UjagarSingh7ਕਮਲਜੀਤ ਸਿੰਘ ਬਨਵੈਤ ਦੀ ਇੱਕ ਹੋਰ ਖ਼ੂਬੀ ਹੈਉਹ ਆਪਣੇ ਲੇਖਾਂ ਵਿੱਚ ਤੱਥਾਂ ’ਤੇ ਅਧਾਰਤ ਲਿਖਦਾ ਹੈ ...KamaljitSBanwait7
(21 ਮਈ 2023)


KamaljitSBanwaitBook1ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਪੰਜਾਬ:ਬੜ੍ਹਕ ਨਾ ਮੜਕ’ ਦਬੰਗ ਤੇ ਦਲੇਰ ਪੱਤਰਕਾਰੀ ਦਾ ਵਿਲੱਖਣ ਦਸਤਾਵੇਜ਼ ਹੈ। ਇੱਕ ਕਿਸਮ ਨਾਲ ਉਨ੍ਹਾਂ ਇਸ ਪੁਸਤਕ ਵਿਚਲੇ
44 ਲਘੂ ਲੇਖਾਂ ਵਿੱਚ ਵਰਤਮਾਨ ਪੰਜਾਬ ਦੀ ਤਸਵੀਰ ਖਿੱਚਕੇ ਪਾਠਕਾਂ ਨੂੰ ਜਾਗਰੂਕ ਕੀਤਾ ਹੈ। ਇਸ ਪੁਸਤਕ ਦੇ ਸਾਰੇ ਲੇਖਾਂ ਦੇ ਵਿਸ਼ਿਆਂ ਅਨੁਸਾਰ ਢੁਕਵਾਂ ਨਾਮ ਹੈ। ਭਾਵ ਪੰਜਾਬ ਸਰਕਾਰਾਂ ਦੀ ਬੇਰੁਖੀ ਕਰਕੇ ਆਰਥਿਕ ਤੌਰ ’ਤੇ ਖੋਖਲਾ ਹੋ ਗਿਆ ਹੈ। ਨਿਰਪੱਖ ਪੱਤਰਕਾਰੀ ਜੋਖ਼ਮ ਭਰਿਆ ਕਿੱਤਾ ਹੈ। ਕੋਈ ਵੀ ਸਿਆਸਤਦਾਨ, ਅਧਿਕਾਰੀ ਅਤੇ ਕਰਮਚਾਰੀ ਆਪਣੀ ਅਸਫਲਤਾ ਲੋਕਾਂ ਸਾਹਮਣੇ ਆਉਣ ਨਹੀਂ ਦੇਣਾ ਚਾਹੁੰਦਾ। ਲੇਖਕ ਨੇ ਅਖ਼ਬਾਰਾਂ ਲਈ ਲਿਖੇ ਆਪਣੇ ਲੇਖਾਂ ਦੀ ਇਹ ਪੁਸਤਕ ਪ੍ਰਕਾਸ਼ਤ ਕਰਕੇ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਪੁਸਤਕ ਰੂਪ ਦੇ ਕੇ ਆਪਣਾ ਮਨ ਹੌਲਾ ਕਰ ਲਿਆ ਹੈ। ਸੱਚੇ ਸੁੱਚੇ ਲੇਖਕ ਜੇਕਰ ਲੋਕ ਹਿਤਾਂ ’ਤੇ ਪਹਿਰਾ ਨਾ ਦੇਣ ਤਾਂ ਉਨ੍ਹਾਂ ਨੂੰ ਮਾਨਸਿਕ ਤਕਲੀਫ਼ ਝੱਲਣੀ ਪੈਂਦੀ ਹੈ। ਉਨ੍ਹਾਂ ਦੇ ਲੇਖ ਵੱਖ-ਵੱਖ ਸਮਿਆਂ ਵਿੱਚ ਵਾਪਰੀਆਂ ਘਟਨਾਵਾਂ ਅਤੇ ਚਲੰਤ ਮਸਲਿਆਂ ਬਾਰੇ ਹੁੰਦੇ ਹਨ। ਸਮੇਂ ਦੇ ਸੱਚ ਨੂੰ ਲੋਕਾਂ ਤਕ ਪਹੁੰਚਾਉਣ ਦਾ ਉਪਰਾਲਾ ਚੋਣਵੇਂ ਲੇਖਕ ਹੀ ਕਰਦੇ ਹਨ।

ਕਮਲਜੀਤ ਸਿੰਘ ਬਨਵੈਤ ਦੀ ਇੱਕ ਹੋਰ ਖ਼ੂਬੀ ਹੈ, ਉਹ ਆਪਣੇ ਲੇਖਾਂ ਵਿੱਚ ਤੱਥਾਂ ’ਤੇ ਅਧਾਰਤ ਲਿਖਦਾ ਹੈ। ਤੱਥਾਂ ਦੇ ਸੋਮੇਂ ਵੀ ਉਹ ਨਾਲ ਲਿਖਦਾ ਹੈ, ਜਿਸ ਕਰਕੇ ਲੇਖਾਂ ਦੀ ਸਾਰਥਿਕਤਾ ਬਣ ਜਾਂਦੀ ਹੈ। ਪੰਜਾਬ ਵਿੱਚ ਬੰਦੀ ਸਿੰਘਾਂ ਵਾਲੇ ਲੇਖ ਵਿੱਚ ਲਗਭਗ ਸਾਰੇ ਉਨ੍ਹਾਂ ਬੰਦੀ ਸਿੰਘਾਂ ਬਾਰੇ ਸੰਖੇਪ ਵਿੱਚ ਪ੍ਰੰਤੂ ਸਹੀ ਜਾਣਕਾਰੀ ਦਿੱਤੀ ਹੈ। ਲੇਖਕ ਨੇ ਇਨ੍ਹਾਂ ਲੇਖਾਂ ਵਿੱਚ ਕੋਈ ਅਜਿਹਾ ਪੱਖ ਨਹੀਂ ਛੱਡਿਆ ਜਿਸਦਾ ਪ੍ਰਭਾਵ ਪੰਜਾਬ ਦੀ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਹਾਲਤ ਨੂੰ ਪ੍ਰਭਾਵਤ ਕਰਦਾ ਹੋਵੇ। ਪੰਜਾਬ ਦੇ ਕੁਝ ਅਜਿਹੇ ਸਿਆਸੀ ਪਰਿਵਾਰ ਹਨ, ਜਿਹੜੇ ਸਿਆਸਤ ਉੱਤੇ ਆਪਣਾ ਜੱਦੀ ਅਧਿਕਾਰ ਸਮਝਦੇ ਹਨ। ਉਨ੍ਹਾਂ ਬਾਰੇ ਲੇਖਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿਵੇਂ ਪੁਸ਼ਤ ਦਰ ਪੁਸ਼ਤ ਆਪਣੀ ਪ੍ਰਭੂਸਤਾ ਬਣਾਈ ਬੈਠੇ ਹਨ। ਲੇਖਕ ਨੇ ਮਿਆਰੀ ਸਿੱਖਿਆ ਦੇ ਦਮਗਜ਼ੇ ਮਾਰਨ ਵਾਲੀਆਂ ਸਰਕਾਰਾਂ ਦੇ ਸਬੂਤਾਂ ਨਾਲ ਪਾਜ ਉਘੇੜ ਦਿੱਤੇ ਹਨ। ਸਿਹਤ ਸੇਵਾਵਾਂ ਬਾਰੇ ਕਮਾਲ ਦੀ ਜਾਣਕਾਰੀ ਉਪਲਬਧ ਕਰਵਾਈ ਹੈ ਕਿ ਕਿੰਨੀਆਂ ਸਿਹਤ ਸੰਸਥਾਵਾਂ ਬੰਦ ਹੋਣ ਦੇ ਕਿਨਾਰੇ ਹਨ ਅਤੇ ਕਿੰਨਾ ਸਟਾਫ ਘੱਟ ਹੈ। ਮਹੱਲਾ ਕਲਿਨਕਾਂ ਦੇ ਪ੍ਰਚਾਰ ’ਤੇ 30 ਕਰੋੜ ਰੁਪਇਆ ਖ਼ਰਚ ਦਿੱਤਾ ਹੈ ਪ੍ਰੰਤੂ ਦਵਾਈਆਂ ਉੱਤੇ ਘੱਟ ਖ਼ਰਚਿਆ ਹੈ। ਅਧਿਕਾਰੀਆਂ ਨੂੰ ਧਮਕਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਲਾਲ ਡਾਇਰੀ ਅਤੇ ਹੋਰ ਸਿਆਸਤਦਾਨਾਂ ਦੀਆਂ ਚਾਲਾਂ ਨੂੰ ਵੀ ਦਰਸਾਇਆ ਹੈ। ਕਾਂਗਰਸ ਪਾਰਟੀ ਦੇ ਨੇਤਾ ਕਿਵੇਂ ਸਿਆਸੀ ਤਾਕਤ ਹੜੱਪਣ ਲਈ ਬਿੱਲੀਆਂ ਵਾਂਗ ਲੜਦੇ ਹਨ, ਨੂੰ ਲੇਖਕ ਪਾਠਕਾਂ ਸਾਹਮਣੇ ਰੱਖਿਆ ਹੈ। ਭਗਵੰਤ ਸਿੰਘ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਹੈ ਕਿ ਉਹ ਇਸ ਖੇਤਰ ਵਿੱਚ ਅਜੇ ਤਕ ਚੰਗਾ ਕੰਮ ਕਰ ਰਿਹਾ ਹੈ।

ਮਾਪਿਆਂ ਦੀ ਅਣਵੇਖੀ, ਮਾਰ ਕੁਟਾਈ ਅਤੇ ਬਿਰਧ ਅਸ਼ਰਮਾ ਵਿੱਚ ਭੇਜਣ ਦੀ ਤ੍ਰਾਸਦੀ ਦਿਲ ਨੂੰ ਹਲੂਣਦੀ ਹੈ। ਆਮ ਆਦਮੀ ਪਾਰਟੀ ਦੇ ਨਵੇਂ ਵਿਧਾਨਕਾਰਾਂ ਬਾਰੇ ਵੀ ਲਿਖਿਆ ਹੈ ਕਿ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਬਾਰੇ ਜਾਣਕਾਰੀ ਹੀ ਨਹੀਂ। ਝੋਨੇ ਦੀ ਸਿੱਧੀ ਬਿਜਾਈ ਦੇ ਭਗਵੰਤ ਮਾਨ ਸਰਕਾਰ ਦੇ ਦਮਗਜ਼ਿਆਂ ਦਾ ਪੋਲ ਖੋਲ੍ਹਿਆ ਹੈ। ਕਰਜ਼ੇ ਦੇ ਸਹਾਰੇ ਚੱਲ ਰਹੀ ਪੰਜਾਬ ਸਰਕਾਰ ਦੀਆਂ ਬੜ੍ਹਕਾਂ ਖੋਖਲੀਆਂ ਸਾਬਤ ਹੋ ਰਹੀਆਂ ਹਨ। ਜੀ.ਡੀ.ਪੀ. 55 ਫ਼ੀ ਸਦੀ ਤੋਂ ਵਧ ਕੇ 60 ਫ਼ੀ ਸਦੀ ਤਕ ਪਹੁੰਚਣ ਦੀ ਉਮੀਦ ਹੈ, ਫਿਰ ਸਰਕਾਰ ਨੂੰ ਕਰਜ਼ਾ ਵੀ ਨਹੀਂ ਮਿਲ ਸਕਣਾ। ਹੁਣ ਪੰਜਾਬ ਦੇ ਬੱਜਟ ਦਾ 15 ਫ਼ੀਸਦੀ ਬਿਆਜ ਮੋੜਨ ’ਤੇ ਖ਼ਰਚ ਹੋ ਰਿਹਾ ਹੈ। ਅਧਿਕਾਰੀਆਂ ਅਤੇ ਸਰਕਾਰ ਵਿੱਚ ਤਾਲਮੇਲ ਨਹੀਂ ਹੈ। ਆਈ.ਏ.ਐੱਸ.ਤੇ ਪੀ.ਸੀ.ਐੱਸ. ਸਰਕਾਰ ਤੋਂ ਔਖੇ ਹਨ।

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਂਗਰਸ ਜੋੜੋ ਤਕ ਸੀਮਤ ਹੋ ਗਈ। ਪੰਜਾਬ ਦੇ ਸੰਸਦ ਅਤੇ ਵਿਧਾਨ ਸਭਾ ਦੇ ਮੈਂਬਰਾਂ ਦੀ ਕਾਰਗੁਜ਼ਾਰੀ ਉੱਤੇ ਵੀ ਕਮਲਜੀਤ ਸਿੰਘ ਬਨਵੈਤ ਕਿੰਤੂ ਪ੍ਰੰਤੂ ਕੀਤਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾ ਨਹੀਂ ਰਹੇ। ਉਨ੍ਹਾਂ ਨੇ ਸੰਸਦੀ ਪ੍ਰਣਾਲੀ ਦੀ ਮਰਿਆਦਾ ਵੀ ਕਾਇਮ ਨਹੀਂ ਰੱਖੀ, ਦੂਸ਼ਣਬਾਜ਼ੀ ਕਰਦੇ ਰਹੇ।

2022 ਦੇ ਸਾਲ ਬਾਰੇ ਲਿਖਦਿਆਂ ਬਨਵੈਤ ਨੇ ਦੱਸਿਆ ਹੈ ਕਿ ਕੁਝ ਦਿਗਜ਼ ਨੇਤਾਵਾਂ ਦੀ ਕਿਸਮਤ ਲੁੜ੍ਹਕ ਗਈ ਅਤੇ ਸਾਧਾਰਨ ਲੋਕ ਚੋਣਾਂ ਜਿੱਤ ਗਏ ਤੇ ਉਨ੍ਹਾਂ ਦੀ ਕਿਸਮਤ ਚਮਕ ਗਈ। ਆਇਆ ਰਾਮ ਤੇ ਗਿਆ ਰਾਮ ਸਿਆਸੀ ਤਾਕਤ ਦੀ ਭੁੱਖ ਕਰਕੇ ਭਾਰੂ ਰਿਹਾ। ਦੇਸ਼ ਵਿੱਚ ਸਿਆਸੀ ਪਾਰਟੀਆਂ ਵੋਟਾਂ ਬਟੋਰਨ ਲਈ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਦੇ ਹੱਕ ਦੇਣ ਦੀ ਗੱਲ ਕਰਦੀਆਂ ਹਨ ਪ੍ਰੰਤੂ ਅਮਲੀ ਤੌਰ ’ਤੇ ਨਹੀਂ। ਪੰਜਾਬ ਵਿੱਚ ਪ੍ਰਬੰਧਕੀ ਪ੍ਰਣਾਲੀ ਵਿੱਚ ਇਸਤਰੀਆਂ ਨੂੰ ਬਰਾਬਰ ਦੇ ਹੱਕ ਪ੍ਰਾਪਤ ਹਨ।

ਬਾ-ਮੁਲਾਹਿਜ਼ਾ ਹੁਸ਼ਿਆਰ ਸਿਰਲੇਖ ਵਾਲੇ ਲੇਖ ਵਿੱਚ ਲੇਖਕ ਪੰਜਾਬ ਵਿੱਚ 1978 ਤੋਂ ਸ਼ੁਰੂ ਹੋਈਆਂ ਫ਼ਿਰਕੂ ਘਟਨਾਵਾਂ ਤੋਂ ਬਾਅਦ ਹੁਣ ਠਾਕੁਰਪੁਰ ਚਰਚ ਦੀ ਭੰਨ ਤੋੜ ਦੀ ਘਟਨਾ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੰਜਾਬੀਆਂ ਨੂੰ ਅਜਿਹੀਆਂ ਫ਼ਿਰਕੂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਰੇਤ ਮਾਫ਼ੀਏ ਉੱਤੇ ਨਕੇਲ ਨਹੀਂ ਕਸ ਸਕੀ। ਸਰਹੱਦੀ ਖੇਤਰ ਵਿੱਚ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣੀ ਹੋਈ ਹੈ। ਦੇਸ਼ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਵਧ ਰਿਹਾ ਹੈ। 2020 ਦੇ ਮੁਕਾਬਲੇ 2021 ਵਿੱਚ 7.2 ਫ਼ੀ ਸਦੀ ਵਾਧਾ ਹੋਇਆ ਹੈ, ਜੋ ਚਿੰਤਾ ਵਿਸ਼ਾ ਹੈ।

ਬਾਦਲ ਪਰਿਵਾਰ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਵੀ ਅਕਾਲੀ ਦਲ ਤੋਂ ਪਰਿਵਾਰਿਕ ਕਬਜ਼ਾ ਛੱਡਣਾ ਨਹੀਂ ਚਾਹੁੰਦਾ, ਸੈਕੰਡ ਰੈਂਕ ਲੀਡਰਸ਼ਿੱਪ ਨੂੰ ਉੱਭਰਨ ਹੀ ਨਹੀਂ ਦਿੰਦਾ। ਦੇਸ਼ ਵਿੱਚ ਹਿਰਾਸਤੀ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇਸ਼ ਵਿੱਚੋਂ ਤੀਜੇ ਸਥਾਨ ’ਤੇ ਹੈ। ਪਿਛਲੇ ਦੋ ਸਾਲਾਂ ਵਿੱਚ 225 ਹਿਰਾਸਤੀ ਮੌਤਾਂ ਹੋਈਆਂ ਹਨ। ਭਗਵੰਤ ਮਾਨ ਦੀ ਸਰਕਾਰ ਦੇ ਰਾਹ ਵਿੱਚ ਔਕੜਾਂ ਪਹਾੜ ਬਣਕੇ ਖੜ੍ਹੀਆਂ ਹਨ। ਰਾਜਪਾਲ ਨੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਆੜ੍ਹੇ ਹੱਥੀਂ ਲਿਆ ਹੈ। ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਦਾ ਮਸਲਾ ਲਟਕਦਾ ਆ ਰਿਹਾ ਹੈ। ਐਡਵੋਕੇਟ ਜਨਰਲ ਵਾਰ ਵਾਰ ਸਾਥ ਛੱਡ ਰਹੇ ਹਨ। ਆਪਣਿਆਂ ਵੱਲੋਂ ਮੁਸੀਬਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕਾਂ ਨੂੰ ਤਜਰਬਾ ਨਾ ਹੋਣ ਕਰਕੇ ਮੁੱਖ ਮੰਤਰੀ ਨੂੰ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਮੀਟਿੰਗਾਂ ਕਰਨੀਆਂ ਪਈਆਂ।

ਹਸਪਤਾਲਾਂ ਵਿੱਚ ਦਵਾਈਆਂ, ਡਾਕਟਰ ਅਤੇ ਹੋਰ ਅਮਲੇ ਦੀ ਘਾਟ ਹੈ। 50 ਫ਼ੀਸਦੀ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਮਹੱਲਾ ਕਲਿਨਕਾਂ ਲਈ ਹਸਪਤਾਲਾਂ ਵਿੱਚੋਂ ਡਾਕਟਰ ਬਦਲ ਕੇ ਭੇਜ ਦਿੱਤੇ ਹਨ, ਹਸਪਤਾਲ ਖਾਲੀ ਹੋ ਗਏ। ਮਹਿੰਗਾਈ, ਮਹਿੰਗੀਆਂ ਦਵਾਈਆਂ ਕਰਕੇ ਪੰਜਾਬੀ ਮਨੋਰੋਗੀ ਬਣ ਰਹੇ ਹਨ। ਹਸਪਤਾਲਾਂ ਵਿੱਚ ਮਨੋਰੋਗੀ ਡਾਕਟਰ ਨਹੀਂ ਹਨ। ਐਲਾਨ ਜ਼ਿਆਦਾ ਹੋ ਰਹੇ ਹਨ, ਜ਼ਮੀਨੀ ਪੱਧਰ ’ਤੇ ਕੰਮ ਉੰਨਾ ਨਹੀਂ ਹੋ ਰਿਹਾ। ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਅਤੇ ਜਵਾਹਰਕੇ ਪਿੰਡ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਪੜਤਾਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਦੋ ਸਰਕਾਰਾਂ ਦੀ ਤਰ੍ਹਾਂ ਤਣ ਪੱਤਣ ਨਹੀਂ ਲਾ ਸਕੀ। ਕੈਪਟਨ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਦੇ ਵਾਅਦੇ ਵਫਾ ਨਾ ਹੋ ਸਕਣ ਕਰਕੇ ਉਹ ਸਰਕਾਰਾਂ ਬਣਾਉਣ ਤੋਂ ਹੱਥ ਧੋ ਬੈਠੇ ਹਨ। ਇਸ਼ਾਰਾ ਆਮ ਆਦਮੀ ਦੀ ਸਰਕਾਰ ਵਲ ਸਾਫ ਹੈ। ਭਗਵੰਤ ਮਾਨ ਦੀ ਸਰਕਾਰ ਵੱਲੋਂ ਰਾਜ ਸਭਾ ਦੇ ਬਣਾਏ 7 ਮੈਂਬਰ ਆਪਣੀ ਕਾਰਗੁਜ਼ਾਰੀ ਵਿਖਾਉਣ ਵਿੱਚ ਅਸਫਲ ਰਹੇ ਹਨ। ਉਚੇਰੀ ਸਿੱਖਿਆ ਲਈ 31 ਯੂਨੀਵਰਸਿਟੀਆਂ 350 ਕਾਲਜ ਹੋਣ ਦੇ ਬਾਵਜੂਦ ਯੋਗ ਵਿੱਦਿਆ ਨਹੀਂ ਮਿਲ ਰਹੀ ਕਿਉਂਕਿ ਅਧਿਆਪਕਾਂ ਦੀ ਘਾਟ ਹੈ।

ਮਿੱਠੀਆਂ ਮਿਰਚਾਂ ਵਾਲੇ ਲੇਖ ਵਿੱਚ ਲੇਖਕ ਨੇ ਦਰਸਾਇਆ ਗਿਆ ਹੈ ਕਿ ਰਾਜਪਾਲ, ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਦੇ ਸਮਾਗਮਾਂ ਵਿੱਚ ਮੁੱਖ ਮੰਤਰੀ ਗਏ ਨਹੀਂ, ਜਿਹੜੇ ਮੰਤਰੀ ਸ਼ਾਮਲ ਹੋਏ, ਉਹ ਸਹੀ ਢੰਗ ਨਾਲ ਪੰਜਾਬ ਦੇ ਹਿਤਾਂ ’ਤੇ ਪਹਿਰਾ ਨਹੀਂ ਦੇ ਸਕੇ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦਾ ਹਾਸਾ ਗੁੰਮ ਗਿਆ ਹੈ। ਪੰਜਾਬ ਆਰਥਿਕ ਮੰਦਹਾਲੀ, ਵਿਧਾਨਕਾਰਾਂ ਅਤੇ ਮੰਤਰੀਆਂ ਦੀ ਕਾਰਗੁਜ਼ਾਰੀ ਅਤੇ ਮੰਤਰੀ ਮੰਡਲ ਦੇ ਫੇਰ ਬਦਲ ਦਾ ਅਹਿਸਾਸ ਮੁੱਖ ਮੰਤਰੀ ਨੂੰ ਸਤਾ ਰਿਹਾ ਹੈ। ਲੇਖਕ ਨੇ ਪੰਜਾਬ ਦੇ ਹੁਣ ਤਕ ਦੇ ਸਾਰੇ ਮੁੱਖ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਕੇ ਦੱਸਿਆ ਹੈ ਕਿ ਉਹ ਕਿੰਨੇ ਸਫਲ ਤੇ ਅਸਫਲ ਹੋਏ ਹਨ। ਕਈ ਲੇਖਾਂ ਵਿੱਚ ਦੁਹਰਾਓ ਹੈ। ਨਵੀਂ ਵਿਧਾਨ ਸਭਾ ਦੀ ਉਸਾਰੀ ਲਈ ਹਰਿਆਣਾ ਦੀ ਤਰ੍ਹਾਂ ਜ਼ਮੀਨ ਦੀ ਮੰਗ ਗ਼ਲਤ ਹੈ। ਢਾਈ ਸੌ ਪੰਜਾਬੀ ਨਿੱਤ ਜਹਾਜ਼ ਚੜ੍ਹਨ ਵਾਲੇ ਲੇਖ ਵਿੱਚ ਬੇਰੋਜ਼ਗਾਰੀ ਕਰਕੇ ਬਾਹਰ ਜਾ ਰਹੇ ਵਿਦਿਆਰਥੀਆਂ ਖਾਸ ਤੌਰ ’ਤੇ 71 ਫ਼ੀਸਦੀ ਦਾ ਗ਼ੈਰ ਕਾਨੂੰਨੀ ਢੰਗ ਨਾਲ ਜਾਣਾ ਦੱਸਿਆ ਗਿਆ ਹੈ। ਬਜ਼ੁਰਗਾਂ ਦੀਆਂ ਪੈਨਸ਼ਨਾਂ ਦੀ ਦੁਰਵਰਤੋਂ ਬਾਰੇ ਤੱਥਾਂ ਸਹਿਤ ਦੱਸਿਆ ਗਿਆ ਹੈ ਕਿ ਕਿਵੇਂ ਬਾਬੂਆਂ ਨੇ ਵੀ ਚਲਦੀ ਗੰਗਾ ਵਿੱਚ ਹੱਥ ਰੰਗ ਲਏ ਹਨ। ਸਰਕਾਰਾਂ ਪੈਨਸ਼ਨਾਂ ਵਿੱਚ ਵਾਧੇ ਲਈ ਲਾਰੇ ਲਾਉਂਦੀਆਂ ਰਹਿਆਂ ਹਨ।‘ਜੰਗ ਅਜੇ ਮੁੱਕੀ ਨਹੀਂ’ ਲੇਖ ਵਿੱਚ ਸਾਰੀਆਂ ਸਰਕਾਰਾਂ ਵੱਲੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਖੋਖਲੇ ਹੋ ਗਏ ਹਨ। ਪੰਜਾਬ ਵਿੱਚ ਹੋ ਰਹੇ ਸੜਕੀ ਹਾਦਸੇ ਅਨੇਕਾਂ ਜਾਨਾ ਦੀ ਆਹੂਤੀ ਲੈ ਰਹੇ ਹਨ। ਸਰਕਾਰਾਂ ਵੱਲੋਂ ਕੋਈ ਸਾਰਥਿਕ ਕਦਮ ਨਾ ਚੁੱਕਣ ਕਰਕੇ ਹਾਲਾਤ ਖ਼ਤਰਨਾਕ ਹੋ ਗਏ ਹਨ।

140 ਪੰਨਿਆਂ ਅਤੇ 250 ਰੁਪਏ ਕੀਮਤ ਵਾਲੀ ਇਹ ਪੁਸਤਕ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3979)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author