KulminderKaur7ਮੇਰਾ ਚਿੱਤ ਕਰੇ ਕਿ ਰਾਣੀ ਮੇਰੇ ਕੋਲ ਹੋਵੇਤਾਂ ਮੈਂ ਗਲੇ ਲਗਾ ਕੇ ਕਹਾਂ ...
(20 ਸਤੰਬਰ 2016)

 

ਉਮਰ ਦੇ ਆਖਰੀ ਪੜਾਅ ਵਿੱਚੋਂ ਲੰਘਦਿਆਂ ਮੇਰੀ ਮਾਂ ਨੇ ਜ਼ਿੰਦਗੀ ਦੇ ਸਫਰ ਦੀ ਮੰਜਿਲ ਪਾ ਲਈ ਤਾਂ ਮੈਂ ਉਸਦਾ ਅੰਤਿਮ ਸਮਾਂ ਨਾ ਮਾਣ ਸਕਣ ਦੇ ਪਛਤਾਵੇ ਨੂੰ ਕਲਮ-ਬੱਧ ਕਰਕੇ ਇੱਕ ਪੰਜਾਬੀ ਅਖਬਾਰ ਨੂੰ ਭੇਜ ਦਿੱਤਾ। ਕੁਝ ਦਿਨਾਂ ਬਾਅਦ ਮੇਰਾ ਇਹ ਲੇਖ ਛਪ ਗਿਆ ਤਾਂ ਮੈਂ ਮਹਿਸੂਸ ਕੀਤਾ ਕਿ ਮਾਂ ਬਾਰੇ ਪੜ੍ਹ-ਸੁਣ ਕੇ ਹਰ ਸਖਸ਼ ਦਾ ਭਾਵਨਾਤਮਕ ਰੌਂ ਵਿੱਚ ਵਹਿ ਜਾਣਾ ਸੁਭਾਵਿਕ ਹੈ, ਕਿਉਂਕਿ ਮਾਂ ਦੀ ਪਰਿਭਾਸ਼ਾ ਤਾਂ ਸਾਰੀ ਦੁਨੀਆਂ ਵਿੱਚ ਇੱਕ ਹੀ ਹੈ। ਕੁੱਲ ਕਾਇਨਾਤ, ਸਾਰੇ ਧਰਮਾਂ ਦੀ ਬਾਣੀ, ਸਾਰੀ ਫਿਲਾਸਾਫੀ, ਕਾਦਰ ਦੀ ਕੁਦਰਤ, ਰਿਸ਼ਤਿਆਂ ਦੀ ਪਵਿੱਤਰਤਾ ਨੂੰ ਜੇਕਰ ਇੱਕ ਸ਼ਬਦ ਵਿੱਚ ਸਮੇਟਣਾ ਹੋਵੇ ਤਾਂ ਉਹ “ਮਾਂ” ਹੈ। ਮੇਰੇ ਇਸ ਲੇਖ ਦਾ ਮੁਲਾਂਕਣ ਕਰਦਿਆਂ ਕਈ ਸਹਿਰਦ ਪਾਠਕਾਂ ਦੇ ਫੋਨ ਆਏ। ਮਾਵਾਂ ਦੇ ਦਰਦ ਵੰਡਾਉਂਦੀਆਂ ਧੀਆਂ ਦੇ ਮਨਾਂ ਨੂੰ ਮੇਰੇ ਲੇਖ ਨੇ ਵਧੇਰੇ ਹੀ ਟੁੰਭਿਆ। ਇੱਕ ਧੀ (ਰਣਜੀਤ ... ਰਾਣੀ) ਦਾ ਫੋਨ ਸ਼ਾਮ ਨੂੰ ਬਰਨਾਲੇ ਤੋਂ ਆਇਆ। ਉਹ ਕਹਿੰਦੀ, “ਮੈਡਮ, ਮੇਰੀ ਮਾਂ ਨੇ ਬੜੇ ਜਫਰ ਜਾਲੇ ਹਨ। ਉਹ ਤਾਂ ਕਈ ਸਾਲ ਬਿਮਾਰੀ ਝੇਲਦੀ ਹੋਈ ਗਈ ਹੈ। ਕੀ ਤੁਸੀਂ ਮੇਰੀ ਮਾਂ ਨਾਲ ਜੁੜੀ ਕਹਾਣੀ ਵੀ ਲਿਖ ਦਿਓੁਗੇ।”

ਮੈਂ ਕਿਹਾ, “ਠੀਕ ਹੈ, ਤੁਸੀਂ ਮੈਨੂੰ ਲਿਖ ਕੇ ਭੇਜ ਦਿਓ।”

ਮੈਂ ਸੋਚਿਆ, ਦਿਲ ਦੇ ਜਜ਼ਬਾਤ ਕਾਗਜ਼ ਉੱਤੇ ਉਲੀਕ ਲਏਗੀ ਤਾਂ ਇਹੀ ਲਿਖਤ ਇਸਦੇ ਦਰਦ ਦੀ ਦਵਾ ਬਣ ਜਾਏਗੀ ਤੇ ਮੈਨੂੰ ਨਹੀਂ ਭੇਜੇਗੀ। ਪਰ ਉਸਨੇ ਤਾਂ ਥੋੜ੍ਹੇ ਦਿਨਾਂ ਬਾਅਦ ਹੀ ਲੰਬਾ ਖਤ ਲਿਖ ਭੇਜਿਆ। ਚੰਗੀ ਤਰ੍ਹਾਂ ਪੜ੍ਹ ਕੇ ਰੱਖ ਲਿਆ। ਸਮਝ ਨਾ ਆਵੇ ਕਿਵੇਂ ਕੁਝ ਲਿਖਾਂ? ਕੁਝ ਦਿਨ ਮੈਨੂੰ ਵਿਹਲ ਦੇ ਮਿਲੇ ਤਾਂ ਤੁਰਦੇ-ਫਿਰਦੇ ਉਸਦੇ ਲਿਖੇ ਕਈ ਸ਼ਬਦ ਮੇਰੇ ਮਨ ਵਿਚ ਉਮੜਦੇ ਰਹਿੰਦੇਅੱਜ ਉਸ ਧੀ ਵੱਲੋਂ ਮਾਂ ਦੀ ਜ਼ਿੰਦਗੀ ਦੇ ਵਰਕੇ ਫਰੋਲਦੇ ਲੰਬੇ ਖਤ ਵਿੱਚੋ ਕੁਝ ਸ਼ਬਦ ਮੇਰੀ ਕਲਮ ਨੇ ਚੁਣ ਕੇ ਪਾਠਕਾਂ ਦੇ ਸਨਮੁੱਖ ਰੱਖਣ ਦੀ ਕੋਸ਼ਿਸ ਕੀਤੀ ਹੈ।

**

ਮੇਰੇ ਨਾਨੇ ਦੀ ਮੌਤ ਦਾ ਕਾਰਨ ਗੁਰਦੇ ਦੀ ਬਿਮਾਰੀ ਸੀ। ਉਨ੍ਹਾਂ ਦਿਨਾਂ ਵਿਚ ਹੀ ਛੋਟੇ ਮਾਮੇ ਦਾ ਜਨਮ ਹੋਇਆ। ਉਹ ਆਪਣੇ ਹੀ ਬੱਚੇ ਨਾਲ ਨਫਰਤ ਕਰੇ। ਪੂਰਾ ਵਹਿਮੀ ਹੋ ਗਿਆ ਸੀ ਕਿ ਇਹ ਜੰਮਿਆ ਤੇ ਮੈਨੂੰ ਮੰਜੇ ਤੇ ਪਾ ’ਤਾ। ਮੇਰੀ ਮਾਂ ਨੇ ਆਪਣੇ ਭਰਾ ਨੂੰ ਮਾਂ ਬਣ ਕੇ ਪਾਲਿਆ। ਮੇਰੇ ਪਹਿਲੇ ਬੇਟੇ ਦੇ ਜਨਮ ਤੋਂ ਬਾਅਦ ਹੀ ਇਸ ਮਾਮੇ ਦੀ ਗੁਰਦੇ ਖਰਾਬ ਹੋਣ ਕਾਰਨ ਮੌਤ ਹੋ ਗਈ ਤੇ ਇੱਕ ਸਾਲ ਬਾਅਦ ਨਾਨੀ ਵੀ ਚੱਲ ਵਸੀ।

ਮੇਰੀ ਮਾਂ ਗਮਾਂ ਦੀ ਦੁਨੀਆਂ ਵਿਚ ਗੁਆਚੀ ਸਾਰਾ ਦਿਨ ਰੋਂਦੀ ਰਹਿੰਦੀ। ਬਿਮਾਰ ਰਹਿਣ ਲੱਗੀ, ਡਾਕਟਰਾਂ ਅਨੁਸਾਰ ਲਿਵਰ ਵਧ ਗਿਆ ਸੀ। ਹੋਮਿਉਪੈਥਿਕ ਦਵਾਈ ਖਾਣ ਨਾਲ ਫਰਕ ਪੈ ਗਿਆ। ਮੇਰੇ ਦੁੱਖਾਂ ਵਿੱਚ ਢਾਰਸ ਦੇਣ ਵਾਲੀ ਮਾਂ ਪਿਛਲੇ ਵੀਹ ਸਾਲਾਂ ਤੋਂ ਹੀ ਕਿਸੇ ਨਾ ਕਿਸੇ ਅਹੁਰ ਦੀ ਦਵਾਈ ਖਾ ਰਹੀ ਸੀ ਤੇ ਹੁਣ ਉਸਦੀ ਤਬੀਅਤ ਵਧੇਰੇ ਖਰਾਬ ਹੋ ਗਈ। ਜਾਂਚ ਕਰਾਉਣ ਤੇ ਉਹੀ ਅਨੁਵੰਸ਼ਿਕ ਬਿਮਾਰੀ ਗੁਰਦੇ ਖਰਾਬ ਹੋਣ ਦੀ ਨਿਕਲੀ। ਜੁਲਾਈ 2014 ਨੂੰ ਡਾਕਟਰ ਨੇ ਕਹਿ ਦਿੱਤਾ ਕਿ ਜਾਂ ਤਾਂ ਗੁਰਦਾ ਨਵਾਂ ਪਏਗਾ ਜਾਂ ਫਿਰ ਡਾਇਲਸਿਸ ਸ਼ੁਰੂ ਕਰਵਾਓ। ਮਾਂ ਗੁਰਦਾ ਬਦਲਣ ਬਾਰੇ ਨਹੀਂ ਮੰਨੀ ਪਰ ਡਾਇਲਸਿਸ ਵਾਸਤੇ 11 ਦਿਨਾਂ ਬਾਅਦ ਧੱਕੇ ਨਾਲ ਲੈ ਗਏ।

ਹਸਪਤਾਲ ਬੈਠੀ ਨੂੰ ਦੰਦਲ ਪੈ ਗਈ। ਮੈਨੂੰ ਫੋਨ ਆਇਆ ਕਿ ਆ ਜਾ ਮਾਂ ਦੀ ਜੁਬਾਨ ਖੜ੍ਹ ਗਈ ਹੈ। ਸਾਰੇ ਡਰ ਗਏ ਸਾਂ, ਕਿਉਂਕਿ ਮੇਰੇ ਵਿਚਕਾਰਲੇ ਮਾਮੇ ਦਾ ਡਾਇਲਸਿਸ ਨਹੀਂ ਸੀ ਹੋ ਸਕਿਆ, ਉਸਦੀ ਜ਼ਬਾਨ ਬੰਦ ਹੋ ਗਈ ਤੇ ਉਸੇ ਵਕਤ ਮੌਤ ਹੋ ਗਈ ਸੀ। ਮਾਂ ਦਾ ਡਾਇਲਸਿਸ ਠੀਕਠਾਕ ਹੋ ਗਿਆ ਸੀ ਉਹ ਹਰ ਪੰਜਵੇਂ ਦਿਨ ਹਸਪਤਾਲ ਪਹੁੰਚਦੀ, 4 ਘੰਟੇ ਦੇ ਡਾਇਲਸਿਸ ਵਿਚ ਮੈਂ ਚਾਰ ਵੇਰ ਮਾਂ ਦਾ ਹਾਲ ਜਾਣਦੀ। ਰਾਤ ਦਿਨ ਮੈਂ ਰੱਬ ਨੂੰ ਧਿਆਉਂਦੀ, ਸਮਝ ਨਾ ਆਵੇ, ਕਿਸ ਵਿਧ ਬਚਾਵਾ ਮਾਂ ਨੂੰ?

ਚਾਰ ਭੈਣ-ਭਰਾਵਾਂ ਵਿੱਚੋਂ ਮੈਂ ਸੱਭ ਤੋਂ ਵੱਡੀ ਹਾਂ, ਵੱਡਾ ਭਰਾ ਇੱਥੇ ਅਤੇ ਛੋਟਾ ਮਾਰਸ਼ਿਸ ਚਲਾ ਗਿਆ। ਉੱਥੇ ਹੀ ਵਿਆਹ ਕਰਾਇਆ ਅਤੇ ਫਿਰ ਬੱਚੇ ਵੀ ਉੱਥੇ ਹੋਏ। ਨੈੱਟ ਤੇ ਬੇਟੀ ਦੀ ਫੋਟੋ ਪਾਈ ਤਾਂ ਮਾਂ ਸਭ ਨੂੰ ਵਿਖਾਵੇ, ਕਹੇ, ਮੇਰੀ ਪੋਤੀ ਕਿੰਨੀ ਸੋਹਣੀ ਹੈ ਤੇ ਬੈਠੀ ਉਸਨੂੰ ਲੋਰੀ ਸੁਣਾਉਂਦੀ ਰਹਿੰਦੀ। ਬੱਚਿਆਂ ਨੂੰ ਮਿਲਣ ਦੀ ਤੜਪ ਤਾਂ ਉਸਦੇ ਨਾਲ ਹੀ ਗਈ। ਡਾਕਟਰ ਕਹਿੰਦੇ ਬੜੀ ਦਲੇਰ ਔਰਤ ਹੈ ਜੇ ਬਕਾਇਦਗੀ ਨਾਲ ਡਾਇਲਸਿਸ ਹੁੰਦਾ ਰਿਹਾ ਤਾਂ ਦਸ ਸਾਲ ਕਿਧਰੇ ਨਹੀਂ ਜਾਂਦੀ, ਪਰ ਮਾਂ ਦੀ ਜ਼ਿੰਦਗੀ ਦੇ ਦਿਨ ਘਟਦੇ ਜਾ ਰਹੇ ਸਨ। ਉਸਦੀ ਬਾਂਹ ਅਤੇ ਨਾੜਾਂ ਇਕੱਠੀਆਂ ਨਾ ਹੁੰਦੀਆਂ ਤਾਂ ਸਿੱਧੀਆਂ ਸੂਈਆਂ ਪੱਟਾਂ ਵਿਚ ਲੱਗਣ ਕਾਰਨ ਬੜੀ ਔਖੀ ਹੁੰਦੀ ਸੀ। ਮਾਂ ਹੁਣ ਜਿੰਦਗੀ ਤੋਂ ਜਿਵੇਂ ਹਾਰ ਗਈ ਸੀ।

ਗੁਰਦਵਾਰੇ ਸੰਗਰਾਂਦ ਸੀ, ਮਾਂ ਖੁਦ ਪ੍ਰਸ਼ਾਦ ਬਣਾ ਕੇ ਲੈ ਗਈ ਤੇ ਉੱਥੇ ਅਰਦਾਸ ਕੀਤੀ ਕਿ ਜਾਂ ਤਾਂ ਮੈਨੂੰ ਠੀਕ ਕਰਦੇ, ਨਹੀਂ ਤਾਂ ਲੈ ਜਾ। ਏਨਾ ਕਸ਼ਟ ਨਾ ਦੇ ਮੈਨੂੰ। ਉਸ ਦਿਨ ਮੈਂ ਵੀ ਮਾਂ ਨੂੰ ਮਿਲਣ ਗਈ। ਤੁਰਨ ਲੱਗਿਆਂ ਉਸਨੇ ਘੁੱਟ ਕੇ ਗਲਵਕੜੀ ਪਾਈ। ਇਹ ਸਾਡੇ ਮਿਲਣ ਦੇ ਆਖਰੀ ਪਲ ਬਣੇ। ਅਗਲੇ ਦਿਨ ਅਜਿਹਾ ਦਰਦ ਹੋਇਆ ਕਿ ਹਸਪਤਾਲ ਜਾਣਾ ਪੈ ਗਿਆ। ਸ਼ਾਮ ਨੂੰ ਡਿਊਟੀ ਤੋਂ ਘਰ ਆਈ ਤਾਂ ਦਿਲ ਬਹੁਤ ਘਬਰਾਈ ਜਾਵੇ। ਮੈਂ ਪਤੀ ਨੂੰ ਕਿਹਾ, “ਮੈਨੂੰ ਬੱਸ ਚੜ੍ਹਾ ਦਿਓ।”

ਮੈਂ ਹੁਣੇ ਆਉਂਦਾ ਹਾਂ ਕਹਿ ਕੇ ਬਾਹਰ ਚਲੇ ਗਏ। ਮੇਰੀ ਅੱਖ ਲੱਗ ਗਈ। ਆਏ ਤਾਂ ਮੈਨੂੰ ਨਾ ਜਗਾਇਆ। ਜਦੋਂ ਮੈਂ ਉੱਠੀ ਤਾਂ ਹਨੇਰਾ ਪਸਰ ਚੁੱਕਾ ਸੀ। ਫਿਰ ਮੈਂ ਸੋਚਿਆ ਕਿ ਮੈਂ ਸਵੇਰੇ ਡਿਊਟੀ ਤੇ ਨਾ ਜਾ ਕੇ ਸਿੱਧੀ ਮਾਂ ਕੋਲ ਜਾਵਾਂਗੀ। ਯਕਦਮ ਮੇਰੇ ਦਿਲ ਨੂੰ ਜਿਵੇਂ ਲੱਗ ਗਈ ਸੀ, ਕਾਲਜੇ ਨੂੰ ਧੂਹ ਜਿਹੀ ਪਈ। ਪਾਪਾ ਨੂੰ ਫੋਨ ਕੀਤਾ ਕਿ ਮੇਰੀ ਮਾਂ ਨਾਲ ਗੱਲ ਕਰਾਇਓ, ਪਰ ਉਹਨਾਂ ਦੱਸਿਆ ਕਿ ਉਸਨੂੰ ਤਾਂ ਹੁਣ ਅਟੈਕ ਆ ਗਿਆ ਹੈ। ਰਾਤ ਅੱਠ ਵਜੇ ਉਹ ਪਾਪਾ ਦਾ ਹੱਥ ਜੋਰ ਦੀ ਘੁੱਟ ਕੇ ਜਾਣ ਦਾ ਸੁਨੇਹਾ ਦੇ ਗਈ ਤੇ ਉਸਦੀ ਅਰਦਾਸ ਧੁਰ-ਦਰਗਾਹ ਸੁਣੀ ਗਈ ਸੀ।

ਸਵੇਰੇ ਸਾਝਰੇ ਜਾ ਕੇ ਮਾਂ ਦੀਆਂ ਅੰਤਿਮ-ਰਸਮਾਂ ਵਿਚ ਸ਼ਾਮਲ ਹੋਏ, ਬੀਤੀ ਸ਼ਾਮ ਬੱਸ ਫੜਨ ਦੀ ਮੇਰੀ ਨਾਕਾਮ ਕੋਸ਼ਿਸ਼ ’ਤੇ ਪਛਤਾਵਾਂ ਹੋਇਆ ਕਿ ਪਹੁੰਚ ਜਾਂਦੀ ਤਾਂ ਅੰਤਿਮ ਸਮੇਂ ਮੈਂ ਮਾਂ ਕੋਲ ਹੁੰਦੀ। ਮੇਰਾ ਬਾਹਰ ਰਹਿੰਦਾ ਭਰਾ ਮਾਂ ਦੇ ਅੰਤਿਮ ਦਰਸ਼ਨ ਵੀ ਨਾ ਕਰ ਸਕਿਆ ਦੋ ਦਿਨਾਂ ਬਾਅਦ ਆਇਆ। ਮਾਂ ਦੇ ਸਸਕਾਰ ਵਾਲੇ ਦਿਨ ਅਤੇ ਪਾਠ ਦੇ ਭੋਗ ’ਤੇ ਬੜੇ ਜੋਰਾਂ ਦਾ ਮੀਂਹ ਪਿਆ। ਮੈਨੂੰ ਇਸ ਕੌਤਕ ਦੀ ਸਮਝ ਨਾ ਪਵੇ ਕਿ ਕੀ ਸਾਰੀ ਕਾਇਨਾਤ ਅੱਜ ਮਾਂ ਦੇ ਕਸ਼ਟ-ਨਵਿਰਤੀ ’ਤੇ ਖੁਸ਼ ਹੋ ਰਹੀ ਹੈ? ਜਾਂ ਮੇਰੀ ਵਿਲਕਦੀ ਰੂਹ ਨੂੰ ਹੁੰਗਾਰਾ ਭਰਦੀ ਰੋ ਰਹੀ ਹੈ?

**

ਮੇਰਾ ਚਿੱਤ ਕਰੇ ਕਿ ਰਾਣੀ ਮੇਰੇ ਕੋਲ ਹੋਵੇ, ਤਾਂ ਮੈਂ ਗਲੇ ਲਗਾ ਕੇ ਕਹਾਂ, “ਮੈਂ ਤੇਰਾ ਦਰਦ ਜਾਣ ਸਕਦੀ ਹਾਂ। ਵੇਖ ਮੇਰੀ ਮਾਂ ਆਪਣੀ ਉਮਰ ਭੋਗ ਕੇ ਮੇਰੀ ਜ਼ਿੰਦਗੀ ਦਾ ਲੰਮਾ ਪੈਂਡਾ ਸਾਥ ਲੰਘਾ ਗਈ ਹੈ ਤਾਂ ਵੀ ਮੈਂ ਇੱਕ ਖਲਾਅ ਮਹਿਸੂਸਦੀ ਹਾਂ। ਤੇਰੀ ਜ਼ਿੰਦਗੀ ਦਾ ਸਫਰ ਹਾਲੇ ਬਹੁਤ ਬਾਕੀ ਹੈ। ਹੁਣ ਤੂੰ ਜ਼ਿੰਦਗੀ ਉਸਦੀਆਂ ਯਾਦਾਂ ਦੇ ਆਸਰੇ ਅਤੇ ਉਸਦੇ ਵਾਂਗ ਦਲੇਰ, ਹੌਸਲੇ ਵਾਲੀ, ਨੇਕ-ਨੀਯਤੀ ਅਤੇ ਆਤਮ ਵਿਸ਼ਵਾਸੀ ਬਣ ਕੇ ਜਿਉਣਾ ਸਿੱਖ ਲੈ ਤਾਂ ਕਿ ਸਾਰੇ ਕਹਿਣ, ਇਹ ਤਾਂ ਮਾਂ ਵਰਗੀ ਹੈ। ਤੈਨੂੰ ਜਾਪੇ ਮਾਂ ਤੇਰੇ ਵਿਚ ਹੀ ਹੈ ...

*****

(434)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

 

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author