“ਮੇਰਾ ਬੀ ਐੱਡ ਵਿੱਚ ਦਾਖਲਾ ਹੋ ਗਿਆ। ਕਲਾਸਾਂ ਸ਼ੁਰੂ ਹੋ ਗਈਆਂ। ਪਰ ਨਾਲ ਹੀ ਉੱਧਰ ਮੇਰੇ ਐੱਮਏ ਇਤਿਹਾਸ ਦੇ ...”
(20 ਸਤੰਬਰ 2024)
ਗੱਲ 1990-91 ਦੀ ਹੈ। ਉਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐੱਮਏ (ਇਤਿਹਾਸ) ਕਰ ਰਿਹਾ ਸਾਂ ਤੇ ਹੋਸਟਲ ਰਹਿੰਦਾ ਸਾਂ। ਪੰਜਾਬ ਵਿੱਚ ਖਾੜਕੂਵਾਦ ਪੂਰੇ ਜੋਬਨ ’ਤੇ ਸੀ। ਸੂਬੇ ਦੇ ਹਾਲਾਤ ਸੁਖਾਵੇਂ ਨਹੀਂ ਸਨ। ਯੂਨੀਵਰਸਿਟੀ ਵਿੱਚ ਅਕਸਰ ਦੂਜੇ ਤੀਜੇ ਦਿਨ ਹੜਤਾਲ ਰਹਿੰਦੀ ਸੀ। ਪੜ੍ਹਾਈ ਦਾ ਮਾਹੌਲ ਨਹੀਂ ਬਣਦਾ ਸੀ, ਜਿਸ ਵਜਾਹ ਕਰਕੇ ਯੂਨੀਵਰਸਿਟੀ ਨੂੰ ਸਲਾਨਾ ਪ੍ਰੀਖਿਆਵਾਂ ਕੁਝ ਅੱਗੇ ਪਾਉਣੀਆਂ ਪਈਆਂ। ਇਮਤਿਹਾਨ ਲੇਟ ਹੋ ਗਏ। ਮਾਪੇ ਖੇਤੀਬਾੜੀ ਕਰਦੇ ਸਨ, ਮੈਂ ਖੇਤੀ ਦੇ ਕੰਮ ਤੋਂ ਬਚਣਾ ਚਾਹੁੰਦਾ ਸੀ, ਇਸ ਲਈ ਮੈਂ ਇਹ ਸੋਚਦਾ ਰਹਿੰਦਾ ਕੇ ਐੱਮਏ ਦੇ ਇਮਤਿਹਾਨ ਦੇਣ ਮਗਰੋਂ ਕਿਹੜੀ ਪੜ੍ਹਾਈ ਸ਼ੁਰੂ ਕੀਤੀ ਜਾਵੇ? ਕਿਸ ਕੋਰਸ ਵਿੱਚ ਦਾਖਲਾ ਲਵਾਂ ਤਾਂ ਜੋ ਪਿੰਡ ਨਾ ਪਰਤਣਾ ਪਵੇ। ਦੂਜੀ ਗੱਲ, ਮੈਂ ਸੋਚਣ ਲੱਗਾ ਕਿ ਕੋਈ ਅਜਿਹੀ ਪੜ੍ਹਾਈ ਆਰੰਭੀ ਜਾਵੇ, ਜਿਸ ਨੂੰ ਪੂਰੀ ਕਰਨ ਪਿੱਛੋਂ ਮਾੜੀ ਮੋਟੀ ਨੌਕਰੀ ਦਾ ਜੁਗਾੜ ਬਣ ਜਾਵੇ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਸ. ਦਲਬੀਰ ਸਿੰਘ ਢਿੱਲੋਂ ਉਸ ਵਕਤ ਯੂਨੀਵਰਸਿਟੀ ਵਿੱਚ ਮੇਰੇ ਇਤਿਹਾਸ ਵਿਭਾਗ ਦੇ ਹੈੱਡ ਆਫ ਡਿਪਾਰਟਮੈਂਟ ਸਨ। ਉਨ੍ਹਾਂ ਨਾਲ ਮੇਰੀ ਚੋਖੀ ਨੇੜਤਾ ਸੀ। ਉਹਨਾਂ ਦੇ ਛੋਟੇ ਭਰਾ ਕੁਲਬੀਰ ਸਿੰਘ ਤੇ ਮਿਸਿਜ਼ ਢਿੱਲੋਂ ਵੀ ਮੇਰੇ ਵਿਭਾਗ ਵਿੱਚ ਹੀ ਪੜ੍ਹਾਉਂਦੇ ਸਨ। ਉਨਾਂ ਨਾਲ ਵੀ ਮੇਰਾ ਚੰਗਾ ਸਹਿਚਾਰ ਬਣ ਗਿਆ ਸੀ, ਜਿਸ ਕਰਕੇ ਸਭ ਨਾਲ ਜਾਣਪਛਾਣ ਹੋਣ ਕਰਕੇ ਮੈਂ ਉਹਨਾਂ ਦੇ ਘਰ ਵੀ ਜਾ ਆਉਂਦਾ ਸਾਂ।
ਅੱਗੋਂ ਕੀ ਕੀਤਾ ਜਾਵੇ, ਮੈਂ ਉਹਨਾਂ ਤੋਂ ਸਲਾਹ ਲਈ। ਉਹਨਾਂ ਕਿਹਾ ਕਿ ਅਜੀਤ, ਤੂੰ ਐੱਮਫਿਲ ਕਰਨ ਦੀ ਬਜਾਏ ਪਹਿਲੋਂ ਬੀ ਐੱਡ ਕਰ। ਮੈਂ ਉਹਨਾਂ ਦੀ ਸਲਾਹ ਮੰਨ ਸਟੇਟ ਕਾਲਜ ਪਟਿਆਲਾ ਵਿਖੇ ਬੀ ਐੱਡ ਵਿੱਚ ਐਡਮਿਸ਼ਨ ਕਰਵਾ ਲਈ ਤਾਂ ਜੋ ਪ੍ਰੋਫੈਸ਼ਨਲ ਕੋਰਸ ਕਰਕੇ ਮਾਸਟਰ ਦੀ ਨੌਕਰੀ ਦਾ ਹੀਲਾ-ਵਸੀਲਾ ਬਣ ਜਾਵੇ। ਮੇਰੀ ਬੀ ਐੱਡ ਦੀ ਫੀਸ ਵੀ ਮੇਰੇ ਯਾਰ ਦੋਸਤ ਹੀ ਭਰ ਆਏ। ਸਟੇਟ ਕਾਲਜ ਸਰਕਾਰੀ ਹੋਣ ਕਰਕੇ ਫੀਸ ਵੀ ਕਿੰਨੀ ਕੁ ਹੁੰਦੀ ਸੀ? ਮਸਾਂ ਤਿੰਨ, ਸਾਢੇ ਤਿੰਨ ਸੌ ਛਮਾਹੀ ਦੀ। ਪੰਜ ਕਿਤਾਬਾਂ ਕਾਲਜ ਦੇ ਬੁੱਕ ਬੈਂਕ ਵਿੱਚੋ ਸਾਰਾ ਸਾਲ ਪੜ੍ਹਨ ਵਾਸਤੇ ਮੁਫ਼ਤ ਮਿਲਦੀਆਂ ਸਨ। ਇੱਕ ਕਿਤਾਬ ਵਿਦਿਆਰਥੀ ਖੁਦ ਖਰੀਦਦੇ ਸਨ, ਜੋ ਸਲਾਨਾ ਇਮਤਿਹਾਨ ਪਿੱਛੋਂ ਬੁੱਕ ਬੈਂਕ ਵਿੱਚ ਜਮ੍ਹਾਂ ਕਰਵਾ ਜਾਂਦੇ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਵੀ ਫਾਇਦਾ ਹੁੰਦਾ ਤੇ ਕਾਲਜ ਦੇ ਬੁੱਕ ਬੈਂਕ ਵਿੱਚ ਕਿਤਾਬਾਂ ਦੀ ਗਿਣਤੀ ਵੀ ਵਧਦੀ ਰਹਿੰਦੀ। ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਅੱਜ ਵਾਂਗ ਥਾਂ ਥਾਂ ਬੀ ਐੱਡ ਕਾਲਜ ਨਹੀਂ ਸਨ। ਸਗੋਂ ਪੂਰੇ ਪੰਜਾਬ ਵਿੱਚ ਕੇਵਲ ਦੋ ਹੀ ਸਰਕਾਰੀ ਕਾਲਜ ਹੁੰਦੇ ਸਨ। ਇੱਕ ਸਟੇਟ ਕਾਲਜ ਪਟਿਆਲਾ ਤੇ ਦੂਜਾ ਫਰੀਦਕੋਟ, ਤੀਜਾ ਕੋਈ ਬੀ ਐੱਡ ਕਾਲਜ ਨਹੀਂ ਸੀ ਹੁੰਦਾ। ਐਡਮਿਸ਼ਨ ਮੈਰਿਟ ਦੇ ਆਧਾਰ ’ਤੇ ਬੜੀ ਮੁਸ਼ਕਿਲ ਨਾਲ ਹੁੰਦੀ ਸੀ। ਇਹ ਵੀ ਲਗਭਗ ਤੈਅ ਹੁੰਦਾ ਕੇ ਜਿਸਦੀ ਇਨ੍ਹਾਂ ਦੋਵਾਂ ਕਾਲਜਾਂ ਵਿੱਚ ਐਡਮਿਸ਼ਨ ਹੋ ਗਈ, ਪੋਸਟਾਂ ਨਿਕਲਣ ’ਤੇ ਉਸ ਨੂੰ ਨੌਕਰੀ ਵੀ ਮਿਲ ਜਾਂਦੀ।
ਮੇਰਾ ਬੀ ਐੱਡ ਵਿੱਚ ਦਾਖਲਾ ਹੋ ਗਿਆ। ਕਲਾਸਾਂ ਸ਼ੁਰੂ ਹੋ ਗਈਆਂ। ਪਰ ਨਾਲ ਹੀ ਉੱਧਰ ਮੇਰੇ ਐੱਮਏ ਇਤਿਹਾਸ ਦੇ ਫਾਈਨਲ ਪੇਪਰ ਵੀ ਸ਼ੁਰੂ ਹੋਣ ਜਾ ਰਹੇ ਸਨ, ਜਿਸ ਕਰਕੇ ਮੇਰੇ ਲਈ ਬੀ ਐੱਡ ਦੀ ਹਰ ਰੋਜ਼ ਕਲਾਸ ਲਾਉਣੀ ਮੁਸ਼ਕਿਲ ਸੀ। ਲੈਕਚਰ ਘਟ ਨਾ ਜਾਣ, ਇਸ ਡਰੋਂ ਮੈਂ ਆਪਣੇ ਇੱਕ ਦੋਸਤਮੇਜਰ ਸਿੰਘ ਸੰਧੂ (ਜੋ ਅੱਜ ਕੱਲ੍ਹ ਇੰਗਲੈਂਡ ਵਿੱਚ ਸੈਟਲ ਹੈ ਤੇ ਆਪਣਾ ਯੂ ਟਿਊਬ ਚੈਨਲ ਚਲਾ ਰਿਹਾ ਹੈ। ਜਿਹੜਾ ਉਸ ਵਕਤ ਉਹ ਯੂਨੀਵਰਸਿਟੀ ਵਿੱਚ ਫੋਰੈਂਸਿਕ ਸਾਇੰਸ ਦੀ ਐੱਮਐੱਸਸੀ ਕਰਦਾ ਸੀ) ਨੂੰ ਆਪਣੀ ਜਗ੍ਹਾ ਬੀ ਐੱਡ ਦੀ ਕਲਾਸ ਲਾਉਣ ਵਾਸਤੇ ਭੇਜਣ ਲੱਗਾ। ਉਹ ਕੁੜੀਆਂ ਨਾਲ ਗੱਲਾਂ ਕਰਨ ਦਾ ਸ਼ੋਕੀਨ ਸੀ। ਮੇਰੀ ਬੀ ਐੱਡ ਦੀ ਕਲਾਸ ਵਿੱਚ 20-25 ਕੁੜੀਆਂ ਸਨ ਜਦੋਂ ਕਿ ਮੁੰਡਿਆਂ ਦੀ ਗਿਣਤੀ ਮਹਿਜ਼ 10 ਕੁ ਹੀ ਸੀ। ਅੰਨ੍ਹਾ ਕੀ ਭਲੇ ਦੋ ਅੱਖਾਂ! ਉਹ ਮੇਰੀ ਜਗ੍ਹਾ ਕਲਾਸ ਲਾਉਣ ਚਲਾ ਜਾਂਦਾ।
ਜਿਸ ਦਿਨ ਮੇਰਾ ਪੇਪਰ ਨਾ ਹੁੰਦਾ ਤਾਂ ਮੈਂ ਕਲਾਸ ਲਾ ਆਉਂਦਾ। ਸਾਡਾ ਇਹ ਸਿਲਸਲਾ ਲਗਾਤਾਰ ਕਈ ਦਿਨ ਚਲਦਾ ਰਿਹਾ। ਕਦੇ ਕਲਾਸ ਲਾਉਣ ਉਹ ਜਾ ਆਉਂਦਾ ਤੇ ਕਦੇ ਮੈਂ ਜਾ ਆਉਂਦਾ। ਕਿਉਂਕਿ ਨਵੀਂਆਂ ਕਲਾਸਾਂ ਸ਼ੁਰੂ ਹੋਣ ਕਰਕੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਹਾਲੇ ਬਾਹਲੀ ਪਛਾਣ ਨਹੀਂ ਸੀ, ਇਸ ਕਰਕੇ ਮੇਜਰ ਵਾਸਤੇ ਮੇਰੀ ਜਗ੍ਹਾ ਹਾਜ਼ਰੀ (ਪ੍ਰੌਕਸੀ) ਲਾਉਣੀ ਮੁਸ਼ਕਿਲ ਨਹੀਂ ਸੀ। ਪਰ ਇੱਕ ਦਿਨ ਜਦੋਂ ਮੈਂ ਕਲਾਸ ਲਾਉਣ ਬੈਠਾ ਤਾਂ ਕਲਾਸ ਇੰਚਾਰਜ ਨੇ ਸਟੂਡੈਂਟ ਦੀ ਹਾਜ਼ਰੀ ਲਾਉਣੀ ਸ਼ੁਰੂ ਕੀਤੀ। ਮੇਰੀ ਵਾਰੀ ਆਉਣ ’ਤੇ ਇੰਚਾਰਜ ਅਧਿਆਪਕਾ ਨੇ ਮੇਰਾ ਰੋਲ ਨੰਬਰ ਬੋਲਦੇ ਹੋਏ ਆਖਿਆ, “ਰੋਲ ਨੰਬਰ ਟੂ ਫੋਰਟੀ ਫਾਈਵ 245”
ਮੈਂ ਕਿਹਾ, “ਯੈੱਸ ਮੈਡਮ।”
ਉਹਨਾਂ ਕਿਹਾ, “ਸਟੈਂਡ ਅੱਪ ਪਲੀਜ਼।”
ਮੈਂ ਆਪਣੀ ਕੁਰਸੀ ਤੋਂ ਖੜ੍ਹੇ ਹੁੰਦੇ ਫਿਰ ਕਿਹਾ, “ਯੈੱਸ ਮੈਡਮ!”
ਮੈਡਮ ਨੇ ਪਹਿਲਾਂ ਮੇਰੀ ਸ਼ਕਲ ਵੱਲ ਗਹੁ ਨਾਲ ਵੇਖਿਆ ਤੇ ਫਿਰ ਘੂਰ ਕੇ ਕਹਿਣ ਲੱਗੇ, “ਯੇ ਕਿਆ ਬਾਤ ਹੈ, ਕਭੀ ਕੋਈ ਆ ਜਾਤਾ ਹੈ, ਕਭੀ ਕੋਈ ਆ ਜ਼ਾਤਾ ਹੈ ਕਲਾਸ ਲਗਾਨੇ।”
ਮੈਂ ਅਣਜਾਣ ਤੇ ਸਾਊ ਜਿਹਾ ਬਣਕੇ ਅਜੇ ਆਪਣੀ ਗੱਲ ਕਹਿਣ ਹੀ ਲੱਗਾ ਸਾਂ ਕੇ ਮੈਡਮ ਥੋੜ੍ਹਾ ਗੁੱਸੇ ਭਰੇ ਲਹਿਜ਼ੇ ਵਿੱਚ ਬੋਲੇ, “ਗੈੱਟ ਆਊਟ ਔਫ ਮਾਈ ਕਲਾਸ।”
ਕਲਾਸ ਦੀਆਂ ਬਾਹਲੀਆਂ ਕੁੜੀਆਂ ਨੂੰ ਸਾਡੀ ਇਸ ਚਲਾਕੀ ਦਾ ਪਤਾ ਸੀ ਕੇ ਅਸੀਂ ਹਰ ਰੋਜ਼ ਬਦਲ ਕੇ ਕਲਾਸ ਲਾਉਣ ਆਉਂਦੇ ਹਾਂ, ਜਿਸ ਕਰਕੇ ਅੰਦਰੋਂ ਅੰਦਰੀ ਸਾਰੇ ਹੱਸ ਪਏ। ਮੈਂ ਆਪਣੇ ਆਪ ਨੂੰ ਦੋਸ਼ੀ ਸਮਝਦੇ ਹੋਏ ਬਿਨਾਂ ਕੁਝ ਬੋਲੇ ਕਲਾਸ ਤੋਂ ਬਾਹਰ ਚਲਾ ਗਿਆ।
ਮੇਰੇ ਵੱਲੋਂ ਆਪਣੇ ਦੋਸਤ ਨੂੰ ਆਪਣੀ ਜਗ੍ਹਾ ਕਲਾਸ ਲਾਉਣ ਭੇਜਣਾ ਮੇਰੀ ਮਜਬੂਰੀ ਸੀ। ਪਰ ਹੈ ਗਲਤੀ ਸੀ। ਉਸ ਦਿਨ ਤੋਂ ਬਾਅਦ ਮੈਂ ਫ਼ੈਸਲਾ ਕਰ ਲਿਆ ਕੇ ਅੱਜ ਤੋਂ ਬਾਅਦ ਮੈਂ ਕਲਾਸ ਲਾਉਣ ਦੋਸਤ ਨੂੰ ਨਹੀਂ ਭੇਜਾਂਗਾ, ਸਗੋਂ ਖੁਦ ਜਾਵਾਂਗਾ।
ਕਾਲਜ ਤੋਂ ਵਾਪਸ ਯੂਨੀਵਰਸਿਟੀ ਜਾ ਕੇ ਇਹ ਸਾਰੀ ਘਟਨਾ ਸ਼ਾਮ ਨੂੰ ਮੈਂ ਆਪਣੇ ਦੋਸਤਾਂ ਨਾਲ ਸਾਂਝੀ ਕੀਤੀ। ਅਸੀਂ ਸਾਰੇ ਬੜਾ ਹੱਸੇ। ਪਰ ਨਾਲ ਹੀ ਉਨ੍ਹਾਂ ਇਸ ਨੂੰ ਮੇਰੀ ਗਲਤੀ ਵੀ ਦੱਸਿਆ। ਬਾਦ ਵਿੱਚ ਮੈਂ ਬੀ ਐੱਡ ਕਰਕੇ ਨੌਕਰੀ ਵੀ ਲੱਗ ਗਿਆ। ਪਰ ਉਹ ਗੱਲ (ਗੈੱਟ ਆਊਟ ਔਫ ਮਾਈ ਕਲਾਸ) ਨਹੀਂ ਭੁੱਲਿਆ। ਇਸ ਤਰ੍ਹਾਂ ਮੇਰੇ ਵੱਲੋਂ ਮਜਬੂਰੀਵੱਸ ਕੀਤੀ ਉਹ ਨਿੱਕੀ ਜਿੰਨੀ ਗਲਤੀ ਮੇਰੀ ਜ਼ਿੰਦਗੀ ਦੀ ਅਭੁੱਲ ਯਾਦ ਬਣ ਗਈ। ਅੱਜ ਵੀ ਜਦੋਂ ਕਿਤੇ ਮੇਰੇ ਉਹ ਗੱਲ ਯਾਦ ਆਉਂਦੀ ਹੈ ਤਾਂ ਮੇਰਾ ਮੱਲੋਮੱਲੀ ਹਾਸਾ ਨਿਕਲ ਆਉਂਦਾ ਹੈ ਤੇ ਮੈਂ ਮਨੋਮਨੀ ਹੱਸ ਲੈਂਦਾ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5301)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.