“ਚੋਰੀਆਂ-ਚਕਾਰੀਆਂ ਨਾਲ ਕੀਤੀ ਕਮਾਈ ਤੁਹਾਡੀ ਸੋਚ ਨੂੰ ...”
(24 ਜਨਵਰੀ 2025)
ਪਹਿਲਾਂ ਇਹ ਵੀਡੀਓ ਦੇਖ ਲਵੋ:
ਕਮਾਈ ਦਾ ਮਤਲਬ ਹੈ, ਤੁਸੀਂ ਜੋ ਕੰਮ ਕਰਕੇ ਕਮਾਉਂਦੇ ਹੋ। ਕਮਾਈ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਉਹ ਜੋ ਤੁਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਕਮਾਉਂਦੇ ਤੇ ਦੂਜੀ ਉਹ ਜੋ ਤੁਸੀਂ ਪੁੱਠੇ ਸਿੱਧੇ ਜਾਂ ਨਜ਼ਾਇਜ ਢੰਗ ਨਾਲ ਕਮਾਉਂਦੇ ਹੋ। ਦੋਵਾਂ ਕਮਾਈਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਕ ਮਨ ਨੂੰ ਸਕੂਨ ਤੇ ਚੈਨ ਦਿੰਦੀ ਹੈ, ਜਦ ਕੇ ਦੂਜੀ ਬਿਮਾਰੀ ਲਾਉਂਦੀ ਹੈ, ਮੁਸੀਬਤਾਂ ਵਿੱਚ ਫਸਾਉਂਦੀ ਹੈ, ਬਦਨਾਮੀ ਪੱਲੇ ਪਾਉਂਦੀ ਹੈ। ਬੇਈਮਾਨੀ ਕਰਕੇ ਇਕੱਠਾ ਕੀਤਾ ਧਨ ਤੁਹਾਡੀ ਲਾਲਸਾ ਵਧਾਉਂਦਾ ਹੈ, ਫੋਕਾ ਠਾਠ-ਬਾਠ ਬਣਾਉਂਦਾ ਹੈ ਅਤੇ ਅਖੀਰ ਜ਼ਲਾਲਤ ਪੱਲੇ ਪਾਉਂਦਾ ਹੈ।
ਜਿਹੜੀ ਕਮਾਈ ਤੁਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਕਰਦੇ ਹੋ, ਉਹ ਬਿਲਕੁਲ ਸੋਨੇ ਤਰ੍ਹਾਂ ਖਰੀ ਹੁੰਦੀ ਹੈ। ਜੋ ਤੁਸੀਂ ਚੰਗੇ ਕੰਮ ਕਰਦੇ ਹੋ, ਕਿਸੇ ਦਾ ਭਲਾ ਕਰਦੇ ਹੋ, ਕੋਈ ਸਮਾਜ ਸੇਵਾ ਵਾਲਾ ਕੰਮ ਕਰਦੇ ਹੋ, ਇਸ ਨੂੰ ਤੁਹਾਨੂੰ ਭਾਈਚਾਰੇ ਵਿੱਚ ਇੱਜ਼ਤ ਮਿਲਦੀ ਹੈ, ਮਾਣ ਮਿਲਦਾ ਹੈ। ਇਹ ਇੱਜ਼ਤ, ਇਹ ਮਾਣ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ, ਮਰਦੇ ਦਮ ਤੱਕ।
ਚੋਰੀਆਂ-ਚਕਾਰੀਆਂ ਨਾਲ ਕੀਤੀ ਕਮਾਈ ਤੁਹਾਡੀ ਸੋਚ ਨੂੰ ਭ੍ਰਿਸ਼ਟ ਕਰ ਦਿੰਦੀ ਹੈ। ਭ੍ਰਿਸ਼ਟ ਸੋਚ ਵਾਲੇ ਲੋਕ ਸਮਾਜ ਵਿੱਚ ਭ੍ਰਿਸ਼ਟਾਚਾਰ ਵਧਾਉਂਦੇ ਹਨ। ਭ੍ਰਿਸ਼ਟਾਚਾਰ ਦੀ ਕਮਾਈ ਹੋਈ ਕਮਾਈ ਕਦੇ ਵੀ ਤੁਹਾਨੂੰ ਸੁੱਖ ਨਹੀਂ ਦੇ ਸਕਦੀ। ਇਹ ਗੰਦੀ ਕਮਾਈ ਤੁਹਾਡੀ ਹੱਕ ਸੱਚ ਦੀ ਕਮਾਈ ਨੂੰ ਵੀ ਨਾਲ ਲੈ ਡੁੱਬਦੀ ਹੈ। ਤੁਹਾਨੂੰ ਬਿਮਾਰੀਆਂ ਲਾ ਦਿੰਦੀ ਹੈ। ਇਸ ਕਮਾਈ ਨਾਲ ਤੁਸੀਂ ਬੇਲੋੜੇ ਖਰਚੇ ਵਧਾ ਲੈਂਦੇ ਹੋ, ਅਵੱਲੀਆਂ, ਪੁੱਠੀਆਂ ਸਿੱਧੀਆਂ ਆਦਤਾਂ ਲਾ ਬਹਿੰਦੇ ਹੋ। ਅੱਜਕੱਲ ਬਹੁਤੇ ਲੋਕ ਅਜਿਹੀ ਕਮਾਈ ਦੀ ਕਰਨ ਨੂੰ ਤਰਜੀਹ ਦਿੰਦੇ। ਉਹ ਸਮਝਦੇ ਹਨ, ਉਨ੍ਹਾਂ ਨਾਲੋਂ ਚਲਾਕ ਵਿਅਕਤੀ ਇਸ ਦੁਨੀਆਂ ਵਿੱਚ ਜੰਮਿਆ ਹੀ ਨਹੀਂ। ਲਾਲਚ ਬੰਦੇ ਦੀ ਮੱਤ ਮਾਰ ਦਿੰਦਾ ਹੈ, ਬੰਦਾ ਸਮਝਦਾ ਹੈ, ਮੈਂ ਬਹੁਤ ਚੁਸਤ-ਚਲਾਕ ਹੋ ਗਿਆ ਹਾਂ। ਸਿਆਣੇ ਅਜਿਹੀ ਕਮਾਈ ਨੂੰ ਪਾਪਾਂ ਦੀ ਕਮਾਈ ਆਖਿਆ ਕਰਦੇ ਸਨ। ਪਤਾ ਨਹੀਂ ਕਿਉਂ ਅੱਜਕੱਲ ਬਹੁਤੇ ਲੋਕ ਬੇਈਮਾਨੀ ਦੀ ਕਮਾਈ ਵਿੱਚ ਗਲਤਾਨ ਹੁੰਦੇ ਜਾ ਰਹੇ। ਅੱਜਕਲ ਹਰ ਸਰਕਾਰੀ ਦਫਤਰ ਵਿੱਚ ਚਾਂਦੀ ਦੀ ਜੁੱਤੀ ਮਾਰੇ ਬਿਨਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ। ਸਾਡੀ ਸੋਚ ਹੀ ਅਜਿਹੀ ਬਣ ਗਈ ਹੈ ਕਿ ਪੈਸੇ ਦਿਓ ਤੇ ਕੰਮ ਕਰਵਾ ਲਵੋ। ਇਹ ਬੇਈਮਾਨੀ ਦੀ ਕਮਾਈ ਬਹੁਤੇ ਬੰਦਿਆ ਦੇ ਹੱਡਾਂ ਵਿੱਚ ਰਚ ਚੁੱਕੀ ਹੈ। ਰਾਜਨੀਤੀ ਵਿੱਚ ਤਾਂ ਅਜਿਹੀ ਕਮਾਈ ਸਾਰੀਆਂ ਹੱਦਾਂ ਬੰਨੇ ਟੱਪ ਗਈ ਹੈ। ਲੱਖਾਂ ਵਿੱਚ ਨਹੀਂ ਸਗੋਂ ਅਰਬਾਂ ਖਰਬਾਂ ਵਿੱਚ ਇਹ ਬੇਈਮਾਨੀ ਦੀ ਕਮਾਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਖੱਟੀ-ਕਮਾਈ ਨੂੰ ਅੱਜਕਲ ‘ਕਾਲਾ ਧਨ’ ਜਾਂ ‘ਕਾਲੀ ਕਮਾਈ’ ਵੀ ਕਿਹਾ ਜਾਂਦਾ ਹੈ। ਅਜਿਹੀ ਕਮਾਈ ਨੇ ਬਹੁਤ ਸਾਰੇ ਨੇਤਾਵਾਂ, ਅਫਸਰਾਂ ਅਤੇ ਹੋਰ ਲੋਕਾਂ ਨੂੰ ਜੇਲ੍ਹਾਂ ਦੀ ਹਵਾ ਵੀ ਖਵਾਈ ਹੈ। ਪਰ ਬੰਦਾ ਅਜਿਹੀ ਕਮਾਈ ਕਰਨ ਤੋਂ ਬਾਜ਼ ਫਿਰ ਵੀ ਨਹੀਂ ਆਉਂਦਾ।
ਜੇਕਰ ਤੁਸੀਂ ਬੇਈਮਾਨੀ ਦੀ ਕਮਾਈ ਕਰੋਗੇ, ਇਹ ਤੁਹਾਡੇ ਉੱਤੇ ਅਤੇ ਤੁਹਾਡੀ ਔਲਾਦ ਉੱਤੇ ਜ਼ਰੂਰ ਆਪਣਾ ਅਸਰ ਪਾਵੇਗੀ। ਝੂਠ ਦੀ ਕਮਾਈ ਨਾਲ ਇਕੱਠਾ ਕੀਤਾ ਪੈਸਾ ਤੁਹਾਡੇ ਲਈ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ, ਜਦ ਕਿ ਹੱਕ ਸੱਚ ਦੀ ਕਮਾਈ ਨਾਲ ਜੋੜਿਆ ਪੈਸਾ ਤੁਹਾਨੂੰ ਦੁੱਖਾਂ ਤਕਲੀਫਾਂ ਤੋ ਦੂਰ ਰੱਖਦਾ ਹੈ। ਇਸ ਲਈ ਦੋਵਾਂ ਤਰ੍ਹਾਂ ਦੀ ਖੱਟੀ ਵਿੱਚ ਬਹੁਤ ਅੰਤਰ ਹੈ। ਇੱਜ਼ਤ ਨਾਲ ਕਮਾਈ ਕਰਨ ਵਾਲੇ ਬੰਦੇ ਨੂੰ ਦੁਨੀਆ ਹਮੇਸ਼ਾ ਯਾਦ ਰੱਖਦੀ ਹੈ, ਬੇਈਮਾਨੀ ਦੀ ਕਮਾਈ ਕਰਨ ਵਾਲੇ ਨੂੰ ਦੁਨੀਆ ਗਾਲਾਂ ਕੱਢੀਦੀ ਹੈ। ਸੋ ਇਨਸਾਨ ਨੂੰ ਚੰਗੇ ਕਰਮ ਭਾਵ ਹੱਕ ਸੱਚ ਦੀ ਕਮਾਈ ਹੀ ਕਰਨੀ ਚਾਹੀਦੀ ਹੈ।
ਗੁਰਬਾਣੀ ’ਚ ਆਉਂਦਾ ਹੈ, ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥’ ਭਾਵ ਪਰਾਇਆ ਹੱਕ ਖਾਣਾ ਮੁਸਲਮਾਨਾਂ ਲਈ ਸੂਰ ਖਾਣ ਦੇ ਬਰਾਬਰ ਹੈ ਤੇ ਹਿੰਦੂਆਂ ਲਈ ਗਾਂ ਖਾਣ ਦੇ ਬਰਾਬਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਦੀ ਕੂੜ ਦੀ ਕਮਾਈ ਦੀ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਮਨੁੱਖ ਇਸ ਨੂੰ ਸਮਝਦਾ ਹੀ ਨਹੀਂ। ਬਾਣੀ ’ਤੇ ਅਮਲ ਕੋਈ ਨਹੀਂ ਕਰਦਾ। ਹੱਕ ਸੱਚ ਦੀ ਕਮਾਈ ਵਿੱਚ ਬਹੁਤ ਬਰਕਤ ਹੁੰਦੀ ਹੈ, ਉਸ ਵਿੱਚ ਕਦੇ ਥੋੜ ਨਹੀਂ ਆਉਂਦੀ। ਸੋ ਉਹ ਕਮਾਈ ਕਰੋ, ਜਿਹੜੀ ਤੁਹਾਨੂੰ ਸਕੂਨ ਦੇਵੇ, ਤੁਹਾਡੀ ਇੱਜ਼ਤ ਵਧਾਵੇ, ਤੁਹਾਨੂੰ ਜ਼ਿੱਲਤ ਤੋਂ ਬਚਾਵੇ, ਤਾਉਮਰ ਤੁਹਾਨੂੰ ਕੋਈ ਪਛਤਾਵਾ ਨਾ ਹੋਵੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)