“ਡਾ. ਕੁਲਦੀਪ ਸਿੰਘ ਧੀਰ ਨੇ ਨਾਨਕ ਸਿੰਘ ਦੇ ਨਾਵਲਾਂ ਵਿਚਲੀ ...”
(16 ਦਸੰਬਰ 2018)
‘ਨਾਨਕ ਸਿੰਘ ਇਕ ਪੁਨਰ-ਮੁਲਾਂਕਣ’ ਪੁਸਤਕ ਨਾਨਕ ਸਿੰਘ ਦੇ ਸਾਹਿਤਕ ਵਿਅਕਤਿਤਵ ਦਾ ਸ਼ੀਸ਼ਾ ਹੈ। ਇਸ 168 ਪੰਨਿਆਂ ਵਾਲੀ ਪੁਸਤਕ ਦੀ ਸੰਪਾਦਨਾ ਤਿੰਨ ਸਾਹਿਤਕਾਰਾਂ ਕਰਮਵੀਰ ਸਿੰਘ ਸੂਰੀ, ਹਰਪ੍ਰੀਤ ਸਿੰਘ ਰਾਣਾ ਅਤੇ ਡਾ. ਗੁਰਮੁਖ ਸਿੰਘ ਨੇ ਕੀਤੀ ਹੈ। ਸੰਪਾਦਕੀ ਮੰਡਲ ਨੇ ਇਸ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਨਾਨਕ ਸਿੰਘ ਦੀ ਸਮੁੱਚੀ ਸਾਹਿਤਕ ਦੇਣ ਦੇ ਵੱਖ-ਵੱਖ ਰੂਪਾਂ, ਜਿਨ੍ਹਾਂ ਵਿਚ ਕਵੀਸ਼ਰੀ, ਨਾਵਲਕਾਰੀ, ਕਹਾਣੀਕਾਰੀ, ਨਾਟਕਕਾਰੀ, ਵਾਰਤਕਕਾਰੀ ਅਤੇ ਪੱਤਰਕਾਰੀ ਦੇ ਤੌਰ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ ਹੈ। ਉਨ੍ਹਾਂ ਦੀਆਂ ਵੰਨਗੀਆਂ ਪੜ੍ਹਕੇ ਪਾਠਕ ਨੂੰ ਨਾਨਕ ਸਿੰਘ ਦੇ ਇਕ ਸਾਹਿਤਕਾਰ ਦੇ ਤੌਰ ਵਿਅਕਤਿਤਵ ਦੇ ਸਾਕਾਰ ਰੂਪ ਵਿਚ ਦਰਸ਼ਨ ਹੋ ਜਾਂਦੇ ਹਨ।
ਲੇਖਕ ਦੀ ਰਚਨਾ ਵਿਚ ਇਹ ਸਾਰੀਆਂ ਗੱਲਾਂ ਸ਼ਾਮਲ ਹੁੰਦੀਆਂ ਹਨ। ਸੰਪਾਦਕਾਂ ਦੇ ਇਸ ਉੱਦਮ ਨੂੰ ਪੜ੍ਹਕੇ ਨਾਨਕ ਸਿੰਘ ਦੀ ਸਮੁੱਚੀ ਸਾਹਿਤਕ ਦੇਣ ਦਾ ਖੁਲਾਸਾ ਹੋ ਜਾਂਦਾ ਹੈ। ਇਸ ਪੁਸਤਕ ਦੇ ਸ਼ੁਰੂ ਵਿਚ ਡਾ. ਕਰਤਾਰ ਸਿੰਘ ਸੂਰੀ ਵੱਲੋਂ ਨਾਨਕ ਸਿੰਘ ਦੇ ਅਣਪ੍ਰਕਾਸ਼ਤ ਅਧੂਰੇ ਨਾਵਲ ਦਾ ਇਕ ਚੈਪਟਰ ਦਿੱਤਾ ਗਿਆ ਹੈ, ਜਿਸ ਤੋਂ ਉਨ੍ਹਾਂ ਦੇ ਨਾਵਲਾਂ ਦਾ ਮੰਤਵ ਪਤਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਕੱਲੋ ਕਹਾਣੀ ਵੀ ਇਕ ਸੁੱਘੜ ਕਹਾਣੀਕਾਰ ਦੀ ਸਿਆਣਪ ਦਾ ਪ੍ਰਗਟਾਵਾ ਕਰਦੀ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਰੁਮਾਂਸਵਾਦ ਤੋਂ ਬਿਨਾਂ ਵੀ ਕਹਾਣੀ ਦਿਲਚਸਪ ਹੋ ਸਕਦੀ ਹੈ। ਪਿਆਰ ਸਿਰਫ ਆਸ਼ਕ ਮਸ਼ੂਕ ਦਾ ਹੀ ਨਹੀਂ ਹੁੰਦਾ ਸਗੋਂ ਹਰ ਇਨਸਾਨ ਨਾਲ ਪਿਆਰ ਕੀਤਾ ਜਾ ਸਕਦਾ ਹੈ। ਕਿਟਾਸ ਰਾਜ ਦੀ ਵਿਸਾਖੀ ਅਤੇ ਵਪਾਰ ਦਾ ਝਮੇਲਾ ਵਾਰਤਕ ਦਾ ਵਿਲੱਖਣ ਨਮੂਨਾ ਹਨ, ਜਿਨ੍ਹਾਂ ਨੂੰ ਪੜ੍ਹਕੇ ਕਿਹਾ ਜਾ ਸਕਦਾ ਹੈ ਕਿ ਵਾਰਤਕ ਵੀ ਕਹਾਣੀ ਤੋਂ ਵੱਧ ਰੌਚਿਕ ਹੋ ਸਕਦੀ ਹੈ।
ਨਾਨਕ ਸਿੰਘ ਦੀ ਕਵੀਸ਼ਰੀ ਦੇ ਨਮੂਨੇ ਵੀ ਬਿਹਤਰੀਨ ਹਨ। ਨਾਨਕ ਸਿੰਘ ਦੇ ਵਿਚਾਰ ਵਾਲਾ ਚੈਪਟਰ ਵੀ ਕਮਾਲ ਦਾ ਹੈ, ਜਿਸ ਵਿਚ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਸਾਰਥਿਕ ਤੇ ਲਾਹੇਬੰਦ ਵਿਚਾਰ ਹਨ। ਉਦਾਹਰਣ ਲਈ “ਖਿਮਾ ਗ੍ਰਹਿਸਥ ਸੰਬੰਧੀ ਇਕੋਤਰ ਸੌ ਬਿਮਾਰੀਆਂ ਦਾ ਇਲਾਜ ਹੈ।” ਦੂਜਾ, “ਜੇ ਕਦੀ ਪਰਿਵਾਰ ਵਿਚ ਹਰ ਮੈਂਬਰ ਵਿਰੋਧੀ ਸਮੱਸਿਆ ਵੇਲੇ ਇਕ ਦੂਸਰੇ ਦਾ ਕਸੂਰ ਮਾਫ ਕਰਨ ਦੀ ਧਾਰਨਾ ਧਾਰ ਲੈਣ ਤਾਂ ਦਿਨਾਂ ਵਿਚ ਹੀ ਘਰ ਨਰਕ ਤੋਂ ਸਵਰਗ ਬਣ ਜਾਵੇ।” ਆਦਿ। ਪੱਤਰਕਾਰ ਦੇ ਤੌਰ ’ਤੇ ਨਵੀਂ ਪੀੜ੍ਹੀ ਦੇ ਸਾਹਿਤਕਾਰਾਂ ਦੇ ਨਾਂ ਵਾਲੇ ਚੈਪਟਰ ਵਿਚ ਸਾਹਿਤਕਾਰਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਸਾਹਿਤ ਲਿਖਣ ਦੀ ਪ੍ਰੇਰਨਾ ਦਿੱਤੀ ਗਈ ਹੈ। ਨਾਟਕਕਾਰ ਦੇ ਤੌਰ ’ਤੇ ਚੌੜ ਚਾਨਣ ਨਾਟਕ ਦੇ ਦੂਜੇ ਭਾਗ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸੰਸਾਰ ਫੋਕੀਆਂ ਗੱਲਾਂ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਧੋਖਾ ਦਿੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਜ਼ਮੀਨੀ ਹਕੀਕਤਾਂ ਬਾਰੇ ਨਾਟਕ ਲਿਖਣ ਵਾਲਾ ਨਾਟਕਕਾਰ ਸੀ। ਰਚਨਾ ਵੰਨਗੀ ਵਾਲਾ ਭਾਗ ਨਾਨਕ ਦੀ ਸਮੁੱਚੀ ਸਾਹਿਤਕ ਦੇਣ ਦਾ ਪ੍ਰਗਟਾਵਾ ਕਰਦਾ ਹੈ।
ਦੂਜਾ ਭਾਗ ਨਾਨਕ ਸਿੰਘ ਦੇ ਵਿਅਕਤਿਵ ਬਾਰੇ ਹੈ, ਜਿਸ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਨੇੜਲੇ ਸੰਬੰਧੀਆਂ, ਦੋਸਤਾਂ ਮਿੱਤਰਾਂ ਅਤੇ ਸਾਹਿਤਕਾਰਾਂ ਦੇ ਵਿਚਾਰ ਹਨ, ਜਿਨ੍ਹਾਂ ਨੇ ਨਾਨਕ ਸਿੰਘ ਨੂੰ ਬਹੁਤ ਨੇੜਿਓਂ ਵੇਖਿਆ ਹੈ। ਇਸ ਭਾਗ ਵਿਚਲੇ ਲੇਖ ਪੜ੍ਹਕੇ ਨਾਨਕ ਸਿੰਘ ਦਾ ਵਿਅਕਤਿਤਵ ਦ੍ਰਿਸ਼ਟਾਂਤਮਿਕ ਤੌਰ ’ਤੇ ਸਾਹਮਣੇ ਆ ਖੜ੍ਹਦਾ ਹੈ। ਸਮੁੱਚੇ ਰੂਪ ਵਿੱਚ ਉਹ ਗੁਣਾਂ ਦੀ ਗੁਥਲੀ ਸਨ।
ਜੇਕਰ ਦੋਸਤੀ ਨਿਭਾਉਣੀ, ਸਮਾਜਿਕ ਤਾਣੇ ਬਾਣੇ ਵਿਚ ਵਿਚਰਦਿਆਂ ਸਫਲ ਜ਼ਿੰਦਗੀ ਬਤੀਤ ਕਰਨੀ ਹੋਵੇ ਤਾਂ ਪਾਠਕ ਲਈ ਇਹ ਪੁਸਤਕ ਅਤਿਅੰਤ ਲਾਭਦਾਇਕ ਸਾਬਤ ਹੋਵੇਗੀ। ਪੁਸਤਕ ਵਿਚਲੇ ਲੇਖ ਦੱਸਦੇ ਹਨ ਕਿ ਉਨ੍ਹਾਂ ਕਦੀਂ ਆਰਥਿਕ ਤੰਗੀਆਂ ਤਰੁਸ਼ੀਆਂ ਹੁੰਦਿਆਂ ਵੀ ਹਾਰ ਨਹੀਂ ਮੰਨੀ। ਬੱਚਿਆਂ ਨਾਲ ਪਿਆਰ, ਮਨੁੱਖਤਾਵਾਦੀ ਸੁਭਾਅ, ਹਲੀਮੀ, ਜ਼ਾਤ ਪਾਤ ਤੋਂ ਦੂਰ, ਗ਼ਰੀਬ ਗੁਰਬੇ ਦੇ ਦੁੱਖ ਸੁਖ ਦੇ ਸਾਥੀ ਆਦਿ ਅਜਿਹੇ ਵਿਲੱਖਣ ਗੁਣ ਉਨ੍ਹਾਂ ਵਿੱਚ ਸਨ, ਜਿਨ੍ਹਾਂ ਨੇ ਇਕ ਸੁਹਿਰਦ ਲੇਖਕ ਬਣਨ ਵਿਚ ਸਾਥ ਦਿੱਤਾ। ਨਰਮ ਦਿਲ ਇੰਨੇ ਸਨ ਕਿ ਉਸ ਵਿਅਕਤੀ ਨੂੰ ਪਰਿਵਾਰ ਅਤੇ ਵਕੀਲ ਦੇ ਵਿਰੋਧ ਦੇ ਬਾਵਜੂਦ ਵੀ ਮੁਆਫ ਕਰ ਦਿੱਤਾ ਜਿਸਨੇ ਉਨ੍ਹਾਂ ਦੇ ਨਾਵਲ ਦਾ ਹਿੰਦੀ ਵਿਚ ਅਨੁਵਾਦ ਕਰਕੇ ਆਪਣੇ ਨਾਂ ਨਾਲ ਪ੍ਰਕਾਸ਼ਤ ਕਰਕੇ ਵੱਡੀ ਰਕਮ ਬਟੋਰੀ ਸੀ। ਉਹ ਤਿਆਗ ਦੀ ਭਾਵਨਾ ਵਾਲੇ ਬਿਹਤਰੀਨ ਇਨਸਾਨ ਸਨ। ਇਸ ਭਾਗ ਵਿਚ ਪਿਆਰਾ ਸਿੰਘ ਸਹਿਰਾਈ, ਸੁਖਬੀਰ, ਡਾ. ਕਰਤਾਰ ਸਿੰਘ ਸੂਰੀ, ਮੋਹਨਜੀਤ, ਕਰਮਵੀਰ ਸਿੰਘ ਸੂਰੀ, ਬਰਜਿੰਦਰ ਸਿੰਘ ਹਮਦਰਦ, ਡਾ. ਸੁਤਿੰਦਰ ਸਿੰਘ ਨੂਰ, ਡਾ. ਜਸਵੰਤ ਵਿੱਲ, ਹਰਬੰਸ ਸਿੰਘ ਘਈ, ਮੁਖਤਾਰ ਗਿੱਲ, ਅਮਰਜੀਤ ਸਿੰਘ ਕਾਂਗ ਅਤੇ ਸ਼ੰਗਾਰਾ ਸਿੰਘ ਭੁੱਲਰ ਦੀਆਂ ਯਾਦਾਂ ਨਾਨਕ ਸਿੰਘ ਦੇ ਵਿਅਕਤਿਤਵ ਦਾ ਪ੍ਰਗਟਾਵਾ ਕਰਦੀਆਂ ਹਨ।
ਪੁਸਤਕ ਦਾ ਨਾਨਕ ਸਿੰਘ ਪੁਨਰ-ਮੁਲਾਂਕਣ ਭਾਗ, ਜਿਸ ਦੇ ਨਾਂ ’ਤੇ ਪੁਸਤਕ ਦਾ ਨਾਂ ਰੱਖਿਆ ਗਿਆ ਹੈ, ਹਾਲਾਂਕਿ ਇਹ ਇਕ ਭਾਗ ਹੀ ਹੈ। ਇਸ ਵਿੱਚ ਪ੍ਰੋ. ਸ ਸੋਜ ਨੇ ਪਵਿੱਤਰ ਪਾਪੀ ਨਾਵਲ ਨੂੰ ‘ਨਗਮਾ ਇਕ ਮੁਹੱਬਤ ਦਾ’ ਸਿਰਲੇਖ ਦੇ ਕੇ ਸਾਬਤ ਕੀਤਾ ਹੈ ਕਿ ਇਨਸਾਨ ਦੇ ਜੀਵਨ ਵਿਚ ਉਸਾਰੂ ਅਤੇ ਨਕਾਰੂ ਦੋਵੇਂ ਪੱਖਾਂ ਬਾਰੇ ਨਾਨਕ ਸਿੰਘ ਨੇ ਚਾਨਣਾ ਪਾਇਆ ਹੈ। ਇਸ ਨਾਵਲ ਦੇ ਪਾਤਰ ਸੁਧਾਰਵਾਦੀ, ਆਦਰਸ਼ਵਾਦੀ ਅਤੇ ਮਾਨਵਤਾਵਾਦੀ ਪਿਆਰ ਵਿਚ ਪਰੁੱਚੇ ਹੋਏ ਹਨ। ਡਾ. ਕੁਲਦੀਪ ਸਿੰਘ ਧੀਰ ਨੇ ਨਾਨਕ ਸਿੰਘ ਦੇ ਨਾਵਲਾਂ ਵਿਚਲੀ ਮਾਨਵਵਾਦੀ ਪਹੁੰਚ ਦੀ ਪ੍ਰੋੜ੍ਹਤਾ ਕੀਤੀ ਹੈ। ਉਹ ਕਿਸੇ ਵਾਦ ਜਾਂ ਧਾਰਾ ਨਾਲ ਨਹੀਂ ਜੁੜਿਆ, ਸਗੋਂ ਸਿਰਫ ਤੇ ਸਿਰਫ ਮਨੁੱਖਤਾ ਦੇ ਹਿਤਾਂ ’ਤੇ ਪਹਿਰਾ ਦਿੱਤਾ ਹੈ। ਇਨਸਾਨੀਅਤ ਦਾ ਦਰਦ ਉਸਦੇ ਨਾਵਲਾਂ ਦਾ ਮੁੱਖ ਵਿਸ਼ਾ ਹੈ ਪ੍ਰੰਤੂ ਉਹ ਇਨਕਲਾਬੀ ਨਾਵਲਕਾਰ ਵੀ ਨਹੀਂ। ਇਸਤਰੀਆਂ ਦੇ ਹੱਕਾਂ ਦੀ ਅਗਵਾਈ ਵੀ ਕਰਦਾ ਹੈ।
ਪ੍ਰੋ. ਗੁਰਮੁਖ ਸਿੰਘ ਸਹਿਗਲ ਨੇ ‘1947 ਦੀ ਵੰਡ ਅਤੇ ਨਾਨਕ ਸਿੰਘ’ ਸਿਰਲੇਖ ਅਧੀਨ ਲਿਖਿਆ ਹੈ ਕਿ ਦੇਸ਼ ਵੀ ਵੰਡ ਦਾ ਦਰਦ ਦਰਸਾਉਂਦੇ ਨਾਨਕ ਸਿੰਘ ਨੇ 5 ਨਾਵਲ ਅੱਗ ਦੀ ਖੇਡ, ਖ਼ੂਨ ਦੇ ਸੋਹਿਲੇ, ਨਾਸੂਰ, ਮੰਝਧਾਰ ਅਤੇ ਬੰਜਰ ਲਿਖੇ ਹਨ ਜੋ ਕਿ ਮਜ਼ਹਬੀ ਜਨੂੰਨ ਨਾਲ ਪੈਦਾ ਹੋਈ ਘ੍ਰਿਣਾ ਬਾਰੇ ਦੱਸਦੇ ਹਨ। ਸਤੀਸ਼ ਵਰਮਾ ਨੇ ‘ਨਾਨਕ ਸਿੰਘ ਦਾ ਇਤਿਹਾਸਕ ਗੌਰਵ’ ਸਿਰਲੇਖ ਵਿਚ ਬੜੀ ਬਾਖ਼ੂਬੀ ਨਾਲ ਲਿਖਿਆ ਹੈ ਕਿ ਉਹ ਅਜਿਹਾ ਪਹਿਲਾ ਸਾਹਿਤਕਾਰ ਹੈ, ਜਿਸਨੇ ਲੇਖਣੀ ਨੂੰ ਪੇਸ਼ੇ ਦੇ ਤੌਰ ਅਪਣਾਕੇ ਸਫਲਤਾ ਪ੍ਰਾਪਤ ਕੀਤੀ ਹੈ। ਆਪਣਾ ਪਾਠਕ ਵਰਗ ਆਪ ਪੈਦਾ ਕੀਤਾ, ਜਿਹੜਾ ਨਾਨਕ ਸਿੰਘ ਦੇ ਨਾਵਲ ਦੀ ਉਡੀਕ ਕਰਦਾ ਰਹਿੰਦਾ ਸੀ। ਆਪਣੇ ਜੀਵਨ ਦੇ 74 ਸਾਲਾਂ ਵਿਚ 37 ਨਾਵਲ ਲਿਖੇ ਪ੍ਰੰਤੂ ਕਿਸੇ ਨਾਵਲ ਵਿਚ ਕੋਈ ਰੋਮਾਂਸ ਪੈਦਾ ਕਰਕੇ ਪਾਠਕਾਂ ਦੀ ਲੋੜ ਅਨੁਸਾਰ ਨਹੀਂ ਸਗੋਂ ਸਾਰਥਿਕ ਪਹੁੰਚ ਨਾਲ ਲਿਖਿਆ ਹੈ, ਸਸਤੀ ਸ਼ੋਹਰਤ ਖੱਟਣ ਲਈ ਨਹੀਂ ਲਿਖਿਆ।
ਇਸੇ ਤਰ੍ਹਾਂ ਡਾ. ਜਗਦੀਸ਼ ਕੌਰ ਵਾਡੀਆ ਨੇ ‘ਅੱਧ ਖਿੜਿਆ ਫੁੱਲ ਦੀ ਨਾਇਕਾ-ਸਰੋਜ’ ਸਿਰਲੇਖ ਵਾਲੇ ਲੇਖ ਵਿਚ ਲਿਖਿਆ ਹੈ ਕਿ ਉਨ੍ਹਾਂ ਦੇ ਪਾਤਰ ਜਿਉਂਦੇ ਜਾਗਦੇ ਹੁੰਦੇ ਸਨ। ਸਰੋਜ ਨੂੰ ਇਕ ਆਦਰਸ਼ਕ ਇਸਤਰੀ ਦੇ ਰੂਪ ਵਿਚ ਪੇਸ਼ ਕੀਤਾ ਹੈ ਪ੍ਰੰਤੂ ਨਾਲ ਹੀ ਇਹ ਵੀ ਦਰਸਾਇਆ ਹੈ ਕਿ ਇਸਤਰੀ ਪਹਿਲੇ ਪਿਆਰ ਵਿਚ ਅਸਫਲ ਹੋ ਕੇ ਵਾਰ ਵਾਰ ਫਿਰ ਆਦਮੀ ਦੇ ਪਿਆਰ ਵਿਚ ਪਰੁੱਚਦੀ ਰਹਿੰਦੀ ਹੈ। ਉਸਨੇ ਅੱਗੋਂ ਲਿਖਿਆ ਹੈ ਕਿ ਮਰਦ ਸਵਾਰਥੀ ਹੁੰਦਾ ਹੈ ਪ੍ਰੰਤੂ ਇਸਤਰੀ ਸਵਾਰਥੀ ਨਹੀਂ ਹੁੰਦੀ, ਉਹ ਭਾਵੱਕ ਜ਼ਰੂਰ ਹੁੰਦੀ ਹੈ। ਉਹ ਇਹ ਵੀ ਲਿਖਦੀ ਹੈ ਕਿ ਨਾਨਕ ਸਿੰਘ ਦੀ ਸਰੋਜ ਪਾਤਰ ਤੋਂ ਜ਼ਾਹਰ ਹੁੰਦਾ ਹੈ ਕਿ ਇਸਤਰੀ ਜੇਕਰ ਦ੍ਰਿੜ੍ਹ ਇਰਾਦੇ ਅਤੇ ਉੱਚੇ ਮਨੋਬਲ ਵਾਲੀ ਰਹੇ ਤਾਂ ਹਰ ਸਮੱਸਿਆ ਦਾ ਮੁਕਾਬਲਾ ਕਰਨ ਦੇ ਸਮਰੱਥ ਹੁੰਦੀ ਹੈ।
ਡਾ. ਨਸੀਬ ਸਿੰਘ ਬਵੇਜਾ ‘ਮੱਧ ਸ਼੍ਰੇਣਿਕ ਜ਼ਬਤ ਦਾ ਪ੍ਰਤੀਨਿਧ-ਕਿਦਾਰ’ ਲੇਖ ਵਿਚ ਲਿਖਦਾ ਹੈ ਕਿ ਨਾਨਕ ਸਿੰਘ ਦੀ ਖ਼ੂਬੀ ਹੈ ਕਿ ਉਹ ਮੱਧ ਸ਼੍ਰੇਣੀ ਦੇ ਪਾਤਰਾਂ ਨੂੰ ਬਾਖ਼ੂਬੀ ਚਿੱਤਰਦਾ ਹੈ। ਡਾ. ਸੁਰਜੀਤ ਖ਼ੁਰਮਾ ਨੇ ਆਪਣੇ ਲੇਖ ‘ਨਾਨਕ ਸਿੰਘ ਦੇ ਨਾਟਕਾਂ ਵਿਚ ਸਮਾਜ ਸੁਧਾਰਕਤਾ ਦੇ ਲੱਛਣ’ ਵਿਚ ਲਿਖਿਆ ਹੈ ਕਿ ਉਸਦੇ ਨਾਟਕਾਂ ਦੇ ਪਾਤਰ ਹਮੇਸ਼ਾ ਸਮਾਜਿਕ ਤਾਣੇਬਾਣੇ ਵਿਚ ਸੁਧਾਰ ਕਰਨ ਦਾ ਸੁਨੇਹਾ ਦਿੰਦੇ ਹਨ। ਡਾ. ਹਰਬੰਸ ਸਿੰਘ ਧੀਮਾਨ ਨੇ ਗਲਪਕਾਰ ਨਾਨਕ ਸਿੰਘ ਲੇਖ ਵਿਚ ਲਿਖਿਆ ਹੈ ਕਿ ਨਾਨਕ ਸਿੰਘ ਨੇ ਆਪਣੇ ਨਾਵਲਾਂ ਵਿਚ ਅਹਿੰਸਾਵਾਦ ਦੇ ਸਿਧਾਂਤ ਦੀ ਪ੍ਰੋੜ੍ਹਤਾ ਕੀਤੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾਨਕ ਸਿੰਘ ਦੇ ਨਾਵਲਾਂ ਵਿਚ ਇਹ ਸਿਧਾਂਤ ਵੀ ਲਿਖਿਆ ਗਿਆ ਹੈ ਕਿ ਬੁਰੇ ਕੰਮਾਂ ਦੇ ਬੁਰੇ ਨਤੀਜੇ ਅਤੇ ਭਲੇ ਕੰਮਾਂ ਦੇ ਭਲੇ ਨਤੀਜੇ ਨਿਕਲਦੇ ਹਨ।
ਹਰਪ੍ਰੀਤ ਸਿੰਘ ਰਾਣਾ ਨੇ ਨਾਨਕ ਸਿੰਘ ਦੇ ਪਲੇਠੇ ਨਾਵਲ ‘ਮਤਰੇਈ ਮਾਂ’ ਦੇ ਸਾਹਿਤਕ ਵਿਸ਼ਲੇਸ਼ਣ ਵਿਚ ਲਿਖਿਆ ਹੈ ਕਿ ਉਨ੍ਹਾਂ ਨਾਵਲ ਨੂੰ ਧਾਰਮਿਕ ਘੇਰੇ ਵਿੱਚੋਂ ਬਾਹਰ ਕੱਢਕੇ ਸਮਾਜਿਕ ਵਿਸ਼ਿਆਂ ਨੂੰ ਆਧਾਰ ਬਣਾ ਕੇ ਨਵੀਂ ਪਿਰਤ ਪਾਈ। ਅਸਲ ਵਿਚ ਨਾਨਕ ਸਿੰਘ ਯਥਾਰਥਵਾਦੀ ਨਾਵਲਕਾਰ ਸਨ ਜਿਨ੍ਹਾਂ ਮੱਧ ਸ਼੍ਰੇਣੀ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੀ ਪਹਿਲ ਕੀਤੀ। ਇਸ ਕਰਕੇ ‘ਮਤਰੇਈ ਮਾਂ’ ਨਾਵਲ ਇਕ ਇਤਿਹਾਸਕ ਨਾਵਲ ਹੋ ਨਿੱਬੜਿਆ ਕਿਉਂਕਿ ਮਤਰੇਈਆਂ ਮਾਵਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਨੂੰ ਵਿਸ਼ਾ ਬਣਾਕੇ ਰੱਬ ਤੋਂ ਡਰਕੇ ਆਦਰਸ਼ਵਾਦੀ ਤੇ ਸੱਚਾ ਸੁੱਚਾ ਜੀਵਨ ਜਿਓਣ ਦੀ ਪ੍ਰੇਰਨਾ ਦਿੱਤੀ ਹੈ।
ਭੁਪਿੰਦਰ ਸਿੰਘ ਨੇ ਨਾਨਕ ਸਿੰਘ ਨੂੰ ਪ੍ਰਗਤੀਵਾਦੀ, ਸੁਧੀਰ ਕੁਮਾਰ ਸੁਧੀਰ ਨੇ ਫਿਰਕਾ ਪ੍ਰਸਤੀ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲਾ, ਬੰਸਬੀਰ ਕੌਰ ਨੇ ਤਕਨੀਕੀ ਸਿੱਖਿਆ ਦੇਣ ਬਾਰੇ, ਡਾ. ਗੁਰਮੁਖ ਸਿੰਘ ਨੇ ਕਵੀਸ਼ਰੀ ਦਾ ਮੁੱਖ ਗ਼ਰੀਬਾਂ ਦੀ ਦੁਰਦਸ਼ਾ ਵੱਲ ਕਰਨ ਅਤੇ ਵਰਿੰਦਰ ਸਿੰਘ ਵਾਲੀਆ ਨੇ ਇਤਿਹਾਸਕ ਅਤੇ ਧਾਰਮਿਕ ਘਟਨਾਵਾਂ ਬਾਰੇ ਕਵੀਸ਼ਰੀ ਲਿਖਣ ਬਾਰੇ ਲਿਖਿਆ।
ਇਸ ਪੁਸਤਕ ਦਾ ਆਖ਼ਰੀ ਭਾਗ ਅਦੀਬਾਂ ਦੀ ਨਜ਼ਰ ਵਿਚ ਅਤੇ ਸ਼ਰਧਾਂਜਲੀਆਂ ਦੇ ਰੂਪ ਵਿਚ ਹੈ, ਜਿਸ ਵਿਚ ਪੰਜਾਬੀ ਦੇ ਚੋਟੀ ਦੇ ਸਾਹਿਤਕਾਰਾਂ ਦੇ ਨਾਨਕ ਸਿੰਘ ਬਾਰੇ ਵਿਚਾਰ ਸ਼ਰਧਾਂਜਲੀ ਦੇ ਰੂਪ ਵਿਚ ਦਿੱਤੇ ਗਏ ਹਨ। ਇਹ ਕਿਹਾ ਜਾ ਸਕਦਾ ਹੈ ਕਿ ਨਾਨਕ ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ ਨਾਨਕ ਸਿੰਘ ਦੀ ਵਿਚਾਰਧਾਰਾ ਦੀ ਪ੍ਰਤੀਕ ਹੈ।
(ਪੁਸਤਕ ਦੀ ਕੀਮਤ 250 ਰੁਪਏ)
*****
(1429)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)







































































































