“ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਪ੍ਰੰਤੂ ਲਿਬਰਲ ਪਾਰਟੀ ...”
(29 ਨਵੰਬਰ 2019)
ਪੰਜਾਬੀਆਂ ਨੇ ਕੈਨੇਡਾ ਦੀ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਬਣੀ ਨਵੀਂ ਫੈਡਰਲ ਸਰਕਾਰ ਵਿੱਚ ਦੁਆਰਾ ਹਰਜੀਤ ਸਿੰਘ ਸੱਜਣ ਦੇ ਡੀਫੈਂਸ ਅਤੇ ਨਵਦੀਪ ਸਿੰਘ ਬੈਂਸ ਦੇ ਸਾਇੰਸ ਇੰਨੋਵੇਸ਼ਨ ਅਤੇ ਸਨਅਤ ਵਰਗੇ ਅਹਿਮ ਵਿਭਾਗਾਂ ਦੇ ਮੰਤਰੀ ਬਣਨ ਨਾਲ ਆਪਣੀ ਪਰਵਾਸ ਵਿੱਚ ਮਹੱਤਤਾ ਦਾ ਪ੍ਰਗਟਾਵਾ ਕਰ ਦਿੱਤਾ ਹੈ। ਜਸਟਿਨ ਟਰੂਡੋ ਦੀ ਨਵੀਂ ਸਰਕਾਰ ਵਿੱਚ ਕੁਲ 36 ਮੰਤਰੀਆਂ ਵਿੱਚੋਂ 4 ਭਾਰਤੀ ਮੰਤਰੀ ਹਨ, ਜਿਨ੍ਹਾਂ ਵਿੱਚੋਂ 3 ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਬਰਦੀਸ਼ ਚੱਗਰ ਪੰਜਾਬੀ ਅਤੇ ਅਨੀਤਾ ਆਨੰਦ ਭਾਰਤੀ ਹਨ ਜਦੋਂ ਕਿ ਭਾਰਤ ਵਿੱਚ ਨਰਿੰਦਰ ਮੋਦੀ ਦੀ 100 ਮੰਤਰੀਆਂ ਦੀ ਸਰਕਾਰ ਵਿੱਚ ਵੀ ਸਿਰਫ 3 ਹੀ ਪੰਜਾਬੀ ਮੰਤਰੀ ਹਨ।
ਪੰਜਾਬੀ ਸੰਸਾਰ ਦੇ ਕਿਸੇ ਵੀ ਖਿੱਤੇ ਵਿੱਚ ਵਸੇ ਹੋਏ ਹੋਵੇ ਉਹ ਆਪਣੀ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਹੋਂਦ ਦਾ ਪ੍ਰਗਟਾਵਾ ਕਰਕੇ ਆਪਣੀ ਅਹਿਮੀਅਤ ਦਰਸਾ ਦਿੰਦੇ ਹਨ। ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਹਮੇਸ਼ਾ ਹਰ ਖੇਤਰ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਣ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਵਰ੍ਹਾ ਉਨ੍ਹਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਵਰ੍ਹੇ ਦੌਰਾਨ ਉਨ੍ਹਾਂ ਨੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਅਤੇ ਅਗਾਂਹ ਹੋਰ ਵੀ ਮਾਰਨੀਆਂ ਹਨ।
ਅਕਤੂਬਰ 2019 ਵਿੱਚ ਹੋਈਆਂ ਕੈਨੇਡਾ ਦੀ 43ਵੀਆਂ ਫੈਡਰਲ ਚੋਣਾਂ ਵਿੱਚ ਪੰਜਾਬੀਆਂ ਨੇ ਆਪਣਾ ਰੰਗ ਵਿਖਾ ਦਿੱਤਾ ਹੈ। ਉਨ੍ਹਾਂ ਨੇ 2015 ਦੀਆਂ ਫੈਡਰਲ ਚੋਣਾਂ ਵਾਲੀ ਆਪਣੀ ਧਾਂਕ ਬਰਕਰਾਰ ਰੱਖੀ ਹੈ। ਇਸ ਵਾਰ ਲਿਬਰਲ, ਕੰਜ਼ਰਵੇਟਿਵ ਅਤੇ ਨਿਉੂ ਡੈਮੋਕਰੈਟਿਕ ਪਾਰਟੀ ਦੇ ਲਗਭਗ 50 ਪੰਜਾਬੀ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਸ ਵਿੱਚੋਂ 19 ਉਮੀਦਵਾਰ ਚੋਣ ਜਿੱਤ ਗਏ ਹਨ। ਲਿਬਰਲ ਪਾਰਟੀ ਨੇ 18 ਪੰਜਾਬੀ ਉਮੀਦਵਾਰ ਚੋਣ ਵਿੱਚ ਉਤਾਰੇ ਸਨ, ਜਿਨ੍ਹਾਂ ਵਿੱਚੋਂ 14 ਉਮੀਦਵਾਰ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ, ਸੁਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਅੰਜੂ ਕੌਰ ਢਿੱਲੋਂ, ਰੂਬੀ ਕੌਰ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਗਗਨ ਸਿਕੰਦ, ਰਾਜ ਸੈਣੀ, ਮਨਿੰਦਰ ਸਿੰਘ ਸਿੱਧੂ, ਰਾਮੇਸ਼ਵਰ ਸੰਘਾ ਅਤੇ ਅਨੀਤਾ ਆਨੰਦ ਚੋਣ ਜਿੱਤਕੇ ਸੰਸਦ ਦੇ ਮੈਂਬਰ ਬਣ ਗਏ ਹਨ। ਕੰਜ਼ਰਵੇਟਿਵ ਪਾਰਟੀ ਨੇ 19 ਉੁਮੀਦਵਾਰ ਚੋਣ ਮੈਦਾਨ ਵਿੱਚ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿੱਚੋਂ ਚਾਰ, ਟਿਮ ਉੱਪਲ, ਜਸਰਾਜ ਸਿੰਘ ਹੱਲਣ, ਜਗਦੀਪ ਕੌਰ ਸਹੋਤਾ ਉਰਫ ਜੈਗ ਸਹੋਤਾ ਅਤੇ ਬੌਬ ਸਰੋਆ ਚੋਣ ਜਿੱਤ ਸਕੇ ਹਨ। ਨਿਉੂ ਡੈਮੋਕਰੈਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਚੋਣ ਜਿੱਤ ਗਏ ਹਨ। ਜਗਮੀਤ ਸਿੰਘ ਦੀ ਵਿਰਾਸਤ ਦੇਸ਼ ਭਗਤ ਸੁਤੰਤਰਤਾ ਸੰਗਰਾਮੀਏ ਸੇਵਾ ਸਿੰਘ ਠੀਕਰੀਵਾਲਾ ਦਾ ਪਰਿਵਾਰ ਹੈ। ਚੰਦਰ ਆਰੀਆ (ਕਰਨਾਟਕ ਤੋਂ) ਲਿਬਰਲ ਪਾਰਟੀ ਦੇ ਉਮੀਦਵਾਰ ਚੋਣ ਜਿੱਤ ਗਏ ਹਨ। ਕੁਲ ਮਿਲਾਕੇ 23 ਪਰਵਾਸੀ ਕੈਨੇਡੀਅਨ ਚੋਣ ਜਿੱਤ ਗਏ ਹਨ।
ਕੈਨੇਡਾ ਵਿੱਚ ਪੰਜਾਬੀਆਂ ਦੀ ਵਸੋਂ ਸਿਰਫ 1.4 ਫ਼ੀਸਦੀ ਹੈ ਜਦੋਂ ਕਿ ਸੰਸਦ ਦੇ ਕੁਲ ਮੈਬਰਾਂ ਦੀ ਗਿਣਤੀ ਦਾ ਚਾਰ ਫ਼ੀ ਸਦੀ ਪੰਜਾਬੀ ਹਨ। ਇਨ੍ਹਾਂ ਵਿੱਚੋਂ 6 ਦਸਤਾਰਧਾਰੀ ਹਨ, 6 ਇਸਤਰੀਆਂ ਅਤੇ ਦਸਤਾਰਧਾਰੀਆਂ ਵਿੱਚੋਂ 5 ਅੰਮਿਤਧਾਰੀ ਹਨ। 18 ਸੰਸਦ ਮੈਂਬਰਾਂ ਵਿੱਚੋਂ 10 ਇਕੱਲੇ ਓਨਟਾਰੀਓ ਸੂਬੇ ਵਿੱਚੋਂ, 4 ਬ੍ਰਿਟਿਸ਼ ਕੋਲੰਬੀਆ, 3 ਅਲਬਰਟਾ ਅਤੇ ਇੱਕ ਕੁਬੈੱਕ ਸੂਬੇ ਵਿੱਚੋਂ ਚੁਣੇ ਗਏ ਹਨ। 2015 ਵਿੱਚ ਚੋਣ ਜਿੱਤਣ ਵਾਲੇ ਮੈਂਬਰਾਂ ਵਿੱਚੋਂ ਤਿੰਨ, ਅਮਰਜੀਤ ਸਿੰਘ ਸੋਹੀ, ਬਲ ਗੋਸਲ ਅਤੇ ਜਤੀ ਸਿੱਧੂ ਚੋਣ ਹਾਰ ਗਏ ਹਨ। ਦਰਸ਼ਨ ਸਿੰਘ ਕੰਗ ਨੇ ਇਸ ਵਾਰ ਚੋਣ ਲੜੀ ਹੀ ਨਹੀਂ।
ਕੈਨੇਡਾ ਵਿੱਚ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਆਏ ਪਰਵਾਸੀ ਵਸੇ ਹੋਏ ਹਨ ਪ੍ਰੰਤੂ ਹੋਰ ਕਿਸੇ ਵੀ ਦੇਸ਼ ਜਾਂ ਇਉਂ ਕਹਿ ਲਵੋ ਕਿ ਕਿਸੇ ਵੀ ਦੇਸ਼ ਦੇ ਇੱਕ ਸੂਬੇ ਵਿੱਚੋਂ ਇੰਨੇ ਸੰਸਦ ਮੈਂਬਰ ਨਹੀਂ ਚੁਣੇ ਗਏ। ਇਹ ਪੰਜਾਬੀਆਂ ਦੀ ਹੀ ਕਮਾਲ ਹੈ ਕਿ ਵਿਦੇਸ਼ੀ ਧਰਤੀ ਉੱਤੇ ਜਾ ਕੇ ਉਨ੍ਹਾਂ ਆਪਣੇ ਪੈਰ ਜਮ੍ਹਾਂ ਲਏ ਹਨ। ਉਨ੍ਹਾਂ ਨੂੰ ਰਾਜਨੀਤਕ ਗੁੜ੍ਹਤੀ ਉਨ੍ਹਾਂ ਦੇਸ਼ ਭਗਤ ਗਦਰੀ ਬਾਬਿਆਂ ਤੋਂ ਮਿਲੀ ਹੈ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ’ਤੇ ਜਾ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਾਸਤੇ ਜੱਦੋਜਹਿਦ ਸ਼ੁਰੂ ਕੀਤੀ ਸੀ।
ਅਲਬਰਟਾ ਸੂਬੇ ਵਿੱਚੋਂ ਸਾਰੇ ਸੰਸਦ ਮੈਂਬਰ ਕੰਜ਼ਰਵੇਟਿਵ ਪਾਰਟੀ ਦੇ ਜਿੱਤੇ ਹਨ। ਅਲਬਰਟਾ ਅਤੇ ਸਸਕੈਚਵਾਨ ਸੂਬੇ ਵਿੱਚੋਂ ਕੋਈ ਵੀ ਲਿਬਰਲ ਪਾਰਟੀ ਦਾ ਮੈਂਬਰ ਚੋਣ ਜਿੱਤ ਨਹੀਂ ਸਕਿਆ। ਸਸਕੈਚਵਾਨ ਵਿੱਚੋਂ ਸਾਰੀਆਂ 14 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਹਨ। ਟਰਾਂਟੋ ਇਲਾਕੇ ਵਿੱਚੋਂ ਸਾਰੀਆਂ 25 ਸੀਟਾਂ ਲਿਬਰਲ ਪਾਰਟੀ ਨੇ ਜਿੱਤੀਆਂ ਹਨ। ਬਰੈਂਪਟਨ ਦੀਆਂ 5 ਸੀਟਾਂ ਲਿਬਰਲ ਨੇ, ਓਨਟਾਰੀਓ ਦੀਆਂ 121 ਸੀਟਾਂ ਵਿੱਚੋਂ ਲਿਬਰਲ ਨੇ 78, ਕੰਜ਼ਰਵੇਟਿਵ ਨੇ 37 ਅਤੇ ਨਿਉੂ ਡੈਮੋਕਰੈਟਿਕ ਨੇ 6 ਸੀਟਾਂ ਜਿੱਤੀਆਂ ਹਨ। ਕੁਬੈੱਕ ਦੀਆਂ 78 ਸੀਟਾਂ ਵਿੱਚੋਂ ਲਿਬਰਲ ਨੇ 35, ਬਲਾਕ ਕੈਬਿਕੁਆ ਨੇ 32 ਅਤੇ ਨਿਉੂ ਡੈਮੋਕਰੈਟਿਕ ਪਾਰਟੀ ਨੇ 1 ਸੀਟ ਜਿੱਤੀ ਹੈ। ਕੁਬੈੱਕ ਵਿੱਚੋਂ ਨਿਉੂ ਡੈਮੋਕਰੈਟਿਕ ਪਾਰਟੀ ਦਾ ਸਫਾਇਆ ਹੋ ਗਿਆ ਹੈ।
ਬ੍ਰਿਟਿਸ਼ ਕੋਲੰਬੀਆ ਵਿੱਚੋਂ ਲਿਬਰਲ ਨੇ 11 ਅਤੇ ਨਿਉੂ ਡੈਮੋਕਰੈਟਿਕ ਪਾਰਟੀ ਨੇ 12 ਸੀਟਾਂ ਜਿੱਤੀਆਂ ਹਨ। ਵਿਨੀਪੈੱਗ ਵਿੱਚੋਂ 4 ਲਿਬਰਲ, 3 ਨਿਉੂ ਡੈਮੋਕਰੈਟਿਕ, ਮੈਨੀਟੋਬਾ ਵਿੱਚੋਂ 7 ਸੀਟਾਂ ਕੰਜ਼ਰਵੇਟਿਵ ਨੇ, ਅਲਬਰਟਾ ਵਿੱਚੋਂ 33 ਕੰਜ਼ਰਵੇਟਿਵ ਅਤੇ 1 ਨਿਉੂ ਡੈਮੋਕਰੈਟਿਕ ਨੇ ਜਿੱਤੀਆਂ ਹਨ। ਸੁਖ ਧਾਲੀਵਾਲ ਚੌਥੀ ਵਾਰ ਸੰਸਦ ਮੈਂਬਰ ਬਣੇ ਹਨ। 2015 ਵਿੱਚ 4 ਪੰਜਾਬੀ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਅਤੇ ਅਮਰਜੀਤ ਸਿੰਘ ਸੋਹੀ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿੱਚ ਮੰਤਰੀ ਬਣੇ ਸਨ।
ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿੱਚੋਂ 1993 ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਮੰਤਰੀ ਰਾਫੇਲ ਗੁਡੇਲ ਇਸ ਵਾਰ ਚੋਣ ਹਾਰ ਗਏ ਹਨ। ਸੰਸਦ ਦੇ ਕੁਲ 338 ਮੈਂਬਰਾਂ ਵਿੱਚੋਂ ਲਿਬਰਲ ਪਾਰਟੀ ਨੇ 157, ਕੰਜ਼ਰਵੇਟਿਵ ਨੇ 121, ਬਲੌਕ ਕੈਬਿਕੁਆ ਪਾਰਟੀ ਨੇ 32, ਨਿਉੂ ਡੈਮੋਕਰੈਟਿਕ ਨੇ 24, ਗਰੀਨ ਪਾਰਟੀ ਨੇ 3 ਅਤੇ 1 ਅਜ਼ਾਦ ਮੈਂਬਰ ਜੋਡੀ ਵਿਲਸਨ ਰੇਬੋਲਡ ਚੋਣ ਜਿੱਤੀ ਹੈ। ਜੋਡੀ ਵਿਲਸਨ ਰੇਬੋਲਡ ਨੂੰ ਲਿਬਰਲ ਪਾਰਟੀ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਸੀ, ਉਹ ਫਿਰ ਵੀ ਚੋਣ ਜਿੱਤ ਗਈ ਹੈ। ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਪ੍ਰੰਤੂ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣੀ ਹੈ ਜੋ ਕਿ ਪੂਰਨ ਬਹੁਮਤ ਤੋਂ 13 ਸੀਟਾਂ ਘੱਟ ਹੈ। ਇਸ ਵਾਰ ਕੰਜ਼ਵੇਟਿਵ ਪਾਰਟੀ ਨੂੰ 61 ਲੱਖ, ਲਿਬਰਲ ਨੂੰ 59 ਲੱਖ, ਬਲੌਕ ਕੈਬਿਕੁਆ ਨੂੰ 28 ਲੱਖ ਅਤੇ ਨਿਉੂ ਡੈਮੋਕਰੈਟਿਕ ਪਾਰਟੀ ਨੂੰ 13 ਲੱਖ ਵੋਟਰਾਂ ਨੇ ਵੋਟਾਂ ਪਾਈਆਂ ਹਨ। ਕੰਜ਼ਰਵੇਟਿਵ ਨੂੰ ਵਧੇਰੇ ਵੋਟਰਾਂ ਦੇ ਵੋਟ ਪਾਉਣ ਦੇ ਬਾਵਜੂਦ ਲਿਬਰਲ ਦੇ ਜ਼ਿਆਦਾ ਸੰਸਦ ਮੈਂਬਰ ਚੁਣੇ ਗਏ ਹਨ।
2015 ਦੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਨੇ 184 ਸੀਟਾਂ, ਕੰਜ਼ਵੇਟਿਵ ਨੇ 99, ਨਿਉੂ ਡੈਮੋਰੈਟਿਕ ਪਾਰਟੀ ਨੇ 44 ਅਤੇ ਬਲੌਕ ਕੈਬਿਕੁਆ ਪਾਰਟੀ ਨੇ 10 ਸੀਟਾਂ ਜਿੱਤੀਆਂ ਸਨ। ਇਸ ਵਾਰ 2015 ਦੇ ਮੁਕਾਬਲੇ ਲਿਬਰਲ ਪਾਰਟੀ ਨੂੰ 27 ਅਤੇ ਨਿਉੂ ਡੈਮੋਕਰੈਟਿਕ ਪਾਰਟੀ ਨੂੰ 20 ਸੀਟਾਂ ਘੱਟ ਮਿਲੀਆਂ ਹਨ। ਬਲਾਕ ਕੁਬੈਕ ਪਾਰਟੀ ਅਤੇ ਕੰਜ਼ਰਵੇਟਿਵ ਨੂੰ 22-22 ਸੀਟਾਂ ਦਾ ਲਾਭ ਹੋਇਆ ਹੈ।
ਜਸਟਿਨ ਟਰੂਡੋ ਦੀ ਘੱਟ ਗਿਣਤੀ ਦੀ ਸਰਕਾਰ ਹੋਵੇਗੀ। ਇਸ ਤੋਂ ਪਹਿਲਾਂ ਵੀ 1957 ਅਤੇ 1974 ਵਿੱਚ ਘੱਟ ਗਿਣਤੀ ਸਰਕਾਰਾਂ ਬਣੀਆਂ ਸਨ। ਆਸ ਕੀਤੀ ਜਾ ਰਹੀ ਸੀ ਕਿ ਨਿਉੂ ਡੈਮੋਕਰੈਟਿਕ ਪਾਰਟੀ ਕਿੰਗ ਮੇਕਰ ਦਾ ਕੰਮ ਕਰੇਗੀ ਪ੍ਰੰਤੂ ਜਸਟਿਨ ਟਰੂਡੋ ਨੇ ਇਕੱਲਿਆਂ ਘੱਟ ਗਿਣਤੀ ਸਰਕਾਰ ਬਣਾ ਲਈ ਹੈ। ਜਦੋਂ ਨਿਉੂ ਡੈਮੋਕਰੈਟਿਕ ਪਾਰਟੀ ਦਾ ਮੁਖੀ ਜਗਮੀਤ ਸਿੰਘ ਚੁਣਿਆ ਗਿਆ ਸੀ ਤਾਂ ਪੰਜਾਬੀਆਂ ਵਿੱਚ ਇਹ ਆਸ ਬੱਝ ਗਈ ਸੀ ਕਿ ਇੱਕ ਸਿੱਖ ਕੈਨੇਡਾ ਦਾ ਪ੍ਰਧਾਨ ਮੰਤਰੀ ਬਣੇਗਾ। ਕੈਨੇਡਾ ਵਸਦੇ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਪੰਜਾਬੀਆਂ ਦੇ ਹੌਸਲੇ ਬੁਲੰਦ ਹੋ ਗਏ ਸਨ ਪ੍ਰੰਤੂ ਚੋਣਾਂ ਦੇ ਨਤੀਜਿਆਂ ਸਮੇਂ ਹੋਇਆ ਇਸਦੇ ਉਲਟ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਦੇ ਇੱਕ ਬਿਆਨ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਜਿਸ ਵਿੱਚ ਉਸਨੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਕਹਿ ਦਿੱਤਾ ਕਿ ਕੰਜ਼ਵੇਟਿਵ ਪਾਰਟੀ ਨੂੰ ਰਾਜ ਸਤਾ ਵਿੱਚ ਆਉਣ ਤੋਂ ਰੋਕਣ ਲਈ ਉਹ ਲਿਬਰਲ ਨੂੰ ਸਪੋਰਟ ਕਰੇਗਾ। ਕੈਨੇਡਾ ਦੇ ਲੋਕ ਪੜ੍ਹੇ ਲਿਖੇ ਹਨ ਉਨ੍ਹਾਂ ਮਹਿਸੂਸ ਕੀਤਾ ਕਿ ਜੇ ਨਿਉੂ ਡੈਮੋਕਰੈਟਿਕ ਪਾਰਟੀ ਨੇ ਲਿਬਰਲ ਨੂੰ ਹੀ ਸਪੋਰਟ ਦੇਣੀ ਹੈ ਤਾਂ ਵੋਟਾਂ ਹੀ ਲਿਬਰਲ ਨੂੰ ਪਾ ਦਿੱਤੀਆਂ ਜਾਣ ਤਾਂ ਜੋ ਸਥਾਈ ਸਰਕਾਰ ਬਣ ਸਕੇ। ਦੂਜਾ ਫੈਕਟਰ ਇਹ ਸਮਝਿਆ ਜਾ ਰਿਹਾ ਹੈ ਕਿ ਸਿੱਖ ਜਗਤ ਨੇ ਇੱਕਮਤ ਹੋ ਕੇ ਜਗਮੀਤ ਸਿੰਘ ਦਾ ਸਾਥ ਨਹੀਂ ਦਿੱਤਾ।
ਚੁਣੇ ਗਏ ਮੈਂਬਰਾਂ ਵਿੱਚੋਂ 5 ਲੁਧਿਆਣਾ ਜ਼ਿਲ੍ਹੇ ਦੇ ਹਨ ਜਿਵੇਂ ਸੋਨੀਆ ਸਿੱਧੂ ਪਿੰਡ ਸਫੀਪੁਰ ਦੀ ਜੰਮਪਲ ਅਤੇ ਸਿਧਵਾਂ ਬੇਟ ਦੀ ਨੂੰਹ ਹੈ, ਬਰਦੀਸ਼ ਚੱਗਰ ਸਥਾਨਕ ਲੁਧਿਆਣਾ ਤੋਂ ਹਨ, ਸੁਖ ਧਾਲੀਵਾਲ ਸੁਜਾਪੁਰ ਪਿੰਡ ਤੋਂ, ਰੂਬੀ ਸਹੋਤਾ ਅਹਿਮਦਗੜ੍ਹ ਕੋਲ ਪਿੰਡ ਜੰਡਾਲੀ ਤੋਂ ਅਤੇ ਗਗਨ ਸਿਕੰਦ ਪਿੰਡ ਹੁਸੈਨਪੁਰ ਤੋਂ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਹਿਲੀ ਕਲਾਂ ਤੋਂ ਨਵਦੀਪ ਸਿੰਘ ਬੈਂਸ, ਬੰਬੇਲੀ ਤੋਂ ਹਰਜੀਤ ਸਿੰਘ ਸੱਜਣ ਅਤੇ ਦਾਰਾਪੁਰ ਧਰਮਕੋਟ ਤੋਂ ਅੰਜੂ ਢਿੱਲੋਂ ਹਨ। ਜਲੰਧਰ ਜ਼ਿਲ੍ਹੇ ਦੇ ਪਿੰਡ ਸਰਾਏ ਖਾਸ ਤੋਂ ਰਣਦੀਪ ਸਿੰਘ ਸਰਾਏ, ਮਲਸੀਆਂ ਤੋਂ ਮਨਿੰਦਰ ਸਿੰਘ ਸਿੱਧੂ ਅਤੇ ਲੇਸਰੀਵਾਲ ਤੋਂ ਰਾਮੇਸ਼ਵਰ ਸੰਘਾ ਹਨ।
ਇਸ ਤਰ੍ਹਾਂ ਸੰਸਾਰ ਦੇ ਹੋਰ ਦੇਸਾਂ ਵਿੱਚ ਵੀ ਪੰਜਾਬੀ ਰਾਜਨੀਤਕ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਜਿਸ ਤਰ੍ਹਾਂ ਕੈਨੇਡਾ ਵਿੱਚ ਪੰਜਾਬੀ ਰਾਜਨੀਤਕ ਖੇਤਰ ਵਿੱਚ ਮਾਅਰਕੇ ਮਾਰ ਰਹੇ ਹਨ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਵਿੱਚ ਪੰਜਾਬੀਆਂ ਦਾ ਭਵਿੱਖ ਹੋਰ ਸੁਨਹਿਰਾ ਹੋਵੇਗਾ। ਜਸਟਿਨ ਟਰੂਡੋ ਦੀ ਸਰਕਾਰ ਦੁਬਾਰਾ ਬਣਨ ਨਾਲ ਪਰਵਾਸੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ ਕਿਉਂਕਿ ਕੰਜ਼ਰਵੇਟਿਵ ਪਾਰਟੀ ਪਰਵਾਸੀਆਂ ਉੱਪਰ ਪਾਬੰਦੀਆਂ ਲਾ ਸਕਦੀ ਸੀ। ਟਰੂਡੋ ਦੀ ਸਰਕਾਰ ਬਣਨ ਨਾਲ ਪੰਜਾਬੀਆਂ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਉਮੀਦ ਹੈ ਕਿ ਇਹ ਸਰਕਾਰ ਪਰਵਾਸੀਆਂ ਨੂੰ ਹੋਰ ਵਧੇਰੇ ਸਹੂਲਤਾਂ ਦੇਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1825)
(ਸਰੋਕਾਰ ਨਾਲ ਸੰਪਰਕ ਲਈ: