“ਪ੍ਰਿਅੰਕਾ ਗਾਂਧੀ ਸਿਆਸਤ ਵਿੱਚ ਅਨਾੜੀ ਨਹੀਂ ਸਗੋਂ ਜਦੋਂ ਤੋਂ 1998 ਵਿੱਚ ਸੋਨੀਆਂ ਗਾਂਧੀ ਸਿਆਸਤ ਵਿੱਚ ...”
(7 ਫਰਵਰੀ 2019)
ਮਈ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਸਰਬ ਭਾਰਤੀ ਕਾਂਗਰਸ ਪਾਰਟੀ ਨੇ 47 ਸਾਲਾ ਪ੍ਰਿਅੰਕਾ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਬਣਾਕੇ ਪੂਰਬੀ ਉੱਤਰ ਪ੍ਰਦੇਸ਼ ਦਾ ਇਨਚਾਰਜ ਬਣਾ ਦਿੱਤਾ ਹੈ। ਜਿਓਤੀਰਾਦਿਤਿਆ ਸਿੰਧੀਆ ਨੂੰ ਪੱਛਮੀ ਉੱਤਰ ਪ੍ਰਦੇਸ਼ ਦਾ ਇਨਚਾਰਜ ਬਣਾ ਦਿੱਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਰਾਜ ਨੂੰ ਦੋ ਹਿੱਸਿਆਂ ਵਿੱਚ ਵੰਡਕੇ ਦੋ ਜਨਰਲ ਸਕੱਤਰਾਂ ਦੇ ਹਵਾਲੇ ਕੀਤਾ ਹੋਵੇ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਭ ਤੋਂ ਯੋਗ, ਘਾਗ ਅਤੇ ਰਣਨੀਤੀਕਾਰ ਸਮਝੇ ਜਾਂਦੇ ਜਨਰਲ ਸਕੱਤਰ ਜਨਾਬ ਗ਼ੁਲਾਮ ਨਬੀ ਆਜ਼ਾਦ ਉੱਤਰ ਪ੍ਰਦੇਸ਼ ਦੇ ਇਨਚਾਰਜ ਸਨ। ਕਾਂਗਰਸ ਪਾਰਟੀ ਵੱਲੋਂ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿੱਚ ਉਤਾਰਨਾ ਕੀ ਪਾਰਟੀ ਦੀ ਡੁੱਬਦੀ ਬੇੜੀ ਨੂੰ ਤਾਰਨ ਲਈ ਤਿਣਕੇ ਦਾ ਸਹਾਰਾ ਬਣ ਸਕਦਾ ਹੈ? 2014 ਦੀਆਂ ਲੋਕ ਸਭਾ ਚੋਣਾਂ ਮੌਕੇ ਵੀ ਕਿਆਸ ਅਰਾਈਆਂ ਲਗਾਈਆਂ ਜਾਂਦੀਆਂ ਸਨ ਕਿ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿੱਚ ਲਿਆਕੇ ਕਾਂਗਰਸ ਪਾਰਟੀ ਦੀ ਡਿਗਦੀ ਸਾਖ ਨੂੰ ਬਚਾਇਆ ਜਾਵੇਗਾ, ਪ੍ਰੰਤੂ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਸੰਦੇਹ ਸੀ ਕਿ ਜੇਕਰ ਪ੍ਰਿਅੰਕਾ ਗਾਂਧੀ ਸਿਆਸਤ ਵਿੱਚ ਆ ਗਈ ਤਾਂ ਰਾਹੁਲ ਗਾਂਧੀ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ, ਕਿਉਂਕਿ ਪ੍ਰਿਅੰਕਾ ਗਾਂਧੀ ਦਾ ਮੜੰਗਾ, ਵਿਵਹਾਰ ਅਤੇ ਭਾਸ਼ਣ ਦੇਣ ਦੀ ਸ਼ੈਲੀ ਸ੍ਰੀਮਤੀ ਇੰਦਰਾ ਗਾਂਧੀ ਨਾਲ ਮੇਲ ਖਾਂਦੀ ਹੈ।
ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਖਾਸ ਤੌਰ ’ਤੇ ਨੌਜਵਾਨ ਵਰਗ ਵੱਲੋਂ ਲੰਮੇ ਸਮੇਂ ਤੋਂ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿੱਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ। ਪਿਛਲੇ ਦੋ ਸਾਲ ਤੋਂ ਉਹ ਪਾਰਟੀ ਦੀਆਂ ਸਰਗਰਮੀਆਂ ਵਿੱਚ ਅਸਿੱਧੇ ਤੌਰ ’ਤੇ ਦਖ਼ਲ ਅੰਦਾਜ਼ੀ ਕਰ ਰਹੀ ਹੈ। 2017 ਵਿੱਚ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਮੀਦਵਾਰ ਚੁਣਨ ਅਤੇ ਨੀਤੀਗਤ ਫੈਸਲਿਆਂ ਵਿੱਚ ਉਹ ਰਾਹੁਲ ਗਾਂਧੀ ਦੇ ਸਲਾਹਕਾਰ ਦੇ ਤੌਰ ’ਤੇ ਵਿਚਰਦੀ ਰਹੀ ਹੈ। ਇਨ੍ਹਾਂ ਚੋਣਾਂ ਲਈ ਸਮਾਜਵਾਦੀ ਪਾਰਟੀ ਨਾਲ ਗਠਬੰਧਨ ਕਰਨ ਵਿੱਚ ਵੀ ਸ੍ਰੀਮਤੀ ਪ੍ਰਿਅੰਕਾ ਗਾਂਧੀ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਭਾਵੇਂ ਵਿਧਾਨ ਸਭਾ ਦੇ ਨਤੀਜੇ ਕਾਂਗਰਸ ਅਤੇ ਸਮਾਜਵਾਦੀ ਲਈ ਲਾਭਦਾਇਕ ਨਹੀਂ ਰਹੇ।
ਪ੍ਰਿਅੰਕਾ ਗਾਂਧੀ ਨਹਿਰੂ ਪਰਿਵਾਰ ਦੀ ਪੰਜਵੀਂ ਪੁਸ਼ਤ ਵਿੱਚੋਂ ਹੈ। ਪਿਛਲੇ ਮਹੀਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਚੋਣ ਵਿੱਚ ਵੀ ਪ੍ਰਿਅੰਕਾ ਗਾਂਧੀ ਦੀ ਛਾਪ ਵਿਖਾਈ ਦਿੰਦੀ ਸੀ। ਇਨ੍ਹਾਂ ਵਿੱਚੋਂ ਜਿੱਤੇ ਤਿੰਨ ਰਾਜਾਂ ਵਿੱਚ ਮੁੱਖ ਮੰਤਰੀਆਂ ਦੀ ਚੋਣ ਸਮੇਂ ਵੀ ਉਹ ਹਰ ਮੀਟਿੰਗ ਵਿੱਚ ਉੱਥੇ ਹਾਜ਼ਰ ਹੁੰਦੀ ਸੀ। ਅਸ਼ੋਕ ਗਹਿਲੋਟ ਅਤੇ ਸਚਿਨ ਪਾਇਲਟ ਦੇ ਮੁੱਖ ਮੰਤਰੀ ਬਣਨ ਦੀ ਲੜਾਈ ਦਾ ਸਮਝੌਤਾ ਵੀ ਪ੍ਰਿਅੰਕਾ ਗਾਂਧੀ ਨੇ ਕਰਵਾਇਆ ਹੈ। ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਵੀ ਪ੍ਰਿਅੰਕਾ ਗਾਂਧੀ ਦੇ ਯਤਨਾਂ ਨਾਲ ਹੀ ਹੋਈ ਹੈ ਕਿਉਂਕਿ ਕਾਂਗਰਸ ਪਾਰਟੀ ਦਾ ਇੱਕ ਧੜਾ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਨ ਦਾ ਵਿਰੋਧ ਕਰ ਰਿਹਾ ਸੀ। ਅਜਿਹੇ ਮੌਕੇ ਜਦੋਂ ਰਾਹੁਲ ਗਾਂਧੀ ਅਸੰਜਮ ਵਿੱਚ ਹੁੰਦਾ ਹੈ ਤਾਂ ਪ੍ਰਿਅੰਕਾ ਗਾਂਧੀ ਨੇ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ।
ਹੁਣ ਜਦੋਂ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀਯ ਜਨਤਾ ਦਲ ਨੇ ਮਈ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਕਾਂਗਰਸ ਪਾਰਟੀ ਨੂੰ ਅਣਦਿਸ ਕਰਕੇ ਆਪਸੀ ਚੋਣ ਗਠਜੋੜ ਕਰ ਲਿਆ ਤਾਂ ਕਾਂਗਰਸ ਪਾਰਟੀ ਨੂੰ ਮਜਬੂਰੀ ਵਿੱਚ ਇਕੱਲਿਆਂ ਚੋਣ ਲੜਨ ਦਾ ਫ਼ੈਸਲਾ ਕਰਨਾ ਪਿਆ। ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ ਕਾਂਗਰਸ ਪਾਰਟੀ ਦਾ ਇਕੱਲਿਆਂ ਚੋਣਾਂ ਲੜਨਾ ਪਾਰਟੀ ਦੀ ਮੁੜ ਸਥਾਪਤੀ ਲਈ ਲਾਹੇਬੰਦ ਹੋਵੇਗਾ ਕਿਉਂਕਿ ਪਾਰਟੀ ਆਪਣੇ ਵੋਟ ਬੈਂਕ ਨੂੰ ਮੁੜ ਸੁਰਜੀਤ ਕਰ ਸਕੇਗੀ। ਜਿਹੜੀ ਵੋਟ ਬੈਂਕ ਸਹਿਯੋਗੀ ਪਾਰਟੀਆਂ ਦੀ ਭਾਈਵਾਲੀ ਕਰਕੇ ਦੂਜੀਆਂ ਪਾਰਟੀਆਂ ਵਲ ਖਿਸਕ ਗਈ ਸੀ, ਉਹ ਵਾਪਸ ਆ ਜਾਵੇਗੀ। ਕਾਂਗਰਸੀ ਵੋਟਰ ਆਪਣੇ ਆਪ ਨੂੰ ਲਾਵਾਰਸ ਸਮਝਦੇ ਸਨ ਕਿਉਂਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਹੱਥ ਫੜਨ ਲਈ ਦੂਜੀਆਂ ਪਾਰਟੀਆਂ ਦੇ ਨੇਤਾ ਅੱਗੇ ਨਹੀਂ ਆਉਂਦੇ ਸਨ। ਸ੍ਰੀਮਤੀ ਪ੍ਰਿਅੰਕਾ ਗਾਂਧੀ ਨੂੰ ਵੀ ਇਸੇ ਮਜਬੂਰੀ ਵੱਸ ਸਿਆਸੀ ਅਖਾੜੇ ਵਿੱਚ ਉਤਾਰਿਆ ਗਿਆ ਹੈ।
ਇਸ ਤੋਂ ਪਹਿਲਾਂ ਸ੍ਰੀਮਤੀ ਇੰਦਰਾ ਗਾਂਧੀ, ਸੰਜੇ ਗਾਂਧੀ, ਰਾਜੀਵ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਵੀ ਕਾਂਗਰਸ ਪਾਰਟੀ ਵਿੱਚ ਜਨਰਲ ਸਕੱਤਰ ਬਣਾਕੇ ਲਿਆਂਦਾ ਸੀ। ਪ੍ਰਿਅੰਕਾ ਗਾਂਧੀ ਨੂੰ ਵੀ ਜਨਰਲ ਸਕੱਤਰ ਬਣਾਕੇ ਕਿਸੇ ਸਮੇਂ ਪਾਰਟੀ ਦੇ ਗੜ੍ਹ ਰਹੇ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਦੀ ਇਨਚਾਰਜ ਬਣਾਇਆ ਗਿਆ ਹੈ। ਪੂਰਬੀ ਹਿੱਸੇ ਵਿੱਚ 30 ਲੋਕ ਸਭਾ ਦੀਆਂ ਸੀਟਾਂ ਹਨ, ਜਿਨ੍ਹਾਂ ਵਿੱਚੋਂ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਦੇ ਮੈਂਬਰ ਹਨ। ਮੁੱਖ ਮੰਤਰੀ ਅਦਿਤਿਆ ਨੰਦ ਵੀ ਇਸੇ ਇਲਾਕੇ ਵਿੱਚੋਂ ਹਨ। ਇਸ ਇਲਾਕੇ ਵਿੱਚ ਕਾਂਗਰਸ ਦੀ ਹਾਲਤ ਬਹੁਤ ਪਤਲੀ ਹੈ। ਉੱਤਰ ਪ੍ਰਦੇਸ਼ ਵਿੱਚੋਂ ਹੀ ਜਵਾਹਰ ਲਾਲ ਨਹਿਰੂ, ਵਿਜੇ ਲਕਸ਼ਮੀ ਪੰਡਿਤ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਚੋਣ ਲੜਦੇ ਰਹੇ ਹਨ। ਪ੍ਰਿਅੰਕਾ ਗਾਂਧੀ ਵਿੱਚ ਇੰਦਰਾ ਗਾਂਧੀ ਦੀ ਤਰ੍ਹਾਂ ਵੋਟਾਂ ਖਿਚਣ ਵਾਲੀ ਚੁੰਬਕੀ ਸ਼ਕਤੀ ਮੌਜੂਦ ਲੱਗਦੀ ਹੈ, ਜਿਸ ਕਰਕੇ ਕਾਂਗਰਸ ਪਾਰਟੀ ਨੇ ਪ੍ਰਿਅੰਕਾ ਗਾਂਧੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇੱਕ ਕਿਸਮ ਨਾਲ ਕਾਂਗਰਸ ਪਾਰਟੀ ਕੋਲ ਗਾਂਧੀ ਪਰਿਵਾਰ ਦਾ ਆਖ਼ਰੀ ਹਥਿਆਰ ਸੀ, ਜਿਸਨੂੰ ਉਨ੍ਹਾਂ ਵਰਤਣ ਦਾ ਫ਼ੈਸਲਾ ਕਰ ਲਿਆ ਹੈ, ਜਿਸ ਨਾਲ ਪ੍ਰਿਅੰਕਾ ਦਾ ਭਵਿੱਖ ਦਾਅ ’ਤੇ ਲਾ ਦਿੱਤਾ ਹੈ।
ਕਾਂਗਰਸ ਪਾਰਟੀ ਦੇ ਦਿਗਜ਼ ਨੇਤਾ ਮਹਿਸੂਸ ਕਰਦੇ ਹਨ ਕਿ ਉੱਤਰ ਪ੍ਰਦੇਸ਼ ਦੀ ਬ੍ਰਾਹਮਣ ਅਤੇ ਮੁਸਲਮ ਭਾਈਚਾਰੇ ਦੀ ਵੋਟ ਕਾਂਗਰਸ ਪਾਰਟੀ ਦੇ ਹਿੱਸੇ ਆਉਣ ਦੀ ਉਮੀਦ ਬੱਝ ਗਈ ਹੈ। ਇਹ ਨੁਕਸਾਨ ਭਾਰਤੀ ਜਨਤਾ ਪਾਰਟੀ ਅਤੇ ਸਮਾਜਵਾਦੀ ਪਾਰਟੀ ਨੂੰ ਹੋਵੇਗਾ। ਦੂਜਾ ਕਾਂਗਰਸ ਪਾਰਟੀ ਨੌਜਵਾਨਾਂ ਨੂੰ ਮੁੜ ਆਪਣੇ ਨਾਲ ਜੋੜਨ ਵਿੱਚ ਵੀ ਸਫਲ ਹੋ ਸਕਦੀ ਹੈ ਕਿਉਂਕਿ ਦੇਸ਼ ਦਾ ਭਵਿੱਖ ਨੌਜਵਾਨ ਹਨ। ਕਾਂਗਰਸ ਪਾਰਟੀ ਦੇ ਹੱਕ ਵਿੱਚ ਨੌਜਵਾਨ ਹੀ ਲਹਿਰ ਪੈਦਾ ਕਰ ਸਕਦੇ ਹਨ। ਪੁਰਾਣੇ ਸੀਨੀਅਰ ਕਾਂਗਰਸ ਨੇਤਾ ਅਜਿਹਾ ਕਰਨ ਵਿੱਚ ਅਸਫਲ ਰਹੇ ਹਨ। ਕਾਂਗਰਸ ਨੂੰ ਲੱਗਿਆ ਖ਼ੋਰਾ ਵੀ ਘਟਣ ਦੀ ਉਮੀਦ ਬੱਝ ਗਈ ਹੈ। ਕਾਂਗਰਸ ਪਾਰਟੀ ਦੇ ਨੌਜਵਾਨਾਂ ਨੂੰ ਪ੍ਰਿਅੰਕਾ ਗਾਂਧੀ ਵਿੱਚ ਭਾਰਤ ਦਾ ਭਵਿੱਖ ਸੁਰੱਖਿਅਤ ਵਿਖਾਈ ਦਿੰਦਾ ਹੈ। ਕਾਂਗਰਸ ਪਾਰਟੀ ਨੂੰ ਕੈਂਸਰ ਦੀ ਜਿਹੜੀ ਬਿਮਾਰੀ ਲੱਗਣ ਨਾਲ ਖ਼ੋਰਾ ਲੱਗ ਗਿਆ ਸੀ, ਉਸਨੂੰ ਠੱਲ੍ਹ ਪੈਣ ਦੀ ਉਮੀਦ ਕਾਂਗਰਸੀ ਲਾਈ ਬੈਠੇ ਹਨ। ਪ੍ਰਿਅੰਕਾ ਗਾਂਧੀ ਉਸ ਬਿਮਾਰੀ ਨੂੰ ਦੂਰ ਕਰਨ ਲਈ ਕਿਹੜਾ ਢੰਗ ਵਰਤੇਗੀ, ਇਹ ਤਾਂ ਸਮਾਂ ਹੀ ਦੱਸੇਗਾ।
ਸਿਆਸਤ ਦੋ ਮੂੰਹੀਂ ਤਲਵਾਰ ਹੈ, ਇਸ ਲਈ ਜਿੱਥੇ ਕਾਂਗਰਸ ਪ੍ਰਿਅੰਕਾ ਗਾਂਧੀ ਨੂੰ ਬ੍ਰਹਮ ਅਸਤਰ ਸਮਝ ਰਹੀ ਹੈ, ਉੱਥੇ ਇਹ ਪ੍ਰਿਅੰਕਾ ਗਾਂਧੀ ਨੂੰ ਬਲੀ ਦਾ ਬਕਰਾ ਵੀ ਬਣਾ ਸਕਦੀ ਹੈ। ਪ੍ਰਿਅੰਕਾ ਗਾਂਧੀ ਦਾ ਸਿਆਸੀ ਕੈਰੀਅਰ ਦਾਅ ’ਤੇ ਲੱਗ ਗਿਆ ਹੈ। ਇੱਕ ਗੱਲ ਦੀ ਉਮੀਦ ਬੱਝਦੀ ਹੈ ਕਿ ਜਿਹੜੇ ਕਾਂਗਰਸੀ ਨਿਰਾਸ਼ਾ ਦੇ ਆਲਮ ਵਿੱਚ ਸਨ, ਉਹ ਹੁਣ ਅਖਬਾਰਾਂ, ਸੋਸ਼ਲ ਮੀਡੀਆ ਅਤੇ ਫਲੈਕਸਾਂ ਰਾਹੀਂ ਦਮਗਜ਼ੇ ਮਾਰ ਰਹੇ ਹਨ। ਕਾਂਗਰਸੀ ਵਰਕਰਾਂ ਵਿੱਚ ਇੱਕ ਵਾਰ ਤਾਂ ਉਤਸ਼ਾਹ ਪੈਦਾ ਹੋ ਗਿਆ ਹੈ ਕਿਉਂਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਨੇ ਤਾਂ ਪ੍ਰਿਅੰਕਾ ਗਾਂਧੀ ਦੇ ਸਵਾਗਤ ਲਈ ਹੜ੍ਹ ਲਿਆ ਦਿੱਤਾ ਹੈ। ਵੇਖਣ ਵਾਲੀ ਗੱਲ ਹੈ ਕਿ ਕਾਂਗਰਸੀਆਂ ਦਾ ਉਤਸ਼ਾਹ ਲਹਿਰ ਵਿੱਚ ਬਦਲਦਾ ਹੈ ਜਾਂ ਨਹੀਂ। ਕਾਂਗਰਸੀਆਂ ਦੀ ਚਮਚਾਗਿਰੀ ਵੀ ਕਮਾਲ ਦੀ ਹੈ। ਅਜੇ ਪ੍ਰਿਅੰਕਾ ਗਾਂਧੀ ਵਿਦੇਸ਼ ਵਿੱਚ ਸੀ, ਤਾਂ ਵੀ ਕਾਂਗਰਸੀ ਪੱਬਾਂ ਭਾਰ ਹੋਏ ਫਿਰਦੇ ਸਨ।
ਉੱਤਰ ਪ੍ਰਦੇਸ਼ ਵਿੱਚ 1989 ਤੋਂ ਕਾਂਗਰਸ ਪਾਰਟੀ ਨੂੰ ਖ਼ੋਰਾ ਲੱਗਣਾ ਸ਼ੁਰੂ ਹੋ ਗਿਆ ਸੀ, ਮੁੜਕੇ 2009 ਤੱਕ ਕਾਂਗਰਸ ਦੇ ਪੈਰ ਨਹੀਂ ਲੱਗੇ। 2009 ਵਿੱਚ ਕਾਂਗਰਸ ਪਾਰਟੀ 21 ਲੋਕ ਸਭਾ ਸੀਟਾਂ ਜਿੱਤ ਗਈ ਸੀ। 2014 ਵਿੱਚ ਕਾਂਗਰਸ ਪਾਰਟੀ ਦੀਆਂ ਸਿਰਫ 2 ਸੀਟਾਂ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ ਹੀ ਬਚ ਸਕੀਆਂ। ਭਾਰਤੀ ਜਨਤਾ ਪਾਰਟੀ ਨੇ 73 ਸੀਟਾਂ ਜਿੱਤ 42-6 ਫ਼ੀਸਦ ਅਤੇ 2017 ਵਿੱਚ ਵਿਧਾਨ ਸਭਾ ਵਿੱਚ 40 ਫ਼ੀਸਦ ਵੋਟਾਂ ਪ੍ਰਾਪਤ ਕੀਤੀਆਂ ਸਨ ਜਦੋਂ ਕਿ ਵਿਰੋਧੀ ਪਾਰਟੀਆਂ ਨੂੰ 50 ਫ਼ੀਸਦ ਵੋਟਾਂ ਪੋਲ ਹੋਈਆਂ ਸਨ, ਪ੍ਰੰਤੂ ਕਾਂਗਰਸ ਪਾਰਟੀ ਨੂੰ 50 ਫੀ ਸਦੀ ਵਿੱਚੋਂ 2014 ਵਿੱਚ ਸਿਰਫ 7.5 ਫ਼ੀ ਸਦੀ ਅਤੇ 2017 ਵਿੱਚ 6.3 ਫ਼ੀ ਸਦੀ ਵੋਟਾਂ ਮਿਲੀਆਂ ਸਨ। ਇੱਥੋਂ ਤੱਕ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੋਨੀਆ ਅਤੇ ਰਾਹੁਲ ਦੇ ਹਲਕਿਆਂ ਦੀਆਂ ਸਾਰੀਆਂ ਸੀਟਾਂ ਹਾਰ ਗਏ। ਇੱਕ ਕਿਸਮ ਨਾਲ ਕਾਂਗਰਸ ਦਾ ਬੋਰੀਆ ਬਿਸਤਰ੍ਹਾਂ ਹੀ ਗੋਲ ਹੋ ਗਿਆ।
ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਪਾਰਟੀ ਸੁੰਢ ਦੀ ਗੱਠੀ ਸਮਝ ਰਹੀ ਹੈ। ਕਾਂਗਰਸ ਪਾਰਟੀ ਲਈ 2019 ਦੀਆਂ ਲੋਕ ਸਭਾ ਚੋਣਾਂ ਆਰ ਪਾਰ ਦੀ ਲੜਾਈ ਹੈ। 1977 ਤੱਕ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਮੁੱਖ ਪਾਰਟੀ ਸੀ। 1989 ਤੋਂ ਖ਼ੋਰਾ ਲੱਗਣਾ ਸ਼ੁਰੂ ਹੋਇਆ। 1992 ਵਿੱਚ ਬਾਬਰੀ ਮਸਜਦ ਦੇ ਝਗੜੇ ਤੋਂ ਬਾਅਦ ਹਿੰਦੂ ਅਤੇ ਉੱਚ ਵਰਗ ਦੇ ਵੋਟ ਟੁੱਟਣ ਨਾਲ ਕਾਂਗਰਸ ਦਾ ਸਫਾਇਆ ਹੋ ਗਿਆ।
ਪ੍ਰਿਅੰਕਾ ਗਾਂਧੀ ਸਿਆਸਤ ਵਿੱਚ ਅਨਾੜੀ ਨਹੀਂ ਸਗੋਂ ਜਦੋਂ ਤੋਂ 1998 ਵਿੱਚ ਸੋਨੀਆਂ ਗਾਂਧੀ ਸਿਆਸਤ ਵਿੱਚ ਆਈ ਹੈ, ਉਦੋਂ ਤੋਂ ਹੀ ਉਸਦੀ ਸਹਾਇਕ ਦੇ ਤੌਰ ’ਤੇ ਕੰਮ ਕਰ ਰਹੀ ਹੈ। ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਐੱਮ ਐੱਲ ਫੋਤੇਦਾਰ ਨੇ ਆਪਣੀ ਪੁਸਤਕ “ਚਿਨਾਰ ਲੀਵਜ਼” ਵਿੱਚ ਲਿਖਿਆ ਹੈ ਕਿ ਇੰਦਰਾ ਕਹਿੰਦੀ ਸੀ ਕਿ ‘ਪ੍ਰਿਅੰਕਾ ਵਿੱਚੋਂ ਲੋਕ ਮੈਂਨੂੰ ਵੇਖਣਗੇ’ ਕਾਂਗਰਸ ਦੇ ਸੀਨੀਅਰ ਨੇਤਾ ਜਨਾਰਦਨ ਦਿਵੇਦੀ ਨੇ ਵੀ ਕਿਹਾ ਹੈ ਕਿ 1990 ਵਿੱਚ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਪ੍ਰਿਅੰਕਾ ਗਾਂਧੀ ਸਿਆਸਤ ਵਿੱਚ ਦਿਲਚਸਪੀ ਰੱਖਦੀ ਹੈ। ਪ੍ਰਿਅੰਕਾ ਗਾਂਧੀ ਨੇ ਪਹਿਲੀ ਵਾਰ ਭਾਸ਼ਣ 1998 ਵਿੱਚ ਜਦੋਂ ਸੋਨੀਆ ਗਾਂਧੀ ਤਾਮਿਲਨਾਡੂ ਵਿੱਚੋਂ ਚੋਣ ਲੜਨ ਵੇਲੇ ਦਿੱਤਾ ਸੀ। ਉਸ ਤੋਂ ਬਾਅਦ ਅਕਤੂਬਰ 1999 ਵਿੱਚ ਸਤੀਸ਼ ਸ਼ਰਮਾ ਦੀ ਚੋਣ ਸਮੇਂ ਆਪਣੇ ਭਾਸ਼ਣ ਵਿੱਚ ਰਾਏ ਬਰੇਲੀ ਹਲਕੇ ਵਿੱਚ ਬੜੀ ਹੀ ਹਿਰਦੇਵੇਧਕ ਘਟਨਾ ਦਾ ਜ਼ਿਕਰ ਕਰਕੇ ਆਪਣੇ ਪਿਤਾ ਦੇ ਚਚੇਰੇ ਭਰਾ ਅਰੁਣ ਨਹਿਰੂ ਵਿਰੁੱਧ ਲੋਕਾਂ ਨੂੰ ਕਿਹਾ ਕੀ ਤੁਸੀਂ ਮੇਰੇ ਪਿਤਾ ਦੀ ਪਿੱਠ ਵਿੱਚ ਛੁਰਾ ਖੋਭਣ ਵਾਲੇ ਨੂੰ ਵੋਟ ਪਾਉਣਾ ਚਾਹੁੰਦੇ ਹੋ? ਜਿਹੜਾ ਮੇਰੇ ਪਿਤਾ ਦੇ ਮੰਤਰੀ ਮੰਡਲ ਵਿੱਚ ਮੰਤਰੀ ਸੀ। ਇਸ ਭਾਸ਼ਣ ਨੇ ਪਾਸਾ ਹੀ ਪਲਟ ਦਿੱਤਾ, ਜਿਸ ਕਰਕੇ ਸਤੀਸ਼ ਸ਼ਰਮਾ ਨੂੰ ਵੱਡੇ ਅੰਤਰ ਨਾਲ ਜਿੱਤ ਮਿਲੀ ਸੀ। ਪ੍ਰਿਅੰਕਾ ਦੇ ਭਾਸ਼ਣ ਤੋਂ ਅਗਲੇ ਦਿਨ ਭਾਰਤੀ ਜਨਤਾ ਪਾਰਟੀ ਦੇ ਦਿਗਜ਼ ਨੇਤਾ ਅਟਲ ਬਿਹਾਰੀ ਵਾਜਪਾਈ ਨੇ ਅਰੁਣ ਨਹਿਰੂ ਦੇ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਅਰੁਣ ਨਹਿਰੂ ਦੀ ਕਿਸਮਤ ਬਕਸਿਆਂ ਵਿੱਚ ਬੰਦ ਹੋ ਗਈ ਹੈ। ਅਟਲ ਬਿਹਾਰੀ ਵਾਜਪਾਈ ਦਾ ਇਸ਼ਾਰਾ ਪ੍ਰਿਅੰਕਾ ਗਾਂਧੀ ਦੇ ਭਾਸ਼ਣ ਤੋਂ ਸੀ।
2004 ਦੀਆਂ ਚੋਣਾਂ ਵਿੱਚ ਪ੍ਰਿਅੰਕਾ ਗਾਂਧੀ ਰਾਏ ਬਰੇਲੀ ਅਤੇ ਅਮੇਠੀ ਚੋਣ ਹਲਕਿਆਂ ਦੀ ਇਨਚਾਰਜ ਰਹੀ। 2012 ਦੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਦੇ 40 ਸਟਾਰ ਕੰਪੇਨਰਾਂ ਵਿੱਚੋਂ ਇੱਕ ਸੀ। ਹੁਣ ਵੇਖਣ ਵਾਲੀ ਗੱਲ ਹੈ ਕਿ ਪ੍ਰਿਅੰਕਾ ਗਾਂਧੀ ਕਿਹੜੇ ਚਮਤਕਾਰ ਨਾਲ ਕਾਂਗਰਸ ਦੀਆਂ ਇਛਾਵਾਂ ਦੀ ਪੂਰਤੀ ਕਰੇਗੀ। ਕੀ ਕਾਂਗਰਸ ਦਾ ਪ੍ਰਿਅੰਕਾ ਨੂੰ ਉਤਾਰਨਾ ਪਾਰਟੀ ਲਈ ਲਾਭਦਾਇਕ ਹੋਵੇਗਾ ਜਾਂ ਖੂਹ ਵਿੱਚੋਂ ਕੱਢਕੇ ਖਾਈ ਵਿੱਚ ਸੁੱਟੇਗਾ? ਨਰਿੰਦਰ ਮੋਦੀ ਵੋਟਾਂ ਲਈ ਮਾਰਕੀਟਿੰਗ ਦਾ ਮਾਹਰ ਗਿਣਿਆ ਜਾਂਦਾ ਹੈ। ਵੇਖਣ ਵਾਲੀ ਗੱਲ ਹੈ ਕਿ ਪ੍ਰਿਅੰਕਾ ਗਾਂਧੀ ਉਸਦੇ ਮੁਕਾਬਲੇ ਮਾਰਕੀਟਿੰਗ ਕਰ ਸਕੇਗੀ ਕਿ ਨਹੀਂ? ਇੱਕ ਗੱਲ ਤਾਂ ਸ਼ਪਸ਼ਟ ਹੈ ਕਿ ਨਰਿੰਦਰ ਮੋਦੀ ਅਤੇ ਅਦਿਤਿਆ ਨੰਦ ਨੂੰ ਵਕਤ ਪਾ ਕੇ ਉੱਤਰ ਪ੍ਰਦੇਸ਼ ਤੱਕ ਹੀ ਸੀਮਤ ਕਰ ਦਵੇਗੀ, ਜਿਸ ਕਰਕੇ ਉਹ ਦੇਸ਼ ਦੇ ਬਾਕੀ ਹਿੰਸਿਆਂ ਵਿੱਚ ਚੋਣ ਪ੍ਰਚਾਰ ਬੇਖ਼ਬਰ ਹੋ ਕੇ ਨਹੀਂ ਕਰ ਸਕਣਗੇ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ!
*****
(1477)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)







































































































