“ਸੋਸ਼ਲ ਮੀਡੀਆ ਨੇ ਅਖ਼ਬਾਰਾਂ ਨਾਲ ਜੁੜੇ ਲੋਕਾਂ ਦੇ ਰੁਜ਼ਗਾਰ ਉੱਤੇ ਵੀ ਸੱਟ ਮਾਰੀ ਹੈ। ਅਖਬਾਰਾਂ ਦੀ ਗਿਣਤੀ ...”
(20 ਨਵੰਬਰ 2024)
ਅਖ਼ਬਾਰ ਛਪਣ ਦੀ ਸ਼ੁਰੂਆਤ ਜਰਮਨ ਤੋਂ ਹੋਈ, ਜੋ ਉਦੋਂ ਕੱਪੜੇ ਤੇ ਛਪਦਾ ਸੀ। ਉਸਦਾ ਨਾਂ ਸੀ ਫਿਰਤੂ। ਅਖ਼ਬਾਰ ਕੋਈ ਵੀ ਜਾਣਕਾਰੀ ਹਾਸਲ ਕਰਨ ਦਾ ਬਹੁਤ ਵਧੀਆ ਸਰੋਤ ਹੈ। ਅਖ਼ਬਾਰ ਵਿੱਚ ਛਪੀ ਜਾਣਕਾਰੀ ਦੀ ਆਪਣੀ ਮਹੱਤਤਾ ਹੈ, ਜੋ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਭਾਵੇਂ ਕਿ ਸੋਸ਼ਲ ਮੀਡੀਆ ਦਾ ਯੁਗ ਸਿਖਰਾਂ ਉੱਤੇ ਹੈ ਪਰ ਇਸਦੇ ਬਾਵਜੂਦ ਅਖ਼ਬਾਰ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਜਾਂ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਅਖਬਾਰਾਂ ਉੱਤੇ ਮਾਰ ਕਰੋਨਾ ਦੌਰਾਨ ਪਈ। ਕਰੋਨਾ ਤੋਂ ਪਹਿਲਾਂ ਅਖ਼ਬਾਰ ਹੀ ਖ਼ਬਰਾਂ ਦਾ ਮੁੱਖ ਸ੍ਰੋਤ ਸੀ। ਕਰੋਨਾ ਨੇ ਜਿੱਥੇ ਇਨਸਾਨਾਂ ਦੀ ਜਾਨ ਲਈ, ਉੱਥੇ ਇਸ ਨੇ ਅਖਬਾਰਾਂ ਦੀ ਵੀ ਜਾਨ ਕੱਢ ਲਈ। ਕਰੋਨਾ ਦੇ ਡਰ ਨੇ ਪਾਠਕ ਅਖਬਾਰਾਂ ਤੋਂ ਦੂਰ ਕਰ ਦਿੱਤੇ, ਜਿਸਦੀ ਵਜਾਹ ਸਦਕਾ ਅਖਬਾਰਾਂ ਦੀ ਗਿਣਤੀ ਬਹੁਤ ਘਟ ਗਈ। ਇਹ ਮੁੜ ਨਾ ਵਧੀ। ਕਰੋਨਾ ਸਮੇਂ ਪ੍ਰਿੰਟ ਅਖਬਾਰਾਂ ਦੀ ਜਗ੍ਹਾ ਔਨਲਾਈਨ ਅਖਬਾਰਾਂ ਨੇ ਲੈ ਲਈ। ਉਦੋਂ ਤੋਂ ਲੋਕਾਂ ਦਾ ਔਨਲਾਈਨ ਅਖ਼ਬਾਰ ਪੜ੍ਹਨ ਦੀ ਆਦਤ ਬਣ ਗਿਆ। ਕਰੋਨਾ ਤੋਂ ਪਹਿਲਾਂ ਔਨਲਾਈਨ ਅਖਬਾਰਾਂ ਦਾ ਰਿਵਾਜ਼ ਬਹੁਤਾ ਨਹੀਂ ਸੀ। ਕਰੋਨਾ ਖ਼ਤਮ ਹੋਣ ਪਿੱਛੋਂ ਪ੍ਰਿੰਟ ਅਖ਼ਬਾਰ ਪੜ੍ਹਨ ਦਾ ਰੁਝਾਨ ਹੋਰ ਘਟਦਾ ਗਿਆ। ਸੋਸ਼ਲ ਮੀਡੀਆ ਕਾਰਨ ਹੁਣ ਅਖਬਾਰਾਂ ਦੀ ਸਰਕੂਲੇਸ਼ਨ 60 ਫੀਸਦ ਤਕ ਘੱਟ ਹੋ ਚੁੱਕੀ ਹੈ। ਸਾਡੇ ਆਪਣੇ ਘਰ ਕਰੋਨਾ ਤੋਂ ਪਹਿਲਾਂ ਚਾਰ ਅਖ਼ਬਾਰ ਆਉਂਦੇ ਸਨ, ਜਦੋਂ ਕਿ ਅੱਜ ਕੱਲ੍ਹ ਇੱਕ ਵੀ ਅਖ਼ਬਾਰ ਨਹੀਂ ਆਉਂਦਾ।
ਅਖ਼ਬਾਰ ਆਨਲਾਈਨ ਹੋਣ ਸਦਕਾ ਮੈਂ ਕੁਝ ਅਖ਼ਬਾਰ ਤਾਂ ਰਾਤ ਨੂੰ ਸੌਣ ਵਕਤ ਪੜ੍ਹ ਕੇ ਹੀ ਸੌਦਾ ਹਾਂ, ਜਦੋਂ ਕਿ ਕੁਝ ਅਖ਼ਵਾਰ ਮੈਂ ਸਵੇਰੇ ਉੱਠ ਕੇ ਪੜ੍ਹ ਲੈਂਦਾ ਹਾਂ। ਇਸ ਕਾਰਨ ਪ੍ਰਿੰਟ ਅਖ਼ਬਾਰ ਪੜ੍ਹਨ ਦੀ ਲੋੜ ਹੀ ਨਹੀਂ ਪੈਂਦੀ। ਸੋਸ਼ਲ ਮੀਡੀਆ ਦੇ ਰਿਵਾਜ਼ ਤੋਂ ਪਹਿਲਾਂ ਮੈਂ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਅਖ਼ਬਾਰ ਪੜ੍ਹਦਾ ਸਾਂ, ਚਾਹ ਬਾਅਦ ਵਿੱਚ ਪੀਂਦਾ ਸਾਂ। ਅਖ਼ਬਾਰ ਪੜ੍ਹੇ ਬਿਨਾਂ ਮੇਰੀ ਭੁੱਖ ਨਹੀਂ ਮਿਟਦੀ ਸੀ। ਪਰ ਹੁਣ ਵਕਤ ਬਦਲ ਗਿਆ ਹੈ ਤੇ ਸੋਸ਼ਲ ਮੀਡੀਆ ਮਨੁੱਖ ਉੱਤੇ ਭਾਰੂ ਹੋ ਚੁੱਕਾ ਹੈ। ਇਹੀ ਵਜਾਹ ਹੈ ਕਿ ਪਾਠਕਾਂ ਦੀ ਗਿਣਤੀ ਘਟਣ ਕਰਕੇ ਅਖਬਾਰਾਂ ਨੂੰ ਕਈ ਥਾਵਾਂ ਉੱਤੇ ਆਪਣੀਆਂ ਏਜੰਸੀਆਂ ਬੰਦ ਕਰਨੀਆਂ ਪਈਆਂ ਹਨ। ਅਖਬਾਰਾਂ ਦੇ ਬਹੁਤੇ ਸੱਬ ਔਫਿਸ ਵੀ ਬੰਦ ਹੋ ਗਏ। ਇਹ ਸਭ ਸੋਸ਼ਲ ਮੀਡੀਆ ਕਾਰਨ ਵਾਪਰਿਆ ਹੈ।
ਮੋਬਾਇਲ ਫੋਨ ਇੱਕ ਛੋਟੇ ਟੀਵੀ ਵਾਂਗ ਹੈ, ਜਿਸ ਉੱਤੇ ਪਲ ਪਲ ਦੀ ਤਾਜ਼ਾ ਜਾਣਕਾਰੀ ਮਿਲਦੀ ਰਹਿੰਦੀ ਹੈ। ਫਿਰ ਤੁਸੀਂ ਘਰ ਹੋਵੋ ਜਾਂ ਬਾਹਰ, ਦਫਤਰ ਹੋਵੋ ਜਾਂ ਵਾਹਨ ਉੱਤੇ ਜਾਂ ਫਿਰ ਕਿਧਰੇ ਸਫ਼ਰ ਕਰ ਰਹੇ ਹੋਵੋ, ਮੋਬਾਇਲ ਹੱਥ ਵਿੱਚ ਹੋਣ ਕਰਕੇ ਤੁਸੀਂ ਸੋਸ਼ਲ ਮੀਡੀਆ ਉੱਤੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਕਿਤੇ ਬੈਠੇ ਵੀ ਹਾਸਲ ਕਰ ਸਕਦੇ ਹੋ। ਪਰ ਅਖ਼ਬਾਰ ਵਿੱਚ ਉਹੀ ਜਾਣਕਾਰੀ ਅਗਲੇ ਦਿਨ ਮਿਲਦੀ ਹੈ। ਇਸੇ ਵਜਾਹ ਕਰਕੇ ਅਖਬਾਰਾਂ ਨੂੰ ਢਾਹ ਲੱਗੀ ਹੈ। ਲੋਕ ਹਰ ਵਕਤ ਸੋਸ਼ਲ ਮੀਡੀਆ ਨਾਲ ਜੁੜੇ ਰਹਿੰਦੇ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ਬਹੁਤ ਤੇਜ਼ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਸੋਸ਼ਲ ਮੀਡੀਆ ’ਤੇ ਮਿੰਟਾਂ ਸਕਿੰਟਾਂ ਵਿੱਚ ਸਾਂਝੀ ਕਰ ਸਕਦੇ ਹੋ। ਜਾਣਕਾਰੀ ਸਾਂਝੀ ਕਰਨ ਲਈ ਸੋਸ਼ਲ ਮੀਡੀਆ ਤੋਂ ਵਧੀਆ, ਸਸਤਾ ਅਤੇ ਤੇਜ਼ ਹੋਰ ਕੋਈ ਸਾਧਨ ਨਹੀਂ ਹੈ। ਪਰ ਜੇਕਰ ਸਹੀ ਤਰੀਕੇ ਨਾਲ ਵੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਆਮ ਤੌਰ ’ਤੇ ਅਧੂਰੀ ਹੁੰਦੀ ਹੈ, ਬਹੁਤੀ ਵਾਰ ਭਰੋਸੇਯੋਗ ਵੀ ਨਹੀਂ ਹੁੰਦੀ। ਪਰ ਇਸਦੇ ਬਾਵਜੂਦ ਲੋਕ ਸੋਸ਼ਲ ਮੀਡੀਆ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਸੋਸ਼ਲ ਮੀਡੀਆ ਪਾਪੂਲਰ ਹੋਣ ਨਾਲ ਯੂ ਟਿਊਬਰਾਂ ਨੂੰ ਫਾਇਦਾ ਹੋਇਆ ਤੇ ਲੋਕ ਸੋਸ਼ਲ ਮੀਡੀਆ ਉੱਤੇ ਆਪਣੀਆਂ ਰੀਲਾਂ ਅਤੇ ਹੋਰ ਸਮੱਗਰੀ ਪਾ ਕੇ ਉਹ ਚੋਖੀ ਕਮਾਈ ਵੀ ਕਰ ਰਹੇ ਹਨ।
ਸੋਸ਼ਲ ਮੀਡੀਆ ਨੇ ਅਖ਼ਬਾਰਾਂ ਨਾਲ ਜੁੜੇ ਲੋਕਾਂ ਦੇ ਰੁਜ਼ਗਾਰ ਉੱਤੇ ਵੀ ਸੱਟ ਮਾਰੀ ਹੈ। ਅਖਬਾਰਾਂ ਦੀ ਗਿਣਤੀ ਘਟਣ ਨਾਲ ਹਾਕਰਾਂ ਦੇ ਰੁਜ਼ਗਾਰ ਨੂੰ ਸੱਟ ਵੱਜੀ ਹੈ। ਇਸ ਵਕਤ ਸੋਸ਼ਲ ਮੀਡੀਆ ਮਨੁੱਖ ਉੱਤੇ ਬਹੁਤ ਜ਼ਿਆਦਾ ਭਾਰੂ ਹੋ ਚੁੱਕਾ ਹੈ। ਇੱਕ ਗੱਲ ਜ਼ਰੂਰ ਹੈ ਕਿ ਅਖਬਾਰਾਂ ਵਿੱਚ ਜੋ ਵੀ ਜਾਣਕਾਰੀ ਛਪਦੀ ਹੈ, ਉਹ ਬਹੁਤ ਹੱਦ ਤਕ ਸਹੀ ਅਤੇ ਵਿਸਥਾਰਪੂਰਵਕ ਹੁੰਦੀ ਹੈ ਜਦੋਂ ਕੇ ਸੋਸ਼ਲ ਮੀਡੀਆ ਉੱਤੇ ਜੋ ਵੀ ਦਿਸਦਾ ਹੈ, ਉਸ ਵਿੱਚ ਸਚਾਈ ਦੀ ਗਰੰਟੀ ਨਹੀਂ ਹੁੰਦੀ। ਇਸ ਲਈ ਸਾਨੂੰ ਇਸ ਫਰਕ ਨੂੰ ਸਮਝਣ ਦੀ ਲੋੜ ਹੈ। ਸੋਸ਼ਲ ਮੀਡੀਆ ਨੂੰ ਵੇਖੋ ਜ਼ਰੂਰ ਪਰ ਵਿਸ਼ਵਾਸ ਸੋਚ ਸਮਝ ਕੇ ਕਰੋ। ਇਸਦੀ ਭਰੋਸੇਯੋਗਤਾ ਉੱਤੇ ਭਰੋਸਾ ਕਰਨਾ ਮੁਸ਼ਕਿਲ ਹੈ।
ਸੋਸ਼ਲ ਮੀਡੀਏ ਸਦਕਾ ਅੱਜਕੱਲ੍ਹ ਪੁਆੜੇ ਵੀ ਬਹੁਤ ਪੈਂਦੇ ਹਨ, ਸੁਚੇਤ ਹੋ ਕੇ ਸੋਸ਼ਲ ਮੀਡੀਏ ਦੀ ਵਰਤੋਂ ਕਰੋ। ਦੂਜੇ ਪਾਸੇ ਅਖਬਾਰਾਂ ਦੀ ਭਰੋਸੇਯੋਗਤਾ ਉੱਤੇ ਯਕੀਨ ਕੀਤਾ ਜਾ ਸਕਦਾ ਹੈ। ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਕਿਸੇ ਵੀ ਜਾਣਕਾਰੀ ਦੀ ਜ਼ਿੰਮੇਵਾਰੀ ਤੈਅ ਹੁੰਦੀ ਹੈ। ਅਗਰ ਕੋਈ ਜਾਣਕਾਰੀ ਗਲਤ ਪ੍ਰਕਾਸ਼ਤ ਹੁੰਦੀ ਹੈ ਤਾਂ ਤੁਸੀਂ ਅਖ਼ਬਾਰ ਉੱਤੇ ਮਾਣਹਾਨੀ ਦਾ ਕੇਸ ਕਰ ਸਕਦੇ ਹੋ, ਜਿਸ ’ਤੇ ਅਖ਼ਬਾਰ ਨੂੰ ਹਰਜਾਨਾ ਦੇਣਾ ਪੈ ਸਕਦਾ ਹੈ।
ਸੋਸ਼ਲ ਮੀਡੀਆ ਨੇ ਸਾਡੇ ਸਮਾਜ ਵਿੱਚ ਲੱਚਰਤਾ ਨੂੰ ਫੈਲਾਉਣ ਵਿੱਚ ਵੱਡਾ ਰੋਲ ਅਦਾ ਕੀਤਾ ਹੈ, ਅਖਬਾਰਾਂ ਵਿੱਚ ਅਜਿਹੀ ਲੱਚਰਤਾ ਨਹੀਂ ਵੇਖੀ ਇਸ ਲਈ ਪਾਠਕਾਂ ਨੂੰ ਅਖ਼ਬਾਰ ਦੀ ਮਹੱਤਤਾ ਨੂੰ ਸਮਝਣ ਦੀ ਜ਼ਰੂਰਤ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5461)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)