“ਅਸੀਂ ਕਦੇ ਨਹੀਂ ਸੋਚਦੇ ਕਿ ਅਜਿਹੀ ਘਟਨਾ ਵਾਪਰੀ ਹੀ ਕਿਉਂ? ਲੋਕਾਂ ਨੂੰ ...”
(12 ਜੂਨ 2019)
ਮਾਸੂਮ ਫ਼ਤਿਹਵੀਰ ਸਿੰਘ ਦੀ ਮੌਤ ਕਈ ਲਾਜਵਾਬ ਸਵਾਲ ਖੜ੍ਹੇ ਕਰ ਗਈ। ਇਸ ਘਟਨਾ ਤੋਂ ਸਬਕ ਸਿੱਖਣ ਦੀ ਥਾਂ ਅਸੀਂ ਦੂਸ਼ਣਬਾਜ਼ੀ ਦਾ ਸ਼ਿਕਾਰ ਹੋ ਗਏ ਹਾਂ। ਗ਼ਲਤੀਆਂ ਉੱਤੇ ਗ਼ਲਤੀਆਂ ਕਰੀ ਜਾਂਦੇ ਹਾਂ। ਇਹ ਮਸਲਾ ਬੜਾ ਸੰਜੀਦਾ ਹੈ। ਆਪੋ ਆਪਣੇ ਅੰਦਰ ਝਾਤੀ ਮਾਰਕੇ ਵੇਖਣ ਦੀ ਲੋੜ ਹੈ ਕਿ ਕੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਕਿਤੇ ਕੋਤਾਹੀ ਤਾਂ ਨਹੀਂ ਵਰਤ ਰਹੇ? ਇਸ ਘਟਨਾ ਨੂੰ ਕੁਦਰਤੀ ਆਫ਼ਤ ਨਹੀਂ ਕਿਹਾ ਜਾ ਸਕਦਾ। ਇਹ ਤਾਂ ਇਨਸਾਨੀ ਗ਼ਲਤੀ ਦਾ ਸਿੱਟਾ ਹੈ। ਸਰਕਾਰਾਂ ਅਤੇ ਫ਼ੌਜ ਕੋਲ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਲਈ ਯੋਗ ਪ੍ਰਣਾਲੀ ਹੁੰਦੀ ਹੈ। ਵੋਰਵੈੱਲ ਦੀਆਂ ਦੇਸ਼ ਵਿੱਚ ਕਈ ਘਟਨਾਵਾਂ ਹੋਈਆਂ ਹਨ। ਸਰਕਾਰ ਇਨ੍ਹਾਂ ਵੋਰਵੈੱਲਾਂ ਨੂੰ ਭਰਨ ਜਾਂ ਬੰਦ ਕਰਨ ਦੀਆਂ ਹਦਾਇਤਾਂ ਸਮੇਂ ਸਮੇਂ ਦਿੰਦੀ ਰਹਿੰਦੀ ਹੈ। ਲੋਕ ਫਿਰ ਵੀ ਬੇਪ੍ਰਵਾਹ ਰਹਿੰਦੇ ਹਨ। ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਥੋੜ੍ਹੇ ਦਿਨ ਕਾਰਵਾਈ ਹੁੰਦੀ ਹੈ, ਫਿਰ ਭੁੱਲ ਭੁੱਲਾ ਜਾਂਦੇ ਹਨ।
ਫਤਿਹਵੀਰ ਸਿੰਘ ਦੀ ਦਿਲ ਨੂੰ ਵਲੂੰਧਰਣ ਵਾਲੀ ਘਟਨਾ ਤੋਂ ਬਾਅਦ ਪੰਜਾਬ ਦੇ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਵਸ ਰਹੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੀਆਂ ਅੱਖਾਂ ਵਿੱਚੋਂ ਅਥਰੂ ਆਪ ਮੁਹਾਰੇ ਵਹਿ ਤੁਰੇ। ਸੁਹਿਰਦ ਇਨਸਾਨ ਅਤੇ ਹਰ ਮਾਂ ਪਿਓ ਦਾ ਦਿਲ ਧਾਹਾਂ ਮਾਰ ਕੇ ਰੋ ਰਿਹਾ ਹੈ। ਫਤਿਹਵੀਰ ਸਿੰਘ ਸਿਰਫ ਭਗਵਾਨਪੁਰੇ ਦੇ ਰੋਹੀ ਸਿੰਘ ਦੇ ਪਰਿਵਾਰ ਦਾ ਹੀ ਨਹੀਂ ਸਗੋਂ ਸਮੁੱਚੀ ਇਨਸਾਨੀਅਤ ਦਾ ਆਪਣਾ ਬੱਚਾ ਬਣਕੇ ਦਿਲਾਂ ਨੂੰ ਗਹਿਰਾ ਸਦਮਾ ਪਹੁੰਚਾ ਗਿਆ ਹੈ। 6 ਜੂਨ ਤੋਂ 11 ਜੂਨ ਸਵੇਰ ਤੱਕ ਸਮੁੱਚੀ ਇਨਸਾਨੀਅਤ ਦੀਆਂ ਨਿਗਾਹਾਂ ਫਤਿਹਵੀਰ ਨਾਲ ਭਾਵਨਾਤਮਕ ਤੌਰ ’ਤੇ ਜੁੜ ਗਈਆਂ ਸਨ। ਉਸ ਨਾਲ ਅਪਣੱਤ ਹੋ ਗਈ ਸੀ। ਸਮੁੱਚਾ ਪੰਜਾਬੀ ਜਗਤ ਫਤਿਹਵੀਰ ਦੇ ਪਰਿਵਾਰ ਨਾਲ ਜੁੜ ਚੁੱਕਿਆ ਸੀ। ਲੋਕਾਂ ਨੇ ਹਰ ਵਕਤ ਸੁੱਖ ਦਾ ਸੁਨੇਹਾ ਆਉਣ ਦੀ ਉਮੀਦ ਵਿੱਚ ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਵਲ ਨਿਗਾਹਾਂ ਟਿਕਾਈਆਂ ਹੋਈਆਂ ਸਨ। ਇਉਂ ਮਹਿਸੂਸ ਹੋ ਰਿਹਾ ਸੀ ਕਿ ਫਤਿਹਵੀਰ ਹਰ ਪੰਜਾਬੀ ਦੇ ਪਰਿਵਾਰ ਦਾ ਮੈਂਬਰ ਹੋਵੇ। ਬਚਾਓ ਅਪ੍ਰੇਸ਼ਨ ਦੀ ਹਰ ਕਾਰਵਾਈ ਵਿੱਚ ਉਤਸੁਕਤਾ ਬਣ ਗਈ ਸੀ। ਰਾਤਾਂ ਨੂੰ ਝਾਗ ਕੇ ਇਸ ਬਚਾਓ ਅਪ੍ਰੇਸ਼ਨ ਦੀ ਕਾਰਵਾਈ ਵੇਖੀ ਜਾ ਰਹੀ ਸੀ। ਕੁਝ ਲੋਕ ਮੌਕੇ ਉੱਤੇ ਵੀ ਹਾਜ਼ਰ ਰਹਿੰਦੇ ਸਨ। ਸਵੈਸੇਵੀ ਸੰਸਥਾਵਾਂ ਵੀ ਮਦਦ ਲਈ ਆ ਗਈਆਂ ਸਨ।
6 ਜੂਨ 2019 ਸ਼ਾਮ ਨੂੰ ਫਤਿਹਵੀਰ ਮਾਂ ਬਾਪ ਦੇ ਸਾਹਮਣੇ ਹੀ ਘਰ ਦੇ ਬਾਹਰ ਉਨ੍ਹਾਂ ਦੇ ਆਪਣੇ ਵੋਰਵੈੱਲ ਵਿੱਚ ਪਲਾਂ ਵਿੱਚ ਹੀ ਹੱਸਦਾ ਖੇਡਦਾ ਚਹਿਕਦਾ ਮਹਿਕਦਾ ਅਣਜਾਣਪੁਣੇ ਵਿੱਚ ਹੀ ਜਿਵੇਂ ਹੱਥਾਂ ਵਿੱਚੋਂ ਰੇਤ ਕਿਰ ਜਾਂਦੀ ਹੈ, ਉਸੇ ਤਰ੍ਹਾਂ ਕਿਰ ਗਿਆ। ਉਸਦੀ ਬੇਨਸੀਬ ਮਾਂ ਵੇਖਦੀ ਹੀ ਰਹਿ ਗਈ, ਉਸ ਦੀਆਂ ਅੱਖਾਂ ਸਾਹਮਣੇ ਹਨ੍ਹੇਰਾ ਆ ਗਿਆ। ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤੁਰੰਤ ਕਿਸੇ ਨੇ ਜ਼ਿਲ੍ਹਾ ਪ੍ਰਬੰਧ ਸੰਗਰੂਰ ਨੂੰ ਜਾਣਕਾਰੀ ਦਿੱਤੀ। ਜ਼ਿਲ੍ਹਾ ਪ੍ਰਬੰਧ ਨੇ ਉਸੇ ਵਕਤ ਕੇਂਦਰ ਸਰਕਾਰ ਦੀ ਐੱਨ.ਡੀ.ਆਰ.ਐੱਫ. ਜੋ ਬਠਿੰਡਾ ਵਿਖੇ ਸਥਿਤ ਹੈ, ਨੂੰ ਸੂਚਨਾ ਦਿੱਤੀ, ਜੋ ਅਜਿਹੇ ਕੇਸਾਂ ਦੀ ਮਾਹਰ ਹੁੰਦੀ ਹੈ।
ਛੇ ਦਿਨ ਲਗਾਤਾਰ ਇਹੋ ਆਸ ਬੱਝੀ ਰਹੀ ਕਿ ਫਤਿਹਵੀਰ ਜਿਉਂਦਾ ਬਾਹਰ ਆ ਜਾਵੇਗਾ। ਜਦੋਂ 11 ਜੂਨ ਨੂੰ ਬੱਚਾ ਬਾਹਰ ਕੱਢਿਆ ਗਿਆ ਤਾਂ ਪੀ.ਜੀ.ਆਈ. ਵਿੱਚ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨਿਆ ਗਿਆ। ਇਸ ਤੋਂ ਬਾਅਦ ਸਮੁੱਚੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਦੌੜ ਗਈ। ਸਰਕਾਰ ਅਤੇ ਐੱਨ.ਡੀ.ਆਰ.ਐੱਫ਼. ’ਤੇ ਇਸ ਅਪ੍ਰੇਸ਼ਨ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਲੱਗਣ ਲੱਗੇ। ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਚੈਨਲਾਂ ਨੇ ਤਾਂ ਸਰਕਾਰ ਨੂੰ ਕਾਤਲ ਤੱਕ ਕਹਿ ਦਿੱਤਾ। ਲੋਕਾਂ ਦਾ ਗੁੱਸਾ ਅਤੇ ਰੋਸ ਜਾਇਜ਼ ਲੱਗਦਾ ਸੀ ਕਿਉਂਕਿ ਇੱਕ ਮਾਸੂਮ ਦਾ ਇਸ ਤਰ੍ਹਾਂ ਚਲੇ ਜਾਣਾ ਇਨਸਾਨੀਅਤ ਲਈ ਅਸਹਿ ਸਦਮਾ ਸੀ। ਪ੍ਰੰਤੂ ਭਾਵਕ ਹੋਏ ਲੋਕਾਂ ਨੇ ਸਰਕਾਰੀ ਪੱਖ ਸੁਣੇ ਬਿਨਾਂ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ।
ਅਸੀਂ ਕਦੇ ਨਹੀਂ ਸੋਚਦੇ ਕਿ ਅਜਿਹੀ ਘਟਨਾ ਵਾਪਰੀ ਹੀ ਕਿਉਂ? ਲੋਕਾਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਘਟਨਾ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਜਦੋਂ ਕੋਈ ਵੀ ਅਜਿਹਾ ਅਪ੍ਰੇਸ਼ਨ ਹੁੰਦਾ ਹੈ ਤਾਂ ਅਪ੍ਰੇਸ਼ਨ ਕਰਨ ਵਾਲੇ ਹਮੇਸ਼ਾ ਸਫਲਤਾ ਪ੍ਰਾਪਤ ਕਰਨ ਲਈ ਹੀ ਕੰਮ ਕਰਦੇ ਹਨ। ਕਈ ਵਾਰ ਹਾਲਾਤ ਹੀ ਅਜਿਹੇ ਬਣ ਜਾਂਦੇ ਹਨ ਕਿ ਸਫਲਤਾ ਨਹੀਂ ਮਿਲਦੀ। ਇਸਦਾ ਅਰਥ ਇਹ ਨਹੀਂ ਹੁੰਦਾ ਕਿ ਅਪ੍ਰੇਸ਼ਨ ਕਰਨ ਵਾਲਿਆਂ ਦੀ ਇੱਛਾ ਠੀਕ ਨਹੀਂ ਸੀ। ਡਿਪਟੀ ਕਮਿਸ਼ਨਰ ਸੰਗਰੂਰ ਦੀ ਜੇ ਸੁਣੀਏ ਤਾਂ ਇਉਂ ਲੱਗਦਾ ਹੈ ਕਿ ਉਨ੍ਹਾਂ ਅਤੇ ਐੱਨ.ਡੀ.ਆਰ.ਐੱਫ ਨੇ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ। ਡਿਪਟੀ ਕਮਿਸ਼ਨ ਦੀ ਟੀ.ਵੀ.ਟਾਕ ਅਨੁਸਾਰ ਸੂਚਨਾ ਮਿਲਦੇ ਸਾਰ ਹੀ ਉਸੇ ਵਕਤ ਪਟਿਆਲਾ ਅਤੇ ਚੰਡੀਮੰਦਰ ਸਥਿਤ ਫ਼ੌਜ ਤੋਂ ਸਹਾਇਤਾ ਮੰਗੀ ਗਈ। ਐੱਨ.ਡੀ.ਆਰ.ਐੱਫ਼. ਦੀ ਟੀਮ ਲਗਪਗ 8.30 ਵਜੇ ਭਗਵਾਨਪੁਰੇ ਪਹੁੰਚ ਗਈ। ਬੱਚਾ 125 ਫੁੱਟ ’ਤੇ ਜਾ ਕੇ ਪਾਈਪ ਵਿੱਚ ਫਸ ਗਿਆ ਸੀ।
ਫ਼ੌਜ ਵੀ ਪਹੁੰਚ ਗਈ ਪ੍ਰੰਤੂ ਫ਼ੌਜ ਨੇ ਕਿਹਾ ਕਿ ਅਜਿਹੇ ਅਪ੍ਰੇਸ਼ਨ ਲਈ ਉਨ੍ਹਾਂ ਕੋਲ ਕੋਈ ਪ੍ਰਬੰਧ ਨਹੀਂ। ਐੱਨ.ਡੀ.ਆਰ.ਐੱਫ. ਨੇ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਅਤੇ 7 ਜੂਨ ਨੂੰ ਸਵੇਰੇ 4.00 ਵਜੇ ਵੋਰਵੈੱਲ ਰਾਹੀਂ ਬੱਚੇ ਦੇ ਹੱਥਾਂ ਨੂੰ ਕਲੰਪ ਪਾ ਕੇ ਖਿੱਚਣ ਦੀ ਕੋਸ਼ਿਸ਼ ਕੀਤੀ। ਬੋਰ 9 ਇੰਚੀ ਹੋਣ ਕਰਕੇ ਬੱਚਾ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਜੇਕਰ ਜ਼ਬਰਦਸਦੀ ਬੱਚੇ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦੇ ਤਾਂ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਸੀ। ਇਸ ਕਰਕੇ ਫ਼ੈਸਲਾ ਕੀਤਾ ਗਿਆ ਕਿ ਵੋਰਵੈਲ ਦੇ ਨੇੜੇ ਖੂਹ ਪੁੱਟਕੇ ਬੱਚੇ ਨੂੰ ਬਾਹਰ ਕੱਢਿਆ ਜਾਵੇ।
ਜੇ.ਸੀ.ਬੀ. ਮਸ਼ੀਨਾਂ ਨਾਲ ਮਿੱਟੀ ਪੁੱਟਕੇ ਰੈਂਪ ਬਣਾਇਆ ਗਿਆ। ਇਹ ਸਾਰੀ ਕਾਰਵਾਈ ਤੇ ਫ਼ੈਸਲੇ ਐੱਨ.ਡੀ.ਆਰ.ਐੱਫ਼. ਕਰਦੀ ਸੀ। ਜ਼ਿਲ੍ਹਾ ਪ੍ਰਬੰਧ ਅਤੇ ਫ਼ੌਜ ਸਹਾਇਤਾ ਕਰਦੀ ਸੀ। ਖੂਹ ਪੁੱਟਣ ਲਈ ਹੱਥਾਂ ਨਾਲ ਮਿੱਟੀ ਬਾਹਰ ਕੱਢਣ ’ਤੇ ਦੇਰੀ ਲਗਦੀ ਸੀ ਫਿਰ ਮਸ਼ੀਨਾਂ ਨਾਲ ਮਿੱਟੀ ਕੱਢਣ ਦਾ ਪ੍ਰਬੰਧ ਕਰਨ ਲਈ ਗੱਲਬਾਤ ਕੀਤੀ ਗਈ। ਪ੍ਰੰਤੂ ਮਸ਼ੀਨ ਚਲਾਉਣ ਲਈ ਪਾਣੀ ਦੀ ਵਰਤੋਂ ਕਰਨੀ ਪੈਂਦੀ ਸੀ, ਜਿਸ ਨਾਲ ਵੋਰਵੈੱਲ ਹੋਰ ਨੀਵਾਂ ਜਾ ਸਕਦਾ ਸੀ ਤੇ ਬੱਚੇ ਲਈ ਖ਼ਤਰਾ ਹੋਰ ਵਧਣ ਦੀ ਸੰਭਾਵਨਾ ਸੀ। ਇਸ ਲਈ ਉਨ੍ਹਾਂ ਵੀ ਜਵਾਬ ਦੇ ਦਿੱਤਾ। ਫਿਰ ਜ਼ਿਲ੍ਹਾ ਪ੍ਰਬੰਧ ਕੋਲ ਹੋਰ ਕੋਈ ਬਦਲਵਾਂ ਪ੍ਰਬੰਧ ਨਹੀਂ ਸੀ।
ਅਖ਼ੀਰ ਹੱਥਾਂ ਨਾਲ ਮਿੱਟੀ ਬਾਹਰ ਕੱਢਕੇ ਖੂਹ ਪੁੱਟਣ ਦਾ ਕੰਮ ਹੀ ਕਰਨਾ ਪਿਆ। ਕਈ ਸਮਾਜ ਸੇਵੀ ਸੰਸਥਾਵਾਂ ਅਤੇ ਵਿਅਕਤੀ ਸਹਾਇਤਾ ਦੀਆਂ ਤਜ਼ਵੀਜਾਂ ਲੈ ਕੇ ਆਏ। ਐੱਨ.ਡੀ.ਆਰ.ਐੱਫ਼. ਨਾਲ ਵਿਚਾਰ ਵਟਾਂਦਰਾ ਹੋਇਆ। ਪ੍ਰੰਤੂ ਐੱਨ.ਡੀ.ਆਰ.ਐੱਫ਼. ਉਨ੍ਹਾਂ ਨਾਲ ਸਹਿਮਤ ਨਹੀਂ ਹੋਈ ਕਿਉਂਕਿ ਇੱਕ ਜਾਨ ਬਚਾਉਂਦੇ ਹੋਰ ਜਾਨ ਜਾਣ ਦੇ ਡਰ ਤੋਂ ਅਜਿਹਾ ਨਹੀਂ ਕੀਤਾ ਗਿਆ। ਡਿਪਟੀ ਕਮਿਸ਼ਨਰ ਅਨੁਸਾਰ ਇਸ ਵਿੱਚ ਜ਼ਿਲ੍ਹਾ ਪ੍ਰਬੰਧ ਜਾਂ ਪੰਜਾਬ ਸਰਕਾਰ ਦਾ ਕੋਈ ਕਸੂਰ ਨਹੀਂ। ਐੱਨ.ਡੀ.ਆਰ.ਐੱਫ਼. ਬਣੀ ਹੀ ਅਜਿਹੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਹੈ।
ਇੱਥੇ ਇੱਕ ਗੱਲ ਹੋਰ ਦੱਸਣੀ ਜ਼ਰੂਰੀ ਹੈ ਕਿ ਜੁਲਾਈ 2006 ਵਿੱਚ ਕੁਰਕਸ਼ੇਤਰ ਜ਼ਿਲ੍ਹੇ ਦੇ ਹਲਦਹੇੜੀ ਪਿੰਡ ਦਾ ਪ੍ਰਿੰਸ ਜਿਸ ਵੋਰਵੈੱਲ ਵਿੱਚ ਡਿਗਿਆ ਸੀ, ਉਹ ਬਾਰਾਂ ਇੰਚ ਖੁੱਲ੍ਹਾ ਅਤੇ ਸਿਰਫ 40 ਫੁੱਟ ਡੂੰਘਾ ਸੀ, ਇਸ ਕਰਕੇ ਉਹਨੂੰ ਬਾਹਰ ਕੱਢ ਲਿਆ ਸੀ। ਇਹ ਵੋਰਵੈੱਲ ਨੌਂ ਇੰਚ ਅਤੇ ਹੇਠਾਂ ਬੱਚਾ 125 ਫੁੱਟ ਤੇ ਜਾ ਕੇ ਫਸ ਗਿਆ ਸੀ। ਡਿਪਟੀ ਕਮਿਸ਼ਨਰ ਅਨੁਸਾਰ ਇਸੇ ਵੋਰਵੈੱਲ ਰਾਹੀਂ ਕੱਢਣ ਦੀ ਕੋਸ਼ਿਸ਼ ਹਮੇਸ਼ਾ ਹੁੰਦੀ ਰਹੀ ਹੈ। ਖੂਹ ਪੁੱਟਕੇ ਕੱਢਣ ਦਾ ਤਾਂ ਬਦਲਵਾਂ ਪ੍ਰਬੰਧ ਸੀ।
ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੇ ਨੂੰ ਚੰਡੀਗੜ੍ਹ ਪੀ.ਜੀ.ਆਈ. ਨਹੀਂ ਲਿਜਾਣਾ ਚਾਹੀਦਾ ਸੀ। ਜੇਕਰ ਸੰਗਰੂਰ ਪੋਸਟ ਮਾਰਟਮ ਕਰਵਾਇਆ ਜਾਂਦਾ ਤਾਂ ਲੋਕਾਂ ਨੇ ਸਰਕਾਰ ’ਤੇ ਦੋਸ਼ ਲਗਾਉਣੇ ਸਨ। ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਹੈ ਅਤੇ ਪੀ.ਜੀ.ਆਈ. ਵਿਚ ਫੋਰੈਂਸਕ ਮਾਹਰ ਡਾਕਟਰ ਹਨ, ਜਿਹੜੇ ਮੌਤ ਦਾ ਕਾਰਨ ਅਤੇ ਕਦੋਂ ਹੋਈ ਦੱਸ ਸਕਦੇ ਹਨ। ਉਨ੍ਹਾਂ ਦੀ ਅਥਾਰਟੀ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਪੀ.ਜੀ.ਆਈ.ਦੀ ਪੋਸਟ ਮਾਰਟਮ ਰਿਪੋਰਟ ਅਨੁਸਾਰ ਫਤਿਹਵੀਰ ਸਿੰਘ ਤਿੰਨ ਚਾਰ ਦਿਨ ਪਹਿਲਾਂ ਅਰਥਾਤ ਸਨਿੱਚਰਵਾਰ ਨੂੰ ਹੀ ਦਮ ਤੋੜ ਗਿਆ ਸੀ।
ਹੁਣ ਕਈ ਲੋਕ ਕਹਿ ਰਹੇ ਹਨ ਕਿ ਵੋਰਵੈੱਲ ਦੇ ਮਾਲਕ ਉੱਤੇ ਕਤਲ ਦਾ ਕੇਸ ਦਰਜ ਕਰਨਾ ਚਾਹੀਦਾ ਹੈ। ਧਰਨੇ ਤੇ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ। ਗੁੱਸਾ ਅਤੇ ਰੋਸ ਤਾਂ ਹਰ ਪੰਜਾਬੀ ਨੂੰ ਹੈ ਪ੍ਰੰਤੂ ਜੋ ਹੋਣਾ ਵੀ ਚਾਹੀਦਾ ਕਿਉਂਕਿ ਵਿਆਹ ਤੋਂ 7 ਸਾਲਾਂ ਬਾਅਦ ਫਤਿਹਵੀਰ ਸਿੰਘ ਪੈਦਾ ਹੋਇਆ ਇਕਲੌਤਾ ਬੱਚਾ ਸੀ।
ਸੜਕਾਂ ਰੋਕ ਕੇ ਧਰਨੇ ਤੇ ਹੜਤਾਲਾਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਸਗੋਂ ਇਨ੍ਹਾਂ ਨਾਲ ਤਾਂ ਅਮਨ ਅਮਾਨ ਦੀ ਹਾਲਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਹਸਪਤਾਲਾਂ ਵਿੱਚ ਜਾਣ ਵਾਲੇ ਮਰੀਜ਼ਾਂ ਲਈ ਸਮੱਸਿਆ ਪੈਦਾ ਹੋ ਸਕਦੀ ਹੈ। ਇੰਨਾ ਵੱਡਾ ਸਦਮਾ ਲੱਗਣ ਦੇ ਬਾਵਜੂਦ ਫਤਿਹਵੀਰ ਸਿੰਘ ਦਾ ਦਾਦਾ ਰੋਹੀ ਸਿੰਘ ਸੋਸ਼ਲ ਮੀਡੀਏ ਰਾਹੀਂ ਆਪਣੇ ਦਿਲ ’ਤੇ ਪੱਥਰ ਰੱਖਕੇ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ ਕਿ ਧਰਨੇ ਦੇ ਕੇ ਰਾਹ ਨਾ ਰੋਕੇ ਜਾਣ ਤਾਂ ਜੋ ਕਿਸੇ ਨੂੰ ਔਖਿਆਈ ਨਾ ਹੋਵੇ। ਪ੍ਰੰਤੂ ਲੋਕ ਰੋਸ ਦੇ ਪ੍ਰਗਟਾਵੇ ਲਈ ਭਾਵਨਾਵਾਂ ਵਿੱਚ ਵਹਿ ਕੇ ਧਰਨੇ ਤੇ ਹੜਤਾਲਾਂ ਕਰ ਰਹੇ ਹਨ।
ਫਤਿਹਵੀਰ ਦੀ ਚਿਖਾ ਨੂੰ ਅਗਨੀ ਉਸਦੇ ਦਾਦਾ ਰੋਹੀ ਸਿੰਘ ਨੇ ਵਿਖਾਈ। ਵਾਹਿਗੁਰੂ ਦੇ ਰੰਗ ਵੇਖੋ, ਜਿਸ ਫਤਿਹਵੀਰ ਨੇ ਰੋਹੀ ਸਿੰਘ ਦੀ ਚਿਖਾ ਨੂੰ ਅਗਨੀ ਵਿਖਾਉਣੀ ਸੀ, ਉਸਦੀ ਚਿਖਾ ਨੂੰ ਦਾਦਾ ਨੇ ਅਗਨੀ ਵਿਖਾਈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1629)
(ਸਰੋਕਾਰ ਨਾਲ ਸੰਪਰਕ ਲਈ: