“ਇਸ ਵਾਰ ਦੀ ਨਿਤਿਸ਼ ਕੁਮਾਰ ਦੀ ਕਲਾਬਾਜ਼ੀ ਨੇ ਉਸਦਾ ਸਿਆਸੀ ਭਵਿੱਖ ...”
(11 ਅਗਸਤ 2017)
ਭਾਰਤ ਦੇ ਸਿਆਸਤਦਾਨ ਮੁਖੌਟੇ ਪਾ ਕੇ ਆਪੋ ਆਪਣੇ ਚਿਹਰਿਆਂ ਨੂੰ ਲੁਕਾਈ ਬੈਠੇ ਹਨ। ਉਨ੍ਹਾਂ ਦੇ ਅੰਦਰ ਵੋਟਰ ਝਾਕ ਹੀ ਨਹੀਂ ਸਕਦਾ ਕਿਉਂਕਿ ਬਹੁਤੇ ਵੋਟਰ ਨੇਤਾਵਾਂ ਦੀਆਂ ਲੂੰਬੜਚਾਲਾਂ ਵਿਚ ਫਸ ਜਾਂਦੇ ਹਨ। ਵੋਟਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਪਾਰਟੀਆਂ ਦੇ ਨਾਂ ਉੱਪਰ ਵੋਟਾਂ ਪਾ ਦਿੰਦੇ ਹਨ ਪ੍ਰੰਤੂ ਉਹ ਗਿਰਗਟ ਦੀ ਤਰ੍ਹਾਂ ਰੰਗ ਬਦਲ ਲੈਂਦੇ ਹਨ। ਰਾਸ਼ਟਰੀ ਪਾਰਟੀਆਂ ਦੇ ਵੱਡੇ ਲੀਡਰਾਂ ਦਾ ਵੀ ਇਹੋ ਹਾਲ ਹੈ। ਮੁੱਖ ਮੰਤਰੀ ਦੀ ਕੁਰਸੀ ਲਈ ਤਾਂ ਉਹ ਤਰਲੋਮੱਛੀ ਹੋ ਜਾਂਦੇ ਹਨ। ਸਿਆਸੀ ਤਾਕਤ ਮਿਲਣੀ ਚਾਹੀਦੀ ਹੈ, ਪਾਰਟੀ ਡਿੱਗੇ ਢੱਠੇ ਖੂਹ ਵਿਚ। ਵੋਟਰ ਵੇਖਦੇ ਹੀ ਰਹਿ ਜਾਂਦੇ ਹਨ ਜਦੋਂ ਉਹ ਪਾਲਾ ਬਦਲਣ ਵਿਚ ਭੋਰਾ ਭਰ ਵੀ ਗੁਰੇਜ਼ ਨਹੀਂ ਕਰਦੇ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਅਸਤੀਫ਼ਾ ਦੇ ਕੇ ਦੁਬਾਰਾ ਭਾਰਤੀ ਜਨਤਾ ਪਾਰਟੀ ਨਾਲ ਮਿਲੀਜੁਲੀ ਸਰਕਾਰ ਬਣਾ ਕੇ ਆਪਣੇ ਸਿਆਸੀ ਕੈਰੀਅਰ ਉੱਪਰ ਸਵਾਲੀਆ ਚਿੰਨ੍ਹ ਲਗਵਾ ਲਿਆ ਹੈ। ਨਿਤਿਸ਼ ਕੁਮਾਰ ਨੇ ਇਸ ਕਾਰਵਾਈ ਨਾਲ ਕੀ ਖੱਟਿਆ, ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਹਾਂ, ਉਸਨੇ ਬਦਨਾਮੀ ਜ਼ਰੂਰ ਖੱਟ ਲਈ ਕਿਉਂਕਿ ਮੁੱਖ ਮੰਤਰੀ ਤਾਂ ਉਹ ਪਹਿਲਾਂ ਵੀ ਸੀ।
ਉਹ ਖ਼ੁਦਗਰਜ਼ ਸਿਆਸਤਦਾਨ ਬਣਨ ਵਿਚ ਵੀ ਮੋਹਰੀ ਬਣ ਗਿਆ। ਜੇਕਰ ਉਹ ਭ੍ਰਿਸ਼ਟਾਚਾਰ ਦੇ ਵਿਰੁੱਧ ਸੀ ਤਾਂ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰਕੇ ਵਿਧਾਨ ਸਭਾ ਭੰਗ ਕਰਕੇ ਦੁਬਾਰਾ ਚੋਣਾਂ ਕਰਵਾ ਲੈਂਦਾ ਤਾਂ ਫਿਰ ਉਹ ਦੇਸ਼ ਦਾ ਸਰਵੋਤਮ ਸਿਆਸਤਦਾਨ ਬਣ ਜਾਂਦਾ। ਪ੍ਰੰਤੂ ਅਫ਼ਸੋਸ ਕਿ ਨਿਤਿਸ਼ ਕੁਮਾਰ ਸਿਆਸੀ ਭਾਈਵਾਲ ਇਉਂ ਬਦਲ ਦਿੰਦਾ ਹੈ ਜਿਵੇਂ ਫਟੀ ਹੋਈ ਕਮੀਜ਼ ਬਦਲ ਦਿੱਤੀ ਜਾਂਦੀ ਹੈ। ਇਹੋ ਭਾਰਤੀ ਸਿਆਸਤ ਦੀ ਤ੍ਰਾਸਦੀ ਦਾ ਜਿਉਂਦਾ ਜਾਗਦਾ ਨਮੂਨਾ ਹੈ। ਚੌਧਰੀ ਭਜਨ ਲਾਲ ਤੋਂ ਬਾਅਦ ਨਿਤਿਸ਼ ਕੁਮਾਰ ਭਾਰਤ ਦਾ ਦੂਜਾ ਵੱਡਾ ਮੌਕਾ ਪ੍ਰਸਤ ਸਿਆਸਤਦਾਨ ਸਾਬਤ ਹੋਇਆ ਹੈ, ਜਿਸਨੇ ਲੋਕਤੰਤਰਿਕ ਪਰੰਪਰਾਵਾਂ ਦਾ ਬੇਕਿਰਕੀ ਨਾਲ ਘਾਣ ਕੀਤਾ ਹੈ। ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵਿਰੁੱਧ ਲੜਦਿਆਂ ਉਨ੍ਹਾਂ ਨੂੰ ਫਿਰਕੂ ਪਾਰਟੀ ਕਹਿਣ ਵਾਲਾ ਨਿਤਿਸ਼ ਕੁਮਾਰ ਹੁਣ ਕਿਹੜੇ ਮੂੰਹ ਨਾਲ ਭਾਈਵਾਲੀ ਕਰ ਰਿਹਾ ਹੈ? ਵਿਧਾਨ ਸਭਾ ਚੋਣਾਂ ਮੌਕੇ ਤਾਂ ਉਹ ਮੋਦੀ ਮੁਕਤ ਭਾਰਤ ਦੀ ਰੱਟ ਲਾਉਂਦਾ ਰਿਹਾ। ਹੁਣ ਕਾਂਗਰਸ ਮੁਕਤ ਕਾਫ਼ਲੇ ਵਿਚ ਸ਼ਾਮਲ ਹੋ ਗਿਆ। ਇਹ ਬਿਹਾਰ ਦੇ ਲੋਕਾਂ ਨਾਲ ਧੋਖਾ ਹੈ। ਦਗ਼ਾਬਾਜ਼ੀ ਅਤੇ ਬੇਇਤਬਾਰੀ ਦੀ ਇਸ ਤੋਂ ਵਧੀਆ ਉਦਾਹਰਣ ਹੋਰ ਕੋਈ ਹੋ ਹੀ ਨਹੀਂ ਸਕਦੀ।
ਭਾਰਤੀ ਜਨਤਾ ਪਾਰਟੀ ਨੇ ਦੂਜੀ ਵਾਰ ਭਾਰਤ ਦੇ ਲੋਕਾਂ ਨਾਲ ਉਨ੍ਹਾਂ ਦੇ ਲੋਕ ਫਤਵੇ ਦਾ ਨਿਰਾਦਰ ਕੀਤਾ ਹੈ। ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਵਿਚ ਪੀ.ਡੀ.ਪੀ. ਨੂੰ ਦੇਸ਼ ਧਰੋਹੀ ਕਹਿਕੇ ਉਨ੍ਹਾਂ ਵਿਰੁਧ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ। ਬਾਅਦ ਵਿਚ ਉਨ੍ਹਾਂ ਨਾਲ ਗਲਵਕੜੀ ਪਾ ਕੇ ਸਰਕਾਰ ਬਣਾ ਲਈ, ਜਿਸ ਵਜਾਹ ਕਰਕੇ ਜੰਮੂ ਕਸ਼ਮੀਰ ਵਿਚ ਅਫ਼ਰਾ ਤਫ਼ਰੀ ਦੇ ਹਾਲਾਤ ਹਨ ਕਿਉਂਕਿ ਇਹ ਅਸੂਲਾਂ ਦੀ ਸਿਆਸਤ ਨਹੀਂ, ਮੌਕਾ ਪ੍ਰਸਤੀ ਦੀ ਸਿਆਸਤ ਹੈ। ਦੋਹਾਂ ਪਾਰਟੀਆਂ ਵਿਚ ਖਿੱਚੋਤਾਣ ਕਰਕੇ ਜੰਮੂ ਕਸ਼ਮੀਰ ਵਿਚ ਅਮਨ ਅਤੇ ਸ਼ਾਂਤੀ ਸਥਾਪਤ ਨਹੀਂ ਹੋ ਰਹੀ। ਬਿਹਾਰ ਦੇ ਹਾਲਾਤ ਵੀ ਇਹੋ ਜਿਹੇ ਹੋ ਜਾਣਗੇ। ਲੋਕ ਅਜਿਹੇ ਸਿਆਸਤਦਾਨਾਂ ਉੱਪਰ ਵਿਸ਼ਵਾਸ ਕਰਨੋ ਹਟ ਜਾਣਗੇ। ਇਹ ਲੋਕ ਰਾਇ ਦੀ ਉਲੰਘਣਾ ਹੈ।
ਨਿਤਿਸ਼ ਕੁਮਾਰ ਦੇ ਅਸਤੀਫ਼ੇ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਕਰਕੇ ਸਵਾਗਤ ਕਰਨਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਨੂੰ ਸ਼ੋਭਾ ਨਹੀਂ ਦਿੰਦਾ। ਭਾਰਤੀ ਜਨਤਾ ਪਾਰਟੀ ਦਾ ਮੁਖੀ ਅਮਿਤ ਸ਼ਾਹ ਅਜਿਹੀ ਗੱਲ ਕਰਦਾ ਤਾਂ ਕੋਈ ਇਤਰਜ਼ ਨਹੀਂ ਸੀ। ਪ੍ਰਧਾਨ ਮੰਤਰੀ ਨੇ ਅਹੁਦੇ ਦੀ ਅਹਿਮੀਅਤ ਘਟਾਈ ਹੈ। ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਹੈ ਭਾਰਤੀ ਜਨਤਾ ਪਾਰਟੀ ਦਾ ਨਹੀਂ। ਨਿਤਿਸ਼ ਕੁਮਾਰ ਅਸਤੀਫ਼ਾ ਦੇਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਕੇ ਉਸ ਕੋਲੋਂ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਵਿਸ਼ਵਾਸ ਮੰਗਦਾ ਸੀ, ਕਿਹਾ ਜਾਂਦਾ ਹੈ ਕਿ ਰਾਹੁਲ ਗਾਂਧੀ ਨੇ ਵਿਸ਼ਵਾਸ ਨਹੀਂ ਦਿੱਤਾ ਜਿਸ ਕਰਕੇ ਉਸਨੇ ਬੀ.ਜੇ.ਪੀ. ਨਾਲ ਕੀਤੀ ਗੰਢ ਤਰੁੱਪ ਨੂੰ ਅਮਲੀ ਰੂਪ ਦੇ ਦਿੱਤਾ।
ਇਸ ਤੋਂ ਪਹਿਲਾਂ ਉਸਨੇ ਲਾਲੂ ਪ੍ਰਸ਼ਾਦਿ ਯਾਦਵ ਦੇ ਰਾਸ਼ਟਰੀਆ ਜਨਤਾ ਦਲ ਨਾਲ ਮਿਲੀਜੁਲੀ ਸਰਕਾਰ ਬਣਾਈ ਹੋਈ ਸੀ। ਨਿਤਿਸ਼ ਕੁਮਾਰ ਦਾ ਅਕਸ ਹੁਣ ਤੱਕ ਇਕ ਧਰਮ ਨਿਰਪੱਖ ਸਿਆਸਤਦਾਨ ਦੇ ਤੌਰ ’ਤੇ ਸਥਾਪਤ ਹੋ ਚੁੱਕਿਆ ਸੀ ਭਾਵੇਂ ਉਹ ਇਸ ਤੋਂ ਪਹਿਲਾਂ ਵੀ ਦੋ ਵਾਰ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਬਿਹਾਰ ਦਾ ਮੁੱਖ ਮੰਤਰੀ ਰਿਹਾ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਭਾਵੇਂ ਉਹ ਛੇਵੀਂ ਵਾਰ ਮੁੱਖ ਮੰਤਰੀ ਬਣਿਆ ਹੈ, ਪ੍ਰੰਤੂ ਕਦੀ ਵੀ ਉਸਦੀ ਇਕੱਲੀ ਪਾਰਟੀ ਦੀ ਸਰਕਾਰ ਨਹੀਂ ਰਹੀ। ਉਹ ਹਮੇਸ਼ਾ ਮਿਲੀਜੁਲੀ ਸਰਕਾਰ ਦਾ ਹੀ ਮੁੱਖ ਮੰਤਰੀ ਰਿਹਾ ਹੈ ਪ੍ਰੰਤੂ ਉਸਦਾ ਕਿਰਦਾਰ ਅਤੇ ਅਕਸ ਇਕ ਸੁਲਝੇ ਹੋਏ ਸਫਲ ਸਿਆਸਤਦਾਨ ਦਾ ਰਿਹਾ ਹੈ।
ਸਿਆਸਤ ਤਿਕੜਮਬਾਜ਼ੀ ਦੀ ਖੇਡ ਹੁੰਦੀ ਹੈ। ਤਿਕੜਮਬਾਜ਼ੀ ਵਿਚ ਨਿਤਿਸ਼ ਕੁਮਾਰ ਹਮੇਸ਼ਾ ਸਫਲ ਰਹਿੰਦਾ ਰਿਹਾ ਹੈ। ਇਹ ਤਿਕੜਮਬਾਜ਼ੀ ਉਸਨੇ ਜੈਪ੍ਰਕਾਸ਼ ਨਰਾਇਣ ਦੀ ਸ਼ੋਸਲਿਸਟ ਪਾਰਟੀ ਵਿਚ ਰਹਿੰਦਿਆਂ ਸੱਤਿਆ ਨਰਾਇਣ ਸਿਨਹਾ ਤੋਂ ਸਿੱਖੀ ਸੀ। ਉਹ ਅਤੇ ਰਾਮ ਵਿਲਾਸ ਪਾਸਵਾਨ ਹਰ ਹਾਲਤ ਵਿਚ ਹਰ ਸਰਕਾਰ ਵਿਚ ਸਿਆਸੀ ਤਾਕਤ ਹਾਸਲ ਕਰਦੇ ਰਹਿੰਦੇ ਹਨ ਭਾਵੇਂ ਸਰਕਾਰ ਯੂ.ਪੀ.ਏ ਜਾਂ ਐਨ.ਡੀ.ਏ. ਪਾਰਟੀ ਦੀ ਹੋਵੇ। ਰਾਮ ਵਿਲਾਸ ਪਾਸਵਾਨ ਦੀ ਤਾਂ ਗੁਜਰਾਤ ਦੇ ਦੰਗਿਆਂ ਤੋਂ ਬਾਅਦ ਜਮੀਰ ਜਾਗ ਪਈ ਸੀ ਅਤੇ ਉਹ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਗਿਆ ਸੀ ਪ੍ਰੰਤੂ ਨਿਤਿਸ਼ ਕੁਮਾਰ ਤਾਂ ਉਦੋਂ ਵੀ ਕੇਂਦਰੀ ਮੰਤਰੀ ਰਿਹਾ। ਉਸਦੀ ਜ਼ਮੀਰ ਨੇ ਤਾਂ ਉਦੋਂ ਵੀ ਉਸ ਨੂੰ ਹਲੂਣਾ ਨਹੀਂ ਸੀ ਦਿੱਤਾ। ਇਸੇ ਕਰਕੇ ਉਨ੍ਹਾਂ ਨੂੰ ਸਫ਼ਲ ਤਿਕੜਮਬਾਜ਼ ਕਿਹਾ ਜਾ ਸਕਦਾ ਹੈ। ਉਹ ਮੌਕਾਪ੍ਰਸਤੀ ਦੀ ਸਿਆਸਤ ਕਰਦੇ ਹਨ।
1994 ਵਿਚ ਨਿਤਿਸ਼ ਕੁਮਾਰ ਨੇ ਲਾਲੂ ਪ੍ਰਸ਼ਾਦ ਤੋਂ ਵੱਖਰਾ ਹੋ ਕੇ ਸਮਤਾ ਪਾਰਟੀ ਬਣਾਈ ਸੀ। ਪਾਰਟੀਆਂ ਬਦਲਣ ਅਤੇ ਬਣਾਉਣ ਵਿਚ ਵੀ ਹੁਣ ਤੱਕ ਉਹ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ। ਆਮ ਤੌਰ ’ਤੇ ਸਿਆਸੀ ਪਾਰਟੀਆਂ ਆਪੋ ਆਪਣੇ ਅਸੂਲ ਨਿਰਧਾਰਤ ਕਰ ਲੈਂਦੀਆਂ ਹਨ, ਉਨ੍ਹਾਂ ਅਸੂਲਾਂ ’ਤੇ ਅਧਾਰਤ ਸਿਆਸਤ ਕਰਦੀਆਂ ਹਨ ਪ੍ਰੰਤੂ ਨਿਤਿਸ਼ ਕੁਮਾਰ ਦੀ ਹੁਣ ਤੱਕ ਦੀ ਸਿਆਸਤ ਮੌਕਾਪ੍ਰਸਤੀ ਦੀ ਹੈ। ਉਸਨੇ ਹਮੇਸ਼ਾ ਤਾਕਤ ਵਿਚ ਰਹਿਣਾ ਹੈ ਭਾਵੇਂ ਪਾਰਟੀ ਕੋਈ ਵੀ ਹੋਵੇ। ਸਿਆਸੀ ਤਾਕਤ ਪ੍ਰਾਪਤ ਕਰਨਾ ਉਸਦਾ ਮੁੱਖ ਨਿਸ਼ਾਨਾ ਹੈ। 1996 ਵਿਚ ਉਹ ਭਾਰਤੀ ਜਨਤਾ ਪਾਰਟੀ ਵਲ ਚਲਿਆ ਗਿਆ ਸੀ। 2002 ਵਿਚ 7 ਦਿਨ ਬਿਹਾਰ ਦਾ ਮੁੱਖ ਮੰਤਰੀ ਰਿਹਾ ਫਿਰ ਕੇਂਦਰ ਵਿਚ ਪਹਿਲਾਂ ਰੇਲਵੇ, ਫਿਰ ਸਰਫੇਸ ਟਰਾਂਸਪੋਰਟ ਅਤੇ ਅਖ਼ੀਰ ਵਿਚ ਖੇਤੀਬਾੜੀ ਵਿਭਾਗ ਦਾ ਮੰਤਰੀ ਰਿਹਾ। ਇਸ ਤੋਂ ਬਾਅਦ 2005 ਤੋਂ 2013 ਤੱਕ ਬਿਹਾਰ ਦਾ ਮੁੱਖ ਮੰਤਰੀ ਰਿਹਾ। 2013 ਵਿਚ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡਕੇ ਯੂ.ਪੀ.ਏ ਦੀ ਹਮਾਇਤ ’ਤੇ ਆ ਗਿਆ।
2014 ਦੀਆਂ ਲੋਕ ਸਭਾ ਚੋਣਾਂ ਸਮੇਂ ਉਹ ਬਿਹਾਰ ਦਾ ਮੁੱਖ ਮੰਤਰੀ ਸੀ। ਉਸਦੀ ਪਾਰਟੀ ਅਤੇ ਯੂ.ਪੀ.ਏ. ਬੁਰੀ ਤਰ੍ਹਾਂ ਹਾਰ ਗਏ ਤਾਂ ਉਸਨੇ ਆਪਣਾ ਅਕਸ ਬਿਹਤਰੀਨ ਬਣਾਉਣ ਲਈ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣਾ ਵਿਸ਼ਵਾਸ ਪਾਤਰ ਜਿਤਿਨ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾ ਲਿਆ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਦਾ ਚਸਕਾ ਪਾਰਟੀ ਵਿਚ ਬਗਾਵਤ ਦੇ ਬਾਵਜੂਦ ਉਸ ਨੂੰ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ’ਤੇ ਲੈ ਆਇਆ।
ਇਸ ਵਾਰ ਦੀ ਨਿਤਿਸ਼ ਕੁਮਾਰ ਦੀ ਕਲਾਬਾਜ਼ੀ ਨੇ ਉਸਦਾ ਸਿਆਸੀ ਭਵਿੱਖ ਖ਼ਤਰੇ ਵਿਚ ਪਾ ਦਿੱਤਾ ਹੈ। ਨਿਤਿਸ਼ ਕੁਮਾਰ ਕਿਸੇ ਸਮੇਂ ਭਾਵੀ ਪ੍ਰਧਾਨ ਮੰਤਰੀ ਦਾ ਉਮੀਦਵਾਰ ਰਿਹਾ ਹੈ। ਐਨ.ਡੀ.ਏ. ਸਾਂਝੇ ਗਠਜੋੜ ਵਿਚ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਪ੍ਰਾਪਤ ਕਰਨ ਵਾਲਿਆਂ ਵਿਚ ਸਭ ਤੋਂ ਮੋਹਰੀ ਸੀ। ਇਸ ਘਟਨਾਕਰਮ ਨਾਲ ਉਹ ਪ੍ਰਧਾਨ ਮੰਤਰੀ ਦੀ ਦੌੜ ਵਿੱਚੋਂ ਬਾਹਰ ਹੋ ਗਿਆ ਹੈ। ਇਕ ਕਿਸਮ ਨਾਲ ਮੁੱਖ ਮੰਤਰੀ ਬਣੇ ਰਹਿਣ ਲਈ ਉਸਨੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ ਹੈ, ਹਾਲਾਂਕਿ ਮੁੱਖ ਮੰਤਰੀ ਤਾਂ ਉਹ ਹੈ ਹੀ ਸੀ। ਭ੍ਰਿਸ਼ਟਾਚਾਰ ਨੂੰ ਉਸਨੇ ਮੁੱਖ ਮੁੱਦਾ ਬਣਾਕੇ ਭਾਰਤੀ ਜਨਤਾ ਪਾਰਟੀ ਨਾਲ ਮਿਲੀ ਜੁਲੀ ਸਰਕਾਰ ਬਣਾਈ ਹੈ। ਜੇ ਭ੍ਰਿਸ਼ਟਾਚਾਰ ਦੀ ਗੱਲ ਸੀ ਤਾਂ ਮੁੱਖ ਮੰਤਰੀ ਦਾ ਅਹੁਦਾ ਤਿਆਗ ਦਿੰਦਾ ਅਤੇ ਵਿਧਾਨ ਸਭਾ ਭੰਗ ਕਰਕੇ ਚੋਣਾਂ ਕਰਵਾਉਂਦਾ। ਫਿਰ ਕੌਮ ਦਾ ਹੀਰੋ ਕਹਾਉਂਦਾ।
ਭਾਰਤੀ ਜਨਤਾ ਪਾਰਟੀ ਕਿਹੜੀ ਦੁੱਧ ਧੋਤੀ ਹੈ। ਜਦੋਂ 2014 ਦੀਆਂ ਲੋਕ ਸਭਾ ਚੋਣਾਂ ਲਈ ਐੱਨ.ਡੀ.ਏ. ਦੇ ਭਾਈਵਾਲ ਬਹੁਤੇ ਨਰਿੰਦਰ ਕੁਮਾਰ ਮੋਦੀ ਦੇ ਹੱਕ ਵਿਚ ਨਹੀਂ ਸਨ, ਨਿਤਿਸ਼ ਕੁਮਾਰ ਵੀ ਨਰਿੰਦਰ ਮੋਦੀ ਦੇ ਹੱਕ ਵਿਚ ਨਹੀਂ ਸੀ, ਸਗੋਂ ਉਹ ਤਾਂ ਇਕ ਕਿਸਮ ਨਾਲ ਐਨ.ਡੀ.ਏ. ਦੇ ਭਾਈਵਾਲਾਂ ਦੇ ਸਿਰ ’ਤੇ ਖ਼ੁਦ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਨ ਦੀ ਆਸ ਲਾਈ ਬੈਠਾ ਸੀ ਪ੍ਰੰਤੂ ਜਦੋਂ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਨੂੰ ਆਪਣਾ ਪ੍ਰਧਾਨ ਮੰਤਰੀ ਦਾ ਉਮੀਦਵਾਰ ਦਾ ਐਲਾਨ ਕਰਨਾ ਸੀ ਤਾਂ ਨਿਤਿਸ਼ ਕੁਮਾਰ ਨੇ ਨਰਿੰਦਰ ਮੋਦੀ ਨੂੰ ਲੀਡਰ ਮੰਨਣ ਤੋਂ ਇਨਕਾਰ ਕਰਦਿਆਂ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ। ਹੁਣ ਉਸੇ ਨਰਿੰਦਰ ਮੋਦੀ ਨਾਲ ਭਾਈਵਾਲੀ ਕਰਨ ਲਈ ਲਾਲੂ ਪ੍ਰਸ਼ਾਦ ਨਾਲੋਂ ਗੱਠਜੋੜ ਤੋੜ ਲਿਆ ਹੈ। ਇਸਦਾ ਕਾਰਨ ਉਹ ਲਾਲੂ ਪ੍ਰਸ਼ਾਦ ਦੇ ਪਰਿਵਾਰ ਨੂੰ ਭ੍ਰਿਸ਼ਟਾਚਾਰ ਨਾਲ ਲੁਪਤ ਦੱਸਦਾ ਹੈ। ਸਵਾਲ ਇਹ ਹੈ ਕਿ ਜਦੋਂ 2015 ਵਿਚ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਾਲੂ ਪ੍ਰਸ਼ਾਦ ਅਤੇ ਕਾਂਗਰਸ ਪਾਰਟੀ ਨਾਲ ਰਲਕੇ ਮਹਾਂਗੱਠਜੋੜ ਬਣਾਕੇ ਲੜੀਆਂ ਤਾਂ ਲਾਲੂ ਪ੍ਰਸ਼ਾਦ ਦੀ ਪਾਰਟੀ ਸਾਰੀਆਂ ਪਾਰਟੀਆਂ ਤੋਂ ਵੱਡੀ ਪਾਰਟੀ ਬਣਕੇ ਉੱਭਰੀ। ਨਿਤਿਸ਼ ਕੁਮਾਰ ਦੀ ਪਾਰਟੀ ਦੂਜੇ ਨੰਬਰ ’ਤੇ ਆਈ। ਉਹ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਦੇ ਸਹਿਯੋਗ ਨਾਲ ਬਣਿਆ ਸੀ। ਕੀ ਉਦੋਂ ਲਾਲੂ ਪ੍ਰਸ਼ਾਦ ਇਮਾਨਦਾਰ ਸੀ? ਲਾਲੂ ਪ੍ਰਸ਼ਾਦ ਯਾਦਵ ਨੂੰ ਤਾਂ ਬਹੁਤ ਪਹਿਲਾਂ ਸਜ਼ਾ ਹੋ ਚੁੱਕੀ ਹੈ। ਹੁਣ ਰਾਤੋ ਰਾਤ ਭ੍ਰਿਸ਼ਟ ਬਣ ਗਿਆ? ਇਹ ਸਾਰੀ ਸਿਆਸੀ ਤਿਕੜਮਬਾਜ਼ੀ ਹੈ।
ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਲਾਲੂ ਪ੍ਰਸ਼ਾਦ ਦੀ ਪਾਰਟੀ ਨੇ ਸਾਰੀਆਂ ਪਾਰਟੀਆਂ ਤੋਂ ਵਧੇਰੇ ਸੀਟਾਂ ਜਿੱਤੀਆਂ ਸਨ। ਇੱਥੋਂ ਤੱਕ ਕਿ ਉਹ ਮੁੱਖ ਮੰਤਰੀ ਲਈ ਦਾਅਵਾ ਕਰ ਸਕਦਾ ਸੀ ਪ੍ਰੰਤੂ ਸਾਂਝੇ ਗੱਠਜੋੜ ਨੂੰ ਬਚਾਉਣ ਲਈ ਉਸਨੇ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਪ੍ਰਵਾਨ ਕਰ ਲਿਆ ਹੈ। ਨਿਤਿਸ਼ ਕੁਮਾਰ ਤਾਂ ਜਿਸ ਰੁੱਖ ਦੀ ਟਾਹਣੀ ਉੱਪਰ ਬੈਠਾ ਸੀ ਉਸ ਦੀ ਟਾਹਣੀ ਆਪ ਹੀ ਕੱਟ ਦਿੱਤੀ। ਜਿੱਥੋਂ ਤੱਕ ਭ੍ਰਿਸ਼ਟਾਚਾਰ ਦੀ ਗੱਲ ਹੈ, ਜਿਹੜਾ ਕੇਸ ਤੇਜਸਵੀ ਉੱਪਰ ਬਣਿਆ ਹੋਇਆ ਹੈ, ਉਹ ਕੇਸ ਤਾਂ ਸੁਸ਼ੀਲ ਕੁਮਾਰ ਮੋਦੀ ਉੱਪਰ ਵੀ ਹੈ ਜਿਸ ਨੂੰ ਨਿਤਿਸ਼ ਕੁਮਾਰ ਨੇ ਉਪ ਮੁੱਖ ਮੰਤਰੀ ਬਣਾਇਆ ਹੈ। ਨਿਤਿਸ਼ ਕੁਮਾਰ ਦਾ ਉਹ ਮੁਖੌਟਾ ਉੱਤਰ ਗਿਆ ਜਿਸ ਨਾਲ ਉਹ ਧਰਮ ਨਿਰਪੱਖ ਬਣਿਆ ਹੋਇਆ ਸੀ। ਜਦੋਂ ਉਹ ਯੂ.ਪੀ.ਏ. ਦੇ ਗੱਠਜੋੜ ਵਿਚ ਆਇਆ ਸੀ ਉਦੋਂ ਉਹ ਆਪਣੇ ਆਪ ਨੂੰ ਧਰਮ ਨਿਰਪੱਖ ਧੜੇ ਵਿਚ ਸ਼ਾਮਲ ਸਮਝਦਾ ਸੀ। ਹੁਣ ਸੋਚਣ ਵਾਲੀ ਗੱਲ ਹੈ ਕਿ ਐੱਨ.ਡੀ.ਏ. ਧਰਮ ਨਿਰਪੱਖ ਤਾਕਤ ਬਣ ਗਈ ਹੈ। ਜਦੋਂ ਬਿਹਾਰ ਦੀਆਂ ਚੋਣਾਂ ਲੜੀਆਂ ਸਨ ਤਾਂ ਮੋਦੀ ਉਸ ਲਈ ਫਿਰਕੂ ਪਾਰਟੀ ਦਾ ਲੀਡਰ ਸੀ। ਨਿਤਿਸ਼ ਕੁਮਾਰ ਦੇ ਇਸ ਫ਼ੈਸਲੇ ਨਾਲ ਉਸਦਾ ਅਕਸ ਅਸਮਾਨ ਤੋਂ ਡਿਗ ਕੇ ਜ਼ਮੀਨ ਤੇ ਆ ਗਿਆ ਹੈ। ਬਾਕੀ ਇਸਦੇ ਨਤੀਜੇ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਦੱਸਣਗੀਆਂ। ਇਹ ਵੀ ਪਤਾ ਨਹੀਂ ਉਦੋਂ ਨਿਤਿਸ਼ ਕੁਮਾਰ ਫਿਰ ਯੂ.ਪੀ.ਏ. ਗਠਜੋੜ ਵਿਚ ਆ ਜਾਵੇ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਕੋਈ ਦੀਨ ਇਮਾਨ ਨਹੀਂ ਹੈ। ਇਹ ਗਿਰਗਿਟ ਦੀ ਤਰ੍ਹਾਂ ਰੰਗ ਬਦਲਦੀਆਂ ਹਨ।
ਤਾਜ਼ਾ ਘਟਨਾਕ੍ਰਮ ਗੁਜਰਾਤ ਵਿੱਚੋਂ ਲੋਕ ਸਭਾ ਦੀਆਂ 3 ਸੀਟਾਂ ਲਈ ਹੋਈ ਚੋਣ ਦਾ ਹੈ, ਜਿਸ ਨਾਲ ਭਾਰਤੀ ਜਨਤਾ ਪਾਰਟੀ ਨੂੰ ਨਮੋਸ਼ੀ ਹੋਈ ਹੈ ਕਿਉਂਕਿ ਉਹ ਕਾਂਗਰਸ ਵਿਚ ਬਗਾਵਤ ਕਰਵਾ ਕੇ ਅਹਿਮਦ ਪਟੇਲ ਨੂੰ ਹਰਾ ਕੇ ਇਹ ਸਾਬਤ ਕਰਨਾ ਚਾਹੁੰਦੇ ਸਨ ਕਿ ਕਾਂਗਰਸ ਪਾਰਟੀ ਨੂੰ ਖ਼ੋਰਾ ਲੱਗ ਚੁੱਕਾ ਹੈ। ਪ੍ਰੰਤੂ ਉਹ ਅਸਫਲ ਰਹੇ ਹਨ। ਇਸ ਘਟਨਾਕਰਮ ਵਿਚ ਭਾਰਤੀ ਚੋਣ ਕਮਿਸ਼ਨ ਦਾ ਫ਼ੈਸਲਾ ਸ਼ਲਾਘਾਯੋਗ ਹੈ।
*****
(794)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)