“ਸਖ਼ਤ ਮਿਹਨਤ ਦਾ ਲੜ ਫੜ ਕੇ ਸਿਆਸੀ ਪੌੜੀਆਂ ਚੜ੍ਹਨ ਵਿੱਚ ...”
(3 ਜੁਲਾਈ 2025)
ਡਾ. ਚਰਨਜੀਤ ਚੰਨੀ ਅੱਖਾਂ ਦੇ 60 ਹਜ਼ਾਰ ਮੁਫ਼ਤ ਅਪ੍ਰੇਸ਼ਨ ਕਰ ਚੁੱਕੇ ਹਨ।
ਇੱਥੇ ਮੈਨੂੰ ਬਾਬਾ ਨਾਜ਼ਮੀ ਦੀਆਂ ਉਹ ਸਤਰਾਂ ਯਾਦ ਆਉਂਦੀਆਂ ਹਨ, ਉਹ ਲਿਖਦੇ ਹਨ:
ਬੇ ਹਿੰਮਤ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ।
ਪੰਜਾਬ ਦੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਐੱਮਐੱਲਏ ਡਾ. ਚਰਨਜੀਤ ਸਿੰਘ ਚੰਨੀ ਨਾਲ ਮੇਰਾ ਵਾਹ ਵਾਸਤਾ ਚਿਰੋਕਣਾ ਚਲਿਆ ਆ ਰਿਹਾ ਹੈ। ਭਾਵ ਇੱਕ ਦਹਾਕਾ ਪਹਿਲਾਂ ਦਾ, ਜਦੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਡਾਕਟਰ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਇੱਕ ਪੈਟਰੋਲ ਪੰਪ ’ਤੇ ਸਾਡੀ ਪਹਿਲੀ ਮੁਲਾਕਾਤ ਹੋਈ ਤੇ ਮੁਲਾਕਾਤ ਦਾ ਸਬੱਬ ਬਣੇ ਡਾ. ਸਿਕੰਦਰ ਸਿੰਘ, ਜੋ ਕਸਬਾ ਬੱਸੀ ਪਠਾਣਾ ਤੋਂ ਹਨ। ਡਾ. ਸਿਕੰਦਰ ਸਿੰਘ ਜਿੱਥੇ ਮੇਰੇ ਦੋਸਤ ਹਨ, ਉੱਥੇ ਉਹ ਡਾ. ਚਰਨਜੀਤ ਸਿੰਘ ਚੰਨੀ ਦੇ ਵੀ ਚੰਗੇ ਦੋਸਤ ਹਨ। ਗੱਲ ਇਉਂ ਹੋਈ ਕਿ ਉਸ ਵਕਤ ਡਾ. ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਡਾਕਟਰ ਸੈੱਲ ਦਾ ਚੇਅਰਮੈਨ ਬਣਾਇਆ ਗਿਆ। ਉਨ੍ਹਾਂ ਦੀ ਜ਼ਿੰਮੇਵਾਰੀ ਪੂਰੇ ਪੰਜਾਬ ਅੰਦਰ ਡਾਕਟਰ ਸੈੱਲ ਦੇ ਅਹੁਦੇਦਾਰ ਬਣਾਉਣ ਦੀ ਸੀ।
ਅਸੀਂ ਡਾ. ਚਰਨਜੀਤ ਸਿੰਘ ਚੰਨੀ ਨੂੰ ਪਹਿਲੀ ਵਾਰ ਚੰਡੀਗੜ੍ਹ ਦੇ ਇੱਕ ਪੈਟਰੋਲ ਪੰਪ ’ਤੇ ਮਿਲੇ। ਉੱਥੇ ਪੰਜਾਬ ਅੰਦਰ ਡਾਕਟਰ ਸੈੱਲ ਦਾ ਵਿੰਗ ਖੜ੍ਹਾ ਕਰਨ ਸਬੰਧੀ ਸਾਡੀ ਰਸਮੀ ਗੱਲਬਾਤ ਹੋਈ। ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਡਾ. ਹਰਪਾਲ ਸਲਾਣਾ ਦਾ ਬਾਇਓਡੈਟਾ ਲਿਆ ਗਿਆ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਕਾਂਗਰਸ ਡਾਕਟਰ ਸੈੱਲ ਦਾ ਪ੍ਰਧਾਨ ਨਿਯੁਕਤ ਕਰਨ ਦੀ ਹਾਮੀ ਭਰੀ ਗਈ। ਜੋ ਬਾਅਦ ਵਿੱਚ ਉਨ੍ਹਾਂ ਵੱਲੋਂ ਨਿਯੁਕਤ ਵੀ ਕੀਤਾ ਗਿਆ। ਬੱਸ! ਉਹੋ ਮੇਰੀ ਡਾ. ਚਰਨਜੀਤ ਸਿੰਘ ਚੰਨੀ ਨਾਲ ਪਹਿਲੀ ਮੁਲਾਕਾਤ ਸੀ। ਉਸ ਤੋਂ ਮਗਰੋਂ ਗਾਹੇ ਬਗਾਹੇ ਉਨ੍ਹਾਂ ਨਾਲ ਮੇਰਾ ਵਾਸਤਾ ਪੈਂਦਾ ਰਿਹਾ। ਡਾ. ਚਰਨਜੀਤ ਸਿੰਘ ਚੰਨੀ ਅੱਖਾਂ ਦੇ ਸਪੈਸ਼ਲਿਸਟ ਹਨ ਅਤੇ ਪੀਜੀਆਈ ਤੋਂ ਰਿਟਾਇਰ ਹਨ। ਉਨ੍ਹਾਂ ਦੇ ਸੁਭਾਅ ਵਿੱਚ ਅੱਤ ਦੀ ਹਲੀਮੀ ਅਤੇ ਸਾਊਪੁਣਾ ਹੈ। ਉਹ ਇਲਾਕੇ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਇੱਕ ਉੱਘੇ ਸਮਾਜ ਸੇਵੀ ਦੇ ਤੌਰ ’ਤੇ ਵੀ ਜਾਣੇ ਜਾਂਦੇ ਹਨ। ਹੌਲੀ ਹੌਲੀ ਉਨ੍ਹਾਂ ਨਾਲ ਮੇਰੇ ਤਾਅਲੁਕਾਤ ਗੂੜ੍ਹੇ ਹੁੰਦੇ ਚਲੇ ਗਏ। ਪੀਜੀਆਈ ਤੋਂ ਰਿਟਾਇਰ ਹੋਣ ਮਗਰੋਂ ਉਨ੍ਹਾਂ ਨੇ ਮੋਰਿੰਡਾ ਵਿਖੇ ਇੱਕ ਹਸਪਤਾਲ (ਸ਼ੁਭਕਰਮਨ ਮਲਟੀ ਸਪੈਸ਼ਲਿਸਟ) ਚਲਾਇਆ ਹੋਇਆ ਹੈ, ਜਿੱਥੇ ਉਹ ਲੋਕਾਂ ਦੀ ਬਹੁਤ ਹੀ ਨਾ ਮਾਤਰ ਫੀਸ ਵਿੱਚ ਜਾਂ ਫਿਰ ਫ੍ਰੀ ਸੇਵਾ ਕਰਦੇ ਸਨ। ਗੱਲਬਾਤ ਕਰਦਿਆਂ ਉਹ ਅਕਸਰ ਦੱਸਦੇ ਹੁੰਦੇ ਹਨ ਕਿ ਉਨ੍ਹਾਂ ਵੱਲੋਂ ਹੁਣ ਤਕ ਹਜ਼ਾਰਾਂ ਅੱਖਾਂ ਦੇ ਫਰੀ ਚੈੱਕਅੱਪ ਕੈਂਪ ਲਾਏ ਗਏ ਹਨ, ਜਿਨ੍ਹਾਂ ਵਿੱਚ 60 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਜਾ ਚੁੱਕੇ ਹਨ। ਚੰਡੀਗੜ੍ਹ ਤੋਂ ਖੰਨੇ ਆਉਂਦੇ ਵਕਤ ਕਈ ਵਾਰ ਮੈਂ ਚੁੰਨੀ ਮਛਲੀ ਆਉਣ ਦੀ ਬਜਾਏ ਵਾਇਆ ਮੋਰਿੰਡਾ ਆ ਜਾਇਆ ਕਰਨਾ ਤੇ ਮੈਂ ਉਨ੍ਹਾਂ ਦੇ ਹਸਪਤਾਲ ਖਲੋ ਜਾਣਾ। ਚਾਹ ਪਾਣੀ ਪੀਣਾ, ਗੱਲਾਂਬਾਤਾਂ ਕਰਨੀਆਂ। ਇਸ ਨਾਲ ਸਾਡੀ ਨੇੜਤਾ ਵਧਦੀ ਗਈ। ਉਹ ਵੀ ਮੇਰੇ ਕੋਲ ਲੰਘਦੇ ਆਉਂਦੇ ਕਦੇ ਕਦਾਈਂ ਖੰਨੇ ਆ ਜਾਇਆ ਕਰਦੇ।
ਮੇਰੀਆਂ ਅੱਖਾਂ ਦੇ ਨਾਖੂਨੇ ਦਾ ਅਪਰੇਸ਼ਨ ਵੀ ਉਨ੍ਹਾਂ ਵੱਲੋਂ ਹੀ ਕੀਤਾ ਗਿਆ। ਉਨ੍ਹਾਂ ਦਾ ਹੱਥ ਬੜਾ ਸਾਫ਼ ਹੈ, ਜਿਸ ਕਰਕੇ ਮੈਂ ਆਪਣੇ ਬਹੁਤ ਸਾਰੇ ਜਾਣਕਾਰਾਂ ਦੀਆਂ ਅੱਖਾਂ ਚੈੱਕ ਕਰਵਾਉਣ ਲਈ ਅਕਸਰ ਉਨ੍ਹਾਂ ਕੋਲ ਚਲਾ ਜਾਂਦਾ ਹਾਂ। ਇਸ ਤਰ੍ਹਾਂ ਸਾਡਾ ਆਪਸ ਵਿੱਚ ਮਿਲਣ ਦਾ ਸਿਲਸਿਲਾ ਜਾਰੀ ਰਿਹਾ, ਜੋ ਅੱਜ ਵੀ ਜਾਰੀ ਹੈ। ਸੰਨ 2015 ਦੇ ਕਰੀਬ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ ਨਾਲ ਹਲਕੇ ਵਿੱਚ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਵੀ ਚਲਾਉਂਦੇ ਆ ਰਹੇ ਹਨ। ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਮਾਣਯੋਗ ਸ: ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਚਮਕੌਰ ਸਾਹਿਬ ਤੋਂ ਐੱਮ ਐੱਲ ਏ ਦੀ ਟਿਕਟ ਦਿੱਤੀ ਗਈ। ਪਰ ਉਹ ਨਾ ਮਾਤਰ ਫਰਕ ਨਾਲ ਹਾਰ ਗਏ। ਪ੍ਰੰਤੂ ਉਨ੍ਹਾਂ ਨੇ ਸਮਾਜ ਸੇਵੀ ਕੰਮਾਂ ਨੂੰ ਨਿਰੰਤਰ ਜਾਰੀ ਰੱਖਿਆ ਅਤੇ ਨਾਲ ਹੀ ਆਪਣੇ ਹਲਕੇ ਦੇ ਲੋਕਾਂ ਵਿੱਚ ਵਿਚਰਦੇ ਰਹੇ। ਡਾ. ਚਰਨਜੀਤ ਸਿੰਘ ਚੰਨੀ ਸਖ਼ਤ ਮਿਹਨਤ ਦਾ ਲੜ ਫੜ ਕੇ ਸਿਆਸੀ ਪੌੜੀਆਂ ਚੜ੍ਹਨ ਵਿੱਚ ਜੁਟੇ ਰਹੇ, ਜਿਸਦੀ ਬਦੌਲਤ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੀਬ ਅੱਠ ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਚਮਕੌਰ ਸਾਹਿਬ ਹਲਕੇ ਤੋਂ ਇਤਿਹਾਸਕ ਜਿੱਤ ਹਾਸਲ ਕੀਤੀ।।
ਇੱਕ ਵਾਰ ਦਾ ਕਿੱਸਾ ਹੈ ਕਿ ਡਾ. ਸਾਹਿਬ ਤੇ ਮੈਂ ਆਪਣੇ ਕਿਸੇ ਨਿੱਜੀ ਕੰਮ ਲਈ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਮਿਲਣ ਗਏ। ਜਿਉਂ ਹੀ ਅਸੀਂ ਮੁੱਖ ਸਕੱਤਰੇਤ ਅੰਦਰ ਗਏ, ਜੋ ਵੀ ਰਾਹ ਵਿੱਚ ਮਿਲਦਾ, ਉਹ ਵਧਾਈ ਦੇਣ ਦੇ ਨਾਲ ਨਾਲ ਆਖਦਾ, ਡਾਕਟਰ ਸਾਹਿਬ ਤੁਸੀਂ ਬਾਬਾ ਬੋਹੜ ਪੱਟ ਦਿੱਤਾ ਹੈ, ਸੁਆਦ ਲਿਆ ਦਿੱਤਾ। ਮਿਲਣ ਵਾਲੇ ਡਾ. ਸਾਹਿਬ ਨਾਲ ਚਾਈਂ ਚਾਈਂ ਫੋਟੋ ਖਿਚਵਾਉਂਦੇ ਤੇ ਸੈਲਫੀ ਵੀ ਲੈਂਦੇ। ਇਸ ਤਰ੍ਹਾਂ ਉਨ੍ਹਾਂ ਦੀ ਮਕਬੂਲੀਅਤ ਨੂੰ ਮੈਂ ਆਪਣੀ ਅੱਖੀਂ ਦੇਖਿਆ ਹੈ। ਉਨ੍ਹਾਂ ਦੀ ਸਮਾਜਸੇਵੀ ਦਿੱਖ ਸਦਕਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਲਕਾਂ ’ਤੇ ਬਿਠਾਇਆ ਹੈ, ਆਪਣਾ ਨੇਤਾ ਚੁਣਿਆ ਹੈ। ਮੈਂ ਸੋਚਦਾ ਹਾਂ ਕਿ ਲੋਕਾਂ ਵੱਲੋਂ ਸਮਾਜਸੇਵੀ ਨੂੰ ਆਪਣਾ ਨੇਤਾ ਚੁਣਨਾ ਇੱਕ ਚੰਗੇ ਅਤੇ ਨਰੋਏ ਸਮਾਜ ਦੇ ਸੰਕੇਤ ਹਨ। ਇੱਕ ਬਹੁਤ ਹੀ ਗ਼ਰੀਬ ਪਰਿਵਾਰ ਵਿੱਚੋਂ ਉੱਠ ਕੇ ਵਿਧਾਇਕ ਬਣਨਾ, ਉਹ ਵੀ ਸੂਬੇ ਦੇ ਮੁੱਖ ਮੰਤਰੀ ਨੂੰ ਹਰਾ ਕੇ, ਵਾਕਿਆ ਹੀ ਉਨ੍ਹਾਂ ਦੀ ਇਹ ਉਪਲਬਧੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ।
ਉਨ੍ਹਾਂ ਦੀ ਸੋਚ ਨੂੰ ਇੱਕ ਸ਼ੇਅਰ ਦੇ ਜ਼ਰੀਏ ਪਾਠਕਾਂ ਸਨਮੁਖ ਰੱਖਣਾ ਚਾਹੁੰਦਾ ਹਾਂ:
ਇਬਾਦਤ ਹੈ ਦੁਖੀਓਂ ਕੀ ਇਮਦਾਦ ਕਰਨਾ।
ਜੋ ਬਰਬਾਦ ਹੋ, ਉਨ ਕੋ ਅਬਾਦ ਕਰਨਾ॥
ਖ਼ੁਦਾ ਕੀ ਨਮਾਜ਼, ਔਰ ਪੂਜਾ ਯਹੀ ਹੈ।
ਜੋ ਨਿਸ਼ਾਦ ਹੋ, ਉਨਕੋ ਦਿਲਸ਼ਾਦ ਕਰਨਾ॥
ਡਾ. ਚਰਨਜੀਤ ਸਿੰਘ ਚੰਨੀ ਬੇਸ਼ਕ ਹੁਣ ਵਿਧਾਇਕ ਹਨ ਪਰ ਉਹਨਾਂ ਦਾ ਆਮ ਲੋਕਾਂ ਨਾਲ ਗੱਲਬਾਤ ਕਰਨ ਦਾ ਲਹਿਜਾ ਇੱਕ ਆਮ ਬੰਦੇ ਵਰਗਾ ਹੀ ਹੈ, ਨੇਤਵਾਂ ਵਰਗਾ ਨਹੀਂ। ਉਹ ਮੋਰਿੰਡੇ ਆਪਣੇ ਹਪਤਾਲ ਵਿੱਚ ਵਿੱਚ ਆਮ ਵਾਂਗ ਮਰੀਜ਼ਾਂ ਦਾ ਚੈੱਕਅੱਪ ਕਰਦੇ ਹਨ ਤੇ ਦੂਜੇ ਪਾਸੇ ਹਲਕੇ ਦੇ ਲੋਕਾਂ ਨੂੰ ਵੀ ਪੂਰਾ ਵਕਤ ਦਿੰਦੇ ਹਨ। ਲੋਕਾਂ ਦੀ ਗੱਲਬਾਤ ਸੁਣ ਕੇ ਮਸਲੇ ਨੂੰ ਨਜਿੱਠਦੇ ਹਨ। ਉਹ ਲੋਕਾਂ ਦੀ ਬਿਹਤਰੀ ਅਤੇ ਹਲਕੇ ਦੇ ਵਿਕਾਸ ਨੂੰ ਲੈ ਕੇ ਬੇਹੱਦ ਗੰਭੀਰ ਹਨ। ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਰਹਿਨੁਮਾਹੀ ਤੇ ਅਗਵਾਈ ਵਿੱਚ ਉਹ ਚਮਕੌਰ ਸਾਹਿਬ ਹਲਕੇ ਦੇ ਵਿਕਾਸ ਵਾਸਤੇ ਸਿਰਤੋੜ ਯਤਨ ਕਰਦੇ ਰਹਿੰਦੇ ਹਨ। ਉਹਨਾਂ ਦੀ ਇੱਛਾ ਹੈ ਕਿ ਚਮਕੌਰ ਸਾਹਿਬ ਹਲਕਾ ਪੰਜਾਬ ਦਾ ਸਭ ਤੋਂ ਮੋਹਰੀ ਹਲਕਾ ਬਣੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)