“ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਗਭਗ ਡੇਢ ਸਾਲ ਵਿੱਚ ...”
(30 ਜੁਲਾਈ 2020)
ਰਾਜਸਥਾਨ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਹੋਈ ਬਗ਼ਾਵਤ ਦਾ ਪੰਜਾਬ ਸਰਕਾਰ ’ਤੇ ਕੋਈ ਪ੍ਰਭਾਵ ਪੈ ਸਕਦਾ ਹੈ? ਇਸ ਬਾਰੇ ਅੱਜ ਕੱਲ੍ਹ ਖੁੰਢ ਚਰਚਾਵਾਂ ਅਤੇ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ ਹੈ। ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਵਿੱਚ ਬੱਧੀਜੀਵੀਆਂ ਦੀਆਂ ਚੁੰਝ ਚਰਚਾਵਾਂ, ਦਫਤਰਾਂ ਵਿੱਚ ਬਾਬੂਆਂ ਦੀਆਂ ਵਾਰਤਾਵਾਂ, ਅਖ਼ਬਾਰਾਂ ਦੀਆਂ ਖ਼ਬਰਾਂ ਅਤੇ ਇਲੈਕਟਰਾਨਿਕ ਮੀਡੀਆ ਵਿੱਚ ਪੈਨਲ ਵਿਚਾਰ ਚਰਚਾਵਾਂ ਵਿੱਚ ਹਰ ਥਾਂ ਤੇ ਇਹੋ ਵਿਚਾਰ ਵਟਾਂਦਰੇ ਹੋ ਰਹੇ ਹਨ ਕਿ ਕੀ ਗਵਾਂਢੀ ਰਾਜ ਰਾਜਸਥਾਨ ਦੀ ਸਿਆਸੀ ਉਥਲ ਪੁਥਲ ਦਾ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਅਸਰ ਪੈ ਸਕਦਾ ਹੈ? ਸਭ ਤੋਂ ਜ਼ਿਆਦਾ ਇਨ੍ਹਾਂ ਕਿਆਸ ਅਰਾਈਆਂ ਨੂੰ ਤੂਲ ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ, ਜਿਸ ਵਿੱਚ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਸ਼ਾਮਲ ਹਨ, ਉਨ੍ਹਾਂ ਰਾਹੀਂ ਦਿੱਤਾ ਜਾ ਰਿਹਾ ਹੈ। ਇਨ੍ਹਾਂ ਥਾਵਾਂ ’ਤੇ ਜਿਹੜੀਆਂ ਖ਼ਬਰਾਂ ਦਿੱਤੀਆਂ ਜਾਂ ਟੈਲੀਕਾਸਟ, ਬਰਾਡਕਾਸਟ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਕੋਈ ਠੋਸ ਆਧਾਰ ਨਹੀਂ ਦਿੱਤਾ ਜਾਂਦਾ। ਇਹ ਕਿਹਾ ਜਾਂਦਾ ਹੈ ਕਿ ਰਾਜਨੀਤਕ ਧਮਾਕਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਖ਼ਬਰਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਇਲੈਕਟ੍ਰੌਨਿਕ ਮੀਡੀਆ ਨੇ ਤਾਂ ਪਾਣੀ ਵਿੱਚ ਮਧਾਣੀ ਪਾਈ ਹੋਈ ਹੈ, ਜਿਸਦੇ ਰਿੜਕਣ ਨਾਲ ਕੁਝ ਵੀ ਨਹੀਂ ਨਿਕਲਣਾ ਨਹੀਂ, ਭਾਵ ਕੋਈ ਵੀ ਤਬਦੀਲੀ ਹੋਣ ਦੀ ਸੰਭਾਵਨਾ ਹੈ ਹੀ ਨਹੀਂ। ਗੱਲ ਨਵਜੋਤ ਸਿੰਘ ਸਿੱਧੂ ਤੋਂ ਤੁਰਦੀ ਹੈ ਤੇ ਉੱਥੇ ਆ ਕੇ ਹੀ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਨੂੰ ਪੜ੍ਹਨ ਤੇ ਸੁਣਨ ਵਾਲੇ ਬਿਨਾਂ ਵਜਾਹ ਹੀ ਭੰਬਲਭੂਸੇ ਵਿੱਚ ਪਏ ਰਹਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣਿਆ ਲਗਭਗ ਸਾਢੇ ਤਿੰਨ ਸਾਲ ਹੋ ਗਏ ਹਨ। ਜਦੋਂ ਦੀ ਇਹ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਰਕਾਰ ਵਿੱਚ ਮੰਤਰੀਆਂ ਦੀ ਰੱਦੋ ਬਦਲ, ਉਨ੍ਹਾਂ ਦੀ ਆਪਸੀ ਖਹਿਬਾਜ਼ੀ ਅਤੇ ਵਿਧਾਨਕਾਰਾਂ ਵਿੱਚ ਸਰਕਾਰ ਦੀ ਕਾਰਗੁਜ਼ਾਰੀ ’ਤੇ ਅਸੰਤੁਸ਼ਟੀ ਦੀਆਂ ਖ਼ਬਰਾਂ ਮੀਡੀਆ ਵਿੱਚ ਚਟਕਾਰਿਆਂ ਨਾਲ ਆਉਂਦੀਆਂ ਰਹੀਆਂ ਹਨ, ਭਾਵੇਂ ਅਜੇ ਤਕ ਕੋਈ ਸਾਰਥਿਕ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਆਉਣ ਦੀ ਸੰਭਾਵਨਾ ਹੈ।
ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ, ਉਦੋਂ ਤੋਂ ਹੀ ਮੀਡੀਆ ਬੜੀ ਸਰਗਰਮੀ ਨਾਲ ਇਹ ਕਹਿ ਰਿਹਾ ਸੀ ਕਿ ਉਹ ਪੰਜਾਬ ਸਰਕਾਰ ਵਿੱਚ ਉਪ ਮੁੱਖ ਮੰਤਰੀ ਬਣੇਗਾ ਪ੍ਰੰਤੂ ਕਦੀ ਵੀ ਕਿਸੇ ਪੱਤਰਕਾਰ ਨੇ ਸੰਜੀਦਗੀ ਨਾਲ ਨਹੀਂ ਸੋਚਿਆ ਸੀ ਕਿ ਜੇਕਰ ਪੰਜਾਬ ਵਿੱਚ ਇੱਕ ਸਿੱਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਵੇਗਾ ਤਾਂ ਦੂਜੇ ਨੰਬਰ ਤੇ ਹਮੇਸ਼ਾ ਹਿੰਦੂ ਮੰਤਰੀ ਹੀ ਹੁੰਦਾ ਹੈ। ਕਿਉਂਕਿ ਪੰਜਾਬ ਵਿੱਚ ਹਿੰਦੂ ਵਰਗ ਨੂੰ ਕਿਸੇ ਕੀਮਤ ’ਤੇ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ, ਜਿਸਦੀ ਬਦੌਲਤ ਹਮੇਸ਼ਾ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ। ਫਿਰ ਨਵਜੋਤ ਸਿੰਘ ਸਿੱਧੂ ਕਿਵੇਂ ਉਪ ਮੁੱਖ ਮੰਤਰੀ ਬਣ ਸਕਦਾ ਹੈ? ਇਸ ਕਰਕੇ ਹੀ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਵੀ ਤੀਜੇ ਨੰਬਰ ’ਤੇ ਬਣਾਇਆ ਗਿਆ ਸੀ ਪ੍ਰੰਤੂ ਸਥਾਨਕ ਸਰਕਾਰਾਂ ਅਤੇ ਸਭਿਆਚਾਰਕ ਮਾਮਲੇ ਦੇ ਮਹੱਤਵਪੂਰਨ ਵਿਭਾਗ ਦਿੱਤੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਪਾਰਟੀ ਵਿੱਚ ਸੀਨੀਅਰ ਅਤੇ ਆਪਣੇ ਰੋਹਬ ਦਾਬ ਵਾਲਾ ਸਿਆਸੀ ਨੇਤਾ ਹੈ। ਸ਼ਾਹੀ ਪਰਿਵਾਰ ਨਾਲ ਸੰਬੰਧਤ ਹੈ, ਜਿਸਦੇ ਪੁਰਖੇ ਵੀ ਗਾਂਧੀ ਪਰਿਵਾਰ ਦੇ ਨਜ਼ਦੀਕ ਰਹੇ ਹਨ। ਉਸਦੀ ਕਾਰਜ਼ਸ਼ੈਲੀ ਵੀ ਵੱਖਰੀ ਕਿਸਮ ਦੀ ਹੈ। ਉਹ ਆਪਣੀ ਮਰਜ਼ੀ ਅਨੁਸਾਰ ਸਰਕਾਰ ਚਲਾ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਵਿੱਚ ਗੁਣ ਆਮ ਸਿਆਸਤਦਾਨਾਂ ਨਾਲੋਂ ਵਧੇਰੇ ਕਹੇ ਜਾ ਸਕਦੇ ਹਨ। ਉਹ ਬੁਲਾਰਾ ਕਮਾਲ ਦਾ ਹੈ। ਇਮਾਨਦਾਰ ਹੈ, ਪ੍ਰੰਤੂ ਮੁੱਖ ਮੰਤਰੀ ਬਣਨ ਲਈ ਬਹੁਤਾ ਕਾਹਲਾ ਹੈ। ਸਿਆਸਤ ਵਿੱਚ ਸਹਿਜ ਪੱਕੇ ਸੋ ਮੀਠਾ ਹੋਏ ਦੀ ਨੀਤੀ ਸਫਲ ਰਹਿੰਦੀ ਹੈ। ਲੋਕਾਂ ਦੀ ਨਿਗਾਹ ਵਿੱਚ ਉਹ ਮੁੱਖ ਮੰਤਰੀ ਦੇ ਯੋਗ ਵੀ ਗਿਣਿਆ ਜਾਂਦਾ ਹੈ ਪ੍ਰੰਤੂ ਕਾਂਗਰਸ ਪਾਰਟੀ ਵਿੱਚ ਉਹ ਬਿਲਕੁਲ ਨਵਾਂ ਅਤੇ ਅਨਾੜੀ ਹੈ। ਕਾਂਗਰਸ ਹਾਈ ਕਮਾਂਡ ਵਿੱਚ ਉਹ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਜ਼ਦੀਕ ਹੈ। ਇਹ ਸਾਰੇ ਗੁਣਾਂ ਦੇ ਬਾਵਜੂਦ ਵੀ ਉਹ ਹਮੇਸ਼ਾ ਵਾਦ-ਵਿਵਾਦ ਵਿੱਚ ਰਹਿੰਦਾ ਹੈ। ਬੋਲਣ ਲੱਗਿਆਂ ਸੰਜੀਦਗੀ ਤੋਂ ਕੰਮ ਨਹੀਂ ਲੈਂਦਾ। ਆਮ ਕਰਕੇ ਸਾਰੇ ਵਾਦ ਵਿਵਾਦ ਉਸਦੇ ਬਿਆਨਾ ਨਾਲ ਹੀ ਪੈਦਾ ਹੁੰਦੇ ਰਹੇ ਹਨ। ਸਿਆਸਤ ਦਾ ਖਿਲਾੜੀ ਨਹੀਂ ਅਤੇ ਸਿਆਸਤ ਦੀਆਂ ਤਿਗੜਮਬਾਜ਼ੀਆਂ ਵਿੱਚ ਵੀ ਅਨਾੜੀ ਹੈ। ਸਿਆਸਤਦਾਨ ਲਚਕਦਾਰ ਵੀ ਹੋਣਾ ਚਾਹੀਦਾ ਹੈ। ਕਾਠ ਦੀ ਹੱਡੀ ਬਣਕੇ ਸਿਆਸਤ ਵਿੱਚ ਵਿਚਰਨਾ ਅਸੰਭਵ ਹੁੰਦਾ ਹੈ।
ਸਿਆਸਤ ਵਿੱਚ ਬਗ਼ਾਵਤ ਭਾਵੇਂ ਆਮ ਜਿਹੀ ਗੱਲ ਹੈ। ਵਿਚਾਰਾਂ ਵਿੱਚ ਵਖਰੇਵਾਂ ਹੋਣਾ ਪਰਜਾਤੰਤਰ ਦੇ ਸ਼ੁਭ ਸੰਕੇਤ ਹੁੰਦੇ ਹਨ। ਬਗ਼ਾਵਤਾਂ ਸਾਰੀਆਂ ਪਾਰਟੀਆਂ ਵਿੱਚ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਇੱਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਸਮੁੰਦਰ ਵਿੱਚ ਰਹਿੰਦਿਆਂ ਮਗਰਮੱਛ ਨਾਲ ਵੈਰ ਰੱਖਣਾ ਮਹਿੰਗਾ ਪੈ ਜਾਂਦਾ ਹੈ। ਇਹੋ ਗੱਲ ਨਵਜੋਤ ਸਿੰਘ ਸਿੱਧੂ ਨਾਲ ਹੋਈ ਹੈ। ਮੰਤਰੀ ਮੰਡਲ ਵਿੱਚ ਹੁੰਦਿਆਂ ਕਿਸੇ ਵੀ ਮੰਤਰੀ ਨੂੰ ਮੁੱਖ ਮੰਤਰੀ ਨਾਲ ਚੰਗੇ ਸੰਬੰਧ ਰੱਖਣੇ ਜ਼ਰੂਰੀ ਹੁੰਦੇ ਹਨ। ਹਾਈ ਕਮਾਂਡ ਤਾਂ ਦੂਰ ਹੁੰਦੀ ਹੈ, ਹਰ ਰੋਜ਼ ਤਾਂ ਮੁੱਖ ਮੰਤਰੀ ਨਾਲ ਹੀ ਵਿਚਰਨਾ ਹੁੰਦਾ ਹੈ। ਕਹਿਣ ਤੋਂ ਭਾਵ ਰੱਬ ਨੇੜੇ ਕਿ ਘਸੁੰਨ। ਕੋਈ ਵੀ ਪਾਰਟੀ ਅਨੁਸ਼ਾਸਨ ਤੋਂ ਬਿਨਾ ਨਹੀਂ ਚੱਲ ਸਕਦੀ। ਨਵਜੋਤ ਸਿੰਘ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲਗਭਗ ਇੱਕ ਸਾਲ ਤੋਂ ਸਿਆਸਤ ਵਿੱਚ ਸਰਗਰਮ ਨਹੀਂ ਹੈ। ਸਿਆਸਤ ਵਿੱਚ ਤਾਂ ਹਰ ਵਕਤ ਲੋਕਾਂ ਨਾਲ ਜੁੜੇ ਰਹਿਣ ਵਿੱਚ ਹੀ ਭਲਾ ਹੁੰਦਾ ਹੈ। ਜਿਹੜਾ ਨੇਤਾ ਲੋਕਾਂ ਨਾਲ ਬਾਵਾਸਤਾ ਰਹਿੰਦਾ ਹੈ, ਉਹ ਹੀ ਹਮੇਸ਼ਾ ਸਫਲ ਹੁੰਦਾ ਹੈ। ਲੋਕਾਂ ਤੋਂ ਦੂਰ ਰਹਿਕੇ ਸਿਆਸਤ ਨਹੀਂ ਹੁੰਦੀ। ਲੋਕਾਂ ਦੇ ਵਿੱਚ ਵੜਕੇ ਹੀ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਕਾਬਲੀਅਤ ਕਰਕੇ ਇੱਕ ਦਿਨ ਮੁੱਖ ਮੰਤਰੀ ਦੀ ਕੁਰਸੀ ਤਕ ਪਹੁੰਚ ਸਕਦਾ ਹੈ। ਪੰਜਾਬ ਦੇ ਲੋਕਾਂ ਦੀ ਇਹ ਦਿਲੀ ਇੱਛਾ ਵੀ ਹੈ ਪ੍ਰੰਤੂ ਅਜੇ ਉਸ ਲਈ ਦਿੱਲੀ ਦੂਰ ਹੈ।ਙ
ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਗਭਗ ਡੇਢ ਸਾਲ ਵਿੱਚ ਹੋਣ ਵਾਲੀਆਂ ਹਨ। ਇਸ ਲਈ ਕਿਸੇ ਕਿਸਮ ਦੇ ਬਦਲਾਅ ਦੀ ਸੰਭਾਵਨਾ ਨਹੀਂ। ਇਸਦੇ ਨਾਲ ਹੀ ਪੰਜਾਬ ਵਿੱਚ ਕਾਂਗਰਸ ਕੋਲ ਠੋਸ ਬਹੁਮਤ ਹੈ, ਜਦੋਂ ਕਿ ਮੱਧ ਪ੍ਰਦੇਸ ਅਤੇ ਰਾਜਸਥਾਨ ਵਿੱਚ ਬਹੁਮਤ ਬਹੁਤਾ ਵੱਡਾ ਨਹੀਂ ਸੀ। ਉੱਥੇ ਅਸਥਿਰਤਾ ਦਾ ਮਾਹੌਲ ਸੀ। ਪੰਜਾਬ ਵਿੱਚ ਅਜਿਹਾ ਨਹੀਂ ਕਿਉਂਕਿ ਵਿਧਾਨਕਾਰ ਤਾਂ ਹੁਣ ਅਗਲੀਆਂ ਚੋਣਾਂ ਲਈ ਆਪੋ ਆਪਣੀਆਂ ਟਿਕਟਾਂ ਲੈਣ ਦੀ ਕੋਸ਼ਿਸ਼ ਵਿੱਚ ਰੁੱਝ ਜਾਣਗੇ। ਉਹ ਅਜਿਹੇ ਹਾਲਾਤ ਪੈਦਾ ਕਰਨ ਦੇ ਸਮਰੱਥ ਹੀ ਨਹੀਂ। ਉਨ੍ਹਾਂ ਨੇ ਤਾਂ ਆਪੋ ਆਪਣੇ ਹਲਕਿਆਂ ਲਈ ਸਰਕਾਰ ਤੋਂ ਗ੍ਰਾਂਟਾਂ ਲੈਣੀਆਂ ਹਨ। ਜੇਕਰ ਉਨ੍ਹਾਂ ਦੇ ਮੁੱਖ ਮੰਤਰੀ ਨਾਲ ਸੰਬੰਧ ਸੁਹਾਵਣੇ ਹੋਣਗੇ ਤਾਂ ਹੀ ਗ੍ਰਾਂਟਾਂ ਦੇ ਗੱਫੇ ਮਿਲਣਗੇ।
ਸਿਆਸੀ ਕਿਆਸ ਅਰਾਈਆਂ ਅਸਥਿਰਤਾ ਦਾ ਮਾਹੌਲ ਪੈਦਾ ਕਰਨ ਲਈ ਚਲਾਈਆਂ ਜਾਂਦੀਆਂ ਹਨ। ਇਹ ਕਿਆਸ ਅਰਾਈਆਂ ਪਾਰਟੀ ਦਾ ਨੁਕਸਾਨ ਕਰਨ ਵਿੱਚ ਯੋਗਦਾਨ ਪਾਉਂਦੀਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਕੋਲ ਵਿਧਾਨਕਾਰਾਂ ਦੀ ਗਿਣਤੀ ਵੀ ਘੱਟ ਹੈ। ਉਨ੍ਹਾਂ ਦਾ ਅਕਸ ਵੀ ਲੋਕਾਂ ਵਿੱਚ ਬਹੁਤਾ ਪ੍ਰਭਾਵਸ਼ਾਲੀ ਨਹੀਂ। ਅਕਾਲੀ ਦਲ ਤਾਂ ਦਲ-ਦਲ ਵਿੱਚ ਫਸਿਆ ਹੋਇਆ ਹੈ। ਉਸ ਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਹੀ ਪਿਛਾਂਹ ਧੱਕ ਦਿੱਤਾ ਹੈ ਅਤੇ ਉਹ ਗਲਤੀ ’ਤੇ ਗਲਤੀ ਕਰੀ ਜਾਂਦਾ ਹੈ। ਹੁਣ ਸੀ ਬੀ ਆਈ ਦੀ ਵਰਤੋਂ ਕਰ ਰਿਹਾ ਹੈ, ਜਿਹੜੀ ਉਸਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਕਰੇਗੀ। ਭਾਰਤੀ ਜਨਤਾ ਪਾਰਟੀ ਨੂੰ ਤਿੰਨ ਖੇਤੀ ਆਰਡੀਨੈਂਸਾਂ ਨੇ ਘੁੰਮਣਘੇਰੀ ਵਿੱਚ ਪਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਵਿਧਾਨਕਾਰਾਂ ’ਤੇ ਪਕੜ ਵੀ ਮਜ਼ਬੂਤ ਹੈ। ਕੇਂਦਰੀ ਕਾਂਗਰਸ ਇੰਨੀ ਕਮਜ਼ੋਰ ਹੈ ਕਿ ਉਹ ਅਜਿਹਾ ਫੈਸਲਾ ਲੈਣ ਦੇ ਸਮਰੱਥ ਹੀ ਨਹੀਂ। ਕਰੋਨਾ ਨਾਲ ਨਿਪਟਣ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੋ ਰਹੀ ਪ੍ਰਸ਼ੰਸਾ ਨੇ ਸਰਕਾਰ ਦੀਆਂ ਅਸਫਲਤਾਵਾਂ ਉੱਪਰ ਪਰਦਾ ਪਾ ਦਿੱਤਾ ਹੈ।
ਪੁਰਾਣੇ ਕਾਂਗਰਸੀ, ਜਿਹੜੇ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਮੁੱਖ ਮੰਤਰੀ ਦੇ ਦਾਅਵੇਦਾਰ ਸਮਝਦੇ ਸਨ, ਉਹ ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਦੇ ਮੁੱਖ ਮੰਤਰੀ ਬਣਨ ਦੇ ਰਾਹ ਵਿੱਚ ਰੋੜਾ ਅਟਕਾਉਣ ਦੀ ਕੋਸ਼ਿਸ਼ ਕਰਨਗੇ। ਕੱਲ੍ਹ ਦੀ ਭੂਤਨੀ ਸਿਵਿਆਂ ਵਿੱਚ ਅੱਧ ਵਾਲੀ ਕਹਾਵਤ ਵੀ ਸਿੱਧੂ ’ਤੇ ਢੁੱਕਦੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਹ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਪਾਰੀ ਵੀ ਖੇਡੇਗਾ। ਪ੍ਰਤਾਪ ਸਿੰਘ ਬਾਜਵਾ, ਜਿਸਦੀ ਦਿੱਲੀ ਦਰਬਾਰ ਵਿੱਚ ਸੁਣੀ ਜਾਂਦੀ ਹੈ ਅਤੇ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਕੁਰਸੀ ਦਾ ਵੱਡਾ ਦਾਅਵੇਦਾਰ ਸਮਝਦਾ ਹੈ, ਉਹ ਵੀ ਆਪਣੇ ਪੱਤੇ ਚਲਾਏਗਾ। ਇਸੇ ਤਰ੍ਹਾਂ ਹਿੰਦੂ ਨੇਤਾਵਾਂ ਵਿੱਚੋਂ ਬ੍ਰਹਮ ਮਹਿੰਦਰਾ, ਜਿਹੜਾ ਵਰਤਮਾਨ ਮੰਤਰੀ ਮੰਡਲ ਵਿੱਚ ਦੂਜੇ ਨੰਬਰ ਤੇ ਹੈ ਅਤੇ ਸੁਨੀਲ ਕੁਮਾਰ ਜਾਖੜ, ਜਿਹੜਾ ਪੰਜਾਬ ਪ੍ਰਦੇਸ ਕਾਂਗਰਸ ਦਾ ਪ੍ਰਧਾਨ ਹੈ ਅਤੇ ਸਰਵ ਪ੍ਰਵਾਨ ਜੱਟ/ਹਿੰਦੂ ਸਿਆਸੀ ਨੇਤਾ ਹੈ, ਉਸਦਾ ਅਕਸ ਵੀ ਸਾਫ ਸੁਥਰਾ ਅਤੇ ਬ੍ਰਹਮ ਮਹਿੰਦਰਾ ਤੇ ਜਾਖੜ ਦੋਹਾਂ ਦੀ ਦਿੱਲੀ ਦਰਬਾਰ ਵਿੱਚ ਚੰਗੀ ਪਹੁੰਚ ਹੈ। ਰਾਜਿੰਦਰ ਕੌਰ ਭੱਠਲ, ਜਿਹੜੀ ਸਭ ਤੋਂ ਜ਼ਿਆਦਾ ਸੀਨੀਅਰ ਨੇਤਾ ਹੈ ਅਤੇ ਮੁੱਖ ਮੰਤਰੀ ਰਹਿ ਚੁੱਕੀ ਹੈ ਪ੍ਰੰਤੂ ਅਜੇ ਚੁੱਪ ਬੈਠੀ ਤੇਲ ਅਤੇ ਤੇਲ ਦੀ ਧਾਰ ਵੇਖ ਰਹੀ ਹੈ, ਉਹ ਵੀ ਕੋਸ਼ਿਸ਼ ਕਰੇਗੀ। ਸਿਆਸਤਦਾਨ ਦਾ ਚੁੱਪ ਬੈਠਣਾ ਵੀ ਖ਼ਤਰੇ ਦੀ ਘੰਟੀ ਹੁੰਦਾ ਹੈ। ਅਨੁਸੂਚਿਤ ਜਾਤੀਆਂ ਵਿੱਚੋਂ ਸ਼ਮਸ਼ੇਰ ਸਿੰਘ ਦੂਲੋ ਵੀ ਤਾਕ ਵਿੱਚ ਬੈਠਾ ਹੈ ਜੋ ਕਿਸੇ ਸਮੇਂ ਮਰਹੂਮ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦਾ ਨਜ਼ਦੀਕੀ ਰਿਹਾ ਹੈ ਪ੍ਰੰਤੂ ਉਸਦੀ ਬੇੜੀ ਵਿੱਚ ਉਸਦੇ ਪਰਿਵਾਰ ਨੇ ਹੀ ਵੱਟੇ ਪਾ ਦਿੱਤੇ ਹਨ ਕਿਉਂਕਿ ਉਸਦੀ ਪਤਨੀ ਹਰਬੰਸ ਕੌਰ ਦੂਲੋ ਅਤੇ ਲੜਕਾ ਬੰਨ੍ਹੀ ਦੂਲੋ ਆਮ ਆਦਮੀ ਪਾਰਟੀ ਦਾ ਪੱਲਾ ਫੜੀ ਬੈਠੇ ਹਨ।
ਪਛੜੀਆਂ ਸ਼ਰੇਣੀਆਂ ਵਿੱਚੋਂ ਸਭ ਤੋਂ ਸੀਨੀਅਰ ਅਤੇ ਮਜ਼ਬੂਤ ਦਾਅਵੇਦਾਰ ਉਮੀਦਵਾਰ ਲਾਲ ਸਿੰਘ ਹੈ, ਜਿਸਦੀ ਕਾਂਗਰਸ ਹਾਈ ਕਮਾਂਡ ਵਿੱਚ ਰਸਾਈ ਹੈ। ਉਹ ਪੰਜਾਬ ਦੇ ਹਰ ਮੁੱਖ ਮੰਤਰੀ ਦਾ ਚਹੇਤਾ ਰਿਹਾ ਹੈ। ਕਹਿਣ ਤੋਂ ਭਾਵ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਇੱਕ ਹੈ, ਉਹ ਵੀ ਅਜੇ ਖਾਲੀ ਨਹੀਂ ਪ੍ਰੰਤੂ ਦਾਅਵੇਦਾਰਾਂ ਦੀ ਸੂਚੀ ਲੰਬੀ ਹੈ। ਇਸ ਤੋਂ ਇਲਾਵਾ ਨੌਜਵਾਨ, ਜਿਹੜੇ ਰਾਹੁਲ ਗਾਂਧੀ ਦੀ ਮੁੱਛ ਦਾ ਵਾਲ ਕਹਾਉਂਦੇ ਹਨ, ਉਹ ਵੀ ਆਪਣੀਆਂ ਚਾਲਾਂ ਚੱਲਣਗੇ। ਪੰਜਾਬ ਦੇ ਸਿਆਸਤਦਾਨ ਬਿਨਾ ਪਾਣੀ ਤੋਂ ਹੀ ਮੌਜੇ ਖੋਲ੍ਹੀ ਬੈਠੇ ਹਨ। ਬਹੁਤੀ ਚਰਚਾ ਨਵਜੋਤ ਸਿੰਘ ਸਿੱਧੂ ਬਾਰੇ ਹੀ ਹੋ ਰਹੀ ਹੈ ਪ੍ਰੰਤੂ ਉਸਨੇ ਮੰਤਰੀ ਹੁੰਦਿਆਂ ਵੀ ਵਿਧਾਨਕਾਰਾਂ ਨਾਲ ਸੁਖਾਵੇਂ ਸੰਬੰਧ ਨਹੀਂ ਰੱਖੇ। ਸਾਫ ਕਿਰਦਾਰ ਵਾਲੇ ਵਿਧਾਨਕਾਰ ਪ੍ਰਗਟ ਸਿੰਘ ਤੋਂ ਬਿਨਾ ਹੋਰ ਕੋਈ ਵਿਧਾਨਕਾਰ ਕਦੀ ਵੀ ਉਸਦੀ ਮਦਦ ’ਤੇ ਅੱਗੇ ਨਹੀਂ ਆਇਆ। ਭਾਵੇਂ ਸਿਆਸਤ ਵਿੱਚ ਅਸੰਭਵ ਵੀ ਸੰਭਵ ਹੋ ਸਕਦਾ ਹੈ ਪ੍ਰੰਤੂ ਪੰਜਾਬ ਦੀ ਸਰਕਾਰ ਵਿੱਚ ਤਬਦੀਲੀ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2274)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com