“ਤਿੰਨ ਚਾਰ ਦਿਨ ਦਵਾਈ ਖਾਣ ਮਗਰੋਂ ਵੀ ਜਦੋਂ ਉਂਗਲਾਂ ਠੀਕ ਨਾ ਹੋਈਆਂ ਤਾਂ ਮੈਂ ਦੁਬਾਰਾ ਡਾਕਟਰ ਕੋਲ ...”
(7 ਅਪਰੈਲ 2024)
ਇਸ ਸਮੇਂ ਪਾਠਕ: 295.
ਕੁਝ ਦਿਨ ਪਹਿਲਾਂ ਅਚਾਨਕ ਮੇਰੀਆਂ ਖੱਬੇ ਹੱਥ ਦੀਆਂ ਦੋ ਉਂਗਲਾਂ ਵਿੱਚ ਸੋਜ ਆ ਗਈ। ਮੈਂ ਸ਼ਹਿਰ ਦੇ ਪੁਰਾਣੇ ਅਤੇ ਨਾਮੀ ਡਾਕਟਰ ਕੋਲ ਚੈੱਕ ਕਰਵਾਉਣ ਚਲਾ ਗਿਆ। ਉਸ ਨੇ ਸਾਰੇ ਟੈੱਸਟ ਕੀਤੇ ਤੇ ਰਿਪੋਰਟ ਮੁਤਾਬਕ ਹਫਤੇ ਦੀ ਦਵਾਈ ਦੇ ਦਿੱਤੀ। ਉਸ ਵੱਲੋਂ ਕੀਤੇ ਟੈਸਟਾਂ, ਦਵਾਈ ਅਤੇ ਉਸ ਦੀ ਆਪਣੀ ਫੀਸ ਮਿਲਾ ਕੇ 1500 ਰੁਪਏ ਬਣ ਗਏ। ਮੈਂ ਦਵਾਈ ਲੈ ਕੇ ਘਰ ਆ ਗਿਆ। ਤਿੰਨ ਚਾਰ ਦਿਨ ਦਵਾਈ ਖਾਣ ਮਗਰੋਂ ਵੀ ਜਦੋਂ ਉਂਗਲਾਂ ਠੀਕ ਨਾ ਹੋਈਆਂ ਤਾਂ ਮੈਂ ਦੁਬਾਰਾ ਡਾਕਟਰ ਕੋਲ ਗਿਆ। ਡਾਕਟਰ ਸਾਹਿਬ ਨੂੰ ਫਿਰ ਉਗਲਾਂ ਵਿਖਾਈਆਂ ਤੇ ਕਿਹਾ, “ਡਾਕਟਰ ਸਾਹਿਬ! ਚਾਰ ਦਿਨ ਹੋ ਗਏ, ਪਰ ਕੋਈ ਫਰਕ ਨਹੀਂ ਪਿਆ।”
ਡਾਕਟਰ ਸਾਹਿਬ ਨੇ ਇੱਕ ਦਵਾਈ ਬਦਲ ਕੇ ਦੇ ਦਿੱਤੀ ਤੇ ਕਿਹਾ, “ਹੁਣ ਫਰਕ ਪੈ ਜਾਵੇਗਾ।”
ਪਰ ਹਫਤਾ ਬੀਤ ਜਾਣ ਮਗਰੋਂ ਵੀ ਕੋਈ ਫਰਕ ਨਾ ਪਿਆ, ਉਲਟਾ ਦੋ ਰਾਤਾਂ ਤਾਂ ਮੇਰੀਆਂ ਉਗਲਾਂ ਵਿੱਚ ਇੰਨੀ ਜ਼ਿਆਦਾ ਦਰਦ ਹੋਇਆ ਕਿ ਮੈਂ ਸੌਂ ਵੀ ਨਾ ਸਕਿਆ। ਫਿਰ ਮੈਂ ਸੋਚਿਆ ਕਿ ਕਿਉਂ ਨਾ ਕਿਸੇ ਹੋਰ ਡਾਕਟਰ ਨੂੰ ਦਿਖਾ ਕਿ ਉਸ ਦੀ ਰਾਏ ਲਈ ਜਾਵੇ। ਬਹੁਤ ਸਾਰੇ ਸੱਜਣਾਂ ਮਿੱਤਰਾਂ ਨੇ ਸ਼ਹਿਰ ਦੇ ਇੱਕ ਦੋਂਹ ਹੋਰ ਡਾਕਟਰਾਂ ਬਾਰੇ ਦੱਸਦੇ ਹੋਏ ਉਨਾਂ ਕੋਲ ਚੈੱਕ ਕਰਵਾਉਣ ਦੀ ਰਾਏ ਦਿੱਤੀ। ਕਿਸ ਡਾਕਟਰ ਨੂੰ ਵਿਖਾਇਆ ਜਾਵੇ, ਮੈਂ ਹਾਲੇ ਇਹ ਸੋਚ ਹੀ ਰਿਹਾ ਸਾਂ ਕਿ ਮੇਰੀ ਧਰਮ ਪਤਨੀ ਨੇ ਦੱਸਿਆ ਕਿ ਨਾਲ ਦੇ ਗੁਆਂਢ ਵਾਲੇ ਭੂਆ ਜੀ ਕਹਿੰਦੇ ਹਨ ਕਿ ਤੁਸੀਂ ਸਿਵਲ ਹਸਪਤਾਲ ਵਿੱਚ ਦਿਖਾ ਕਿ ਆਉ, ਉੱਥੇ ਬਹੁਤ ਵਧੀਆ ਡਾਕਟਰ ਹਨ। ਆਪਣੀ ਪਤਨੀ ਦੀ ਰਾਏ ਮੰਨ ਕੇ ਮੈਂ ਸ਼ਹਿਰ ਦੇ ਸਿਵਲ ਹਸਪਤਾਲ ਚਲਾ ਗਿਆ। ਉੱਥੇ ਭੀੜ ਵੇਖ ਕੇ ਮੈਂ ਘਬਰਾ ਗਿਆ ਤੇ ਅਗਲੇ ਦਿਨ ਸਵੇਰੇ ਸਾਝਰੇ ਆ ਕੇ ਰਜਿਸਟਰੇਸ਼ਨ ਕਰਵਾਉਣ ਦਾ ਫੈਸਲਾ ਕਰਕੇ ਘਰ ਨੂੰ ਚੱਲ ਪਿਆ। ਮੈਂ ਸੋਚਿਆ, ਸਵੇਰੇ 9 ਵਜੇ ਰਜਿਸਟਰੇਸ਼ਨ ਪਰਚੀ ਕੱਟਣੀ ਸ਼ੁਰੂ ਹੁੰਦੀ ਹੈ, ਇਸ ਵਾਸਤੇ ਸਾਝਰੇ ਆ ਕੇ ਪਰਚੀ ਬਣਵਾ ਲਵਾਂਗਾ, ਉਦੋਂ ਭੀੜ ਘੱਟ ਹੋਵੇਗੀ।
ਅਗਲੇ ਦਿਨ ਸਵੇਰੇ ਪੌਣੇ ਨੌਂ ਵਜੇ ਮੈਂ ਹਸਪਤਾਲ ਪਹੁੰਚ ਗਿਆ। ਪਰ ਉਸ ਦਿਨ ਵੀ ਮੇਰੇ ਜਾਣ ਤੋਂ ਪਹਿਲਾਂ ਹੀ ਪਰਚੀ ਵਾਲੀ ਖਿੜਕੀ ’ਤੇ ਪੁਰਸ਼ ਤੇ ਮਹਿਲਾ ਦੀਆਂ ਵੱਖੋ ਵੱਖਰੀਆਂ 50, 50 ਦੀ ਕਤਾਰਾਂ ਲੱਗੀਆਂ ਹੋਈਆਂ ਸਨ। ਮੈਂ ਫਿਰ ਫਿਕਰ ਵਿੱਚ ਪੈ ਗਿਆ। ਸਿਵਲ ਹਸਪਤਾਲ ਤੋਂ ਚੈੱਕਅਪ ਕਰਵਾਉਣ ਦਾ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਤਜਰਬਾ ਸੀ। ਜਾਣਕਾਰੀ ਵੀ ਘੱਟ ਸੀ। ਹੌਸਲਾ ਕਰਕੇ ਮੈਂ ਲਾਇਨ ਵਿੱਚ ਲੱਗ ਗਿਆ। ਇੰਨੇ ਨੂੰ ਮੈਨੂੰ ਲਾਇਨ ਵਿੱਚ ਖਲੋਤਾ ਵੇਖ ਮੇਰਾ ਇੱਕ ਪੁਰਾਣਾ ਦੋਸਤ, ਪਰਮਜੀਤ ਧੀਮਾਨ, ਜੋ ਪੇਸ਼ੇ ਵਜੋਂ ਰਿਪੋਰਟਰ ਹੈ, ਮੇਰੇ ਨਾਲ ਹੱਥ ਮਿਲਾਉਂਦਾ ਹੋਇਆ ਮਜ਼ਾਕੀਆ ਲਹਿਜ਼ੇ ਵਿੱਚ ਕਹਿਣ ਲੱਗਾ, “ਤੁਹਾਨੂੰ ਵੀ ਲਾਇਨ ਵਿੱਚ ਲੱਗਣਾ ਪੈ ਗਿਆ?”
ਮੈਂ ਹੱਸ ਕਿ ਕਿਹਾ, “ਕੋਈ ਨਹੀਂ, ਜੋ ਲਾਇਨ ਵਿੱਚ ਖੜ੍ਹੇ ਨੇ, ਇਹ ਵੀ ਆਪਣੇ ਵਰਗੇ ਹੀ ਨੇ ਸਾਰੇ।”
ਉਸ ਨੇ ਥੋੜ੍ਹਾ ਮੁਸਕਰਾਉਂਦਿਆਂ ਕਿਹਾ, “ਦੇਖੀਂ ਕਿਤੇ ਕੋਈ ਸੱਪ (ਸਟੋਰੀ) ਤਾਂ ਨਹੀਂ ਕੱਢਣਾ?”
ਮੈਂ ਕਿਹਾ, “ਨਹੀਂ, ਨਹੀਂ, ਅਜਿਹੀ ਕੋਈ ਗੱਲ ਨਹੀਂ।” ਇਸ ਪਿੱਛੋਂ ਅਸੀਂ ਇੱਕ ਦੂਜੇ ਦਾ ਹਾਲ ਚਾਲ ਜਾਣਿਆ ਤੇ ਨਾਲ ਹੀ ਪੱਤਰਕਾਰੀ ਖੇਤਰ ਬਾਰੇ ਗੱਲਾਂ ਕਰਨ ਲੱਗ ਪਏ। ਉਸ ਮਗਰੋਂ ਉਹ ਚਲਾ ਗਿਆ। ਉਸ ਦੇ ਜਾਣ ਪਿੱਛੋਂ ਮੈਂ ਵੇਖਿਆ ਕਿ ਕੁਝ ਸਿਫਾਰਸ਼ੀ ਲੋਕ ਰਜਿਸਟਰੇਸ਼ਨ ਵਾਲੀ ਖਿੜਕੀ ਦੇ ਅੱਗੇ ਹੋ ਕੇ ਅਤੇ ਕੁਝ ਅੰਦਰ ਕਮਰੇ ਵਿੱਚ ਵੜ ਕੇ ਪਰਚੀ ਕਟਵਾਈ ਜਾ ਰਹੇ ਸਨ, ਜਿਸ ਕਰਕੇ ਲਾਈਨਾਂ ਵਿੱਚ ਖਲੋਤੇ ਲੋਕ ਗੁੱਸੇ ਵਿੱਚ ਉੱਚੀ ਉੱਚੀ ਬੋਲ ਰਹੇ ਸਨ ਕਿ ਅਸੀਂ ਪਾਗਲ ਥੋੜ੍ਹਾ ਹਾਂ, ਜੋ ਸਵੇਰੇ 7 ਵਜੇ ਦੇ ਲਾਈਨਾਂ ਵਿੱਚ ਖੜ੍ਹੇ ਹਾਂ। ਇਨ੍ਹਾਂ ਵਿੱਚ ਜ਼ਿਆਦਾਤਰ ਮਰੀਜ਼ 50 ਸਾਲਾਂ ਤੋਂ ਉੱਪਰ ਦੇ ਸਨ। ਕਤਾਰਾਂ ਵਿੱਚ ਖੜ੍ਹੇ ਲੋਕ ਆਪਸ ਵਿੱਚ ਵੀ ਬਹਿਸ ਬਹਿਸਾਈ ਕਰੀ ਜਾ ਰਹੇ ਸਨ। ਆਪਣੀ ਵਾਰੀ ਦੀ ਉਡੀਕ ਵਿੱਚ ਖਲੋਤਾ ਮੈਂ ਸੋਚ ਰਿਹਾ ਸਾਂ ਕਿ ਲੋਕਾਂ ਵਿੱਚ ਸਬਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ।
ਤਕਰੀਬਨ ਡੇਢ ਘੰਟੇ ਪਿੱਛੋਂ ਮੇਰੀ ਵਾਰੀ ਆ ਗਈ। ਮੈਂ ਰਜਿਸਟਰੇਸ਼ਨ ਕਰਵਾਈ ਤੇ 10 ਰੁਪਏ ਦੇ ਕੇ ਹੱਡੀਆਂ ਵਾਲੇ ਡਾਕਟਰ ਨੂੰ ਵਿਖਾਉਣ ਲਈ ਪਰਚੀ ਕਟਵਾ ਲਈ। ਉਸ ਪਿੱਛੋਂ ਅਗਾਂਹ ਹੱਡੀਆਂ ਵਾਲੇ ਡਾਕਟਰ ਕੋਲ ਵੀ ਮਰੀਜ਼ਾਂ ਦੀ ਅੰਤਾਂ ਦੀ ਭੀੜ ਸੀ, ਕਿਉਂਕਿ ਤਿੰਨ ਡਾਕਟਰਾਂ ਦੀ ਜਗਾਹ ਕੇਵਲ ਇੱਕ ਡਾਕਟਰ ਸੰਤਮੀਤ ਸਿੰਘ ਹੀ ਡਿਉਟੀ ’ਤੇ ਸੀ। ਮੈਂ ਪਰਚੀ ਅੰਦਰ ਭੇਜ ਕਿ ਵਾਰੀ ਦੀ ਉਡੀਕ ਕਰਨ ਲੱਗਾ। ਉੱਥੇ ਵੀ ਸਿਫਾਰਸ਼ੀਆਂ ਦਾ ਬੋਲਬਾਲਾ ਦਿਸਿਆ।
ਘੰਟੇ ਕੁ ਮਗਰੋਂ ਡਾਕਟਰ ਸਾਹਿਬ ਸੀਟ ਤੋਂ ਉੱਠ ਕੇ ਸ਼ਾਇਦ ਐਮਰਜੰਸੀ ਚਲੇ ਗਏ। 15-20 ਮਿੱਟਾਂ ਪਿੱਛੋਂ ਡਾਕਟਰ ਸਾਹਿਬ ਵਾਪਸ ਆਏ ਤੇ ਮਰੀਜ਼ਾਂ ਨੂੰ ਮੁੜ ਵੇਖਣਾ ਸ਼ੁਰੂ ਕਰ ਦਿੱਤਾ। ਆਪਣੀ ਵਾਰੀ ਆਉਣ ’ਤੇ ਮੈਂ ਡਾਕਟਰ ਸਾਹਿਬ ਨੂੰ ਆਪਣੀਆਂ ਉਂਗਲਾਂ ਵਿਖਾਈਆਂ ਤੇ ਨਾਲ ਹੀ ਪਹਿਲੀਆਂ ਰਿਪੋਰਟਾਂ ਵੀ। ਹੱਥ ਦੇਖਦੇ ਦੇਖਦੇ ਡਾਕਟਰ ਸਾਹਿਬ ਪੁੱਛਣ ਲੱਗੇ ਕਿ ਤੁਸੀਂ ਕੰਮ ਕੀ ਕਰਦੇ ਹੋ? ਮੈਂ ਦੱਸਿਆ ਕਿ ਮੈਂ ਗੌਰਮਿੰਟ ਲੈਕਚਰਾਰ ਹਾਂ ਤੇ ਨਾਲ ਹੀ ਅਖਬਾਰਾਂ ਲਈ ਫਰੀ ਲਾਂਸਰ ਦੇ ਤੌਰ ’ਤੇ ਲਿਖਦਾ ਹਾਂ। ਡਾਕਟਰ ਸਾਹਿਬ ਨੇ ਬੜੀ ਤਸੱਲੀ ਨਾਲ ਚੈੱਕਅਪ ਕੀਤਾ, ਦਵਾਈ ਲਿਖੀ ਤੇ ਨਾਲ ਹੀ ਹਫਤੇ ਬਾਦ ਮੁੜ ਵਿਖਾਉਣ ਲਈ ਆਖਦੇ ਹੋਏ ਕਿਹਾ, “ਬਾਹਰੋਂ 43 ਨੰਬਰ ਖਿੜਕੀ ਤੋਂ ਜਾ ਕੇ ਦਵਾਈ ਲੈ ਲਵੋ।”
ਮੈਂ 43 ਨੰਬਰ ਖਿੜਕੀ ’ਤੇ ਗਿਆ। ਦੋ ਕੁ ਬੰਦੇ ਮੇਰੇ ਤੋਂ ਪਹਿਲਾਂ ਦਵਾਈ ਲੈਣ ਲਈ ਕਤਾਰ ਵਿੱਚ ਖੜ੍ਹੇ ਸਨ। ਹਸਪਤਾਲ ਵਿੱਚ ਦਵਾਈ ਮੁਫਤ ਸੀ। ਮੈਂ ਦਵਾਈ ਫੜੀ ਤੇ ਘਰ ਨੂੰ ਵਾਪਸ ਤੁਰ ਪਿਆ।
ਵਾਪਸ ਆਉਂਦੇ ਆਉਂਦੇ ਮੈਂ ਸੋਚ ਰਿਹਾ ਸਾਂ ਕਿ ਇੱਕ ਪਾਸੇ ਸਿਰਫ 10 ਰੁਪਏ ਵਿੱਚ ਚੈੱਕਅਪ ਤੇ ਨਾਲ ਹੀ ਹਫਤੇ ਦੀ ਦਵਾਈ ਜਦ ਕਿ ਦੂਜੇ ਪਾਸੇ 1500 ਰੁਪਏ।
ਦਵਾਈ ਖਾਣੀ ਸ਼ੁਰੂ ਕੀਤੀ ਤਾਂ ਦੋ ਕੁ ਦਿਨਾਂ ਪਿੱਛੋਂ ਮੇਰੀਆਂ ਉਗਲਾਂ ਠੀਕ ਹੋਣੀਆਂ ਸ਼ੁਰੂ ਹੋ ਗਈਆਂ। ਇੱਕ ਹਫਤੇ ਦੇ ਵਿੱਚ ਵਿੱਚ ਮੇਰੀਆਂ ਦੋਵੇਂ ਉਂਗਲਾਂ ਠੀਕ ਹੋ ਗਈਆਂ।
ਹੁਣ ਮੈਂ ਸੋਚਦਾ ਹਾਂ ਕਿ ਅਸੀਂ ਸਾਰੇ ਲੋਕ ਸਰਕਾਰੀ ਹਸਪਤਾਲ ਤੋਂ ਚੈੱਕਅਪ ਕਿਉਂ ਨਹੀਂ ਕਰਵਾਉਂਦੇ? ਕਿਉਂ ਪ੍ਰਾਇਵੇਟ ਹਸਪਤਾਲਾਂ ਨੂੰ ਭੱਜਦੇ ਹਾਂ? ਕਿਉਂ ਮੁਫਤ ਇਲਾਜ ਕਰਵਾਉਣ ਦੀ ਬਜਾਏ ਮਹਿੰਗਾ ਇਲਾਜ ਕਰਵਾਉਂਦੇ ਹਾਂ, ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਡਾਕਟਰ, ਮੁਫਤ ਟੈੱਸਟ ਤੇ ਦਵਾਈਆਂ ਦੀ ਸਹੂਲਤ ਉਪਲਬਧ ਹੈ। ਬੱਸ ਸਬਰ ਅਤੇ ਵਿਸ਼ਵਾਸ ਦੀ ਘਾਟ ਅਤੇ ਸਮਾਜ ਵਿੱਚ ਵਿਖਾਵਾ ਕਰਨ ਦੇ ਚੱਕਰ ਵਿੱਚ ਅਸੀਂ ਆਪਣੀ ਸਿਹਤ ਅਤੇ ਪੈਸੇ ਦਾ ਨੁਕਸਾਨ ਕਰਵਾ ਬੈਠਦੇ ਹਾਂ। ਮੇਰਾ ਤਜਰਬਾ ਤਾਂ ਇਹੋ ਕਹਿੰਦਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਤੋਂ ਆਰਥਿਕ ਲੁੱਟ ਕਰਵਾਉਣ ਦੀ ਜਗਾਹ ਸਰਕਾਰੀ ਹਸਪਤਾਲਾਂ ਤੋਂ ਇਲਾਜ ਕਰਵਾਉਣਾ ਹਜ਼ਾਰ ਦਰਜੇ ਵਧੀਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4871)
(ਸਰੋਕਾਰ ਨਾਲ ਸੰਪਰਕ ਲਈ: (