“ਧੁੱਪਾਂ ਤੇ ਛਤਰੀਆਂ ਸੰਕੇਤਕ ਸ਼ਬਦ ਹਨ, ਅਸਲ ਵਿੱਚ ਧੁੱਪਾਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ...”
(11 ਮਾਰਚ 2022)
ਪਰਮਜੀਤ ਪਰਮ ਪੰਜਾਬੀ ਦੀ ਪ੍ਰੌੜ੍ਹ ਕਵਿੱਤਰੀ ਹੈ, ਜਿਨ੍ਹਾਂ ਦੀਆਂ ਹੁਣ ਤਕ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਨ੍ਹਾਂ ਪੁਸਤਕਾਂ ਵਿੱਚ ਕਵਿਤਾ ਦੀਆਂ ‘ਜੁਗਨੂੰਆਂ ਦੇ ਸਹਾਰੇ’, ‘ਅਹਿਸਾਸ ਦੇ ਪਲ’ ਅਤੇ ‘ਬਿਨ ਦਸਤਕ’ 3 ਮੌਲਿਕ, ‘ਰਾਹਨੁਮਾ ਪਿਤਾ’ ਅਤੇ ‘ਮਾਂ ਬੋਲੀ ਦੇ ਸਿਰਨਾਵੇਂ’ 2 ਸੰਪਾਦਿਤ ਕਾਵਿ ਸੰਗ੍ਰਹਿ, ‘ਚੰਡੀਗੜ੍ਹ ਦੇ ਬੇਸ਼ਕੀਮਤੀ ਹੀਰੇ’, ‘ਬਾਜ਼ ਅੱਖ’ ਅਨੁਵਾਦਤ (ਬਾਲ ਨਾਵਲ) ਅਤੇ ‘ਧੁੱਪਾਂ ਤੇ ਛਤਰੀਆਂ’ ਸਵੈਜੀਵਨੀ (ਪੜਚੋਲ ਅਧੀਨ) 3 ਵਾਰਤਕ ਦੀਆਂ ਪੁਸਤਕਾਂ ਹਨ। ਪਰਮਜੀਤ ਪਰਮ ਦੀ ਪਰਿਵਾਰਿਕ ਵਿਰਾਸਤ ਸਾਹਿਤ ਪ੍ਰੇਮੀ ਹੋਣ ਕਰਕੇ ਉਨ੍ਹਾਂ ਨੇ ਸਕੂਲ ਸਮੇਂ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹਦਿਆਂ ਹੀ ਕਹਾਣੀਆਂ ਅਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦਾ ਸਾਰਾ ਪਰਿਵਾਰ ਹੀ ਸਾਹਿਤਕ ਸੀ। ਪਿਤਾ ਕਰਮ ਸਿੰਘ ਚੁਤਾਲਵੀ ਅਤੇ ਭਰਾ ਚਤਰ ਸਿੰਘ ਬੀਰ ਪੰਜਾਬੀ ਦੇ ਕਵੀ ਅਤੇ ਭਰਾ ਮਹਿੰਦਰ ਸਿੰਘ ਪੰਜਾਬੀ ਦੇ ਸਾਹਿਤਕ ਰਸਾਲੇ ‘ਪ੍ਰੇਰਨਾ’ ਦੇ ਸੰਪਾਦਕ ਰਹੇ ਸਨ।
ਪਰਮਜੀਤ ਪਰਮ ਦੀ ਇਹ ਸਵੈਜੀਵਨੀ ਜ਼ਿੰਦਗੀ ਦੀਆਂ ਧੁੱਪਾਂ ਅਤੇ ਛਾਵਾਂ ਦੇ ਸੁਮੇਲ ਦੀ ਬਚਪਨ ਤੋਂ ਬੁਢਾਪੇ ਤਕ ਦੇ ਸਫਰ ਦੀ ਦਾਸਤਾਨ ਹੈ। ਇਉਂ ਲਗਦਾ ਹੈ ਕਿ ਪਰਮ ਨੇ ਸਵੈਜੀਵਨੀ ਦੇ ਧਰਮ ਨੂੰ ਨਿਭਾਉਂਦਿਆਂ ਕੁਝ ਵੀ ਛੁਪਾਇਆ ਨਹੀਂ। ਆਮ ਤੌਰ ’ਤੇ ਸਵੈਜੀਵਨੀ ਲਿਖਦਿਆਂ ਲੋਕ ਕੌੜੀਆਂ ਸਚਾਈਆਂ ਨੂੰ ਲੁਕੋ ਲੈਂਦੇ ਹਨ। ਇਹ ਪਰਮਜੀਤ ਪਰਮ ਦੀ ਵਡੱਤਣ ਹੈ। ਪਰਮਜੀਤ ਪਰਮ ਸਾਂਝੇ ਪਰਿਵਾਰ ਦੀਆਂ ਪਰਿਵਾਰਿਕ ਮਜਬੂਰੀਆਂ ਨਾਲ ਬਾਖ਼ੂਬੀ ਨਿਪਟਦੀ ਹੋਈ ਨੇ ਐੱਮ ਏ ਤਕ ਦੀ ਪੜ੍ਹਾਈ ਪ੍ਰਾਈਵੇਟਲੀ ਕਰਕੇ ਆਪਣਾ ਕੈਰੀਅਰ ਖ਼ੁਦ ਬਣਾਇਆ ਹੈ। ਬਾਬਲ ਦੇ ਵਿਹੜੇ ਦੇ ਪਿਆਰ ਦੀਆਂ ਪੀਂਘਾਂ ਝੂਟਦੀ ਹੀ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਨੂੰ ਸਮਝਣ ਦੇ ਸਮਰੱਥ ਹੋ ਗਈ ਸੀ। ਪ੍ਰੰਤੂ ਜ਼ਿੰਦਗੀ ਦੀਆਂ ਕਠਨਾਈਆਂ ਦੀਆਂ ਤਪਦੀਆਂ ਤੇਜ਼ ਧੁੱਪਾਂ ਤੋਂ ਬਚਣ ਲਈ ਆਪਣੀ ਹਿਫ਼ਾਜ਼ਤ ਕਰਨ ਲਈ ਖੁਦ ਇਕੱਲੀ ਇਕਹਿਰੀ ਹੀ ਛਤਰੀਆਂ ਤਾਣਕੇ ਉਨ੍ਹਾਂ ਦਾ ਮੁਕਾਬਲਾ ਕਰਦੀ ਰਹੀ। ਧੁੱਪਾਂ ਤੇ ਛਤਰੀਆਂ ਸੰਕੇਤਕ ਸ਼ਬਦ ਹਨ, ਅਸਲ ਵਿੱਚ ਧੁੱਪਾਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ, ਕਠਨਾਈਆਂ ਅਤੇ ਦੁਸ਼ਵਾਰੀਆਂ ਲਈ ਸੰਕੇਤਕ ਸ਼ਬਦ ਦੇ ਤੌਰ ’ਤੇ ਵਰਤਿਆ ਗਿਆ ਹੈ। ਇਸੇ ਤਰ੍ਹਾਂ ਛਤਰੀਆਂ ਸ਼ਬਦ ਆਪਣੀ ਹਿਫ਼ਾਜ਼ਤ ਅਤੇ ਸਫ਼ਲਤਾ ਖ਼ੁਦ ਛਤਰੀ ਦੇ ਰੂਪ ਵਿੱਚ ਕੀਤੀ ਜੱਦੋਜਹਿਦ ਦਾ ਪ੍ਰਤੀਕ ਹੈ।
ਜ਼ਿੰਦਗੀ ਦੇ ਸਫ਼ਰ ਵਿੱਚ ਉਨ੍ਹਾਂ ਨੂੰ ਦੋ ਘਟਨਾਵਾਂ ਨੇ ਸਭ ਤੋਂ ਵੱਧ ਮਾਨਸਿਕ ਤੌਰ ’ਤੇ ਤੜਪਾਇਆ, ਜਦੋਂ ਉਨ੍ਹਾਂ ਦੇ ਪਤੀ ਮੰਗਤ ਸਿੰਘ ਉਰਫ ਜਗਜੀਤ ਸਿੰਘ 2008 ਵਿੱਚ ਅਤੇ ਸਪੁੱਤਰ ਜੰਗ ਬਹਾਦਰ ਸਿੰਘ ਭਰ ਜਵਾਨੀ 24 ਜਨਵਰੀ 2019 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਅਜਿਹੇ ਹਾਲਾਤ ਵਿੱਚ ਉਨ੍ਹਾਂ ਇਕੱਲਿਆਂ ਬਹਾਦਰੀ ਨਾਲ ਆਪਣੀ ਛਤਰੀ ਆਪ ਤਾਣ ਕੇ ਮੁਕਾਬਲਾ ਕੀਤਾ। 30 ਸਤੰਬਰ 2017 ਤੋਂ 24 ਜਨਵਰੀ 2019 ਤਕ ਆਪਣੇ ਸਪੁੱਤਰ ਜੰਗ ਬਹਾਦਰ ਦੇ ਭਿਆਨਕ ਬਿਮਾਰੀ ਦੇ 482 ਦਿਨਾਂ ਦੌਰਾਨ ਜਿੰਨੀ ਦ੍ਰਿੜ੍ਹਤਾ, ਦਲੇਰੀ, ਸਿਰੜ ਅਤੇ ਸਹਿਜਤਾ ਨਾਲ ਉਸਦੀ ਤਾਮੀਰਦਾਰੀ ਕੀਤੀ, ਉਹ ਇਸ ਉਮਰ ਵਿੱਚ ਆਪਣੇ ਆਪ ਵਿੱਚ ਕਾਬਲੇ ਤਾਰੀਫ਼ ਹੈ। ਸਾਧਾਰਣ ਇਨਸਾਨ ਆਪਣੇ ਦਿਲ ਦੇ ਟੁਕੜੇ ਨੂੰ ਅਜਿਹੀ ਦਰਦਨਾਕ ਹਾਲਤ ਵਿੱਚ ਵੇਖਕੇ ਘਬਰਾ ਜਾਂਦਾ ਹੈ ਪ੍ਰੰਤੂ ਪਰਮਜੀਤ ਪਰਮ ਨੇ ਦਿਲ ’ਤੇ ਪੱਥਰ ਰੱਖਕੇ ਆਪਣੇ ਆਪ ਨੂੰ ਡੋਲਣ ਨਹੀਂ ਦਿੱਤਾ, ਸਗੋਂ ਆਪਣੇ ਸਪੁੱਤਰ ਨੂੰ ਢਾਰਸ ਦਿੰਦੀ ਰਹੀ। ਸਪੁੱਤਰ ਦੇ ਤੁਰ ਜਾਣ ਤੋਂ ਬਾਅਦ ਉਸਦੇ ਪਰਿਵਾਰ ’ਤੇ ਸੁਰੱਖਿਆ ਦੀ ਛਤਰੀ ਉਨ੍ਹਾਂ ਤਾਣ ਕੇ ਰੱਖੀ ਹੋਈ ਹੈ, ਜਦੋਂ ਕਿ ਬੁਢਾਪੇ ਵਿੱਚ ਸਪੁੱਤਰਾਂ ਨੇ ਛਤਰੀ ਬਣਨਾ ਹੁੰਦਾ ਹੈ।
ਪਰਮ ਦੀ ਸਵੈ ਜੀਵਨੀ ਨੂੰ ਪੜ੍ਹਦਿਆਂ ਉਸਦੀ ਅਣਕਿਆਸੇ ਹਾਲਾਤ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਨੂੰ ਸਲਾਮ ਕਰਨ ਲਈ ਸਿਰ ਝੁਕਦਾ ਹੈ। ਉਸਦੀ ਸਮੱਸਿਆਵਾਂ ਨਾਲ ਨਿਪਟਣ ਦੀ ਬਹਾਦਰੀ, ਸਹਿਣਸ਼ੀਲਤਾ, ਸਬਰ-ਸੰਤੋਖ਼, ਦ੍ਰਿੜ੍ਹਤਾ, ਲਗਨ ਅਤੇ ਮਾਨਸਿਕਤਾ ਦੀ ਜਿੰਨੀ ਦਾਦ ਦਿੱਤੀ ਜਾਵੇ ਉੰਨੀ ਹੀ ਥੋੜ੍ਹੀ ਲਗਦੀ ਹੈ। ਇੱਕ ਅਜਿਹੇ ਫ਼ੌਜੀ ਪਤੀ ਨਾਲ ਜ਼ਿੰਦਗੀ ਦੇ 38 ਸਾਲ 3 ਮਹੀਨੇ 20 ਦਿਨ ਗੁਜ਼ਾਰੇ, ਜਿਸਦੇ ਸੁਭਾਅ ਦੀ ਕਲਪਨਾ ਕਰਕੇ ਵੀ ਕੰਬਣੀ ਛਿੜ ਜਾਂਦੀ ਹੈ, ਫਿਰ ਵੀ ਉਸ ਸਮੇਂ ਦੌਰਾਨ ਪਰਮਜੀਤ ਪਰਮ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਦੂਰ ਦੁਰਾਡੇ ਨੌਕਰੀ ਵੀ ਕੀਤੀ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਪ੍ਰੰਤੂ ਆਤਮ ਨਿਰਭਰ ਹੋਣ ਦੇ ਬਾਵਜੂਦ ਪਤੀ ਅੱਗੇ ਪੈਸੇ ਧੇਲੇ ਲਈ ਹੱਥ ਅੱਡਦੇ ਰਹੇ। ਆਪਣੀ ਤਨਖ਼ਾਹ ਪਤੀ ਦੀ ਝੋਲੀ ਪਾਉਂਦੀ ਰਹੀ, ਇਸ ਤੋਂ ਵੱਡੀ ਪਤੀ ਵਰਤਾ ਇਸਤਰੀ ਬਣਕੇ ਸਮਾਜ ਵਿੱਚ ਆਪਣਾ ਸਤਿਕਾਰਯੋਗ ਸਥਾਨ ਬਣਾਉਂਦਿਆਂ ਸਫਲਤਾਵਾਂ ਦੀਆਂ ਬੁਲੰਦੀਆਂ ਨੂੰ ਛੂਹਿਆ। ਪੜ੍ਹੀ ਲਿਖੀ ਹੋਣ ਦੇ ਬਾਵਜੂਦ ਸਮਾਜਿਕ ਟਕੋਰਾਂ ਤੋਂ ਬਚਣ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਬਣਾਉਣ ਦੇ ਮੰਤਵ ਨਾਲ ਚੁੱਪ ਚੁਪੀਤੇ ਸਭ ਕੁਝ ਬਰਦਾਸ਼ਤ ਕਰਦੀ ਰਹੀ। ਇਹੋ ਪਰਮ ਦੀ ਬਾਕੀ ਇਸਤਰੀਆਂ ਨਾਲੋਂ ਵਿਲੱਖਣਤਾ ਹੈ। ਉਨ੍ਹਾਂ ਦੀ ਸਵੈਜੀਵਨੀ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਅਜੇ ਭਾਰਤ ਵਿੱਚ ਇਸਤਰੀ ਗ਼ੁਲਾਮੀ ਦੀਆਂ ਸਮਾਜਿਕ ਜ਼ੰਜ਼ੀਰਾਂ ਵਿੱਚ ਬੁਰੀ ਤਰ੍ਹਾਂ ਜਕੜੀ ਹੋਈ ਹੈ। ਇਹ ਪੁਸਤਕ ਪੜ੍ਹਦਿਆਂ ਰੌਚਿਕਤਾ ਬਰਕਰਾਰ ਰਹਿੰਦੀ ਹੈ ਕਿ ਪਰਮਜੀਤ ਨਾਲ ਅੱਗੇ ਕੀ ਹੋਇਆ ਜਾਂ ਹੋਵੇਗਾ। ਸਵੈਜੀਵਨੀ ਨੇ ਨਾਵਲੈਟ ਦਾ ਰੂਪ ਧਰ ਲਿਆ।
ਪਰਮਜੀਤ ਪਰਮ ਦਾ ਜਨਮ ਮਾਤਾ ਰਤਨ ਕੌਰ ਅਤੇ ਪਿਤਾ ਕਰਮ ਸਿੰਘ ਚੁਤਾਲਵੀ ਦੇ ਘਰ ਹੋਇਆ। ਦਸਵੀਂ ਤੋਂ ਬਾਅਦ ਬੀ ਏ, ਐੱਮ ਏ ਅਤੇ ਬੀ ਐੱਡ ਤਕ ਸਾਰੀ ਪੜ੍ਹਾਈ ਨੌਕਰੀ ਦੌਰਾਨ ਹੀ ਪ੍ਰਾਈਵੇਟਲੀ ਕੀਤੀ। 1962 ਵਿੱਚ ਦਸਵੀਂ ਅਤੇ ਗਿਆਨੀ ਪਾਸ ਕੀਤੀ। ਬੀ ਏ 1970 ਵਿੱਚ ਪਾਸ ਕੀਤੀ। ਜਵਾਨੀ ਦੀਆਂ ਬਰੂਹਾਂ ’ਤੇ ਪਹੁੰਚਦਿਆਂ ਹੀ 1970 ਵਿੱਚ ਫ਼ੌਜੀ ਪਰਿਵਾਰ ਵਿੱਚ ਮੰਗਤ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਦੌਰਾਨ ਦੋ ਸਪੁੱਤਰਾਂ ਜੰਗ ਬਹਾਦਰ ਸਿੰਘ ਅਤੇ ਸਿਕੰਦਰ ਸਿੰਘ ਨੂੰ ਜਨਮ ਹੀ ਨਹੀਂ ਦਿੱਤਾ ਸਗੋਂ ਉਨ੍ਹਾਂ ਦੀ ਬਿਹਤਰੀਨ ਪੜ੍ਹਾਈ ਕਰਵਾਈ, ਇੱਥੋਂ ਤਕ ਕਿ 77 ਸਾਲ ਦੀ ਉਮਰ ਵਿੱਚ ਵੀ ਦੋਹਾਂ ਸਪੁੱਤਰਾਂ ਦੇ ਪਰਿਵਾਰਾਂ ਦੀਆਂ ਸਮਾਜਿਕ ਅਤੇ ਆਰਥਿਕ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾ ਰਹੇ ਹਨ। ਪਤੀ ਮੰਗਤ ਸਿੰਘ ਦੇ ਫ਼ੌਜ ਦੀ ਨੌਕਰੀ ਕਾਰਨ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਖੁਦ ਹੀ ਨਿਭਾਈ।
ਭਾਵੇਂ ਪਰਮਜੀਤ ਪਰਮ 1971 ਤੋਂ ਹੀ ਨੌਕਰੀ ਕਰਨ ਲੱਗ ਗਏ ਸਨ ਪ੍ਰੰਤੂ ਕੱਚੀ ਨੌਕਰੀ ਹੋਣ ਕਰਕੇ ਕਈ ਦੂਰ ਦੁਰਾਡੇ ਥਾਂਵਾਂ ’ਤੇ ਨੌਕਰੀ ਕਰਨੀ ਪਈ। ਥੋੜ੍ਹਾਂ ਸਮਾਂ ਬੱਚਿਆਂ ਤੋਂ ਦੂਰ ਜਲੰਧਰ ਵੀ ਰਹਿਣਾ ਪਿਆ। 1975 ਵਿੱਚ ਉਨ੍ਹਾਂ ਨੂੰ ਪੱਕੀ ਸਰਕਾਰੀ ਨੌਕਰੀ ਮਿਲੀ, ਉਹ ਵੀ ਦੂਰ ਦੁਰਾਡੇ ਦਿਹਾਤੀ ਇਲਾਕੇ ਵਿੱਚ। ਇਸ ਲਈ ਪਰਮਜੀਤ ਪਰਮ ਨੂੰ ਨੌਕਰੀ ਕਰਦਿਆਂ ਵੀ ਬੜੀਆਂ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪਿਆ। ਲਗਭਗ 14 ਸਾਲ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਨੌਕਰੀ ਕਰਨ ਤੋਂ ਬਾਅਦ 1989 ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ’ਤੇ ਆ ਗਏ। ਚੰਡੀਗੜ੍ਹ ਆ ਕੇ ਥੋੜ੍ਹਾ ਸੁੱਖ ਦਾ ਸਾਹ ਮਿਲਿਆ। ਪਰਿਵਾਰਿਕ ਉਲਝਣਾਂ ਅਤੇ ਜ਼ਰੂਰਤਾਂ ਵਿੱਚ ਰੁੱਝੇ ਰਹਿਣ ਕਰਕੇ ਪੜ੍ਹਾਈ ਲਗਾਤਾਰ ਜਾਰੀ ਨਹੀਂ ਰੱਖ ਸਕੇ। ਬੀ ਏ ਕਰਨ ਤੋਂ 16 ਸਾਲ ਬਾਅਦ 1986 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਪੰਜਾਬੀ ਅਤੇ ਬਾਅਦ ਵਿੱਚ 1989 ਵਿੱਚ ਬੀ ਐੱਡ ਪੱਤਰ ਵਿਵਹਾਰ ਰਾਹੀਂ ਪਾਸ ਕੀਤੀਆਂ।
ਚੰਡੀਗੜ੍ਹ ਡੈਪੂਟੇਸ਼ਨ ’ਤੇ ਆਉਣ ਦਾ ਸਭ ਤੋਂ ਵੱਧ ਲਾਭ ਇਹ ਹੋਇਆ ਕਿ ਪਰਮਜੀਤ ਪਰਮ ਨੂੰ ਆਪਣੀਸਾਹਿਤਕ ਰੀਝ ਨੂੰ ਪੂ੍ਰੀਕਰਨ ਦਾ ਮੌਕਾ ਮਿਲ ਗਿਆ। ਚੰਡੀਗੜ੍ਹ ਵਿੱਚ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਕੰਮ ਕਰ ਰਹੀਆਂ ਸਨ। ਪਰਮਜੀਤ ਪਰਮ ਨੇ ਇਨ੍ਹਾਂ ਸਾਹਿਤਕ ਸਭਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਪ੍ਰੰਤੂ ਉਨ੍ਹਾਂ ਦੇ ਪਤੀ ਮੰਗਤ ਸਿੰਘ ਅਜਿਹੀਆਂ ਸਰਗਰਮੀਆਂ ਨੂੰ ਬਹੁਤਾ ਉਤਸ਼ਾਹਿਤ ਨਹੀਂ ਕਰਦੇ ਸਨ। ਮੰਗਤ ਸਿੰਘ ਦਾ ਫ਼ੌਜੀ ਸੁਭਾਅ ਅਜੀਬ ਕਿਸਮ ਦਾ ਹੋਣ ਕਰਕੇ ਪਰਮਜੀਤ ਪਰਮ ਨੂੰ ਸੁਖਾਵੇਂ ਹਾਲਾਤ ਨਹੀਂ ਮਿਲੇ। ਪ੍ਰੰਤੂ ਉਨ੍ਹਾਂ ਦੀ ਸਭ ਵੱਡੀ ਪ੍ਰਾਪਤੀ ਇਹ ਰਹੀ ਕਿ ਉਨ੍ਹਾਂ ਦੇ ਪਤੀ ਦੇ ਅੱਖੜ ਸੁਭਾਓ ਨੂੰ ਵੀ ਉਨ੍ਹਾਂ ਸਲੀਕੇ, ਸਹਿਜਤਾ ਅਤੇ ਨਿਮਰਤਾ ਨਾਲ ਬਰਦਾਸ਼ਤ ਕਰਦਿਆਂ ਆਪਣੇ ਵਿੱਦਿਅਕ, ਪਰਿਵਾਰਿਕ, ਸਮਾਜਿਕ ਅਤੇ ਸਾਹਿਤਕ ਖੇਤਰ ਵਿੱਚ ਸਫਲਤਾਵਾਂ ਪ੍ਰਾਪਤ ਕਰ ਲਈਆਂ। ਉਨ੍ਹਾਂ ਦੀ ਸਵੈਜੀਵਨੀ ਪੜ੍ਹਕੇ ਇਹ ਵੀ ਮਹਿਸੂਸ ਹੋਇਆ ਕਿ ਦੋਸਤ ਮਿੱਤਰ ਬਣਾਉਣਾ ਅਤੇ ਦੋਸਤੀਆਂ ਨਿਭਾਉਣਾ ਵੀ ਉਹ ਬਾਖ਼ੂਬੀ ਨਾਲ ਜਾਣਦੀ ਹੈ। ਉਨ੍ਹਾਂ ਦੇ ਦੋਸਤਾਂ ਮਿੱਤਰਾਂ ਵਿੱਚ ਨੌਜਵਾਨ ਅਤੇ ਬਜ਼ੁਰਗ ਦੋਵੇਂ ਸ਼ਾਮਲ ਹਨ, ਜਿਹੜੇ ਉਨ੍ਹਾਂ ਦੇ ਹਰ ਦੁੱਖ ਸੁੱਖ ਦੇ ਸਾਥੀ ਬਣਦੇ ਰਹੇ ਹਨ। ਉਨ੍ਹਾਂ ਦੇ ਬੇਟੇ ਦੀ ਬਿਮਾਰੀ ਵਿੱਚ ਭਾਵੇਂ ਰਿਸ਼ਤੇਦਾਰਾਂ ਨੇ ਵੀ ਸਾਥ ਦਿੱਤਾ ਪ੍ਰੰਤੂ ਜਿੰਨਾ ਸਹਿਯੋਗ ਦੋਸਤਾਂ ਮਿੱਤਰਾਂ ਤੋਂ ਮਿਲਿਆ, ਉਸਦਾ ਕੋਈ ਮੁਕਾਬਲਾ ਨਹੀਂ। ਇਹ ਸਭ ਕੁਝ ਪਰਮਜੀਤ ਪਰਮ ਦੇ ਮਿਲਣਸਾਰ ਸੁਭਾਅ ਦਾ ਨਤੀਜਾ ਹੈ ਕਿ ਉਨ੍ਹਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ’ਤੇ ਪੂਰਾ ਸਹਿਯੋਗ ਮਿਲਿਆ ਹੈ।
200 ਰੁਪਏ ਕੀਮਤ ਅਤੇ 128 ਪੰਨਿਆਂ ਵਾਲੀ ਇਹ ਪੁਸਤਕ ਤਰਲੋਚਨ ਪਬਲਿਸ਼ਰ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ। ਪੁਸਤਕ ਦਾ ਨਾਮ ਧੁੱਪਾਂ ਤੇ ਛਤਰੀਆਂ, ਰੰਗਦਾਰ ਅਤੇ ਦਿਲ ਖਿਚਵਾਂ ਹੈ, ਜਿਸ ਤੋਂ ਪੁਸਤਕ ਦੀ ਭਾਵਨਾ ਦਾ ਪ੍ਰਗਟਾਵਾ ਹੋ ਜਾਂਦਾ ਹੈ। ਪਰਮਾਤਮਾ ਪਰਮਜੀਤ ਪਰਮ ਨੂੰ ਹੋਰ ਲੰਬੀ ਅਤੇ ਸਿਹਤਮੰਦ ਉਮਰ ਬਖ਼ਸ਼ੇ ਤਾਂ ਜੋ ਉਹ ਸਾਹਿਤਕ ਅਤੇ ਪਰਿਵਾਰਿਕ ਜ਼ਿੰਮੇਵਾਰੀ ਨਿਭਾਉਂਦਿਆਂ ਸਫਲਤਾ ਪ੍ਰਾਪਤ ਕਰ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3421)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)