“ਜਿਵੇਂ ਸੁਰਜੀਤ ਨੇ ਕਵਿੱਤਰੀ ਦੇ ਤੌਰ ’ਤੇ ਲੋਕਾਂ ਦੇ ਮਨਾਂ ਨੂੰ ਝੰਜੋੜਕੇ ...”
(7 ਨਵੰਬਰ 2019)
ਸੁਰਜੀਤ ਪੰਜਾਬੀ ਦੀ ਸੰਜੀਦਾ, ਚਿੰਤਕ, ਸੁੱਘੜ ਅਤੇ ਸਮਤੁਲ ਸਾਹਿਤਕਾਰ ਹੈ। ਉਹ ਕਵਿਤਾ ਅਤੇ ਕਹਾਣੀ ਲਿਖਦੀ ਹੀ ਨਹੀਂ ਸਗੋਂ ਆਪ ਕਵਿਤਾ ਅਤੇ ਕਹਾਣੀ ਬਣਕੇ ਜ਼ਿੰਦਗੀ ਵਿੱਚ ਵਿਚਰਦੀ ਹੈ। ਉਹ ਅੰਦਰੋਂ ਤੇ ਬਾਹਰੋਂ ਇੱਕੋ ਜਿਹੀ ਹੈ। ਕਹਿਣੀ ਤੇ ਕਰਨੀ ਦੀ ਪ੍ਰਤੀਕ ਹੈ। ਉਸਨੇ ਹੁਣ ਤੱਕ ਤਿੰਨ ਕਾਵਿ ਸੰਗ੍ਰਹਿ ‘ਸ਼ਿਕਸਤ ਰੰਗ’, ‘ਹੇ ਸਖੀ’ ਅਤੇ ‘ਵਿਸਮਾਦ’ ਪ੍ਰਕਾਸ਼ਤ ਕੀਤੇ ਹਨ। ‘ਸ਼ਿਕਸਤ ਰੰਗ’ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਤ ਹੋਇਆ ਹੈ। ਇੱਕ ਕਾਵਿ ਸੰਗ੍ਰਹਿ ‘ਕੂੰਜਾਂ’ ਦੀ ਸਹਿ ਸੰਪਾਦਨਾ ਕੀਤੀ ਹੈ।
ਮੁੱਢਲੇ ਤੌਰ ’ਤੇ ਸੁਰਜੀਤ ਕਵਿੱਤਰੀ ਹੈ ਪ੍ਰੰਤੂ ‘ਪਾਰਲੇ ਪੁਲ’ ਉਸਦੀ ਪਲੇਠੀ ਕਹਾਣੀਆਂ ਦੀ ਪੁਸਤਕ ਹੈ। ਕਵਿੱਤਰੀ ਹੋਣ ਕਰਕੇ ਉਸਦੀਆਂ ਕਹਾਣੀਆਂ ਦੀ ਸ਼ੈਲੀ ਵੀ ਕਾਵਿਕ ਹੀ ਹੈ, ਜਿਸ ਕਰਕੇ ਪਾਠਕ ਦੀ ਦਿਲਚਸਪੀ ਬਣੀ ਰਹਿੰਦੀ ਹੈ। ਭਾਵੇਂ ਉਸਨੇ ਸਕੂਲ ਸਮੇਂ ਵਿੱਚ ਹੀ ਕਵਿਤਾਵਾਂ ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਪ੍ਰੰਤੂ ਇਨ੍ਹਾਂ ਨੂੰ ਪੁਸਤਕ ਦੇ ਰੂਪ ਵਿੱਚ 2005 ਵਿੱਚ ਲਿਆਂਦਾ ਸੀ। ਉਸਦੀਆਂ ਇਸ ਪੁਸਤਕ ਵਿਚਲੀਆਂ ਕਹਾਣੀਆਂ ਪਰਵਾਸ ਵਿੱਚ ਪਰਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਜ਼ਮੀਨੀ ਹਕੀਕਤਾਂ ਦਾ ਪ੍ਰਗਟਾਵਾ ਕਰਦੀਆਂ ਹਨ। ਪਰਵਾਸ ਵਿੱਚ ਵੀ ਉਸਨੇ ਕਈ ਦੇਸ਼ਾਂ ਵਿੱਚ ਰਹਿੰਦਿਆਂ ਜੱਦੋਜਹਿਦ ਵਾਲਾ ਜੀਵਨ ਬਸਰ ਕੀਤਾ ਹੈ। ਜ਼ਿੰਦਗੀ ਦੇ ਇਸ ਸਫਰ ਵਿੱਚ ਅਨੇਕਾਂ ਤਲਖ਼ ਸਚਾਈਆਂ ਦਾ ਸਾਹਮਣਾ ਕਰਦਿਆਂ ਅਤੇ ਪਰਵਾਸ ਵਿੱਚ ਵਿਚਰਦਿਆਂ ਜਿਹੜੀਆਂ ਸਮੱਸਿਆਵਾਂ ਨਾਲ ਦੋ ਹੱਥ ਕੀਤੇ, ਉਸੇ ਤਜਰਬੇ ਦੇ ਆਧਾਰ ਉੱਤੇ ਉਨ੍ਹਾਂ ਨੂੰ ਆਪਣੀ ਇਸ ਪੁਸਤਕ ਵਿੱਚ ਕਹਾਣੀਆਂ ਦੇ ਰੂਪ ਵਿੱਚ ਪੇਸ਼ ਕੀਤਾ ਹੈ।
128 ਪੰਨਿਆਂ, 200 ਰੁਪਏ ਕੀਮਤ, 10 ਕਹਾਣੀਆਂ ਵਾਲੀ ਇਹ ਪੁਸਤਕ ਪਰਵਾਜ਼ ਪਬਲੀਕੇਸ਼ਨ ਜਲੰਧਰ ਨੇ ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਦੀਆਂ ਦੋ ਕਹਾਣੀਆਂ ‘ਜਗਦੀਆਂ ਅੱਖਾਂ ਦਾ ਤਲਿੱਸਮ’ ਅਤੇ ‘ਲੋਹ-ਪੁਰਸ਼’ ਦੋ ਵਿਅਕਤੀਆਂ ਦੀ ਜ਼ਿੰਦਗੀ ਪ੍ਰਤੀ ਬਚਨਬੱਧਤਾ ਦਾ ਸਬੂਤ ਹਨ ਪ੍ਰੰਤੂ ਸੁਰਜੀਤ ਨੇ ਉਨ੍ਹਾਂ ਨੂੰ ਅਜਿਹੀ ਸ਼ਬਦਾਬਲੀ ਦਿੱਤੀ ਹੈ ਕਿ ਪਾਠਕ ਵਿੱਚ ਉਨ੍ਹਾਂ ਨੂੰ ਪੜ੍ਹਦਿਆਂ ਰੌਚਿਕਤਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ।
ਇਸ ਪੁਸਤਕ ਦੇ ਨਾਂ ਵਾਲੀ ਪਹਿਲੀ ਕਹਾਣੀ ‘ਪਾਰਲੇ ਪੁਲ’ ਹੈ, ਜਿਸ ਵਿੱਚ ਲੇਖਕਾ ਨੇ ਅਮਰੀਕਾ ਵਿੱਚ ਰਹਿੰਦਿਆਂ ਸਮਾਜਿਕ ਤਾਣੇ-ਬਾਣੇ ਬਾਰੇ ਜੋ ਮਹਿਸੂਸ ਕੀਤਾ ਹੈ, ਉਸਨੂੰ ਇਸ ਕਹਾਣੀ ਦਾ ਵਿਸ਼ਾ ਬਣਾਇਆ ਹੈ। ਮੁੱਢਲੇ ਤੌਰ ’ਤੇ ਅਮਰੀਕਾ ਦੀ ਦੋਗਲੀ ਨੀਤੀ ਤੇ ਕਿੰਤੂ ਪ੍ਰੰਤੂ ਕੀਤਾ ਗਿਆ ਹੈ ਕਿਉਂਕਿ ਅਮਰੀਕਾ ਦਾ ਪ੍ਰਬੰਧ ਸੰਸਾਰ ਦੇ ਹੋਰ ਦੇਸ਼ਾਂ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ ਨੂੰ ਸੰਜੀਦਗੀ ਨਾਲ ਨਹੀਂ ਲੈਂਦਾ ਪ੍ਰੰਤੂ ਜਦੋਂ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਵਰਲਡ ਟਰੇਡ ਸੈਂਟਰ ਉੱਤੇ ਹਮਲਾ ਹੁੰਦਾ ਹੈ ਤਾਂ ਉਸਨੂੰ ਸੰਸਾਰ ਵਿੱਚ ਸਭ ਤੋਂ ਵੱਡੀ ਹਿੰਸਕ ਕਾਰਵਾਈ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਲੇਖਕਾ ਦਾ ਭਾਵ ਹੈ ਕਿ ਅਜਿਹੀਆਂ ਹਿੰਸਕ ਕਾਰਵਾਈਆਂ ਵਿੱਚ ਡੁੱਲ੍ਹਣ ਵਾਲਾ ਖ਼ੂਨ ਸਾਰੇ ਸੰਸਾਰ ਦੇ ਲੋਕਾਂ ਦਾ ਇੱਕੋ ਜਿਹਾ ਹੁੰਦਾ ਹੈ। ਇਹ ਲੇਖਕਾ ਦੀ ਇਨਸਾਨੀ ਜ਼ਿੰਦਗੀ ਬਾਰੇ ਸੰਜੀਦਗੀ ਦਾ ਪ੍ਰਗਟਾਵਾ ਕਰਦਾ ਹੈ। ਸੁਰਜੀਤ ਦੀ ਇਸ ਕਹਾਣੀ ਦੀ ਕਮਾਲ ਇਹ ਹੈ ਕਿ ਇਸ ਵਿੱਚ ਬਹੁਤ ਮਹੱਤਵਪੂਰਨ ਵਿਸ਼ਿਆਂ ਨੂੰ ਲਿਆ ਗਿਆ ਹੈ। ਇਹ ਕਹਾਣੀ ਕਿਸੇ ਇੱਕ ਵਿਸ਼ੇ ਦੇ ਆਲੇ ਦੁਆਲੇ ਨਹੀਂ ਘੁੰਮਦੀ। ਇਸ ਵਿੱਚ ਨਸਲੀ ਵਿਤਕਰੇ, ਪਰਵਾਸੀਆਂ ਦੀ ਰੋਜ਼ੀ ਰੋਟੀ ਲਈ ਜੱਦੋਜਹਿਦ, ਮਾਂ ਬਾਪ ਦੀ ਬੱਚਿਆਂ ਵੱਲੋਂ ਅਣਗਹਿਲੀ ਕਰਕੇ ਇਕੱਲਤਾ, ਇਨਸਾਨਾਂ ਨਾਲੋਂ ਜਾਨਵਰਾਂ ਦੀ ਜ਼ਿਆਦਾ ਮਹੱਤਤਾ ਅਤੇ ਉਨ੍ਹਾਂ ਦੇ ਕਿਰਿਆ ਕਰਮਾਂ ਦਾ ਪਾਖੰਡ ਨੂੰ ਵਿਸ਼ੇ ਬਣਾਇਆ ਗਿਆ ਹੈ। ਪਰਵਾਸੀ ਬਹੁਤ ਜਲਦੀ ਆਪਣੀ ਵਿਰਾਸਤ ਨੂੰ ਭੁੱਲਕੇ ਪੈਰ ਛੱਡਕੇ ਗੋਰਿਆਂ ਦੀ ਨਕਲ ਕਰਨ ਵਰਗੇ ਪਾਖੰਡ ਕਰਨ ਲੱਗ ਜਾਂਦੇ ਹਨ। ਇਨਸਾਨਾਂ ਨਾਲੋਂ ਜਾਨਵਰਾਂ ਦੇ ਜੀਵਨ ਨੂੰ ਬਿਹਤਰ ਸਮਝਿਆ ਜਾਂਦਾ ਹੈ ਕਿਉਂਕਿ ਗੋਰੇ ਲੋਕ ਸਮਾਜਿਕ ਰਿਸ਼ਤਿਆਂ ਦੇ ਨਿੱਘ ਦਾ ਆਨੰਦ ਮਾਨਣ ਅਤੇ ਰਿਸ਼ਤਿਆਂ ਦੇ ਬੰਧਨ ਵਿੱਚ ਬੱਝਕੇ ਜ਼ਿੰਮੇਵਾਰੀ ਨਿਭਾਉਣ ਤੋਂ ਕੰਨੀ ਕਤਰਾਉਂਦੇ ਹਨ।
‘ਆਇਲਨ ਤੇ ਐਵਨ’ ਕਹਾਣੀ ਮਨੁੱਖੀ ਭਾਵਨਾਵਾਂ ਨਾਲ ਲਬਰੇਜ਼ ਕਹਾਣੀ ਹੈ। ਇੱਕ ਪਾਸੇ ਦੇਸ਼ਾਂ ਦੇ ਘਰੇਲੂ ਯੁੱਧਾਂ ਕਰਕੇ ਆਇਲਨ ਅਤੇ ਉਸਦੇ ਪਰਿਵਾਰ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਆਇਲਨ ਦੀ ਸਮੁੰਦਰ ਦੇ ਕੰਢੇ ਪਈ ਲਾਸ਼ ਨੂੰ ਵੇਖਕ ਲੋਕ ਤ੍ਰਾਹ ਤ੍ਰਾਹ ਕਰਦੇ ਹਨ ਪ੍ਰੰਤੂ ਉੱਥੋਂ ਦੇ ਲੋਕ ਉਸਨੂੰ ਬਚਾ ਨਾ ਸਕੇ। ਦੂਜੇ ਪਾਸੇ ਐਵਨ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਪਤਾ ਲੱਗਣ ’ਤੇ ਉਸਦੀ ਜ਼ਿੰਦਗੀ ਵਿੱਚ ਰੰਗ ਭਰਨ ਲਈ ਉਸਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਤਾਂ ਜੋ ਉਸ ਨੂੰ ਖ਼ੁਸ਼ ਰੱਖਣ ਲਈ ਉਸਦੇ ਮਰਨ ਤੋਂ ਪਹਿਲਾਂ ਹੀ ਕ੍ਰਿਸਮਸ ਦਾ ਤਿਓਹਾਰ ਮਨਾਕੇ ਇੱਕਮੁੱਠਤਾ ਦਾ ਸਬੂਤ ਦਿੱਤਾ। ਦੋਵੇਂ ਘਟਨਾਵਾਂ ਮਨੁੱਖੀ ਹਿਰਦਿਆਂ ਨੂੰ ਵਲੂੰਧਰ ਦਿੰਦੀਆਂ ਹਨ। ਪਰਵਾਸ ਵਿੱਚ ਵਾਪਰ ਰਹੀਆਂ ਹਿੰਸਕ ਤੇ ਨਸਲੀ ਘਟਨਾਵਾਂ ਵੀ ਇਸ ਕਹਾਣੀ ਵਿੱਚ ਚਿੰਤਾ ਦਾ ਵਿਸ਼ਾ ਬਣਦੀਆਂ ਹਨ।
‘ਐਮਰਜੈਂਸੀ ਰੂਮ’ ਕਹਾਣੀ ਵਿੱਚ ਸੁਰਜੀਤ ਨੇ ਇਹ ਦੱਸਿਆ ਹੈ ਕਿ ਕੈਨੇਡਾ ਦੀਆਂ ਸਿਹਤ ਸਹੂਲਤਾਂ ਭਾਵੇਂ ਬਿਹਤਰੀਨ ਹਨ ਪ੍ਰੰਤੂ ਐਮਰਜੈਂਸੀ ਵਿੱਚ ਵੀ ਆਪੋ ਆਪਣੀ ਵਾਰੀ ਅਨੁਸਾਰ ਹੀ ਮਰੀਜ਼ ਵੇਖੇ ਜਾਂਦੇ ਹਨ। ਵਾਰੀ ਤੋੜਕੇ ਕਿਸੇ ਮਰੀਜ਼ ਨੂੰ ਅਟੈਂਡ ਨਹੀਂ ਕੀਤਾ ਜਾਂਦਾ ਭਾਵੇਂ ਉਹ ਕੰਨਾ ਵੀ ਮਰਨ ਕਿਨਾਰੇ ਹੋਵੇ। ਇੱਥੋਂ ਤੱਕ ਕਿ ਕਈ ਮਰੀਜ਼ ਵਾਰੀ ਦੀ ਉਡੀਕ ਕਰਦੇ ਹੀ ਸਵਰਗ ਸਿਧਾਰ ਜਾਂਦੇ ਹਨ। ਇਸ ਕਹਾਣੀ ਵਿੱਚ ਪੰਜਾਬੀਆਂ ਵੱਲੋਂ ਪਰਵਾਸ ਵਿੱਚ ਵਸਣ ਲਈ ਵਰਤੇ ਜਾ ਰਹੇ ਗ਼ਲਤ ਹੱਥਕੰਡਿਆਂ ਬਾਰੇ ਵੀ ਦਰਸਾਇਆ ਗਿਆ ਹੈ। ਪੰਜਾਬੀ ਨਸ਼ੇ ਆਦਿ ਦੇ ਚੱਕਰਾਂ ਵਿੱਚ ਪੈ ਕੇ ਬਦਨਾਮੀ ਖੱਟ ਰਹੇ ਹਨ, ਜਿਸ ਕਰਕੇ ਪੰਜਾਬੀਆਂ ਦਾ ਅਕਸ ਸੰਸਾਰ ਵਿੱਚ ਖਰਾਬ ਹੋ ਰਿਹਾ ਹੈ। ਇਸਦੇ ਨਾਲ ਹੀ ਕੈਨੇਡਾ ਦੇ ਬਹੁਪਰਤੀ ਸੱਭਿਆਚਾਰ ਦੀ ਪ੍ਰਸ਼ੰਸਾ ਕੀਤੀ ਗਈ ਹੈ।
‘ਸੁਰਖ਼ ਸਵੇਰ’ ਕਹਾਣੀ ਵਿੱਚ ਭਾਰਤੀ ਪਰਿਵਾਰ ਜਦੋਂ ਕੈਨੇਡਾ ਜਾਂਦੇ ਹਨ ਤਾਂ ਉਹ ਬਾਗੋ ਬਾਗ ਹੋ ਜਾਂਦੇ ਹਨ ਪ੍ਰੰਤੂ ਉੱਥੇ ਜਾ ਕੇ ਸੈਟਲ ਹੋਣ ਲਈ ਅਨੇਕਾਂ ਵੇਲਣ ਵੇਲਦੇ ਹਨ। ਕੈਨੇਡਾ ਵਸਣ ਤੋਂ ਬਾਅਦ ਕੁਝ ਭਾਰਤੀ ਆਪਣੇ ਸੱਭਿਆਚਾਰ ਤੋਂ ਮੁਨਕਰ ਹੋ ਜਾਂਦੇ ਹਨ। ਰਿਸ਼ਤਿਆਂ ਵਿੱਚ ਗਿਰਾਵਟ ਆ ਜਾਂਦੀ ਹੈ। ਕੈਨੇਡਾ ਦੇ ਰੰਗ ਵਿੱਚ ਰੰਗਕੇ ਆਪਣੀ ਵਿਰਾਸਤ ਨੂੰ ਵੀ ਅਣਡਿੱਠ ਕਰ ਜਾਂਦੇ ਹਨ। ਸਿਮਰਨ ਕੌਰ ਵਿਰਦੀ ‘ਸਿਮੋਨ’ ਬਣ ਜਾਂਦੀ ਹੈ। ਪਤੀ ਦੀ ਮੌਤ ਤੋਂ ਬਾਅਦ ਇਕੱਲੇਪਣ ਦੀ ਰੋਗੀ ਹੋ ਜਾਂਦੀ ਹੈ। ਉਸਦਾ ਪੁੱਤਰ ਕਰਨ ਅਤੇ ਨੂੰਹ ਜੈਸਮਿਨ ਸਿਮੋਨ ਦੇ ਪਤੀ ਦੀ ਮੌਤ ਤੋਂ ਬਾਅਦ ਉਸਦਾ ਸਾਰਾ ਸਾਮਾਨ ਅਰਥਾਤ ਸਿਮੋਨ ਲਈ ਪਤੀ ਦੀਆਂ ਨਿਸ਼ਾਨੀਆਂ ਨੂੰ ਦਾਨ ਵਿੱਚ ਦੇ ਕੇ ਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਸੁਰਜੀਤ ਇਸ ਕਹਾਣੀ ਵਿੱਚ ਮਾਪਿਆਂ ਨੂੰ ਆਤਮ ਵਿਸ਼ਵਾਸ ਵਿੱਚ ਸਮਰੱਥ ਹੋਣ ਲਈ ਪ੍ਰੇਰਦੀ ਹੈ ਕਿਉਂਕਿ ਪਰਵਾਸ ਦਾ ਸੱਭਿਆਚਾਰ ਹੀ ਅਜਿਹਾ ਹੈ ਕਿ ਤੁਸੀਂ ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ।
‘ਵੈਲਨਟਾਈਨਜ਼ ਡੇਅ’ ਕਹਾਣੀ ਵੀ ਬੜੀ ਸੰਵੇਦਨਸ਼ੀਲ ਹੈ, ਜਿਸ ਵਿੱਚ ਭਾਰਤੀ ਪਰਿਵਾਰ ਦੀ ਜ਼ਿੰਦਗੀ ਅਤੇ ਪਰਵਾਸੀ ਪਰਿਵਾਰ ਦੀ ਜ਼ਿੰਦਗੀ ਦੀ ਤੁਲਨਾ ਕੀਤੀ ਗਈ ਹੈ। ਦੋਹਾਂ ਦੇਸ਼ਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਕੰਮ ਕਾਰ ਦਾ ਬਹੁਤ ਜ਼ਿਆਦਾ ਵਖਰੇਵਾਂ ਹੈ। ਅਜਿਹੇ ਹਾਲਾਤ ਵਿੱਚ ਰੋਜ਼ੀ ਦਾ ਰਹਿਣਾ ਜੋਖ਼ਮ ਭਰਿਆ ਹੋ ਜਾਂਦਾ ਹੈ। ਉਸਦੇ ਦਿਮਾਗ ਦੋਹਾਂ ਦੇਸ਼ਾਂ ਦੇ ਸੱਭਿਆਚਾਰ ਦਰਮਿਆਨ ਕਸ਼ਮਕਸ਼ ਕਰਦੇ ਰਹਿੰਦੇ ਹਨ ਪ੍ਰੰਤੂ ਉਹ ਦੋਹਾਂ ਵਿੱਚ ਸਮਤੁਲ ਰੱਖਕੇ ਆਪਣਾ ਪਰਿਵਾਰਿਕ ਜੀਵਨ ਇਕੱਲਤਾ ਵਿੱਚ ਰਹਿੰਦੀ ਹੋਈ ਬਸਰ ਕਰਦੀ ਹੈ। ਇਸ ਕਹਾਣੀ ਵਿੱਚ ਵੀ ਰਿਸ਼ਤਿਆਂ ਦੀ ਗਿਰਾਵਟ ਵਿਖਾਈ ਦਿੰਦੀ ਹੈ। ਬਿਅੰਤ ਦਾ ਆਪਣਾ ਵਿਓਪਾਰ ਚੌਪਟ ਹੋਣ ਦਾ ਕਾਰਨ ਉਸਦੀਆਂ ਆਦਤਾਂ ਹਨ, ਜਿਨ੍ਹਾਂ ਕਰਕੇ ਉਸਦਾ ਵਿਓਪਾਰ ਚੌਪਟ ਹੋ ਜਾਂਦਾ ਹੈ। ਦੱਸਣ ਦਾ ਭਾਵ ਹੈ ਕਿ ਜਿਹੜੀਆਂ ਇਨਸਾਨ ਵਿੱਚ ਕੁਰੀਤੀਆਂ ਭਾਰਤ ਵਿੱਚ ਹਨ, ਉਹ ਪਰਵਾਸ ਵਿੱਚ ਵੀ ਬਰਕਰਾਰ ਰਹਿੰਦੀਆਂ ਹਨ। ਸਗੋਂ ਉੱਥੇ ਜਾ ਕੇ ਡਾਲਰਾਂ ਦੀ ਚਕਾਚੌਂਧ ਵਿੱਚ ਫ਼ਜ਼ੂਲ ਖ਼ਰਚੀ ਕਰਦੇ ਹਨ।
‘ਜਗਦੀਆਂ ਅੱਖਾਂ ਦਾ ਤਲਿੱਸਮ’ ਇੱਕ ਵੱਖਰੀ ਕਿਸਮ ਦੀ ਬੜੀ ਦਿਲਚਸਪ ਕਹਾਣੀ ਹੈ। ਇਹ ਕਹਾਣੀ ਇੱਕ ਨੌਜਵਾਨ ਲੜਕੀ ਦੇ ਹੌਸਲੇ ਅਤੇ ਦ੍ਰਿੜ੍ਹਤਾ ਦੀ ਬਾਤ ਪਾਉਂਦੀ ਹੈ, ਉਸਨੇ ਲੋਕਾਂ ਨੂੰ ਅੰਗ ਦਾਨ ਲਈ ਪ੍ਰੇਰਿਤ ਕਰਨ ਦਾ ਪ੍ਰਣ ਕਰਿਆ ਹੋਇਆ ਹੈ, ਜਿਸ ਨਾਲ ਬਿਮਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ। ਉਹ ਲੜਕੀ ਹੈ ਲਵੀਨ? ਜਿਸਨੇ ਬਿਮਾਰ ਲੋਕਾਂ ਦੀ ਮਾਨਸਿਕਤਾ ਨੂੰ ਮਹਿਸੂਸ ਕਰਦਿਆਂ ਇਸ ‘ਅਮਰ ਕਰਮਾਂ ਔਰਗਨ ਡੋਨੇਸ਼ਨ ਸੋਸਾਇਟੀ’ ਦੇ ਕਾਰਜ ਨੂੰ ਸ਼ੁਰੂ ਕੀਤਾ ਹੈ। ਇਹ ਕਹਾਣੀ ਦਰਸਾਉਂਦੀ ਹੈ ਕਿ ਇਨਸਾਨ ਦੀ ਬਿਹਤਰੀ ਲਈ ਸ਼ੁਭ ਕਾਰਜ ਕਰਨ ਲਈ ਵੱਡੀ ਉਮਰ ਦਾ ਹੋਣਾ ਜ਼ਰੂਰੀ ਨਹੀਂ ਪ੍ਰੰਤੂ ਇਨਸਾਨ ਦੇ ਮਨ ਵਿੱਚ ਪ੍ਰਤੀਬੱਧਤਾ ਹੋਣੀ ਚਾਹੀਦੀ ਹੈ। ਇੱਕ ਨੌਜਵਾਨ ਲੜਕੀ ‘ਲਵੀਨ’ ਬਜ਼ਰੁਗਾਂ ਦੀ ਸਹਾਇਤਾ ਨਾਲ ਇਸ ਸੰਸਥਾ ਦੀ ਅਗਵਾਈ ਕਰ ਰਹੀ ਹੈ। ਇੱਕ ਸੋਸਾਇਟੀ ਦੇ ਕਾਰਜਖੇਤਰ ਨੂੰ ਕਹਾਣੀ ਦਾ ਰੂਪ ਦੇਣ ਦੀ ਸਮਰੱਥਾ ਲਈ ਸਮਰੱਥਾਵਾਨ ਕਹਾਣੀਕਾਰ ਹੋਣਾ ਚਾਹੀਦਾ ਹੈ। ਲੇਖਕਾ ਆਪਣੀ ਇਹ ਕਹਾਣੀ ਲਿਖਕੇ ਆਪਣੀ ਕਾਬਲੀਅਤ ਦਾ ਸਬੂਤ ਦੇ ਚੁੱਕੀ ਹੈ। ਸੁਰਜੀਤ ਦੀ ਇਨਸਾਨੀ ਜ਼ਿੰਦਗੀ ਬਾਰੇ ਸੰਜੀਦਗੀ ਇਸ ਕਹਾਣੀ ਤੋਂ ਸਾਫ ਵਿਖਾਈ ਦਿੰਦੀ ਹੈ।
‘ਜੁਗਨੂੰ’ ਕਹਾਣੀ ਵੀ ਬਹੁ ਪਰਤੀ ਹੈ। ਇਹ ਕਹਾਣੀ ਪਰਵਾਸ ਵਿੱਚ ਵਸਣ ਦੀ ਲਾਲਸਾ, ਉੱਥੇ ਕਠਨਾਈਆਂ ਅਤੇ ਪੰਜਾਬ ਦਾ ਹੇਜ ਦਾ ਪ੍ਰਗਟਾਵਾ ਕਰਦੀ ਹੈ। ਫੇਸਬੁੱਕ ਦੀ ਅਡਿਕਸ਼ਨ ਪੰਜਾਬ ਦੀ ਤਰ੍ਹਾਂ ਅਮਰੀਕਾ ਵਿੱਚ ਵੀ ਪੰਜਾਬੀਆਂ ਵਿੱਚ ਬਹੁਤ ਜ਼ਿਆਦਾ ਹੈ, ਖ਼ਾਸ ਤੌਰ ’ਤੇ ਸਾਹਿਤਕ ਗਰੁੱਪ ਬਣਾਕੇ ਸ਼ਾਹਵਾ ਵਾਹਵਾ ਖੱਟਣ ਦੀ ਪ੍ਰਵਿਰਤੀ ਭਾਰੂ ਹੈ ਜਦੋਂ ਕਿ ਬਹੁਤੇ ਅਕਾਊਂਟ ਫ਼ਰਜੀ ਹੁੰਦੇ ਹਨ। ਫ਼ਰਜੀ ਅਕਾਊਂਟ ਵਾਲੇ ਭਾਵਨਾਤਮਕ ਤੌਰ ਉੱਤੇ ਬਲੈਮੇਲਿੰਗ ਕਰਦੇ ਹਨ। ਅਜੋਕੇ ਯੁੱਗ ਦੇ ਫੇਸਬੁੱਕੀ ਵਰਤਾਰੇ ਦਾ ਪਾਜ ਖੋਲ੍ਹਿਆ ਗਿਆ ਹੈ, ਜਿਸ ਵਿੱਚ ਸਮੁੱਚੇ ਪਰਿਵਾਰ ਵਿੱਚ ਫੇਸਬੁੱਕ ਲਈ ਲਲਕ ਲੱਗੀ ਰਹਿੰਦੀ ਹੈ।
‘ਲੋਹ-ਪੁਰਸ਼’ ਕਹਾਣੀ ਭਾਵੇਂ ਉਸਨੇ ਆਪਣੇ ਪਿਤਾ ਦੇ ਜੀਵਨ ਬਾਰੇ ਲਿਖੀ ਹੈ ਪ੍ਰੰਤੂ ਇਸ ਵਿੱਚ ਜਿਹੜੇ ਮੁੱਦੇ ਉਠਾਏ ਗਏ ਹਨ, ਉਹ ਅਤਿ ਸੰਵੇਦਨਸ਼ੀਲ ਹਨ। ਪੰਜਾਬੀਆਂ ਨੇ ਪੰਜਾਬ ਦੇ ਕਾਲੇ ਦੌਰ ਵਿੱਚ ਜਿਹੜਾ ਸੰਤਾਪ ਹੰਢਾਇਆ ਹੈ, ਉਸਨੂੰ ਸੁਰਜੀਤ ਨੇ ਬਹੁਤ ਹੀ ਭਾਵਨਾਤਮਕ ਢੰਗ ਨਲ ਪੇਸ਼ ਕੀਤਾ ਹੈ ਕਿ ਕਿਵੇਂ ਹੱਸਦੇ ਵਸਦੇ ਬੇਕਸੂਰ ਪਰਿਵਾਰ ਬਿਨਾ ਵਜਾਹ ਕਾਲੇ ਦੌਰ ਦੀ ਲਪੇਟ ਵਿੱਚ ਆਉਂਦੇ ਰਹੇ ਹਨ। ਨਿੱਜੀ ਦਰਦਨਾਕ ਘਟਨਾ ਨੂੰ ਲੋਕਾਂ ਦੀ ਸਮੱਸਿਆ ਬਣਾਕੇ ਪੇਸ਼ ਕਰ ਦਿੱਤਾ ਹੈ।
‘ਤੂੰ ਭਰੀਂ ਹੁੰਗਾਰਾ’ ਪਰਵਾਸ ਵਿੱਚ ਰਹਿ ਰਹੇ ਪੰਜਾਬੀ ਪਰਿਵਾਰ ਦੀ ਕਹਾਣੀ ਹੈ, ਜਿਸ ਵਿੱਚ ਭਾਵੇਂ ਪਰਿਵਾਰ ਦੀ ਮੁਖੀ ਇਸਤਰੀ ਅਮਰੀਕਾ ਵਿੱਚ ਰਹਿ ਰਹੀ ਹੈ ਪ੍ਰੰਤੂ ਪੰਜਾਬ ਦੀ ਮਿੱਟੀ ਨਾਲ ਬਾਖ਼ੂਬੀ ਜੁੜੀ ਹੋਈ ਹੈ। ਰਬੜ ਦੇ ਪਲਾਂਟ ਨੂੰ ਸਾਧਨ ਬਣਾਕੇ ਉਹ ਕੁਦਰਤ ਦੇ ਗੁਣਗਾ ਰਹੀ ਹੈ। ਕੁਦਰਤ, ਦਰਖਤਾਂ, ਜ਼ਮੀਨ ਦੋਜ਼ ਪਾਣੀ ਦੀ ਦੁਰਵਰਤੋਂ ਬਾਰੇ ਪ੍ਰੇਰਿਤ ਕਰਦੀ ਹੈ ਪ੍ਰੰਤੂ ਉਨ੍ਹਾਂ ਦੀਆਂ ਲੜਕੀਆਂ ਆਪੋ ਆਪਣੇ ਮੋਬਾਈਲਾਂ ਉੱਤੇ ਰੁੱਝੀਆਂ ਹੋਈਆਂ ਹਨ। ਉਨ੍ਹਾਂ ਉੱਪਰ ਪਰਵਾਸ ਦਾ ਰੰਗ ਚੜ੍ਹ ਗਿਆ ਹੈ। ਪੰਜਾਬ ਦੇ ਸੱਭਿਆਚਾਰ ਨਾਲ ਵੀ ਬਾਵਾਸਤਾ ਹੈ, ਪੀਂਘਾਂ ਝੂਟਣ ਅਤੇ ਬੋਲੀਆਂ ਪਾ ਕੇ ਮਨਪ੍ਰਚਾਵਾ ਕਰਨ ਦਾ ਵੀ ਪ੍ਰਗਟਾਵਾ ਕਰਦੀ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਭਾਵੇਂ ਪੰਜਾਬੀ ਸੰਸਾਰ ਦੇ ਕਿਸੇ ਵੀ ਦੇਸ਼ ਵਿੱਚ ਚਲੇ ਜਾਣ ਪ੍ਰੰਤੂ ਪੰਜਾਬ ਦਾ ਹੇਜ ਉਨ੍ਹਾਂ ਵਿੱਚ ਬਰਕਰਾਰ ਰਹਿੰਦਾ ਹੈ।
‘ਡਿਸਏਬਲ’ ਕਹਾਣੀ ਵੀ ਪਰਵਾਸ ਵਿੱਚ ਜਾਣ ਅਤੇ ਉੱਥੇ ਦੀ ਜ਼ਿੰਦਗੀ ਦੀ ਜੱਦੋਜਹਿਦ ਦੀ ਦਾਸਤਾਂ ਹੈ। ਪਹਿਲਾਂ ਮੀਰਾ ਬੜੀਆਂ ਮੁਸ਼ਕਲਾਂ ਦਾ ਮੁਕਾਬਲਾ ਕਰਕੇ ਸੈਟਲ ਹੁੰਦੀ ਹੈ। ਉਹ ਆਪਣੇ ਜਮਾਤੀ ਮਾਨਵ ਨਾਲ ਵਿਆਹ ਕਰਵਾ ਲੈਂਦੀ ਹੈ। ਉਸਨੂੰ ਸਪੌਂਸਰ ਕਰਕੇ ਅਮਰੀਕਾ ਬੁਲਾ ਲੈਂਦੀ ਹੈ। ਜਿਵੇਂ ਆਮ ਹੋ ਰਿਹਾ ਹੈ ਮਾਨਵ ਆਨੀ ਬਹਾਨੀ ਮੀਰਾ ਤੋਂ ਵੱਖ ਹੋ ਜਾਂਦਾ ਹੈ। ਵੱਖ ਹੋਣ ਤੋਂ ਪਹਿਲਾਂ ਇੱਕ ਦੂਜੇ ਦੇ ਚਰਿੱਤਰ ਉੱਤੇ ਉਹ ਚਿੱਕੜ ਸੁੱਟਦੇ ਹਨ। ਇਸ ਕਹਾਣੀ ਦਾ ਦੂਜਾ ਪੱਖ ਵੀ ਸੁਰਜੀਤ ਨੇ ਬਾਖ਼ੂਬੀ ਨਾਲ ਚਿਤਰਿਆ ਹੈ ਕਿ ਹਸਪਤਾਲ, ਡਾਕਟਰ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਮਾਫੀਆ ਕੰਮ ਕਰ ਰਿਹਾ ਹੈ ਪ੍ਰੰਤੂ ਇਸ ਮਾਫੀਏ ਨੇ ਰੋਜ਼ਗਾਰ ਦੇ ਸਾਧਨ ਵੀ ਪੈਦਾ ਕੀਤੇ ਹਨ। ਬੀਮਾ ਕੰਪਨੀਆਂ ਵੀ ਖਪਤਕਾਰਾਂ ਦਾ ਨਜਾਇਜ਼ ਲਾਭ ਉਠਾ ਰਹੀਆਂ ਹਨ ਅਤੇ ਮਰੀਜ਼ ਵੀ ਗ਼ਲਤ ਸੂਚਨਾਵਾਂ ਦੇ ਕੇ ਬੀਮਾ ਕੰਪਨੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ।
ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਜਿਵੇਂ ਸੁਰਜੀਤ ਨੇ ਕਵਿੱਤਰੀ ਦੇ ਤੌਰ ’ਤੇ ਲੋਕਾਂ ਦੇ ਮਨਾਂ ਨੂੰ ਝੰਜੋੜਕੇ ਸੁਜੱਗ ਕੀਤਾ ਹੈ, ਉਸੇ ਤਰ੍ਹਾਂ ਕਹਾਣੀਕਾਰ ਦੇ ਤੌਰ ’ਤੇ ਵੀ ਪਾਠਕਾਂ ਦੀ ਝੋਲੀ ਭਰੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1801)
(ਸਰੋਕਾਰ ਨਾਲ ਸੰਪਰਕ ਲਈ: