“ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਕੈਲੇਫੋਰਨੀਆ ਦੇ ਓਕਲੈਂਡ ਸ਼ਹਿਰ ...”
(21 ਜਨਵਰੀ 2021)
ਕਿਸੇ ਵੀ ਇਨਸਾਨ ਦੇ ਵਿਅਕਤਿਤਵ ਦੇ ਨਿਖ਼ਾਰ ਅਤੇ ਸੁਨਹਿਰੇ ਭਵਿੱਖ ਦੀ ਉਸਾਰੀ ਵਿੱਚ ਉਸਦੇ ਪਰਿਵਾਰ ਦੀ ਵਿਰਾਸਤ, ਵਾਤਾਵਰਣ ਅਤੇ ਜਿਹੋ ਜਿਹੇ ਹਾਲਾਤ ਵਿੱਚ ਉਹ ਵਿਚਰ ਰਿਹਾ ਹੁੰਦਾ ਹੈ, ਉਸਦਾ ਗਹਿਰਾ ਪ੍ਰਭਾਵ ਪੈਂਦਾ ਹੈ। ਉਸ ਪ੍ਰਭਾਵ ਦੇ ਕਰਕੇ ਹੀ ਉਹ ਵਿਅਕਤੀ ਸਮਾਜ ਵਿੱਚ ਆਪਣਾ ਸਥਾਨ ਬਣਾਉਂਦਾ ਹੈ। ਅਮਰੀਕਾ ਦੀਆਂ ਤਿੰਨ ਨਵੰਬਰ 2020 ਨੂੰ ਹੋਈਆਂ ਜਨਰਲ ਚੋਣਾਂ ਵਿੱਚ ਪਹਿਲੀ ਅਫਰੀਕੀ ਅਮਰੀਕਣ ਤੇ ਦੱਖਣ ਏਸ਼ੀਆਈ ਮੂਲ ਦੀ ਇਸਤਰੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਮਾਈਕ ਪੈਂਸ ਨੂੰ ਹਰਾ ਕੇ ਉਪ ਰਾਸ਼ਟਰਪਤੀ ਬਣਨ ਅਤੇ ਉਸਦੇ ਵਿਅਕਤਿਤਵ ਦੇ ਉੱਭਰਨ ਵਿੱਚ ਇਹ ਤਿੰਨੋ ਗੱਲਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਕਮਲਾ ਹੈਰਿਸ ਦੇ ਪਰਿਵਾਰ ਦੀ ਵਿਰਾਸਤ ਨਾਨਾ ਅਤੇ ਨਾਨੀ ਦੋਵੇਂ ਸਵਤੰਤਰਤਾ ਸੰਗਰਾਮੀ, ਉਸਦੇ ਮਾਤਾ ਪਿਤਾ ਅਮਰੀਕਾ ਵਰਗੇ ਦੇਸ ਵਿੱਚ ਅਫਰੀਕੀ ਲੋਕਾਂ ਦੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ, ਉਸਦਾ ਪਾਲਣ ਪੋਸ਼ਣ ਆਜ਼ਾਦ ਖਿਆਲਾਤ ਵਾਲੇ ਵਾਤਵਰਨ ਅਤੇ ਉੱਚ ਪੜ੍ਹਾਈ ਸਮੇਂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਜਥੇਬੰਦੀ ਵਿੱਚ ਕੰਮ ਕਰਨ ਕਰਕੇ ਨੇਤਾਗਿਰੀ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਮਿਲਦਾ ਰਿਹਾ। ਜਿਸ ਤਰ੍ਹਾਂ ਸੰਸਾਰ ਵਿੱਚ ਭਾਰਤੀ ਆਪਣੀਆਂ ਸਿਆਸੀ ਜਿੱਤਾਂ ਦੇ ਝੰਡੇ ਗੱਡੀ ਜਾ ਰਹੇ ਹਨ, ਉਸੇ ਲੜੀ ਵਿੱਚ ਕਮਲਾ ਦੇਵੀ ਹੈਰਿਸ ਭਾਰਤੀ ਮੂਲ ਦੀ ਪਹਿਲੀ ਇਸਤਰੀ ਹੈ, ਜਿਹੜੀ ਅਮਰੀਕਾ ਦੀ ਉਪ ਰਾਸ਼ਟਰਪਤੀ ਬਣੀ ਹੈ। ਇਸ ਤੋਂ ਪਹਿਲਾਂ ਕੋਈ ਅਮਰੀਕਨ ਇਸਤਰੀ ਵੀ ਇਸ ਅਹੁਦੇ ਤਕ ਨਹੀਂ ਪਹੁੰਚ ਸਕੀ ਸੀ। ਉਹ 20 ਜਨਵਰੀ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕ ਰਹੀ ਹੈ।
ਕਮਲਾ ਦੇਵੀ ਹੈਰਿਸ ਦੇ ਨਾਨਾ ਪੀ ਵੀ ਗੋਪਾਲਨ ਅਤੇ ਨਾਨੀ ਰਾਜਮ ਗੋਪਾਲਨ ਦੋਵੇਂ ਭਾਰਤ ਵਿੱਚ ਸੁਤੰਤਰਤਾ ਸੰਗਰਾਮੀਏ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਸਨ। ਸਿਆਸਤ ਦੀ ਗੁੜ੍ਹਤੀ ਕਮਲਾ ਹੈਰਿਸ ਨੂੰ ਆਪਣੇ ਨਾਨਾ ਅਤੇ ਨਾਨੀ ਦੀ ਪ੍ਰੇਰਨਾ ਨਾਲ ਹੀ ਮਿਲੀ ਸੀ। ਉਨ੍ਹਾਂ ਦੇ ਨਾਨਾ ਪੀ ਵੀ ਗੋਪਾਲਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਦਫਤਰ ਵਿੱਚ ਸੰਯੁਕਤ ਸਕੱਤਰ ਦੇ ਤੌਰ ’ਤੇ ਕੰਮ ਕਰਦੇ ਰਹੇ ਸਨ। ਅਮਰੀਕਾ ਵਿੱਚ ਕਮਲਾ ਹੈਰਿਸ ਦੀ ਮਾਤਾ ਅਤੇ ਪਿਤਾ ਵੀ ਦੋਵੇਂ ਹੀ ਕਾਲੇ ਲੋਕਾਂ ਦੇ ਹੱਕਾਂ ਲਈ ਜੱਦੋਜਹਿਦ ਕਰਦੇ ਰਹੇ ਹਨ। ਲਿਖਣ ਤੋਂ ਭਾਵ ਸਿਆਸਤ ਕਮਲਾ ਹੈਰਿਸ ਦੇ ਖ਼ੂਨ ਵਿਚ ਹੈ।
ਪੀ ਵੀ ਗੋਪਾਲਨ ਤਾਮਿਲਨਾਡੂ ਦੇ ਕਾਵੇਰੀ ਨਦੀ ’ਤੇ ਕੰਢੇ ਤੇ ਵਸੇ ਪਿੰਡ ਤੁਲਾਸੈਂਦਰਾਪੁਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਅਗਾਂਹਵਧੂ ਵਿਚਾਰਧਾਰਾ ਵਾਲਾ ਅਤੇ ਪੜ੍ਹਿਆ ਲਿਖਿਆ ਪਰਿਵਾਰ ਸੀ। ਕਮਲਾ ਹੈਰਿਸ ਦਾ ਨਾਨਕਾ ਪਿੰਡ ਉਸਦੇ ਪਿੰਡ ਦੇ ਨਾਲ ਲਗਦਾ ਪਾਇੰਗਾਨਾਇਡੂ ਸੀ। ਉਨ੍ਹਾਂ ਦੇ ਨਾਨਾ ਨਾਨੀ ਦਿੱਲੀ ਵਿੱਚ ਆ ਕੇ ਵਸ ਗਏ ਸਨ। ਕਮਲਾ ਹੈਰਿਸ ਦੀ ਮਾਂ ਸ਼ਿਆਮਾਲਾ ਗੋਪਾਲਨ 1958 ਵਿੱਚ 19 ਸਾਲ ਦੀ ਉਮਰ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿੱਚ ਨਿਊਟਰੀਸ਼ਨ ਦੀ ਪੜ੍ਹਾਈ ਕਰਨ ਲਈ ਆਏ ਸਨ। ਉਨ੍ਹਾਂ ਦਿਨਾਂ ਵਿੱਚ ਕੋਈ ਟਾਵਾਂ ਟਾਵਾਂ ਭਾਰਤੀ ਹੀ ਅਮਰੀਕਾ ਪੜ੍ਹਨ ਲਈ ਜਾਂਦਾ ਸੀ। ਯੂਨੀਵਰਸਿਟੀ ਵਿੱਚ ਅਫਰੀਕੀ ਮੂਲ ਦੇ ਵਿਦਿਆਰਥੀ ਹਫਤੇ ਵਿੱਚ ਇੱਕ ਦਿਨ ਆਪਣੀਆਂ ਸਮੱਸਿਆਵਾਂ ਅਤੇ ਹੱਕਾਂ ਲਈ ਆਪਸ ਵਿੱਚ ਮਿਲਕੇ ਵਿਚਾਰ ਵਟਾਂਦਰਾ ਕਰਦੇ ਸਨ। ਡੌਨਾਲਡ ਜੇ ਹੈਰਿਸ ਜਮਾਇਕਾ ਤੋਂ ਪੜ੍ਹਨ ਲਈ ਆਇਆ ਹੋਇਆ ਸੀ। ਸ਼ਿਆਮਲਾ ਗੋਪਾਲਨ ਦੇ ਭਾਸ਼ਣ ਤੋਂ ਡੌਨਲਡ ਜੇ ਹੈਰਿਸ ਪ੍ਰਭਾਵਤ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਦਾ ਪਿਆਰ ਵਿਆਹ ਪੜ੍ਹਾਈ ਦੌਰਾਨ ਹੀ ਹੋ ਗਿਆ।
ਪੜ੍ਹਾਈ ਪੂਰੀ ਕਰਕੇ ਸ਼ਿਆਮਲਾ ਇਸਤਰੀਆਂ ਦੀ ਛਾਤੀ ਦੇ ਕੈਂਸਰ ਦੇ ਵਿਸ਼ੇ ’ਤੇ 1964 ਵਿੱਚ ਪੀਐੱਚ ਡੀ ਕਰਕੇ ਸਾਇੰਟਿਸਟ ਬਣ ਗਏ। ਉਨ੍ਹਾਂ ਦੇ ਦੋ ਲੜਕੀਆਂ ਕਮਲਾ ਦੇਵੀ ਹੈਰਿਸ ਅਤੇ ਮਾਇਆ ਦੇਵੀ ਹੈਰਿਸ ਪੈਦਾ ਹੋਈਆਂ। ਸ਼ਿਆਮਲਾ ਗੋਪਾਲਨ ਹੈਰਿਸ ਦਾ ਪਤੀ ਸਟੈਂਡਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗ ਗਿਆ। ਪ੍ਰੰਤੂ ਸ਼ਿਆਮਲਾ ਉੱਥੇ ਜਾਣਾ ਨਹੀਂ ਚਾਹੁੰਦੇ ਸਨ। ਫਿਰ ਇਸੇ ਤਕਰਾਰਬਾਜ਼ੀ ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਜਿਵੇਂ ਅਮਰੀਕਾ ਵਰਗੇ ਦੇਸ ਵਿੱਚ ਹਰ ਮਰਦ ਤੇ ਇਸਤਰੀ ਨੂੰ ਆਪੋ ਆਪਣੀ ਜ਼ਿੰਦਗੀ ਜਿਊਣ ਦੀ ਆਜ਼ਾਦੀ ਹੈ, ਇਹ ਵਿਆਹ ਵੀ ਉਸੇ ਆਜ਼ਾਦੀ ਦੀ ਭੇਂਟ ਚੜ੍ਹ ਗਿਆ। ਸ਼ਿਆਮਲਾ ਦਾ ਆਪਣੇ ਪਤੀ ਡੌਨਾਲਡ ਜੇ ਹੈਰਿਸ ਨਾਲੋਂ ਤਲਾਕ ਉਦੋਂ ਹੋ ਗਿਆ ਜਦੋਂ ਕਮਲਾ ਅਜੇ 7 ਸਾਲ ਦੀ ਸੀ। ਅਮਰੀਕਾ ਵਰਗੇ ਦੇਸ਼ ਵਿੱਚ ਇਕੱਲੀ ਇਸਤਰੀ ਨੂੰ ਪਰਦੇਸ ਵਿੱਚ, ਜਿੱਥੇ ਉਨ੍ਹਾਂ ਨੂੰ ਕੋਈ ਬਹੁਤਾ ਜਾਣਦਾ ਵੀ ਨਾ ਹੋਵੇ, ਲਈ ਬੱਚਿਆਂ ਦੇ ਪਾਲਣ ਪੋਸ਼ਣ ਦੀ ਸਮੱਸਿਆ ਖੜ੍ਹੀ ਹੋ ਗਈ। ਸ਼ਿਆਮਲਾ ਨੇ ਸਖਤ ਮਿਹਨਤ ਕਰਕੇ ਦਲੇਰੀ ਨਾਲ ਆਪਣੀਆਂ ਦੋਵਾਂ ਲੜਕੀਆਂ ਦੀ ਪਾਲਣ ਪੋਸ਼ਣ ਕੀਤਾ ਅਤੇ ਪੜ੍ਹਾਇਆ।
ਕਮਲਾ ਹੈਰਿਸ ਨੇ ਮਾਂ ਬਾਪ ਦੇ ਤਲਾਕ ਤੋਂ ਬਾਅਦ ਵੀ ਆਪਣੇ ਪਿਤਾ ਨਾਲ ਆਪਣੇ ਸੰਬੰਧ ਬਰਕਰਾਰ ਰੱਖੇ। ਕਮਲਾ ਹੈਰਿਸ ਆਪਣੇ ਨਾਨਾ ਤੋਂ ਬਹੁਤ ਪ੍ਰਭਾਵਤ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਮਾਂ ਨੂੰ ਅਮਰੀਕਾ ਵਿੱਚ ਪੜ੍ਹਨ ਲਈ ਭੇਜਣ ਦਾ ਪ੍ਰਬੰਧ ਕੀਤਾ ਸੀ। ਇਸ ਲਈ ਉਹ ਬਚਪਨ ਤੋਂ ਹੀ ਆਪਣੇ ਨਾਨਾ ਦੇ ਪਦ ਚਿੰਨ੍ਹਾਂ ’ਤੇ ਚੱਲਣ ਦੀ ਇੱਛਾ ਰੱਖਦੀ ਸੀ। ਕਮਲਾ ਹੈਰਿਸ ਦੀ ਮਾਤਾ ਕਿਉਂਕਿ ਮਨੁੱਖੀ ਹੱਕਾਂ ਲਈ ਕੰਮ ਕਰਦੀ ਸੀ, ਇਸ ਲਈ ਬੱਚਿਆਂ ’ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਉਨ੍ਹਾਂ ਦੀ ਮਾਤਾ ਨੇ ਬੱਚਿਆਂ ਨੂੰ ਅਜਿਹੀ ਸਿੱਖਿਆ ਦਿੱਤੀ ਕਿ ਲੋਕਾਂ ਨੂੰ ਇਹ ਦੱਸਣਾ ਨਾ ਪਵੇ ਕਿ ਅਸੀਂ ਕੀ ਹਾਂ। ਸਗੋਂ ਉਨ੍ਹਾਂ ਦੀ ਕਾਬਲੀਅਤ ਹੀ ਲੋਕਾਂ ਨੂੰ ਦੱਸੇ ਕਿ ਉਹ ਕੀ ਹਨ?
ਕਮਲਾ ਹੈਰਿਸ ਦੀ ਮਾਂ ਆਪਣੀਆਂ ਬੱਚੀਆਂ ਨੂੰ ਸਿੱਖਿਆ ਦਿੰਦੀ ਰਹੀ ਕਿ ਹਰ ਨੌਕਰੀ, ਭਾਵੇਂ ਛੋਟੀ ਜਾਂ ਵੱਡੀ, ਉਸਦੀ ਆਪਣੀ ਅਹਿਮੀਅਤ ਹੁੰਦੀ ਹੈ। ਇਸ ਲਈ ਜਿਹੜੀ ਵੀ ਨੌਕਰੀ ਹੋਵੇ, ਉਸ ਨੂੰ ਸੁਚੱਜੇ ਢੰਗ ਨਾਲ ਨਿਭਾਇਆ ਜਾਵੇ। ਕਮਲਾ ਹੈਰਿਸ ਨੇ ਆਪਣੀ ਮਾਂ ਨੂੰ ਵੀ ਪ੍ਰੇਰਨਾ ਸਰੋਤ ਬਣਾਇਆ ਅਤੇ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲਣਾ ਸ਼ੁਰੂ ਕਰ ਦਿੱਤਾ। ਕਮਲਾ ਹੈਰਿਸ ਨੇ ਆਪਣੀ ਮਾਂ ਦੀ ਤਰ੍ਹਾਂ ਪੜ੍ਹਾਈ ਦੌਰਾਨ ਹੀ ਵਿਦਿਆਰਥੀ ਜਥੇਬੰਦੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਅਫਰੀਕੀ ਮੂਲ ਦੇ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ। ਕਮਲਾ ਹੈਰਿਸ ਦਾ ਵਿਆਹ ਵੀ ਉਨ੍ਹਾਂ ਦੀ ਮਾਤਾ ਦੀ ਤਰ੍ਹਾਂ ਬਹੁਤੀ ਦੇਰ ਨਾ ਚੱਲਿਆ। ਉਨ੍ਹਾਂ ਦੇ ਦੋ ਬੱਚੇ ਕੋਲ ਐਮਹੌਫ ਅਤੇ ਈਲਾ ਹਨ। ਫਿਰ ਉਨ੍ਹਾਂ 2014 ਵਿੱਚ ਦੁਬਾਰਾ ਡੌਗਲਸ ਐਮਹਾਫ ਨਾਲ ਵਿਆਹ ਕਰਵਾ ਲਿਆ।
ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਕੈਲੇਫੋਰਨੀਆ ਦੇ ਓਕਲੈਂਡ ਸ਼ਹਿਰ ਵਿੱਚ ਹੋਇਆ। ਉਨ੍ਹਾਂ ਨੇ ਹਾਈ ਸਕੂਲ ਤਕ ਦੀ ਪੜ੍ਹਾਈ ਸੇਂਟ ਵੈਸਟ ਮਾਊਂਟ ਹਾਈ ਸਕੂਲ ਵਿੱਚੋਂ 1981 ਵਿੱਚ ਮੁਕੰਮਲ ਕਰ ਲਈ। ਉਸ ਤੋਂ ਬਾਅਦ ਹਾਵਰਡ ਯੂਨੀਵਰਸਿਟੀ ਵਿੱਚੋਂ ਅੰਡਰ ਗ੍ਰੈਜੂਏਸ਼ਨ 1986 ਵਿੱਚ ਪਾਸ ਕੀਤੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਹਾਸਟਿੰਗ ਕਾਲਜ ਆਫ ਲਾਅ ਵਿੱਚ ਦਾਖਲਾ ਲੈ ਲਿਆ ਅਤੇ 1989 ਵਿੱਚ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਹ ਯੂਨੀਵਰਸਿਟੀ ਵਿੱਚ ਬਲੈਕ ਲਾਅ ਸਟੂਡੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਵੀ ਰਹੇ ਹਨ। ਡੈਮੋਕਰੈਟਿਕ ਪਾਰਟੀ ਵਿੱਚ ਉਹ ਪਹਿਲਾਂ ਹੀ ਸਰਗਰਮੀ ਨਾਲ ਜੁੜੇ ਹੋਏ ਸਨ।
1990 ਵਿੱਚ ਕਮਲਾ ਹੈਰਿਸ ਕੈਲੇਫੋਰਨੀਆ ਦੀ ਬਾਰ ਦੀ ਮੈਂਬਰ ਬਣ ਗਈ। ਲਾਅ ਦੀ ਡਿਗਰੀ ਕਰਨ ਤੋਂ ਬਾਅਦ ਪਹਿਲਾਂ ਉਨ੍ਹਾਂ ਅਲਾਮਡਾ ਕਾਊਂਟੀ ਦੀ ਜ਼ਿਲ੍ਹਾ ਅਟਾਰਨੀ ਦੇ ਤੌਰ ’ਤੇ ਕੰਮ ਕੀਤਾ। 2003 ਵਿੱਚ ਸਾਨਫਰਾਂਸਿਸਕੋ ਦੇ ਜ਼ਿਲ੍ਹਾ ਅਟਾਰਨੀ ਬਣ ਗਏ, ਜਿੱਥੇ ਦੋ ਟਰਮਾਂ ਕੰਮ ਕਰਦੇ ਰਹੇ। ਇੱਥੇ ਕੰਮ ਕਰਦਿਆਂ ਉਨ੍ਹਾਂ ਨਸ਼ਿਆਂ ਨਾਲ ਸੰਬੰਧਤ ਗੁਨਾਹਗਾਰਾਂ ਨੂੰ ਹਾਈ ਸਕੂਲ ਡਿਪਲੋਮਾ ਕਰਨ ਦੀ ਇਜਾਜ਼ਤ ਦੇ ਕੇ ਆਪਣਾ ਗੁਜ਼ਾਰਾ ਆਪ ਕਰਨ ਦੇ ਯੋਗ ਬਣਨ ਦੇ ਮੌਕੇ ਦਿੱਤੇ। ਜਦੋਂ ਉਨ੍ਹਾਂ ਦਾ ਕਾਨੂੰਨ ਦੇ ਖੇਤਰ ਵਿੱਚ ਨਾਮ ਬਣ ਗਿਆ ਤਾਂ ਉਹ 2010 ਵਿੱਚ ਕੈਲੇਫੋਰਨੀਆ ਦੇ ਅਟਾਰਨੀ ਚੁਣੇ ਗਏ। ਦੁਬਾਰਾ 2014 ਵਿੱਚ ਉਹ ਫਿਰ ਕੈਲੇਫੋਰਨੀਆਂ ਦੇ ਅਟਾਰਨੀ ਚੁਣੇ ਗਏ।
ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਇਸਤਰੀ ਉਹ ਵੀ ਅਫਰੀਕੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣਨ ਵਾਲੀ ਕਮਲਾ ਹੈਰਿਸ ਹੈ। ਕਮਲਾ ਹੈਰਿਸ 2016 ਵਿੱਚ ਪਹਿਲੀ ਵਾਰੀ ਕੈਲੇਫੋਰਨੀਆ ਤੋਂ ਸੈਨੇਟਰ ਚੁਣੀ ਗਈ ਸੀ। ਉਹ ਸੈਨਟ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਕਮੇਟੀਆਂ ਦੀ ਮੈਂਬਰ ਰਹੀ ਹੈ। ਸੈਨਟ ਦੀ ਮੈਂਬਰ ਬਣਨ ਵਾਲੀ ਉਹ ਦੂਜੀ ਅਫਰੀਕੀ ਮੂਲ ਦੀ ਇਸਤਰੀ ਹੈ। ਸੈਨਟ ਦੀ ਮੈਂਬਰ ਹੁੰਦਿਆਂ ਉਨ੍ਹਾਂ ਹੈਲਥ ਕੇਅਰ, ਸਿਟੀਜ਼ਨਸ਼ਿੱਪ, ਇੰਮੀਗਰੇਸ਼ਨ, ਟੈਕਸ ਰਿਫਾਰਮਜ਼ ਅਤੇ ਹਥਿਆਰਾਂ ’ਤੇ ਪਾਬੰਦੀ ਆਦਿ ਵਿਸ਼ਿਆਂ ’ਤੇ ਵਿਸ਼ੇਸ਼ ਤੌਰ ’ਤੇ ਕੰਮ ਕੀਤਾ। ਸੈਨਟ ਵਿੱਚ ਡੋਨਾਲਡ ਟਰੰਪ ਦੇ ਗ਼ਲਤ ਫੈਸਲਿਆਂ ਉੱਪਰ ਉਨ੍ਹਾਂ ਬਹਿਸ ਵਿੱਚ ਅਜਿਹੇ ਢੰਗ ਨਾਲ ਹਿੱਸਾ ਲਿਆ ਅਤੇ ਡੌਨਾਲਡ ਟਰੰਪ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਖਾਸ ਤੌਰ ’ਤੇ ਜਦੋਂ ਟਰੰਪ ਪ੍ਰਬੰਧ ਨੇ ਸੁਪਰੀਮ ਕੋਰਟ ਦੇ ਇੱਕ ਅਜਿਹੇ ਵਿਅਕਤੀ ਨੂੰ ਜੱਜ ਨਿਯੁਕਤ ਕਰ ਦਿੱਤਾ, ਜਿਹੜਾ ਸੈਕਸ ਸਕੈਂਡਲ ਦਾ ਦੋਸ਼ੀ ਸੀ। ਜਿਸ ਤੋਂ ਬਾਅਦ ਕਮਲਾ ਹੈਰਿਸ ਸੁਰਖੀਆਂ ਵਿੱਚ ਆ ਗਈ।
ਕਮਲਾ ਹੈਰਿਸ ਨੇ ਰਾਸ਼ਟਰਪਤੀ ਦੀ ਚੋਣ ਲੜਨ ਲਈ ਡੈਮੋਕਰੈਟਿਕ ਪਾਰਟੀ ਵਿੱਚ ਨਾਮਜ਼ਦਗੀ ਲਈ ਦਾਅਵਾ ਪੇਸ਼ ਕੀਤਾ ਸੀ ਪ੍ਰੰਤੂ ਪਾਰਟੀ ਦਾ ਬਹੁਮਤ ਜੋਅ ਬਾਇਡਨ ਨਾਲ ਹੋਣ ਦੇ ਅੰਦੇਸ਼ੇ ਕਰਕੇ ਉਨ੍ਹਾਂ ਪ੍ਰਾਇਮਰੀ ਵਿੱਚੋਂ ਹੀ ਆਪਣਾ ਨਾਮ ਵਾਪਸ ਲੈ ਲਿਆ। ਟਰੰਪ ਪ੍ਰਸ਼ਾਸਨ ਦੌਰਾਨ ਕਾਲੇ ਲੋਕਾਂ ’ਤੇ ਕੀਤੇ ਜਾਂਦੇ ਅਤਿਆਚਾਰਾਂ ਕਰਕੇ ਕਾਲੇ ਰੰਗ ਦੇ ਲੋਕ ਦੇਸ਼ ਵਿੱਚ ਮੁਜ਼ਾਹਰੇ ਕਰ ਰਹੇ ਸਨ। ਇਸ ਮੌਕੇ ਨੂੰ ਭਾਂਪਦਿਆਂ ਜੋਅ ਬਾਇਡਨ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਲਈ ਨਾਮਜ਼ਦ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਕਮਲਾ ਹੈਰਿਸ ਦੀ ਨਾਮਜ਼ਦਗੀ ਕਰਕੇ ਕਾਲੇ ਰੰਗ ਦੇ ਵੋਟਰ ਡੈਮੋਕਰੈਟ ਉਮੀਦਵਾਰ ਨੂੰ ਵੋਟਾਂ ਪਾਉਣਗੇ। ਜੇਕਰ ਸਿਆਸੀ ਪੜਚੋਲਕਾਰਾਂ ਦੀ ਮੰਨੀਏਂ ਤਾਂ ਜੋਅ ਬਾਇਡਨ ਦੀ ਜਿੱਤ ਵਿੱਚ ਕਾਲੇ ਰੰਗ ਦੇ ਲੋਕਾਂ ਦਾ ਵੱਡਾ ਯੋਗਦਾਨ ਹੈ। 3 ਨਵੰਬਰ 2020 ਵਿੱਚ ਹੋਈਆਂ ਚੋਣਾਂ ਵਿੱਚ 18 ਭਾਰਤੀ ਮੂਲ ਦੇ ਅਮਰੀਕਨ ਸੈਨਟ ਅਤੇ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਹਨ, ਜਿਨ੍ਹਾਂ ਵਿੱਚ ਦੋ ਭਾਰਤੀ ਮੂਲ ਦੀਆਂ ਇਸਤਰੀਆਂ ਪ੍ਰੋਮਿਲਾ ਜੈਪਾਲ ਅਤੇ ਹੀਰਲ ਤ੍ਰਿਪਨਾਨ ਹਨ। ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਦੇਸ ਦੀ ਮੂਲ ਨਿਵਾਸੀ ਇਸਤਰੀ ਸੰਸਾਰ ਦੇ ਬਹੁਤ ਵੱਡੇ ਪਰਜਾਤੰਤਰਿਕ ਦੇਸ਼ ਅਮਰੀਕਾ ਦੀ ਉਪ ਰਾਸ਼ਟਰਪਤੀ ਚੁਣੀ ਗਈ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2537)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)