UjagarSingh7ਇਹ ਤਾਂ ਆਵਾ ਹੀ ਊਤ ਗਿਆ ਲੱਗਦਾ ਹੈ। ਜਿਨ੍ਹਾਂ ਨੇ ਇਸ ਫਿਲਮ ਨੂੰ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ...
(15 ਅਪਰੈਲ 2018)

 

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕ ਸ਼ਾਹ ਫਕੀਰ ਫਿਲਮ ਦੀ ਪ੍ਰਵਾਨਗੀ ਦੇਣ ਅਤੇ ਬਾਅਦ ਵਿਚ ਇਸਨੂੰ ਰੱਦ ਕਰਕੇ ਇਸ ਫਿਲਮ ਨੂੰ ਰੋਕਣ ਬਾਰੇ ਕੀਤੇ ਫ਼ੈਸਲੇ ਤੋਂ ਬਾਅਦ ਪੈਦਾ ਹੋਏ ਵਾਦਵਿਵਾਦ ਕਰਕੇ ਸਿੱਖ ਜਗਤ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ ਦੀ ਲੋੜ ਹੈ। ਅਜਿਹੇ ਹਾਲਾਤ ਕਿਉਂ ਪੈਦਾ ਹੁੰਦੇ ਹਨ? ਸਿੱਖਾਂ ਦੁਆਰਾ ਬਾਕਾਇਦਾ ਚੁਣੀ ਗਈ ਸੰਸਥਾ, ਜਿਸਦੇ ਵੋਟਰ ਸਿੱਖ ਹੋਣ ਤੇ ਉਹ ਅਜਿਹੇ ਵਾਦਵਿਵਾਦ ਵਾਲੇ ਫ਼ੈਸਲੇ ਕਰਕੇ ਫਿਰ ਆਪਣਾ ਥੁੱਕਿਆ ਆਪ ਚੱਟੇ, ਕਿੰਨੀ ਸ਼ਰਮ ਦੀ ਗੱਲ ਹੈ। ਇਸ ਸੰਸਥਾ ਨੂੰ ਤਾਂ ਸਿੱਖ ਜਗਤ ਦਾ ਪ੍ਰੇਰਣਾ ਸਰੋਤ ਅਰਥਾਤ ਰੋਲ ਮਾਡਲ ਬਣਨਾ ਚਾਹੀਦਾ ਹੈ। ਇਸਦੇ ਫ਼ੈਸਲੇ ਸਿੱਖ ਜਗਤ ਨੂੰ ਸ਼ਰਮਸ਼ਾਰ ਕਿਉਂ ਕਰ ਰਹੇ ਹਨ? ਫਿਲਮ ਦਾ ਨਿਰਦੇਸ਼ਕ ਵੀ ਇਕ ਸਿੱਖ ਹਰਿੰਦਰ ਸਿੰਘ ਸਿੱਕਾ ਹੈ। ਇਹ ਸਿੱਕਾ ਤਾਂ ਖੋਟਾ ਜਾਂ ਖ਼ਰਾ ਹੈ, ਪੂਰੀ ਪੁਣਛਾਣ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਪ੍ਰੰਤੂ ਉਸਨੂੰ ਪਤਾ ਹੋਣਾ ਚਾਹੀਦਾ ਸੀ ਕਿ ਸਿੱਖ ਜਗਤ ਆਪਣੀ ਵਿਰਾਸਤ ਲਈ ਕਿੰਨਾ ਸੰਜੀਦਾ ਹੈ। ਕੀ ਸਿੱਖ ਪਰੰਪਰਾਵਾਂ ਅਤੇ ਰਹਿਤ ਮਰਿਆਦਾਵਾਂ ਬਾਰੇ ਉਸਨੂੰ ਸਿੱਖ ਹੋਣ ਦੇ ਨਾਤੇ ਜਾਣਕਾਰੀ ਨਹੀਂ ਹੋਵੇਗੀ? ਫਿਰ ਉਸਨੂੰ ਅਜਿਹੀ ਵਾਦਵਿਵਾਦ ਵਾਲੀ ਫਿਲਮ ਬਣਾਉਣ ਦੀ ਕੀ ਲੋੜ ਸੀ? ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਜਗਤ ਆਪਣੇ ਗਰੂ ਸਾਹਿਬਾਨ ਦੀ ਨਕਲ ਦੀ ਇਜਾਜ਼ਤ ਹੀ ਨਹੀਂ ਦਿੰਦਾ ਫਿਰ ਉਸਨੇ ਅਜਿਹਾ ਕਿਉਂ ਕੀਤਾ?

ਪੰਜਾਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਦੇ ਮੁੱਦੇ ’ਤੇ ਸੰਤਾਪ ਭੋਗ ਚੁੱਕਿਆ ਹੈ। ਹੈਰਾਨੀ ਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਵਰਤਮਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪ ਇਹ ਫਿਲਮ ਵੇਖੀ ਅਤੇ ਆਪ ਹੀ ਇਸ ਫਿਲਮ ਦੇ ਨਿਰਮਾਤਾ ਨੂੰ ਪੰਥ ਵਿੱਚੋਂ ਛੇਕਣ ਦੇ ਹੁਕਮ ਉੱਪਰ ਦਸਤਖ਼ਤ ਕਰ ਰਿਹਾ ਹੈ। ਇਹ ਦੋਹਰੀ ਨੀਤੀ ਕਿਉਂ? ਜੇਕਰ ਇਹ ਫਿਲਮ ਸਿੱਖ ਪਰੰਪਰਾਵਾਂ ਦੀ ਉਲੰਘਣਾ ਕਰਦੀ ਸੀ ਤਾਂ ਉਦੋਂ ਇਤਰਾਜ਼ ਕਿਉਂ ਨਹੀਂ ਕੀਤਾ? ਇਸ ਸਵਾਲ ਦਾ ਜਵਾਬ ਕੌਣ ਦੇਵੇਗਾ? ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੋਨੀਤ ਕੀਤੀ ਗਈ ਮਾਹਿਰ ਵਿਦਵਾਨਾਂ ਦੀ ਸਬ ਕਮੇਟੀ ਨੇ ਫਿਲਮ ਨੂੰ ਵੇਖ ਕੇ ਪ੍ਰਵਾਨ ਕੀਤਾ, ਕੀ ਉਹ ਵੀ ਮਾਹਿਰ ਹੋਣ ਦੇ ਬਾਵਜੂਦ ਸਿੱਖ ਇਤਿਹਾਸ ਅਤੇ ਵਿਰਾਸਤ ਤੋਂ ਅਣਜਾਣ ਸਨ? ਫਿਰ ਉਹ ਮਾਹਿਰ ਕਾਹਦੇ ਹੋਏ, ਜੇ ਅਜਿਹੀਆਂ ਬੱਜਰ ਗ਼ਲਤੀਆਂ ਕਰਦੇ ਹਨ? ਜਾਂ ਉਨ੍ਹਾਂ ਉੱਪਰ ਕੋਈ ਸਿਆਸੀ ਦਬਾਅ ਸੀ, ਜਿਸ ਕਰਕੇ ਉਨ੍ਹਾਂ ਇਸ ਫਿਲਮ ਨੂੰ ਪ੍ਰਵਾਨ ਕਰ ਦਿੱਤਾ?

ਅਸਲ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਭ ਘਾਲਾ ਮਾਲਾ ਹੈ। ਕਿਸੇ ਅਸੂਲ ਜਾਂ ਸਿਧਾਂਤ ਉੱਪਰ ਪਹਿਰਾ ਨਹੀਂ ਦਿੱਤਾ ਜਾਂਦਾ। ਸਿਆਸੀ ਆਕਾ ਜੋ ਕਹਿੰਦੇ ਹਨ, ਬਿਨਾਂ ਸੋਚੇ ਸਮਝੇ ਉਹੀ ਕਰ ਦਿੱਤਾ ਜਾਂਦਾ ਹੈ, ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਕਿਉਂਕਿ ਉਨ੍ਹਾਂ ਦੀਆਂ ਨੌਕਰੀਆਂ ਸਿਆਸਤਦਾਨਾਂ ਦੇ ਹੱਥਾਂ ਵਿੱਚ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਜਿਹਾ ਜਥੇਦਾਰ ਕਿੱਥੋਂ ਲੱਭਕੇ ਲਿਆਈਏ ਜਿਹੜਾ ਰਣਜੀਤ ਸਿੰਘ ਵਰਗੇ ਮਹਾਰਾਜੇ ਨੂੰ ਕੋਰੜੇ ਮਾਰਨ ਦੀ ਸਜ਼ਾ ਦੇ ਸਕਦਾ ਹੋਵੇ ਅਤੇ ਜਿਸਨੂੰ ਅਹੁਦੇ ਦੇ ਖੁਸਣ ਦਾ ਡਰ ਨਾ ਹੋਵੇ। ਸ੍ਰ. ਹਰਚਰਨ ਸਿੰਘ ਉਦੋਂ ਦੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ, ਜਿਨ੍ਹਾਂ ਨੂੰ ਵਿਸ਼ੇਸ ਤੌਰ ’ਤੇ ਮੁੱਖ ਸਕੱਤਰ ਦੀ ਅਸਾਮੀ ਬਣਾਕੇ ਨਿਯੁਕਤ ਕੀਤਾ ਸੀ, ਨੇ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਜਾਰੀ ਕਰਨ ਉੱਪਰ ਕੋਈ ਇਤਰਾਜ਼ ਨਹੀਂ ਦੇ ਸਰਟੀਫੀਕੇਟ ’ਤੇ ਦਸਤਖ਼ਤ ਕਰਦਿਆਂ ਆਪਣੀ ਅੰਤਹਕਰਨ ਦੀ ਆਵਾਜ਼ ਹੀ ਨਹੀਂ ਸੁਣੀ।

ਜਿੰਨਾ ਚਿਰ ਇਸ ਧਾਰਮਿਕ ਸੰਸਥਾ ਵਿਚ ਸਿਆਸੀ ਦਖ਼ਲਅੰਦਾਜ਼ੀ ਹੁੰਦੀ ਰਹੇਗੀ, ਉੰਨੇ ਚਿਰ ਤਕ ਧਾਰਮਿਕ ਮਰਿਆਦਾ ਬਰਕਰਾਰ ਰੱਖਣੀ ਅਸੰਭਵ ਹੈ। ਜਦੋਂ ਕਿਸੇ ਵਿਅਕਤੀ ਨੂੰ ਨਿਯੁਕਤ ਕਰਨ ਲਈ 1925 ਦੇ ਗੁਰਦੁਆਰਾ ਐਕਟ ਨੂੰ ਅੱਖੋਂ ਪ੍ਰੋਖੇ ਕਰਕੇ ਅਸਾਮੀਆਂ ਬਣਾਕੇ 3-3 ਲੱਖ ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਰਹੇਗੀ, ਸਿੱਖ ਧਰਮ ਦੀ ਇਹੋ ਹੋਣੀ ਹੋਵੇਗੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਦੀਆਂ ਸ਼ੋਸ਼ਲ ਮੀਡੀਆ ਉੱਪਰ ਆਈਆਂ ਤਸਵੀਰਾਂ ਅਨੁਸਾਰ ਇਸ ਫਿਲਮ ਦੇ ਪੋਸਟਰ ਉਨ੍ਹਾਂ ਜ਼ਾਰੀ ਕੀਤੇ ਹਨ। ਇਹ ਤਾਂ ਆਵਾ ਹੀ ਊਤ ਗਿਆ ਲੱਗਦਾ ਹੈ। ਜਿਨ੍ਹਾਂ ਨੇ ਇਸ ਫਿਲਮ ਨੂੰ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ, ਪੰਜ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਪੰਥ ਵਿੱਚੋਂ ਕਿਉਂ ਨਹੀਂ ਛੇਕਿਆ, ਇਹ ਸਵਾਲ ਸਿੱਖ ਸੰਗਤ ਦੇ ਮਨਾਂ ਵਿਚ ਰੜਕ ਰਿਹਾ ਹੈ।

ਹੁਣ ਸ਼ਰੋਮਣੀ ਕਮੇਟੀ ਆਪਣੇ ਦਫਤਰ ਬੰਦ ਕਰਕੇ, ਕਾਲੀਆਂ ਦਸਤਾਰਾਂ ਸਜਾਕੇ ਵਿਰੋਧ ਕਰ ਰਹੀ ਹੈਜਦੋਂ ਉਹ ਆਪ ਅਜਿਹੀ ਫਿਲਮ ਨੂੰ ਪ੍ਰਵਾਨਗੀ ਦੇ ਕੇ ਕਾਲੇ ਕੰਮ ਕਰਦੇ ਸਨ, ਉਦੋਂ ਸਾਰੇ ਕਰਮਚਾਰੀਆਂ ਨੂੰ ਚੁੱਪ ਰਹਿਣ ਦੀਆਂ ਹਦਾਇਤਾਂ ਕਰਦੇ ਸਨ। ਮੁਜ਼ਾਹਰੇ ਤੇ ਧਰਨੇ ਫਿਲਮ ਦੀ ਪ੍ਰਵਾਨਗੀ ਦੇਣ ਵਾਲਿਆਂ ਵਿਰੁੱਧ ਕਿਉਂ ਨਹੀਂ ਹੋ ਰਹੇ, ਕਿਉਂਕਿ ਅਸਲ ਜ਼ਿੰਮੇਵਾਰ ਤਾਂ ਉਹ ਹਨ? ਜੇ ਉਹ ਪ੍ਰਵਾਨਗੀ ਨਾ ਦਿੰਦੇ ਤਾਂ ਫਿਲਮ ਨਿਰਮਾਤਾ ਨੇ ਫਿਲਮ ਬਣਾਉਣੀ ਤੇ ਚਲਾਉਣੀ ਹੀ ਨਹੀਂ ਸੀ। ਇਸ ਘਟਨਾ ਨਾਲ ਸ਼ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੀ ਆਭਾ ਘਟੀ ਹੈ। ਧਾਰਮਿਕ ਫਿਲਮਾਂ ਦੀ ਪ੍ਰਵਾਨਗੀ ਦੇਣ ਲਈ ਸਿੱਖ ਵਿਦਵਾਨਾਂ ਦੀ ਖ਼ੁਦਮੁਖਤਿਆਰ ਸਥਾਈ ਕਮੇਟੀ ਬਣਾਉਣੀ ਚਾਹੀਦੀ ਹੈ, ਜਿਸ ਉੱਪਰ ਕੋਈ ਸਿਆਸੀ ਦਬਾਅ ਨਾ ਪਾਇਆ ਜਾ ਸਕੇ।

ਹੁਣ ਸਾਨੂੰ ਇਸਦੇ ਦੂਜੇ ਪੱਖ ਬਾਰੇ ਵੀ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਸਿੱਖ ਜਗਤ ਦੀ ਤ੍ਰਾਸਦੀ ਹੈ ਕਿ ਜੇ ਉਹ ਪ੍ਰਸ਼ੰਸਾ ਕਰਨ ਲੱਗ ਜਾਵੇ ਤਾਂ ਉਸਦੇ ਪੁਲ ਬੰਨ੍ਹ ਦਿੰਦਾ ਹੈ। ਜੇਕਰ ਨਿੰਦਿਆ ਵੱਲ ਨੂੰ ਤੁਰ ਪਵੇ ਫਿਰ ਤਾਂ ਤੂਫ਼ਾਨ ਹੀ ਲਿਆ ਦਿੰਦਾ ਹੈ। ਜਦੋਂ ਐਨੀਮੇਸ਼ਨ ਦੇ ਰੂਪ ਵਿਚ ‘ਚਾਰ ਸਾਹਿਬਜ਼ਾਦੇ’ ਫਿਲਮ ਆਈ ਸੀ ਤਾਂ ਸਿੱਖ ਸੰਗਤਾਂ ਨੇ ਪ੍ਰਸ਼ੰਸਾ ਦੇ ਪੁਲ ਬੰਨ੍ਹ ਦਿੱਤੇ ਸਨਉਸ ਫਿਲਮ ਵਿਚ ਚਾਰੇ ਸਾਹਿਬਜ਼ਾਦੇ ਐਨੀਮੇਸ਼ਨ ਨਾਲ ਵਿਖਾਏ ਗਏ ਸਨ। ਇਹ ਪਹਿਲੀ ਵਾਰ ਹੋਇਆ ਸੀ ਕਿ ਗੁਰੂ ਸਾਹਿਬਾਨ ਦੇ ਪਰਿਵਾਰਾਂ ਨੂੰ ਹੂਬਹੂ ਵਿਖਾਇਆ ਗਿਆ ਸੀ। ਸਿੱਖ ਜਗਤ ਨੂੰ ਕੋਈ ਇਤਰਾਜ਼ ਨਹੀਂ ਹੋਇਆ। ਇਸਦੇ ਕੀ ਕਾਰਨ ਹਨ? ਉਸ ਫਿਲਮ ਵਿਚ ਤਾਂ ਹੂਬਹੂ ਸਾਹਿਬਜ਼ਾਦਿਆਂ ਨੂੰ ਵਿਖਾਇਆ ਗਿਆ ਸੀ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਸਿੱਖ ਗੁਰੂਆਂ ਦੀਆਂ ਤਸਵੀਰਾਂ ਮੌਜੂਦ ਨਹੀਂ ਹਨ। ਇਹ ਜੋ ਤਸਵੀਰਾਂ ਕਲਾਕਾਰਾਂ ਨੇ ਬਣਾਈਆਂ ਹਨ, ਇਹ ਸਾਰੀਆਂ ਪੇਂਟਰਾਂ ਦੀਆਂ ਕਲਪਨਾਵਾਂ ਹੀ ਹਨ, ਇਸੇ ਕਰਕੇ ਹਰ ਪੇਂਟਿੰਗ ਇਕ ਦੂਜੇ ਨਾਲ ਨਹੀਂ ਮਿਲਦੀ। ਗੁਰੂ ਸਾਹਿਬ ਨੇ ਵਿਅਕਤੀ ਪੂਜਾ ਦਾ ਵਿਰੋਧ ਕੀਤਾ ਸੀ। ਸਿੱਖ ਧਰਮ ਦੀ ਵਿਚਾਰਧਾਰਾ ਮੂਰਤੀ ਪੂਜਾ ਦੇ ਵਿਰੁੱਧ ਹੈ ਪ੍ਰੰਤੂ ਅਸੀਂ ਗੁਰੂਆਂ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬਾਨ ਅਤੇ ਘਰਾਂ ਵਿਚ ਲਾਈ ਬੈਠੇ ਹਾਂ। ਉਨ੍ਹਾਂ ਤਸਵੀਰਾਂ ਨੂੰ ਮੱਥੇ ਟੇਕਦੇ ਹਾਂ। ਕਈ ਥਾਵਾਂ ’ਤੇ ਤਾਂ ਧੂਪ ਬੱਤੀ ਵੀ ਕੀਤੀ ਜਾਂਦੀ ਹੈ। ਮਰਿਆਦਾ ਤਾਂ ਸਿੱਖ ਜਗਤ ਖ਼ੁਦ ਤੋੜ ਰਿਹਾ ਹੈ। ਇਸ ਲਈ ਸਿੱਖ ਜਗਤ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨੀ ਚਾਹੀਦੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਿੱਖ ਬੁੱਧੀਜੀਵੀ ਇਸ ਪਾਸੇ ਅਗਵਾਈ ਕਰ ਸਕਦੇ ਹਨ ਪ੍ਰੰਤੂ ਉਹ ਆਪ ਸਿਆਸਤਦਾਨਾਂ ਦੀ ਤਰ੍ਹਾਂ ਧੜਿਆਂ ਵਿਚ ਵੰਡੇ ਹੋਏ ਹਨ।

ਜਦੋਂ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਾਰਟੀਆਂ ਦੇ ਚੋਣ ਨਿਸ਼ਾਨ ਉੱਪਰ ਹੁੰਦੀਆਂ ਰਹਿਣਗੀਆਂ, ਉੰਨੀ ਦੇਰ ਅਜਿਹੀਆਂ ਉਲੰਘਣਾਵਾਂ ਹੁੰਦੀਆਂ ਰਹਿਣਗੀਆਂ, ਕਿਉਂਕਿ ਗੁਰਮੁਖ ਵਿਅਕਤੀ ਸਿਆਸਤ ਵਿਚ ਦਿਲਚਸਪੀ ਨਹੀਂ ਲੈਂਦੇ। ਸਿੱਖ ਵੋਟਰ ਵੀ ਸਿਆਸੀ ਪਾਰਟੀਆਂ ਨੂੰ ਵੋਟਾਂ ਪਾ ਕੇ ਆਪਣੀ ਚਾਬੀ ਸਿਆਸਤਾਨਾਂ ਦੇ ਹੱਥ ਫੜਾ ਦਿੰਦੇ ਹਨ। ਵੋਟ ਪਾਉਣ ਲੱਗੇ ਆਪਣੀ ਕੀਮਤ ਪੁਆ ਲੈਂਦੇ ਹਨ। ਅਸੀਂ ਆਪਣੀ ਸਰਵੋਤਮ ਸੰਸਥਾ ਦਾ ਅਕਸ ਆਪ ਨੀਵਾਂ ਕਰ ਰਹੇ ਹਾਂ। ਜਦੋਂ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਚੋਣਾਂ ਵਿਚ ਪੀਲੇ ਪਰਨੇ ਬੰਨ੍ਹਵਾਕੇ ਆਪਣੇ ਮਜ਼ਦੂਰਾਂ ਤੋਂ ਵੋਟਾਂ ਪੁਆਵਾਂਗੇ ਤਾਂ ਸਿੱਖੀ ਦਾ ਇਹੋ ਹਾਲ ਹੋਵੇਗਾ। ਕੀ ਅਜਿਹੇ ਵੋਟਰਾਂ ਵੱਲੋਂ ਚੁਣੇ ਗਏ ਮੈਂਬਰਾਂ ਤੋਂ ਤਵੱਕੋ ਰੱਖੀ ਜਾ ਸਕਦੀ ਹੈ ਕਿ ਉਹ ਸਿੱਖ ਧਰਮ ਦੀ ਮਰਿਆਦਾ ਕਾਇਮ ਰੱਖਣਗੇ? ਸਿੱਖ ਸੰਗਤ ਧੜਿਆਂ ਵਿਚ ਵੰਡੀ ਹੋਈ ਹੈ। ਉਨ੍ਹਾਂ ਲਈ ਅਹੁਦੇ ਅਤੇ ਸਿਆਸੀ ਤਾਕਤ ਹੀ ਸਭ ਕੁਝ ਹੈ, ਧਰਮ ਦੂਜੇ ਨੰਬਰ ’ਤੇ ਆ ਜਾਂਦਾ ਹੈ। ਚੰਗਾ ਹੋਵੇ ਜੇਕਰ ਸਾਰੇ ਧੜੇ ਇਕਮੁੱਠ ਹੋ ਜਾਣ ਜਾਂ ਵੋਟਰ ਅਜਿਹੀਆਂ ਉਲੰਘਣਾਵਾਂ ਨੂੰ ਮੁੱਖ ਰੱਖਦਿਆਂ ਸਿਆਸਤਦਾਨਾਂ ਤੋਂ ਪਾਸਾ ਵੱਟਕੇ ਗੁਰਮੁਖਾਂ ਨੂੰ ਲਾਮਬੰਦ ਕਰਕੇ ਚੋਣਾਂ ਲੜੀਆਂ ਜਾਣ।

*****

(1113)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author