“ਇਨ੍ਹਾਂ ਬਾਬਿਆਂ ਮਗਰ ਲੱਗਣ ਦੀ ਬਜਾਏ, ਮਾਨਸਿਕ ਸ਼ਕਤੀ ਅਤੇ ਸੋਚ ਨੂੰ ਤਕੜਾ ਕਰਕੇ ਆਪਣੀਆਂ ਸਮੱਸਿਆਵਾਂ ਦਾ ...”
(13 ਮਾਰਚ 2024)
ਇਸ ਸਮੇਂ ਪਾਠਕ: 325.
ਅੱਜ ਦੇ ਵਿਗਿਆਨਕ ਅਤੇ ਕਮਰਸ਼ੀਅਲ ਯੁਗ ਵਿੱਚ ਲੋਕਾਂ ਅੰਦਰ ਅੰਧ ਵਿਸ਼ਵਾਸ ਇੰਨਾ ਪਸਰ ਚੁੱਕਾ ਹੈ ਕਿ ਦੇਸ਼ ਦੀ ਅੱਧ ਤੋਂ ਵਧੇਰੇ ਆਬਾਦੀ ਇਨ੍ਹਾਂ ਬਾਬਿਆਂ ਦੇ ਚੱਕਰਾਂ ਵਿੱਚ ਫਸ ਕੇ ਉਲਝੀ ਬੈਠੀ ਹੈ। ਇਹੀ ਵਜਾਹ ਹੈ ਕਿ ਇਨ੍ਹਾਂ ਬਾਬਿਆਂ ਦੀ ਗਿਣਤੀ ਹਰ ਸੂਬੇ ਅਤੇ ਸ਼ਹਿਰ ਅੰਦਰ ਅਮਰਵੇਲ ਵਾਂਗ ਵਧਦੀ ਜਾ ਰਹੀ ਹੈ। ਅੰਧ ਵਿਸ਼ਵਾਸ ਅਤੇ ਰਾਜਨੀਤਿਕ ਨੇਤਾਵਾਂ ਦੀ ਸਰਪ੍ਰਸਤੀ ਦੀ ਬਦੌਲਤ ਇਹ ਪਾਖੰਡੀ ਅਤੇ ਢੌਂਗੀ ਬਾਬੇ ਆਪਣਾ ਕਰੋੜਾਂ ਅਰਬਾਂ ਦਾ ਸਾਮਰਾਜ ਸਥਾਪਤ ਕਰੀ ਬੈਠੇ ਹਨ। ਦੁੱਖਾਂ ਕਲੇਸ਼ਾਂ ਵਿੱਚ ਘਿਰੀ ਜਨਤਾ ਇਨ੍ਹਾਂ ਬਾਬਿਆਂ ਦਾ ਸਹਾਰਾ ਲੈ ਕੇ ਆਪਣੇ ਜੀਵਨ ਨੂੰ ਸੁਖਦਾਇਕ ਤੇ ਅਨੰਦਮਈ ਬਣਾਉਣ ਦੀ ਲਾਲਸਾ ਵਿੱਚ ਜੋ ਕੁਝ ਪੱਲੇ ਹੁੰਦਾ ਹੈ, ਉਸ ਨੂੰ ਵੀ ਲੁਟਾ ਬੈਠਦੀ ਹੈ ਅਤੇ ਆਪਣਾ ਕੀਮਤੀ ਵਕਤ ਅਤੇ ਪੈਸਾ ਅਜਾਈਂ ਗਵਾ ਲੈਂਦੀ ਹੈ। ਇਹ ਪਾਖੰਡੀ ਸਾਧ ਲੋਕਾਂ ਦੀ ਕਮਜ਼ੋਰ ਮਾਨਸਿਕਤਾ ਦਾ ਲਾਭ ਉਠਾ ਕੇ ਆਪਣੇ ਡੇਰਿਆਂ ਨੂੰ ਪ੍ਰਫੁੱਲਿਤ ਕਰਨ ਵਿੱਚ ਤੇਜ਼ੀ ਨਾਲ ਪੁਲਾਂਘਾਂ ਪੁੱਟਣ ਲੱਗਦੇ ਹਨ। ਵੇਖਦੇ ਹੀ ਵੇਖਦੇ ਇਨ੍ਹਾਂ ਪਖੰਡੀ ਬਾਬਿਆਂ ਦਾ ਵਿਸ਼ਾਲ ਸਾਮਰਾਜ ਖੜ੍ਹਾ ਹੋ ਜਾਂਦਾ ਹੈ। ਭੋਲੀ ਭਾਲੀ ਜਨਤਾ ਦਾ ਭਾਵੇਂ ਕੁਝ ਸੌਰੇ ਜਾਂ ਨਾ, ਪਰ ਇਨ੍ਹਾਂ ਬਾਬਿਆਂ ਦੀ ਜ਼ਿੰਦਗੀ ਐਸ਼ਪ੍ਰਸਤੀ ਵਾਲੀ ਅਤੇ ਵੀਆਈਪੀ ਵਾਲੀ ਬਣ ਜਾਂਦੀ ਹੈ।
ਸ਼ਾਹੀ ਗੱਡੀਆਂ ਵਿੱਚ ਘੁੰਮਦੇ ਇਹ ਬਾਬੇ ਤੁਹਾਨੂੰ ਕਿਸੇ ਮੰਤਰੀ ਜਾਂ ਵੀਆਈਪੀ ਦਾ ਭੁਲੇਖਾ ਪਾਉਣਗੇ। ਵੋਟਾਂ ਦੇ ਚੱਕਰਾਂ ਵਿੱਚ ਮੰਤਰੀਆਂ ਸੰਤਰੀਆਂ ਵੱਲੋਂ ਇਨ੍ਹਾਂ ਪਾਖੰਡੀ ਸਾਧਾਂ ਦੇ ਡੇਰਿਆਂ ਉੱਤੇ ਆਉਣ ਕਾਰਨ ਬੇਸਮਝ ਅਤੇ ਭੋਲੇਭਾਲੇ ਲੋਕ ਮੱਲੋਮੱਲੀ ਇਹਨਾਂ ਦੇ ਜਾਲ਼ ਵਿੱਚ ਫਸ ਜਾਂਦੇ ਹਨ। ਡੇਢ ਅਰਬ ਦੀ ਆਬਾਦੀ ਨੂੰ ਢੁੱਕਣ ਵਾਲੇ ਸਾਡੇ ਭਾਰਤ ਦੇਸ਼ ਮਹਾਨ ਵਿੱਚ ਬਾਬਿਆਂ ਦੀ ਗਿਣਤੀ ਲੱਖਾਂ ਦੇ ਅੰਕਾਂ ਨੂੰ ਛੂਹੰਦੀ ਨਜ਼ਰ ਆਉਂਦੀ ਹੈ। ਇਨ੍ਹਾਂ ਪਾਖੰਡੀ ਬਾਬਿਆਂ ਦੇ ਵੱਡੇ ਵੱਡੇ ਕਾਰੋਬਾਰ ਅਤੇ ਅਰਬਾਂ ਖਰਬਾਂ ਦੀ ਜਾਇਦਾਦ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਦੇ ਸਹਾਰੇ ਹੀ ਬਣਦੀ ਹੈ।
ਸੌਦਾ ਸਾਧ ਤੇ ਬਾਪੂ ਆਸਾ ਰਾਮ ਵਰਗੇ ਅਨੇਕਾਂ ਬਾਬਿਆਂ ਵੱਲੋਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਸਹਾਰੇ ਖੜ੍ਹੇ ਕੀਤੇ ਗਏ ਵਿਸ਼ਾਲ ਸਾਮਰਾਜ ਭਲਾ ਕਿਸੇ ਤੋਂ ਲੁਕੇ ਛਿਪੇ ਹਨ? ਇਨ੍ਹਾਂ ਪਾਖੰਡੀ ਸਾਧਾਂ ਨੂੰ ਕੋਈ ਪੁੱਛੇ ਕਿ ਅਰਬਾਂ ਖਰਬਾਂ ਦੀ ਜਾਇਦਾਦ ਅਤੇ ਲਗਜ਼ਰੀ ਕਾਰਾਂ ਵਿੱਚ ਘੁੰਮਣ ਦੀ ਇਨ੍ਹਾਂ ਨੂੰ ਕੀ ਲੋੜ ਪਈ ਹੈ? ਪਰ ਅਫਸੋਸ! ਕਿ ਸਾਡੇ ਰਾਜਨੀਤਕ ਲੀਡਰ ਵੋਟ ਬੈਂਕ ਦੇ ਚੱਕਰ ਵਿੱਚ ਇਨ੍ਹਾਂ ਬਾਬਿਆਂ ਦੇ ਡੇਰਿਆਂ ’ਤੇ ਜਾ ਕੇ ਇਨ੍ਹਾਂ ਨੂੰ ਪ੍ਰਫੁੱਲਿਤ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ। ਭੇਡ ਚਾਲ ਦੀ ਤਰ੍ਹਾਂ ਲੋਕ ਇਨ੍ਹਾਂ ਬਾਬਿਆਂ ਮਗਰ ਲੱਗ ਇਨ੍ਹਾਂ ਪਾਖੰਡੀਆਂ ਨੂੰ ਆਪਣੇ ਦੁੱਖਾਂ ਦਾ ਨਿਪਟਾਰਾ ਕਰਨ ਵਾਲੇ ਸਮਝ ਬੈਠਦੇ ਹਨ।
ਇਹ ਬਾਬੇ ਲੋਕਾਂ ਦੀ ਹੱਕ ਹਲਾਲ ਅਤੇ ਮਿਹਨਤ ਦੀ ਕਮਾਈ ਲੁੱਟ ਕੇ ਮਹਿੰਗੀਆਂ ਗੱਡੀਆਂ ਤੇ ਸਰਕਾਰੀ ਗੰਨਮੈਨ ਲੈ ਕਿ ਸ਼ੋਸ਼ੇਬਾਜ਼ੀ ਕਰਨ ਦੇ ਨਾਲ ਨਾਲ ਆਲੀਸ਼ਾਨ ਬੰਗਲਿਆਂ ਵਿੱਚ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਨ੍ਹਾਂ ਪਾਖੰਡੀ ਬਾਬਿਆਂ ਦੀ ਸੁਰੱਖਿਆ ਲਈ ਲਾਏ ਸੁਰੱਖਿਆ ਗਾਰਡਾਂ (ਸਰਕਾਰੀ ਪੁਲਿਸ ਮੁਲਾਜ਼ਮਾਂ) ਦੀ ਤਨਖਾਹ ਦਾ ਲੱਖਾਂ ਰੁਪਏ ਦਾ ਬੋਝ ਸਿੱਧਾ ਸਰਕਾਰੀ ਖਜ਼ਾਨੇ ਉੱਤੇ ਪੈ ਰਿਹਾ ਹੈ। ਜੇ ਮੋਟਾ ਜਿਹਾ ਹਿਸਾਬ ਲਾਇਆ ਜਾਵੇ ਤਾਂ ਇੱਕ ਪੁਲਿਸ ਸੁਰੱਖਿਆ ਕਰਮਚਾਰੀ ਦੀ ਤਨਖਾਹ ਘੱਟੋ ਘੱਟ 60-70 ਹਜ਼ਾਰ ਰੁਪਏ ਮਹੀਨਾ ਹੈ। ਪੂਰੇ ਪੰਜਾਬ ਵਿੱਚ ਇਨ੍ਹਾਂ ਬਾਬਿਆਂ ਦੀ ਸੁਰੱਖਿਆ ਉੱਤੇ ਸੈਂਕੜੇ ਮੁਲਾਜ਼ਮ ਲੱਗੇ ਹੋਏ ਹਨ, ਜਿਸਦਾ ਸਿੱਧਾ ਮਤਲਬ ਹੈ ਕਿ ਇਨ੍ਹਾਂ ਬਾਬਿਆਂ ਦੀ ਸੁਰੱਖਿਆ ਉੱਤੇ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਵਿੱਚੋਂ ਖਰਚ ਕੀਤੇ ਜਾ ਰਹੇ ਹਨ। ਇਹ ਬੋਝ ਆਮ ਜਨਤਾ ਉੱਤੇ ਟੈਕਸਾਂ ਦੇ ਰੂਪ ਵਿੱਚ ਪੈ ਰਿਹਾ ਹੈ। ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਇਨਾਂ ਬਾਬਿਆਂ ਨੂੰ ਕਿਸ ਤੋਂ ਖਤਰਾ ਹੈ? ਇਨ੍ਹਾਂ ਦੀ ਸੁਰੱਖਿਆ ਲਈ ਕਿਉਂ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ? ਹਾਂ, ਜੇ ਇਨ੍ਹਾਂ ਦੀ ਜਾਨ ਨੂੰ ਇੰਨਾ ਹੀ ਖਤਰਾ ਜਾਪਦਾ ਹੈ ਤਾਂ ਸੁਰੱਖਿਆ ਕਰਮਚਾਰੀਆਂ ਦੀਆਂ ਤਨਖਾਹ ਦਾ ਸਾਰਾ ਖਰਚਾ ਇਨ੍ਹਾਂ ਬਾਬਿਆਂ ਦੇ ਖਜ਼ਾਨਿਆਂ ਵਿੱਚੋ ਲਿਆ ਜਾਣਾ ਚਾਹੀਦਾ ਹੈ। ਬਹੁਤੇ ਬਾਬੇ ਤਾਂ ਸਿਰਫ ਸੁਰੱਖਿਆ ਲੈਣ ਲਈ ਹੀ ਆਪਣੇ ਆਪ ਨੂੰ ਖਤਰਾ ਦੱਸ ਕੇ ਜਾਂ ਫਿਰ ਆਪਣੇ ਉੱਤੇ ਹਮਲੇ ਦਾ ਡਰਾਮਾ ਕਰਕੇ ਸੁਰੱਖਿਆ ਦੀ ਮੰਗ ਕਰ ਲੈਂਦੇ ਹਨ। ਫਿਰ ਆਪਣੇ ਇਨ੍ਹਾਂ ਸੁਰੱਖਿਆ ਗਾਰਡਾਂ ਦੀ ਆੜ ਵਿੱਚ ਇਹ ਬਾਬੇ ਸਰਕਾਰੇ ਦਰਬਾਰੇ ਰੋਹਬ ਝਾੜਦੇ ਹਨ ਅਤੇ ਅਫਸਰਾਂ ਤੋਂ ਜਾਇਜ਼, ਨਾਜਾਇਜ਼ ਕੰਮ ਕਰਵਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ।
ਇਨ੍ਹਾਂ ਬਾਬਿਆਂ ਨੇ ਬਹੁਤੇ ਥਾਈਂ ਸਰਕਾਰੀ ਅਤੇ ਗੈਰ ਸਰਕਾਰੀ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿੱਥੇ ਨਾਜਾਇਜ਼ ਉਸਾਰੀਆਂ ਕਰਕੇ ਆਪਣੀ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ। ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਮੇਰੇ ਆਂਢ ਗੁਆਂਢ ਵਿੱਚ ਅਜਿਹੇ ਕਈ ਸਥਾਨ ਹਨ, ਜਿੱਥੇ ਇਨ੍ਹਾਂ ਪਾਖੰਡੀ ਬਾਬਿਆਂ ਵੱਲੋਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕਰਕੇ ਆਪਣੀਆਂ ਦੁਕਾਨਦਾਰੀਆਂ ਖੋਲ੍ਹੀਆਂ ਹੋਈਆਂ ਹਨ।
ਧਰਮ ਦੇ ਨਾਂ ’ਤੇ ਦੁਕਾਨਾਂ ਚਲਾ ਰਹੇ ਇਹ ਢੌਂਗੀ ਬਾਬੇ ਆਪਣੇ ਆਪਣੇ ਡੇਰਿਆਂ ਨੂੰ ਵਧਦਾ ਫੁੱਲਦਾ ਕਰਨ ਲਈ ਜਿੱਥੇ ਸਿਆਸੀ ਲੋਕਾਂ ਦਾ ਸਹਾਰਾ ਲੈਂਦੇ ਹਨ, ਉੱਥੇ ਇਨ੍ਹਾਂ ਬਾਬਿਆਂ ਨੂੰ ਪ੍ਰਫੁਲਿਤ ਕਰਨ ਵਿੱਚ ਮੀਡੀਏ ਦਾ ਵੀ ਕੁਝ ਨਾ ਕੁਝ ਰੋਲ ਜ਼ਰੂਰ ਹੈ ਕਿਉਂਕਿ ਇਹ ਬਾਬੇ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਆਪਣੇ ਵਲ ਖਿੱਚਦੇ ਹਨ; ਅਖਬਾਰਾਂ, ਟੀਵੀ ਚੈਨਲਾਂ ’ਤੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਆਪ ਨੂੰ ਅਤੇ ਆਪਣੇ ਡੇਰੇ ਦਾ ਪਰਚਾਰ ਕਰਨ ਵਾਸਤੇ ਰੱਜ ਕੇ ਇਸ਼ਤਿਹਾਰ ਅਤੇ ਖਬਰਾਂ ਦਿੰਦੇ ਹਨ ਤਾਂ ਜੋ ਲੋਕਾਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ ਤੇ ਸਿਆਸੀ ਲੋਕਾਂ ਨੂੰ ਲੱਗੇ ਕਿ ਉਨ੍ਹਾਂ ਮਗਰ ਤਾਂ ਵੋਟ ਬੈਂਕ ਹੀ ਬਹੁਤ ਜ਼ਿਆਦਾ ਹੈ। ਬਹੁਤ ਸਾਰੇ ਬਾਬਿਆਂ ਵੱਲੋਂ ਤਾਂ ਆਪਣੇ ਖੁਦ ਦੇ ਟੀਵੀ ਚੈਨਲ ਚਲਾਏ ਹੋਏ ਹਨ, ਜਿਨ੍ਹਾਂ ਉੱਤੇ 24ਘੰਟੇ ਉਨ੍ਹਾਂ ਦਾ ਹੀ ਪਰਚਾਰ ਚਲਦਾ ਰਹਿੰਦਾ ਹੈ। ਧਰਮ ਦੇ ਇਹ ਠੇਕੇਦਾਰ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਮੇਰੇ ਘਰ ਤੋਂ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਇੰਨੇ ਸਕੂਲ ਨਹੀਂ ਜਿੰਨੀਆਂ ਇਹ ਬਾਬਿਆਂ ਵੱਲੋਂ ਦੁਕਾਨਦਾਰੀਆਂ ਚਲਾਈਆਂ ਜਾ ਰਹੀਆਂ ਹਨ।
ਜੇਕਰ ਇਨ੍ਹਾਂ ਪਾਖੰਡੀ ਸਾਧੂ ਸੰਤਾਂ ਵੱਲੋਂ ਢੇਰਿਆਂ ਦੀ ਥਾਂ ਵਿੱਦਿਅਕ ਸੰਸਥਾਵਾਂ ਸਥਾਪਤ ਕੀਤੀਆਂ ਜਾਂਦੀਆਂ ਜਾਂ ਖੋਲ੍ਹੀਆਂ ਜਾਂਦੀਆਂ ਤਾਂ ਸ਼ਾਇਦ ਸੂਬੇ ਦੀ ਨੌਜਵਾਨੀ ਨਸ਼ਿਆਂ ਵਿੱਚ ਗਲਤਾਨ ਨਾ ਹੁੰਦੀ। ਰਾਜਸੀ ਨੇਤਾਵਾਂ ਦੇ ਨਾਲ ਨਾਲ ਧਰਮ ਦੇ ਇਨ੍ਹਾਂ ਠੇਕੇਦਾਰਾਂ ਵੱਲੋਂ ਵੀ ਡੇਰਿਆਂ ਦੀ ਆੜ ਵਿੱਚ ਨਸ਼ਾ ਸਮਗਲਿੰਗ ਅਤੇ ਜਿਸਮ ਫਿਰੋਸ਼ੀ ਦੀਆਂ ਕਨਸੋਆਂ ਆਮ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ, ਜੋ ਸਾਡੇ ਸਮਾਜ ਨੂੰ ਗੰਧਲਾ ਤਾਂ ਕਰਦੀਆਂ ਹੀ ਹਨ, ਨਾਲ ਹੀ ਕਲੰਕਤ ਵੀ ਕਰਦੀਆਂ ਹਨ। ਡੇਰਾਵਾਦ ਕਰਕੇ ਕਈ ਵਾਰ ਅਜਿਹੀਆਂ ਫਿਰਕੂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਨਾਲ ਵੱਡੇ ਪੱਧਰ ’ਤੇ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਸੋਚਣ ਦੀ ਲੋੜ ਹੈ ਕਿ ਡੇਰਾਵਾਦ ਅਤੇ ਇਨ੍ਹਾਂ ਡੇਰਿਆਂ ਦੇ ਪੁਜਾਰੀਆਂ ਨੂੰ ਲਗਾਮ ਕਿੱਦਾਂ ਪਾਈ ਜਾਵੇ? ਸਾਡੇ ਸਿਆਸੀ ਆਗੂਆਂ ਵੱਲੋਂ ਇਨ੍ਹਾਂ ਬਾਬਿਆਂ ਦੇ ਡੇਰਿਆ ’ਤੇ ਜਾ ਕੇ ਸਿਰ ਝੁਕਾਉਣ ’ਤੇ ਡੇਰਿਆਂ ਉੱਤੇ ਵੱਡੀ ਭੀੜ ਜੁੜਨ ਨਾਲ ਇਨ੍ਹਾਂ ਬਾਬਿਆਂ ਅੰਦਰ ਅੱਜਕਲ ਇੱਕ ਹੋਰ ਗਲਤ ਫਹਿਮੀ ਪੈਦਾ ਹੋ ਗਈ ਹੈ ਕਿ ਉਹ ਅਸਿੱਧੇ ਰੂਪ ਵਿੱਚ ਰਾਜਨੀਤੀ ਵਿੱਚ ਦਖਲ ਅੰਦਾਜ਼ੀ ਕਰਕੇ ਸਿਆਸਤ ਵੀ ਪ੍ਰਭਾਵਤ ਕਰ ਸਕਦੇ ਹਨ।
ਰਾਜਨੀਤਿਕ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਬਾਬੇ ਸਿੱਧੇ ਰੂਪ ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕਰਕੇ ਚੋਣ ਲੜਿਆ ਕਰਨਗੇ। ਇਹ ਗੱਲ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਇਨ੍ਹਾਂ ਬਾਬਿਆਂ ਵਿੱਚੋਂ ਬਹੁਤ ਸਾਰੇ ਬਾਬੇ ਵੱਖ ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ। ਕਈ ਤਾਂ ਮਾਨਯੋਗ ਅਦਾਲਤਾਂ ਵੱਲੋਂ ਅਪਰਾਧ ਸਾਬਤ ਹੋਣ ਮਗਰੋਂ ਸਲਾਖਾਂ ਪਿੱਛੇ ਸਜ਼ਾ ਵੀ ਭੁਗਤ ਰਹੇ ਹਨ। ਇੱਕ ਹੋਰ ਵੱਡੀ ਗੱਲ ਇਹ ਵੀ ਵੇਖਣ ਨੂੰ ਮਿਲ ਰਹੀ ਹੈ ਕਿ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਇਨ੍ਹਾਂ ਬਾਬਿਆਂ ਮਗਰ ਲੱਗੇ ਹੋਏ ਹਨ, ਜੋ ਨਿਰੋਏ ਸਮਾਜ ਵਾਸਤੇ ਸ਼ੁਭ ਸੰਕੇਤ ਨਹੀਂ। ਫਿਰ ਜ਼ਿਆਦਾਤਰ ਬਾਬਿਆਂ ਦੀਆਂ ਕਾਲੀਆਂ ਕਰਤੂਤਾਂ ਅਤੇ ਉਨ੍ਹਾਂ ਦਾ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੋਣਾ ਬਾਬਾਵਾਦ ਸਮਾਜ ’ਤੇ ਸਵਾਲੀਆ ਚਿੰਨ੍ਹ ਲਾਉਂਦਾ ਹੈ?ਰੋਜ਼ਾਨਾ ਸਪੋਕਸਮੈਨ ਵੱਲੋਂ ਅਜਿਹੇ ਢੌਂਗੀ ਬਾਬਿਆਂ ਦੇ ਚਿਹਰਿਆਂ ਤੋਂ ਨਕਾਬ ਲਾਹੁਣ ਲਈ ਅਨੇਕਾਂ ਵਾਰ ਕੋਸ਼ਿਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਚੰਗਾ ਬੂਰ ਵੀ ਪਿਆ ਹੈ ਪਰ ਦੂਜੇ ਪਾਸੇ ਇਹ ਵੀ ਜ਼ਰੂਰੀ ਹੈ ਕਿ ਲੋਕਾਂ ਨੂੰ ਆਪਣੀ ਮਾਨਸਿਕ ਸੋਚ ਨੂੰ ਬਦਲਣਾ ਪਵੇਗਾ। ਇਨ੍ਹਾਂ ਬਾਬਿਆਂ ਦੇ ਮਗਰ ਲੱਗ ਕਿ ਪੈਸਾ ਅਤੇ ਸਮਾਂ ਖਰਾਬ ਕਰਨ ਦੀ ਬਜਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਬਾਰੇ ਵਿਚਾਰ ਕਿ ਪਰਮਾਤਮਾ ਇੱਕ ਹੈ, ਸਰਬ ਸ਼ਕਤੀਮਾਨ ਹੈ, ਸਰਬ ਵਿਆਪਕ ਹੈ, ਵਿੱਚ ਦ੍ਰਿੜ੍ਹ ਵਿਸ਼ਵਾਸ ਕਰਨਾ ਪਵੇਗਾ ਹੈ, ਨਹੀਂ ਤਾਂ ਡੇਰਾਵਾਦ ਵਧਦਾ ਫੁੱਲਦਾ ਰਹੇਗਾ ਤੇ ਇਹ ਬਾਬੇ ਇਸੇ ਤਰ੍ਹਾਂ ਲੋਕਾਂ ਨੂੰ ਲੁੱਟਦੇ ਰਹਿਣਗੇ।
ਸੋ ਲੋੜ ਹੈ ਇਨ੍ਹਾਂ ਬਾਬਿਆਂ ਮਗਰ ਲੱਗਣ ਦੀ ਬਜਾਏ, ਮਾਨਸਿਕ ਸ਼ਕਤੀ ਅਤੇ ਸੋਚ ਨੂੰ ਤਕੜਾ ਕਰਕੇ ਆਪਣੀਆਂ ਸਮੱਸਿਆਵਾਂ ਦਾ ਖ਼ੁਦ ਨਿਪਟਾਰਾ ਕਰਨ ਦੀ, ਤਾਂ ਜੋ ਇਨ੍ਹਾਂ ਢੌਂਗੀ ਬਾਬਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਤੋਂ ਬਚਿਆ ਜਾ ਸਕੇ। ਇਸ ਤੋਂ ਬਿਨਾਂ ਸਾਡੇ ਰਾਜਨੀਤਕ ਆਗੂਆਂ ਨੂੰ ਵੀ ਇਨ੍ਹਾਂ ਢੌਂਗੀ ਅਤੇ ਪਖੰਡੀ ਬਾਬਿਆਂ ਮਗਰ ਲੱਗਣ ਦੀ ਥਾਂ ਲੋਕ ਸੇਵਾ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਤਾਂ ਜੋ ਨਿਰੋਏ ਸਮਾਜ ਦੀ ਸਿਰਜਣਾ ਹੋ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4803)
(ਸਰੋਕਾਰ ਨਾਲ ਸੰਪਰਕ ਲਈ: (