ਨਾਲ ਬੋਲੀ
, “ਤੂੰ ਕਿੱਥੋਂ ਆਣ ਵੜੀ ਹੈਂ ਅੱਜ ਐਨੇ ਦਿਨਾਂ ਬਾਅਦ? ਤੈਨੂੰ ਪਤਾ ਹੀ ਹੈ ਮੈਥੋਂ ਕਿਹੜਾ ਇਸ ਉਮਰ ਵਿੱਚ ਝਾੜੂ-ਪੋਚਾ ਲੱਗਾ ਹੁੰਦਾ ਹੈ, ਵੇਖ ਘਰ ਕਿੰਨਾ ਗੰਦਾ ਪਿਆ ਹੈ …” ਮੇਰੇ ਵੱਲੋਂ ਕੀਤੀ ਝਾੜ-ਝੰਬ ਸੁਣ ਕੇ ਉਸਨੇ ਝਿਜਕਦਿਆਂ ਕਿਹਾ, “ਹਾਂ ਜੀ ਆਂਟੀ! ਦਰਅਸਲ ਮੈਂ ਇਨ੍ਹਾਂ ਦਿਨਾਂ ਵਿੱਚ ਬਹੁਤ ਪ੍ਰੇਸ਼ਾਨ ਸੀ ਕਿਉਂਕਿ ਮੇਰਾ ਛੋਟਾ ਪੁੱਤਰ ਬਹੁਤ ਬਿਮਾਰ ਸੀ।” ਇੰਨਾ ਕਹਿੰਦਿਆਂ ਉਸਦਾ ਗੱਚ ਭਰ ਆਇਆ। ਵੇਖ ਕੇ ਇੱਕ ਮਾਂ ਹੋਣ ਦੇ ਨਾਤੇ ਮੇਰਾ ਦਿਲ ਵੀ ਭਾਵੁਕਤਾ ਦੇ ਵਹਿਣ ਵਿੱਚ ਵਹਿ ਗਿਆ। ਮੈਂ ਪੁੱਛਿਆ, “ਅੱਛਾ ਦੱਸ ਕਿੱਥੇ ਵਿਖਾਇਆ ਫਿਰ ਬੱਚੇ ਨੂੰ?”

ਉਹ ਬੋਲੀ, “ਮੈਂ ਉਸ ਨੂੰ ਡਿਸਪੈਂਸਰੀ ਲੈ ਗਈ ਸੀ। ਉੱਥੇ ਡਾਕਟਰ ਨੇ ਚੰਗੀ ਤਰ੍ਹਾਂ ਵੇਖ ਕੇ ਦਵਾਈ ਲਿਖ ਕੇ ਦੱਸਿਆ ਕਿ ਕਦੋਂ ਤੇ ਕਿਵੇਂ ਦੇਣੀ ਹੈ। ਮੈਂ ਸੋਚਿਆ ਸੀ ਕਿ ਸਰਕਾਰੀ ਡਾਕਟਰ ਹੈ ਦਵਾਈ ਵੀ ਇੱਥੋਂ ਦੇਵੇਗਾ ਪਰ ਉਸਨੇ ਤਾਂ ਪਰਚੀ ਫੜਾ ਦਿੱਤੀ। ਮੇਰੇ ਕੋਲ ਪੈਸੇ ਥੋੜ੍ਹੇ ਸਨ, ਬਾਹਰ ਆ ਕੇ ਮੇਰਾ ਇਹ ਸੋਚ ਕੇ ਰੋਣਾ ਨਿਕਲ ਰਿਹਾ ਸੀ ਕਿ ਹੁਣ ਦਵਾਈ ਲੈ ਕੇ ਜਾਵਾਂ ਜਾਂ ਘਰ ਦਾ ਰਾਸ਼ਨ? ਤੁਹਾਨੂੰ ਪਤਾ ਹੈ ਕਿ ਇਸਦਾ ਬਾਪ ਤਾਂ ਆਪਣੀ ਕਮਾਈ ਨਸ਼ਿਆਂ ’ਤੇ ਰੋੜ ਦਿੰਦਾ ਹੈ। ਮੇਰੀ ਕਮਾਈ ਨਾਲ ਹੀ ਘਰ ਦਾ ਖਰਚਾ ਚਲਦਾ ਹੈ, ਲੜਕਾ ਵੀ ਤਾਂ ਬੁਖਾਰ ਨਾਲ ਤਪ ਰਿਹਾ ਸੀ। ...”

ਕੰਮ ਕਰਦਿਆਂ ਉਸਨੇ ਗੱਲਬਾਤ ਜਾਰੀ ਰੱਖੀ ਤੇ ਕਿਹਾ, “ਇੱਕ ਮੈਡਮ ਡਾਕਟਰ ਨੂੰ ਵਿਖਾ ਕੇ ਬਾਹਰ ਆਈ ਤਾਂ ਮੈਨੂੰ ਰੋਣਹਾਕੀ ਨੂੰ ਖੜ੍ਹੀ ਵੇਖ ਕੇ ਉਸ ਪੁੱਛਿਆ, ਤੂੰ ਹਾਲੇ ਇੱਥੇ ਹੀ ਖੜ੍ਹੀ ਹੈਂ, ਕੀ ਗੱਲ ਹੈ? ਮੈਂ ਉਸ ਨੂੰ ਆਪਣਾ ਦੁਖੜਾ ਸੁਣਾਇਆ ਤਾਂ ਉਹ ਮੈਨੂੰ ਅੰਦਰ ਲੈ ਗਈ ਤੇ ਡਾਕਟਰ ਸਾਹਿਬ ਨੂੰ ਕਿਹਾ, ਇਹ ਔਰਤ ਬਹੁਤ ਗਰੀਬ ਹੈ, ਜੇ ਤੁਹਾਡੇ ਕੋਲ ਦਵਾਈ ਹੈ ਤਾਂ ਦੇ ਦਿਉ। ਡਾਕਟਰ ਨੇ ਕੁਝ ਦਵਾਈ ਦੇ ਕੇ ਕਿਹਾ, ਮੇਰੇ ਪਾਸ ਇਹੀ ਹੈ, ਬਾਕੀ ਤਾਂ ਦੁਕਾਨ ਤੋਂ ਲੈਣੀ ਪਵੇਗੀ। ਇਸ ਤੋਂ ਬਾਅਦ ਮੈਡਮ ਮੈਨੂੰ ਦੁਕਾਨ ’ਤੇ ਲੈ ਗਈ। ਉੱਥੇ ਉਸਨੇ ਆਪਣੀ ਦਵਾਈ ਦੇ ਨਾਲ ਮੇਰੀ ਪਰਚੀ ਤੋਂ ਵੀ ਦਵਾਈ ਖਰੀਦ ਕੇ ਮੈਨੂੰ ਦਿੱਤੀ ਤੇ ਕਿਹਾ ਕਿ ਤੇਰਾ ਪੁੱਤਰ ਇਸ ਦਵਾਈ ਨਾਲ ਹੀ ਠੀਕ ਹੋ ਜਾਏਗਾ, ਨਹੀਂ ਤਾਂ ਮੇਰੇ ਪਾਸ ਆ ਜਾਵੀਂ। ਮੈਂ ਰਸਤੇ ਵਿੱਚ ਉਸਦਾ ਘਰ ਵੇਖ ਲਿਆ ਸੀ। ਆਂਟੀ, ਮੇਰਾ ਲੜਕਾ ਇਸੇ ਦਵਾਈ ਨਾਲ ਹੀ ਠੀਕ ਹੋ ਗਿਆ ਹੈ

ਉਸਦੀ ਸਾਰੀ ਕਥਾ-ਵਾਰਤਾ ਸੁਣ ਕੇ ਮੇਰੇ ਜ਼ਿਹਨ ਵਿੱਚ ਇੱਕ ਚਿਹਰਾ-ਮੋਹਰਾ ਘੁੰਮ ਗਿਆ ਜੋ ਮੇਰੀ ਸਹੇਲੀ ਹਰਦੇਵ ਦਾ ਸੀ। ਅਸੀਂ ਅਕਸਰ ਪਾਰਕ ਵਿੱਚ ਸੈਰ ਕਰਦੇ ਹੋਏ ਇਕੱਠੇ ਹੋ ਜਾਈਦਾ ਹੈ। ਅਕਸਰ ਅਸੀਂ ਕਈ ਸਮਾਜਿਕ ਵਿਸ਼ੇ ਛੋਹ ਕੇ ਜਾਂ ਪਿੰਡਾਂ ਵਿੱਚ ਬਿਤਾਏ ਪਲਾਂ ਦੀ ਚਰਚਾ ਛੇੜ ਲੈਂਦੀਆਂ ਹਾਂ। ਮੈਨੂੰ ਯਾਦ ਆਇਆ ਕਿ ਇਹ ਬਿਰਤਾਂਤ ਤਾਂ ਉਹ ਮੇਰੇ ਨਾਲ ਸਾਂਝਾ ਕਰ ਚੁੱਕੀ ਹੈ। ਇੱਕ ਦਿਨ ਸਾਡੀ ਚਰਚਾ ਵਿੱਚ ਉਸਦਾ ਡਿਸਪੈਂਸਰੀ ਜਾਣਾ ’ਤੇ ਇੱਕ ਗਰੀਬ ਔਰਤ ਦੀ ਮਦਦ ਕਰਨਾ ਸ਼ਾਮਿਲ ਸੀਉਸਨੇ ਇਹ ਵੀ ਦੱਸਿਆ ਕਿ ਉੱਥੇ ਕਾਬਲ ਡਾਕਟਰ ਹਨ। ਉਸ ਦਿਨ ਮੈਂ ਗੀਤਾ ਬਾਰੇ ਮੈਡਮ ਹਰਦੇਵ ਦੀ ਗੱਲ ਸੁਣ ਕੇ ਕਿਹਾ ਸੀ ਕਿ ਇਸ ਔਰਤ ਦੀ ਤਰ੍ਹਾਂ ਇਸ ਸਮਾਜ ਵਿੱਚ ਅਣਗਿਣਤ ਬੇਸਹਾਰਾ ਮਜਬੂਰ ਤੇ ਗਰੀਬ ਲੋਕ ਹਨ। ਅਸੀਂ ਭਾਵ ਤੇਰੇ ਮੇਰੇ ਵਰਗੇ ਲੋਕ ਕਿੰਨਿਆਂ ਕੁ ਦਾ ਸਹਾਰਾ ਬਣ ਸਕਦੇ ਹਾਂ? ਇਹ ਤਾਂ ਸਮੇਂ ਦੀਆਂ ਸਰਕਾਰਾਂ ਦੇ ਵਿਚਾਰਨਯੋਗ ਮਸਲੇ ਹਨ। ਇਸ ’ਤੇ ਹਰਦੇਵ ਨੇ ਕਿਹਾ, “ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ, ਪਰ ਇਨਸਾਨੀਅਤ ਦੇ ਨਾਤੇ ਜੋ ਵੀ ਥੋੜ੍ਹਾ ਬਹੁਤਾ ਹਿੱਸਾ ਅਸੀਂ ਭਲੇ ਕੰਮ ਵਿੱਚ ਪਾ ਦੇਈਏ, ਉਹੀ ਵਧੀਆ ਹੈ।” ਅੱਜ ਗੀਤਾ ਜੋ ਇਸ ਸਮਾਜ ਦਾ ਹਿੱਸਾ, ਇੱਕ ਜੀਵ-ਆਤਮਾ ਆਪਣੀ ਮੈਡਮ ਦੀ ਅਹਿਸਾਨਮੰਦ ਹੋ ਰਹੀ ਸੀ, ਨੂੰ ਵੇਖ ਕੇ ਮੈਂ ਹਰਦੇਵ ਦੀ ਪ੍ਰਸ਼ੰਸਾ ਕਰਨ ਅਤੇ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੀ ਪਰ ਵਿਚਾਰਨਯੋਗ ਗੱਲਾਂ ਮੇਰਾ ਖਹਿੜਾ ਨਹੀਂ ਛੱਡ ਰਹੀਆਂ ਸਨ।

ਬੇਸ਼ਕ ਸਮਾਜ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਸੰਪਰਕ ਵਿੱਚ ਆਉਣ ਵਾਲੇ ਕਿਸੇ ਲਾਚਾਰ ਵਿਅਕਤੀ ਦੀ ਥੋੜ੍ਹੀ ਬਹੁਤੀ ਮਦਦ ਕਰ ਸਕਦੇ ਹਾਂ ਪਰ ਇਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਸੁਖਾਲੀ ਨਹੀਂ ਹੋ ਸਕਦੀ। ਗੱਲ ਤਾਂ ਸਰਕਾਰਾਂ ’ਤੇ ਆ ਕੇ ਨਿੱਬੜਦੀ ਹੈ। ਹਰ ਸਾਲ ਸਿਹਤ ਦਿਵਸ ਵੀ ਮਨਾਇਆ ਜਾਂਦਾ ਹੈ। ਵੱਡੇ-ਵੱਡੇ ਵਾਅਦੇ ਤੇ ਸਰਕਾਰੀ ਸਹੂਲਤਾਂ ਦੇ ਐਲਾਨ ਉਸ ਦਿਨ ਕੀਤੇ ਜਾਂਦੇ ਹਨ। ਸਿਹਤ ਸੰਭਾਲ ਨਾਲ ਸਬੰਧਿਤ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਤਕ ਪਹੁੰਚਾਉਣ ਦੇ ਆਦੇਸ਼ ਵੀ ਦਿੱਤੇ ਜਾਂਦੇ ਹਨ। ਪਰ ਸਵਾਲ ਇਹ ਹੈ ਕਿ ਜੇਕਰ ਇਹ ਲੋੜਵੰਦ ਔਰਤ ਸਰਕਾਰੀ ਡਿਸਪੈਂਸਰੀ ਵਿੱਚ ਗਈ ਸੀ ਤਾਂ ਉੱਥੇ ਸਾਰਾ ਇਲਾਜ ਮੁਫ਼ਤ ਹੋਣਾ ਚਾਹੀਦਾ ਸੀ। ਔਰਤ ਨੂੰ ਢਾਈ ਸੌ ਰੁਪਏ ਦੀ ਦਵਾਈ ਦੀ ਜ਼ਰੂਰਤ ਸੀ ਜੋ ਉਹ ਨਹੀਂ ਸੀ ਲੈ ਸਕਦੀ ਤੇ ਸਰਕਾਰੀ ਸਟਾਕ ਵਿੱਚ ਹੈ ਨਹੀਂ ਸੀ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਬਾਰੇ ਹਰ ਨਾਗਰਿਕ ਜਾਣੂ ਹੈ। ਇਸੇ ਕਰਕੇ ਇਹਨਾਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਪ੍ਰੀਵਰਤਨ ਨੂੰ ਤਰਜੀਹ ਦਿੱਤੀ ਗਈ ਹੈ, ਹਰ ਤਬਕੇ ਦੇ ਲੋਕ ਇਸ ਤਬਦੀਲੀ ਦੇ ਹਿੱਸੇਦਾਰ ਹਨ। ਰਾਜ ਸੱਤਾ ਸੰਭਾਲਣ ਵੇਲੇ ਜਿਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਆਪਣਾ ਆਦਰਸ਼ ਮੰਨ ਕੇ ਰਾਜ ਸੱਤਾ ਸੰਭਾਲੀ ਹੈ, ਉਸ ਹਿਸਾਬ ਨਾਲ ਆਪ ਸਰਕਾਰ ਨੂੰ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵੱਡੀ ਤਬਦੀਲੀ ਤੇ ਸੁਧਾਰ ਲਿਆਉਣ ਵਿੱਚ ਕਾਮਯਾਬੀ ਹਾਸਲ ਕਰਨੀ ਹੋਵੇਗੀ। ਇੱਕ ਤਿਮਾਹੀ ਲੰਘ ਜਾਣ ’ਤੇ ਸਰਕਾਰ ਹੁਣ ਨਵੀਂ ਨਹੀਂ ਰਹੀ। ਲੋਕਾਂ ਨੂੰ ਆਪਣੇ ਮਸਲੇ ’ਤੇ ਪਿਛਲੀਆਂ ਸਰਕਾਰਾਂ ਵੇਲੇ ਤੋਂ ਲਟਕਦੇ ਮੁੱਦਿਆਂ ਦੇ ਹੱਲ ਦੀ ਉਡੀਕ ਹੈ।

ਪਿਛਲੀ ਪੌਣੀ ਸਦੀ ਵਿੱਚ ਬਿਹਤਰ ਸੇਵਾਵਾਂ ਦੇਣ ਦੇ ਨਾਂਅ ਉੱਤੇ ਦੇਸ਼ ਵਿੱਚ ਪ੍ਰਾਈਵੇਟ ਸਿਹਤ ਸੁਵਿਧਾ ਉਦਯੋਗ ਵਧ-ਫੁੱਲ ਰਿਹਾ ਹੈ। ਵੱਡੇ-ਵੱਡੇ ਮਹਿੰਗੇ ਨਿੱਜੀ ਹਸਪਤਾਲ ਖੜ੍ਹੇ ਹੋ ਗਏ ਹਨ ਪਰ ਦੂਜੇ ਪਾਸੇ ਤਹਿਸੀਲ ਤੇ ਬਲਾਕ ਪੱਧਰ ਉੱਤੇ ਸਰਕਾਰੀ ਹਸਪਤਾਲ ਤੇ ਡਿਸਪੈਂਸਰੀਆਂ ਵਿੱਚ ਨਾ ਡਾਕਟਰ, ਨਾ ਸਿਹਤ ਕਰਮਚਾਰੀ ਤੇ ਨਾ ਹੀ ਜ਼ਰੂਰੀ ਸਿਹਤ ਸਹੂਲਤਾਂ ਹਨ। ਇਹਨਾਂ ਸਿਹਤ ਕੇਂਦਰਾਂ ਵਿੱਚ ਇਲਾਜ ਵੀ ਹੋ ਨਹੀਂ ਸਕਦਾ। ਸਿਹਤ ਬੱਜਟ ਵਿੱਚ ਹਰ ਸਾਲ ਕਈ ਸਾਲਾਂ ਤੋਂ ਵਾਧਾ ਕੀਤਾ ਜਾ ਰਿਹਾ ਪਰ ਇਹ ਸਮਝਣਾ ਔਖਾ ਹੈ ਕਿ ਇੰਨਾ ਖਰਚ ਹੋਣ ਦੇ ਬਾਵਜੂਦ ਵੀ ਸਾਡੇ ਦੇਸ਼ ਵਿੱਚ ਜਨ ਸਿਹਤ ਸੇਵਾਵਾਂ ਦੇ ਹਾਲਾਤ ਬਿਹਤਰ ਨਹੀਂ ਹੋ ਰਹੇ। ਹੁਣ ਵੀ 24% ਦੇ ਵਾਧੇ ਨਾਲ 4731 ਕਰੋੜ ਰੁਪਏ ਸਿਹਤ ਖੇਤਰ ਲਈ ਰੱਖੇ ਹਨ।

ਸਿਹਤ ਸੇਵਾਵਾਂ ਦੇਸ਼ ਦੇ ਹਰ ਨਾਗਰਿਕ ਨੂੰ ਨਿੱਜੀ ਹਸਪਤਾਲ ਦੇ ਪੈਟਰਨ ’ਤੇ ਹੀ ਮਿਲਣ ਭਾਵ ਬਿਹਤਰ ਦੇਖ-ਭਾਲਭਾਲ ਤੇ ਪੂਰੀਆਂ ਸਹੂਲਤਾਂ, ਪਰ ਦੇਸ਼ ਹਾਲੇ ਤਕ ਮੁਢਲੀਆਂ ਸਿਹਤ ਸਹੂਲਤਾਂ ਦੇਣ ਦੇ ਵੀ ਯੋਗ ਨਹੀਂ ਹੈ। ਸਰਕਾਰ ਨੇ ਸੂਬੇ ਵਿੱਚ 117 ਮਹੱਲਾ ਕਲੀਨਿਕ ਦੀ ਸ਼ੁਰੂਆਤ ਬਾਰੇ ਵੀ ਜਾਣਕਾਰੀ ਦਿੱਤੀ ਹੈ ਪਰ ਅੱਜ ਵੀ ਜਨ ਸਧਾਰਨ ਇਹੀ ਮੰਗ ਕਰਦਾ ਹੈ ਕਿ ਸਭ ਤੋਂ ਪਹਿਲਾਂ ਸਥਾਪਿਤ ਪਰ ਬਿਮਾਰ ਪਏ ਹਸਪਤਾਲ ਤੇ ਡਿਸਪੈਂਸਰੀਆਂ ਨੂੰ ਇਸ ਹਾਲਤ ਵਿੱਚ ਲਿਆ ਸਕੋ ਕਿ ਉੱਥੇ ਮੁਫਤ ਇਲਾਜ ਹੋ ਸਕੇ ਤਾਂ ਕਿ ਮੇਰੀ ਕੰਮ ਵਾਲੀ ਲੜਕੀ ਗੀਤਾ ਦੀ ਤਰ੍ਹਾਂ ਕਿਸੇ ਨੂੰ ਸੋਚਣਾ ਨਾ ਪਵੇ ਕਿ ਬੱਚੇ ਦੀ ਦਵਾਈ ਲਵਾਂ ਜਾਂ ਟੱਬਰ ਲਈ ਰਾਸ਼ਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3700)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author