UjagarSingh7ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਾਉਣ ਲਈ ...
(27 ਅਕਤੂਬਰ 2021)

 

DarshanSFerumann21960ਵਿਆਂ ਵਿੱਚ ਜਦੋਂ ਸਿੱਖ ਧਰਮ ਦੇ ਅਨੁਆਈਆਂ ਵਿੱਚ ਸਿੱਖ ਧਰਮ ਦੀਆਂ ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਉਲੰਘਣਾ ਦਾ ਬੋਲਬਾਲਾ ਹੋ ਗਿਆ, ਸਿੱਖ ਲੀਡਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਅਰਦਾਸ ਕਰਕੇ ਮੁਕਰਨ ਲੱਗ ਪਏ ਤਾਂ ਇੱਕ ਮਰਦੇ ਮੁਜਾਹਿਦ, ਸਿੱਖ ਧਰਮ ਦੀ ਵਿਚਾਰਧਾਰਾ ਦਾ ਪਰਪੱਕ ਸ਼ਰਧਾਵਾਨ ਦੇਸ਼ ਭਗਤ ਦਰਸ਼ਨ ਸਿੰਘ ਫੇਰੂਮਾਨ ਅੱਗੇ ਆਇਆ ਅਤੇ ਆਪਣੇ ਜੀਵਨ ਦੀ ਆਹੂਤੀ ਦੇ ਕੇ ਮਿਸਾਲ ਪੈਦਾ ਕਰ ਗਿਆ। ਧਰਮ ਦੇ ਨਾਂ ’ਤੇ ਸਿਆਸਤ ਕਰਨ ਵਾਲਿਆਂ ਨੂੰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਲੋਕਾਂ ਵਿੱਚ ਉਨ੍ਹਾਂ ਦਾ ਸਤਿਕਾਰ ਬਣ ਸਕੇ।

ਅੱਜ ਦੇ ਸਿੱਖ ਸਿਆਸਤਦਾਨ ਧਰਮ ਦੀ ਪ੍ਰਫੁਲਤਾ ਲਈ ਕੰਮ ਕਰਨ ਦੀ ਥਾਂ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਕੰਮ ਕਰਦੇ ਹਨ, ਜਿਸ ਕਰਕੇ ਲੋਕਾਂ ਦਾ ਉਨ੍ਹਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਪੰਜਾਬ ਦੇ, ਖਾਸ ਤੌਰ ’ਤੇ ਅਕਾਲੀ ਦਲ ਦੇ ਸਿੱਖ ਸਿਆਸਤਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਕਰਕੇ ਸ਼ੁਰੂ ਕੀਤੇ ਕੰਮਾਂ ਦੇ ਨੇਪਰੇ ਚੜ੍ਹਨ ਤੋਂ ਪਹਿਲਾਂ ਹੀ ਪਿੱਛੇ ਹਟ ਗਏ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ, ਅਰਦਾਸ ਦੀ ਮਰਿਆਦਾ ਅਤੇ ਪਰੰਪਰਾ ਨੂੰ ਬਹਾਲ ਕਰਨ ਲਈ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੇ ਜੀਵਨ ਦੀ ਆਹੂਤੀ ਦਿੱਤੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਦਰਸਾਇਆ ਜਾ ਸਕੇ ਕਿ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋਤਮ ਅਤੇ ਪਵਿੱਤਰ ਗ੍ਰੰਥ ਹੈ

ਦਰਸ਼ਨ ਸਿੰਘ ਫੇਰੂਮਾਨ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਫੇਰੂਮਾਨ ਵਿਖੇ 1 ਅਗਸਤ 1885 ਨੂੰ ਚੰਦਾ ਸਿੰਘ ਅਤੇ ਮਾਤਾ ਰਾਜ ਕੌਰ ਦੇ ਘਰ ਹੋਇਆ ਸੀ ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਆਪ 1912 ਵਿੱਚ ਫ਼ੌਜ ਵਿੱਚ ਸਿਪਾਹੀ ਭਰਤੀ ਹੋ ਗਏ ਮੁਢਲੇ ਤੌਰ ’ਤੇ ਆਪ ਧਾਰਮਿਕ ਖਿਆਲਾਂ ਦੇ ਵਿਅਕਤੀ ਸਨ ਇਸ ਕਰਕੇ ਫ਼ੌਜ ਵਿੱਚ ਵੀ ਆਪ ਦਾ ਮਨ ਨਾ ਲੱਗਿਆ ਅਤੇ ਦੋ ਸਾਲ ਪਿੱਛੋਂ ਹੀ 1914 ਵਿੱਚ ਅਸਤੀਫਾ ਦੇ ਕੇ ਵਾਪਸ ਘਰ ਆ ਗਏ ਉਸ ਤੋਂ ਬਾਅਦ ਹਿਸਾਰ ਵਿਖੇ ਠੇਕੇਦਾਰੀ ਸ਼ੁਰੂ ਕਰ ਲਈ ਠੇਕੇਦਾਰੀ ਵਿੱਚ ਵੀ ਕਈ ਅਜਿਹੇ ਕੰਮ ਕਰਨੇ ਪੈਂਦੇ ਸਨ, ਜਿਨ੍ਹਾਂ ਲਈ ਆਪਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਸੀ ਇਸ ਕਾਰੋਬਾਰ ਵਿੱਚ ਵੀ ਆਪ ਬਹੁਤੀ ਦੇਰ ਟਿਕ ਨਾ ਸਕੇ ਇਸ ਲਈ ਆਪ ਨੇ ਆਪਣੇ ਆਪ ਨੂੰ ਧਾਰਮਿਕ ਕੰਮਾਂ ਨਾਲ ਹੀ ਜੋੜ ਲਿਆ ਆਪ ਇਰਾਦੇ ਦੇ ਬੜੇ ਪੱਕੇ ਸਨ। ਜੋ ਕੰਮ ਕਰਨ ਦਾ ਮਨ ਬਣਾ ਲੈਂਦੇ ਸਨ, ਉਸ ਨੂੰ ਨੇਪਰੇ ਚਾੜ੍ਹਕੇ ਹੀ ਦਮ ਲੈਂਦੇ ਸਨ, ਭਾਵੇਂ ਉਸ ਲਈ ਆਪ ਨੂੰ ਕਿੰਨੀਆਂ ਹੀ ਮੁਸ਼ਕਲਾਂ ਦਾ ਟਾਕਰਾ ਕਿਉਂ ਨਾ ਕਰਨਾ ਪਵੇ

ਅਸਲ ਵਿੱਚ ਦਰਸ਼ਨ ਸਿੰਘ ਫੇਰੂਮਾਨ ਦ੍ਰਿੜ੍ਹ ਇਰਾਦੇ ਵਾਲੇ ਇਨਸਾਨ ਸਨ ਉਸ ਸਮੇਂ ਗੁਰਦੁਆਰਾ ਸਾਹਿਬਾਨ ’ਤੇ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਦਾ ਕਬਜ਼ਾ ਹੁੰਦਾ ਸੀ ਤੇ ਮਹੰਤ ਉੱਥੇ ਸਿੱਖੀ ਰਵਾਇਤਾਂ ਦੇ ਉਲਟ ਕੰਮ ਕਰਦੇ ਸਨ ਸਿੱਖਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਮਹੰਤਾਂ ਤੋਂ ਚਾਬੀਆਂ ਲੈਣ ਦਾ ਮੋਰਚਾ ਲਾ ਦਿੱਤਾ। ਉਸ ਸਮੇਂ ਅਜੇ ਆਪ ਠੇਕੇਦਾਰੀ ਦਾ ਕਿਤਾ ਹੀ ਕਰ ਰਹੇ ਸਨ ਤਾਂ ਆਪ ਦੇ ਸੁਭਾਅ ਅਤੇ ਕਿਰਦਾਰ ਤੋਂ ਪ੍ਰਭਾਵਤ ਹੋ ਕੇ ਇੱਕ ਬਜ਼ੁਰਗ ਇਸਤਰੀ ਨੇ ਆਪ ਨੂੰ ਇਸ ਮੋਰਚੇ ਵਿੱਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੱਤੀ ਆਪ ਠੇਕੇਦਾਰੀ ਦੇ ਕੰਮ ਨੂੰ ਤਿਲਾਂਜਲੀ ਦੇ ਕੇ ਇਸ ਮੋਰਚੇ ਵਿੱਚ ਸ਼ਾਮਲ ਹੋ ਗਏ ਇਸ ਮੋਰਚੇ ਵਿੱਚ ਹਿੱਸਾ ਲੈਣ ਕਰਕੇ ਆਪ ਨੂੰ 1921 ਵਿੱਚ ਗ੍ਰਿਫ਼ਤਾਰ ਕਰ ਲਿਆ ਅਤੇ ਇੱਕ ਸਾਲ ਦੀ ਸਜ਼ਾ ਹੋ ਗਈ ਇਸ ਤੋਂ ਬਾਅਦ ਆਪ ਨੇ ਫੇਰੂਮਾਨ ਨੇ ਧਾਰਮਿਕ ਕੰਮਾਂ ਵਿੱਚ ਵਧ ਚੜ੍ਹਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਜਿਸਦੇ ਸਿੱਟੇ ਵਜੋਂ ਆਪ ਜੈਤੋ ਦੇ ਮੋਰਚੇ ਵਿੱਚ ਵੀ ਸ਼ਾਮਲ ਹੋ ਗਏ ਅਤੇ 1924 ਵਿੱਚ ਆਪ ਇਸ ਮੋਰਚੇ ਵਿੱਚ 14ਵਾਂ ਸ਼ਹੀਦੀ ਜਥਾ ਲੈ ਕੇ ਗਏ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 10 ਮਹੀਨੇ ਦੀ ਸਜ਼ਾ ਹੋ ਗਈ

ਫਿਰ ਕਾਂਗਰਸ ਪਾਰਟੀ ਨੇ ਨਾਮਿਲਵਰਤਨ ਦਾ ਅੰਦੋਲਨ ਸ਼ੁਰੂ ਕਰ ਦਿੱਤਾ ਉਸ ਸਮੇਂ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਪਾਰਟੀਆਂ ਆਪਸ ਵਿੱਚ ਮਿਲਕੇ ਕੰਮ ਕਰਦੀਆਂ ਸਨ ਕਿਉਂਕਿ ਦੋਹਾਂ ਪਾਰਟੀਆਂ ਦਾ ਇੱਕੋ ਮਕਸਦ ਦੇਸ਼ ਨੂੰ ਅਜ਼ਾਦ ਕਰਾਉਣਾ ਸੀ ਇਸ ਨਾਮਿਲਵਰਤਨ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਸੰਬੰਧੀ ਅਕਾਲੀ ਦਲ ਵਿੱਚ ਵਿਚਾਰਾਂ ਦਾ ਵਖਰੇਵਾਂ ਪੈਦਾ ਹੋ ਗਿਆ ਮਾਸਟਰ ਤਾਰਾ ਸਿੰਘ ਅਤੇ ਦਰਸ਼ਨ ਸਿੰਘ ਫੇਰੂਮਾਨ ਨੇ ਇਸ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। 14 ਮਹੀਨੇ ਦੀ ਸਜ਼ਾ ਹੋਈ

ਦਰਸ਼ਨ ਸਿੰਘ ਫੇਰੂਮਾਨ 1926 ਵਿੱਚ ਮਲਾਇਆ ਚਲੇ ਗਏ। ਮਲਾਇਆ ਵਿੱਚ ਵੀ ਆਪਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ, ਜਿਸ ਕਰਕੇ ਆਪ ਨੂੰ ਬ੍ਰਿਟਿਸ਼ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਜਦੋਂ ਜੇਲ੍ਹ ਵਿੱਚ ਜਦੋਂ ਆਪ ਨੂੰ ਸਿੱਖਾਂ ਦੇ ਪੰਜ ਕਕਾਰ ਪਹਿਨਣ ਤੋਂ ਰੋਕਿਆ ਗਿਆ ਤਾਂ ਆਪ ਨੇ ਭੁੱਖ ਹੜਤਾਲ ਕਰ ਦਿੱਤੀ ਇਹ ਭੁੱਖ ਹੜਤਾਲ 21 ਦਿਨ ਚੱਲੀ। ਬ੍ਰਿਟਿਸ਼ ਸਰਕਾਰ ਨੂੰ ਝੁਕਣਾ ਪਿਆ ਅਤੇ ਆਪ ਨੂੰ ਜੇਲ੍ਹ ਵਿੱਚ ਪੰਜ ਕਕਾਰ ਪਹਿਨਣ ਦੀ ਇਜਾਜ਼ਤ ਮਿਲ ਗਈ। ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਆਪ ਵਾਪਸ ਭਾਰਤ ਆ ਗਏ

ਭਾਰਤ ਵਾਪਸ ਆ ਕੇ ਦਰਸ਼ਨ ਸਿੰਘ ਫੇਰੂਮਾਨ ਨੇ ਸਿਵਿਲ ਨਾ ਫੁਰਮਾਨੀ ਅਤੇ ਭਾਰਤ ਛੋੜੋ ਅੰਦੋਲਨਾਂ ਵਿੱਚ ਵੀ ਵੱਧ ਚੜ੍ਹਕੇ ਹਿੱਸਾ ਲਿਆ ਆਪ ਕਈ ਸਾਲ ਲਗਾਤਾਰ ਸ਼ਰੋਮਣੀ ਕਮੇਟੀ ਦੇ ਮੈਂਬਰ ਰਹੇ ਦੋ ਵਾਰ ਆਪ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹੇ ਆਪ 1958 ਵਿੱਚ ਪੰਜਾਬ ਕਾਂਗਰਸ ਦੇ ਉਮੀਦਵਾਰ ਦੇ ਤੌਰ ’ਤੇ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1964 ਤਕ ਇਸ ਅਹੁਦੇ ’ਤੇ ਰਹੇ

ਫਿਰ ਦਰਸ਼ਨ ਸਿੰਘ ਫੇਰੂਮਾਨ ਨੇ ਸੁਤੰਤਰ ਪਾਰਟੀ ਬਣਾ ਲਈ। ਆਪ ਉਸਦੇ ਫਾਊਂਡਰ ਪ੍ਰਧਾਨ ਬਣ ਗਏ ਆਪ ਅਕਾਲੀ ਦਲ ਦੇ ਲੀਡਰਾਂ ਦੀਆਂ ਸਰਗਰਮੀਆਂ ਤੋਂ ਬਹੁਤ ਹੀ ਮਾਯੂਸ ਸਨ ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਾਉਣ ਲਈ ਸਹੁੰ ਚੁੱਕ ਕੇ ਉਸ ਤੋਂ ਲਗਾਤਾਰ ਮੁੱਕਰਦੇ ਰਹੇ ਸੰਤ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੱਘ ਵੱਲੋਂ ਵਾਰ ਵਾਰ ਮਰਨ ਵਰਤ ਰੱਖ ਕੇ ਤੋੜਨ ਦਾ ਉਨ੍ਹਾਂ ਨੇ ਬਹੁਤ ਹੀ ਬੁਰਾ ਮਨਾਇਆ। ਆਪ ਦੇ ਮਨ ਨੂੰ ਇਨ੍ਹਾਂ ਲੀਡਰਾਂ ਦੀਆਂ ਕਾਰਵਾਈਆਂ ਨੇ ਗਹਿਰੀ ਠੇਸ ਪਹੁੰਚਾਈ ਉਨ੍ਹਾਂ ਮਹਿਸੂਸ ਕੀਤਾ ਕਿ ਸਿੱਖ ਲੀਡਰਾਂ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਪ੍ਰੇਰਨਾ ਨਹੀਂ ਮਿਲੇਗੀ, ਸਗੋਂ ਉਹ ਗੁਰੂ ਤੋਂ ਬੇਮੁਖ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨਵੀਂ ਪੀੜ੍ਹੀ ਨੂੰ ਰਾਹ ਦਿਖਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਬਣਾਈ ਰੱਖਣ ਲਈ 15 ਅਗਸਤ 1969 ਨੂੰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਾਉਣ ਲਈ ਕੇਂਦਰ ਸਰਕਾਰ ਉੱਤੇ ਦਬਾਅ ਪਾਉਣ ਦੇ ਇਰਾਦੇ ਨਾਲ ਅਣਮਿਥੇ ਸਮੇਂ ਲਈ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ

ਉਸ ਸਮੇਂ ਪੰਜਾਬ ਵਿੱਚ ਅਕਾਲੀ ਦਲ ਦੀ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਸੀ ਸਰਕਾਰ ਨੇ ਦਰਸ਼ਨ ਸਿੰਘ ਫੇਰੂਮਾਨ ਨੂੰ 12 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਆਪਨੇ ਅੰਮ੍ਰਿਤਸਰ ਜੇਲ੍ਹ ਵਿੱਚ ਹੀ ਮਰਨ ਵਰਤ ਰੱਖ ਦਿੱਤਾ ਆਪਦੀ ਹਾਲਤ ਵਿਗੜਦੀ ਵੇਖ ਕੇ ਜਬਰੀ ਖਾਣ ਪੀਣ ਲਈ ਦੇਣ ਦੇ ਇਰਾਦੇ ਨਾਲ 26 ਅਗਸਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਪ੍ਰੰਤੂ ਆਪਨੇ ਜ਼ਬਰਦਸਤੀ ਦਿੱਤੀ ਜਾਣ ਵਾਲੀ ਖੁਰਾਕ ਲੈਣ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਦਾ ਮਰਨ ਵਰਤ ਖੁੱਲ੍ਹਵਾਉਣ ਲਈ ਬਹੁਤ ਢੰਗ ਵਰਤੇ ਗਏ ਪ੍ਰੰਤੂ ਆਪ ਆਪਣੇ ਮੰਤਵ ਦੀ ਪ੍ਰਾਪਤੀ ਲਈ ਅੜੇ ਰਹੇ ਉਨ੍ਹਾਂ ਦਾ ਰੱਖਿਆ ਮਰਨ ਵਰਤ 74 ਦਿਨ ਚੱਲਿਆ ਅਤੇ ਅਖੀਰ 27 ਅਕਤੂਬਰ 1969 ਨੂੰ ਉਹ ਸਿੱਖ, ਸਿੱਖੀ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਆਪਣੇ ਜੀਵਨ ਦੀ ਆਹੂਤੀ ਦੇ ਗਏ

ਬੜੇ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਅੱਜ ਤਕ ਵੀ ਕੇਂਦਰ ਸਰਕਾਰ ਨੇ ਇਹ ਮੰਗ ਪੂਰੀ ਨਹੀਂ ਕੀਤੀ ਇਸ ਤੋਂ ਵੀ ਸ਼ਰਮਨਾਕ ਗੱਲ ਹੈ ਕਿ ਅਕਾਲੀ ਦਲ ਅਤੇ ਸਿੱਖ ਲੀਡਰਸ਼ਿੱਪ, ਜਿਨ੍ਹਾਂ ਉਸ ਮਹਾਨ ਸ਼ਹੀਦ ਤੋਂ ਕੋਈ ਪ੍ਰੇਰਨਾ ਤਾਂ ਕੀ ਲੈਣੀ ਸੀ, ਉਨ੍ਹਾਂ ਅੱਜ ਤਕ ਰਾਜ ਭਾਗ ਹੁੰਦਿਆਂ-ਸੁੰਦਿਆਂ ਕਦੀ ਵੀ ਉਸ ਮਹਾਨ ਸਪੂਤ ਨੂੰ ਯਾਦ ਨਹੀਂ ਕੀਤਾ ਕਾਂਗਰਸੀ ਨੇਤਾ ਸੋਹਣ ਸਿੰਘ ਜਲਾਲਉਸਮਾ ਨੇ ਸਵਰਨ ਸਿੰਘ, ਗਿਆਨੀ ਜ਼ੈਲ ਸਿੰਘ ਅਤੇ ਗੁਰਦਿਆਲ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਦਰਸ਼ਨ ਸਿੰਘ ਫੇਰੂਮਾਨ ਟ੍ਰਸਟ ਬਣਾਕੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵਿਮੈਨ ਰਈਆ ਵਿਖੇ ਸਥਾਪਤ ਕੀਤੇ ਸੋਹਣ ਸਿੰਘ ਜਲਾਲਉਸਮਾ ਨੇ ਇਨ੍ਹਾਂ ਦੋਵਾਂ ਸੰਸਥਾਵਾਂ ਲਈ ਜ਼ਮੀਨ ਖਰੀਦੀ ਇਨ੍ਹਾਂ ਦੋਵਾਂ ਸੰਸਥਾਵਾਂ ਵਿੱਚ ਸ੍ਰ. ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਵਿੱਚ ਹਰ ਸਾਲ ਸਮਾਗਮ ਕੀਤੇ ਜਾਂਦੇ ਹਨ

ਸੰਗਰੂਰ ਵਿਖੇ ਵੀ ਇੱਕ ਪਾਰਕ ਵਿੱਚ ਦਰਸ਼ਨ ਸਿੰਘ ਫੇਰੂਮਾਨ ਦਾ ਬੁੱਤ ਲਗਾਇਆ ਗਿਆ ਸੀ, ਜਿਸਦਾ ਉਦਘਾਟਨ ਉਸ ਸਮੇਂ ਦੇ ਲੋਕ ਸਭਾ ਦੇ ਸਪੀਕਰ ਗੁਰਦਿਆਲ ਸਿੰਘ ਢਿੱਲੋਂ ਨੇ ਕੀਤਾ ਸੀ ਇਸ ਪਾਰਕ ਦੀ ਹਾਲਤ ਅੱਜ ਬਹੁਤ ਹੀ ਚਿੰਤਾਜਨਕ ਹੈ ਕਦੀ ਕੋਈ ਸਫਾਈ ਨਹੀਂ ਕੀਤੀ ਜਾਂਦੀ ਅਕਾਲੀ ਦਲ ਦੀ ਪੰਜਾਬ ਵਿੱਚ 7 ਵਾਰ ਸਰਕਾਰ ਰਹੀ ਹੈ, ਅੱਜ ਤਕ ਨਾ ਤਾਂ ਸਰਕਾਰ ਨੇ ਕੋਈ ਯਾਦਗਾਰ ਬਣਾਈ ਹੈ ਅਤੇ ਨਾ ਹੀ ਦਰਸ਼ਨ ਸਿੰਘ ਫੇਰੂਮਾਨ ਨੂੰ ਕਦੀ ਕਿਸੇ ਸਮਾਗਮ ਵਿੱਚ ਯਾਦ ਕੀਤਾ ਹੈ ਅਕਾਲੀ ਦਲ ਨੇ ਹਮੇਸ਼ਾ ਆਪਣੇ ਸ਼ਹੀਦਾਂ ਬਾਰੇ ਦੋਗਲੀ ਨੀਤੀ ਇਖਤਿਆਰ ਕੀਤੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3106)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author