“ਅਸੀਂ ਸਾਰੇ ਨਾਜ਼ੀ ਦੇ ਮੂੰਹ ਵਲ ਦੇਖਦੇ ਰਹਿ ਗਏ। ਅਸੀਂ ਉਸ ਨੂੰ ਕੁਝ ਕਹਿਣ ਜੋਗੇ ...”
(21 ਜੂਨ 2025)
ਗੱਲ ਉੱਨੀ ਸੌ ਨੱਬੇ-ਬੰਨਵੇਂ ਦੀ ਹੈ। ਉਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐੱਮ ਏ ਕਰ ਰਿਹਾ ਸੀ। ਸੂਬੇ ਦੇ ਹਾਲਾਤ ਖਰਾਬ ਹੋਣ ਕਰਕੇ ਯੂਨੀਵਰਸਿਟੀ ਵਿੱਚ ਅਕਸਰ ਹੜਤਾਲ ਰਹਿੰਦੀ ਸੀ, ਜਿਸ ਕਰਕੇ ਸਾਡੇ ਆਖਰੀ ਸਮੈਸਟਰ ਦੇ ਪੇਪਰ ਲੇਟ ਹੋ ਗਏ। ਪਰ ਉੱਧਰ ਬੀ ਐੱਡ ਵਿੱਚ ਕਲਾਸਾਂ ਸ਼ੁਰੂ ਹੋ ਗਈਆਂ ਸਨ। ਸਟੱਡੀ ਦੇ ਨਾਲ ਨਾਲ ਦੂਜੀਆਂ ਗਤੀਵਿਧੀਆਂ ਵੀ ਅਰੰਭ ਹੋ ਚੁੱਕੀਆਂ ਸਨ। ਜੱਸੀ ਜਸਪਾਲ ਤੇ ਕੇਸਰ ਮਾਣਕੀ, ਜਿਹੜੇ ਮੇਰੇ ਨਾਲ ਬੀ ਐੱਡ ਕਰਦੇ ਸਨ, ਗਾਣੇ ਵਗ਼ੈਰਾ ਗਾ ਲਿਆ ਕਰਦੇ ਸਨ। ਹਾਰਮੋਨੀਅਮ ਵੀ ਦੋਵਾਂ ਨੂੰ ਵਜਾਉਣਾ ਆਉਂਦਾ ਸੀ। ਪਰ ਕੇਸਰ ਮਾਣਕੀ ਵਿੱਚ ਵਿਸ਼ਵਾਸ ਦੀ ਥੋੜ੍ਹੀ ਜਿਹੀ ਘਾਟ ਸੀ, ਜਦੋਂ ਕਿ ਜੱਸੀ ਯੂਨੀਵਰਸਿਟੀ ਵਿੱਚ ਪੜ੍ਹਦਾ ਹੋਣ ਕਰਕੇ ਆਤਮ ਵਿਸ਼ਵਾਸ ਵਿੱਚ ਰਹਿੰਦਾ ਸੀ।
ਇੱਕ ਵਾਰ ਕਾਲਜ ਵਿੱਚ ਸੱਭਿਆਚਾਰਕ ਗਤੀਵਿਧੀਆਂ ਦਾ ਨਿੱਕਾ ਜਿਹਾ ਪ੍ਰੋਗਰਾਮ ਸੀ, ਜਿਸ ਵਿੱਚ ਜੱਸੀ ਜਸਪਾਲ ਨੇ ਗਾਉਣਾ ਸੀ ਤੇ ਕੇਸਰ ਨੇ ਉਸ ਨਾਲ ਹਾਰਮੋਨੀਅਮ ਵਜਾਉਣਾ ਸੀ। ਪਰ ਜਦੋਂ ਜੱਸੀ ਗਾਉਣ ਲਈ ਸਟੇਜ ’ਤੇ ਗਿਆ ਤਾਂ ਕੇਸਰ ਕਿਧਰੇ ਨਜ਼ਰ ਨਾ ਆਇਆ। ਸਟੇਜ ਸੈਕਟਰੀ ਵੱਲੋਂ ਵਾਰ ਵਾਰ ਅਨਾਊਂਸਮੈਂਟ ਕੀਤੀ ਜਾਣ ਲੱਗੀ ਕਿ ਕੇਸਰ ਮਾਣਕੀ ਜਿੱਥੇ ਵੀ ਹੈ, ਸਟੇਜ ’ਤੇ ਆਵੇ। ਪਰ ਕੇਸਰ ਤਾਂ ਜਿੱਦਾਂ ਛੂ ਮੰਤਰ ਹੀ ਹੋ ਗਿਆ ਹੋਵੇ। ਸਾਰੇ ਹੱਕੇ ਬੱਕੇ ਰਹਿ ਗਏ। ਵਿਦਿਆਰਥੀ ਕਹਿਣ ਕਿ ਹੁਣੇ ਤਾਂ ਇੱਥੇ ਸੀ, ਕਿੱਧਰ ਚਲਾ ਗਿਆ? ਸਾਰਾ ਕਾਲਜ ਛਾਣ ਮਾਰਿਆ ਪਰ ਕੇਸਰ ਕਿਧਰੇ ਨਾ ਮਿਲਿਆ। ... ਜੱਸੀ ਨੇ ਜਿਵੇਂ-ਕਿਵੇਂ ਗੀਤ ਗਾ ਦਿੱਤਾ। ਪ੍ਰੋਗਰਾਮ ਖ਼ਤਮ ਹੋਣ ’ਤੇ ਜਦੋਂ ਸਾਰੇ ਹਾਲ ਵਿੱਚੋਂ ਬਾਹਰ ਆ ਜਾ ਰਹੇ ਸਨ ਤਾਂ ਸਾਹਮਣਿਉਂ ਕੇਸਰ ਤੁਰਿਆ ਆਵੇ। ਸਾਰੇ ਉਸ ਨੂੰ ਪੁੱਛਣ ਲੱਗੇ ਕਿ ਕੇਸਰ ਕਿੱਥੇ ਸੀ ਤੂੰ? ਕੇਸਰ ਟਲਮਟੋਲ ਕਰ ਗਿਆ। ਅਸਲ ਵਿੱਚ ਉਸ ਵੇਲੇ ਕੇਸਰ ਕਿਉਂ ਗਾਇਬ ਹੋਇਆ, ਉਸਦੀ ਵਜਾਹ ਮੈਨੂੰ ਪਤਾ ਸੀ ਜਾਂ ਫਿਰ ਕੇਸਰ ਨੂੰ। ਮੈਂ ਕਿਸੇ ਨੂੰ ਦੱਸੀ ਨਹੀਂ, ਕੇਸਰ ਖੁਦ ਕਿਸੇ ਨੂੰ ਦੱਸ ਨਹੀਂ ਸੀ ਸਕਦਾ। ਵਿਸ਼ਵਾਸ ਦੀ ਘਾਟ ਕਾਰਨ ਕੇਸਰ ਦੇ ਗਾਇਬ ਹੋਣ ਵਾਲੀ ਗੱਲ ਅੱਜ ਵੀ ਜਦੋਂ ਮੇਰੇ ਜ਼ਹਿਨ ਵਿੱਚ ਆਉਂਦੀ ਹੈ ਤਾਂ ਬੀਤੇ ਸਮੇਂ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਜਾਂਦੀ ਹੈ।
ਦੂਜੀ ਗੱਲ, ਕਾਲਜ ਵਿੱਚ ਵਿਦਿਆਰਥੀ ਚੋਣ ਸੀ ਤਾਂ ਜੋ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਕਾਲਜ ਪ੍ਰਸ਼ਾਸਨ ਕੋਲ ਰੱਖ ਕੇ ਹੱਲ ਕਰਵਾਇਆ ਜਾ ਸਕੇ। ਸਾਡੇ ਵਿੱਚੋਂ ਕੁਝ ਸਾਥੀ ਵਿਦਿਆਰਥੀ ਯੂਨੀਵਰਸਿਟੀ ਤੋਂ ਆਏ ਸਨ, ਜੋ ਤਜਰਬੇਕਾਰ ਸਨ। ਉਨ੍ਹਾਂ ਵਿੱਚੋ ਇੱਕ ਸੀ ਸ਼ਹਿਣੇ ਤੋਂ ਸੁਖਦਰਸ਼ਨ ਸਿੰਘ ਨਾਜ਼ੀ, ਜਿਹੜਾ ਐੱਮ ਐੱਸਸੀ ਕਰਕੇ ਆਇਆ ਸੀ। ਉਸ ਨੇ ਸਾਡੇ ਕੁਝ ਸਾਥੀਆਂ, ਜਿਨ੍ਹਾਂ ਵਿੱਚ ਕੁਲਦੀਪ ਰਾਜੇਵਾਲ, ਬਲਵੰਤ ਸਿੰਘ, ਜੱਸੀ ਜਸਪਾਲ, ਸੱਦੀ ਤੇ ਗੁਰਦਾਸਪੁਰੀਆ ਹਰਜੀਤ ਥਿੰਦ, ਜਿਹੜਾ ਅੱਜ ਕਲ੍ਹ ਕੈਨੇਡਾ ਸੈਟਲ ਹੈ ਅਤੇ ਇੱਕ ਦੋ ਬੈਚਮੈਟ ਲੜਕੀਆਂ ਨਾਲ ਗੱਲ ਕਰਕੇ ਕਾਲਜ ਦਾ ਪ੍ਰਧਾਨ ਬਣਾਉਣ ਬਾਰੇ ਸਾਡੀ ਰਾਏ ਲਈ। ਅਸੀਂ ਹਾਮੀ ਭਰ ਦਿੱਤੀ।
ਸੁਖਦਰਸ਼ਨ ਸਿੰਘ ਨਾਜ਼ੀ ਨੇ ਰਿਸੈੱਸ ਵਿੱਚ ਸਾਰੇ ਵਿਦਿਆਰਥੀਆਂ ਨੂੰ ਪਾਰਕ ਵਿੱਚ ਬੁਲਾ ਕੇ ਚੋਣ ਕੀਤੇ ਜਾਣ ਬਾਰੇ ਨੋਟਿਸ ਬੋਰਡ ’ਤੇ ਨੋਟਿਸ ਲਾ ਦਿੱਤਾ। ਨੋਟਿਸ ਪੜ੍ਹ ਕੇ ਸਾਰੇ ਵਿਦਿਆਰਥੀ ਰਿਸੈੱਸ ਵਿੱਚ ਕਾਲਜ ਦੀ ਪਾਰਕ ਵਿੱਚ ਪੁੱਜ ਗਏ। ਨਾਜ਼ੀ ਨੇ ਖੜ੍ਹੇ ਹੋ ਕੇ ਚੋਣ ਬਾਰੇ ਗੱਲ ਸ਼ੁਰੂ ਕੀਤੀ ਤੇ ਕਿਹਾ ਕੇ ਆਪਾਂ ਨੂੰ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਯੂਨੀਅਨ ਬਣਾ ਕੇ ਇੱਕ ਪ੍ਰਧਾਨ ਅਤੇ ਜਨਰਲ ਸੈਕਟਰੀ ਸਮੇਤ ਬਾਕੀ ਮੈਂਬਰਾਂ ਦੀ ਚੋਣ ਕਰਨੀ ਹੈ। ਸਭ ਨੇ ਹਾਮੀ ਭਰ ਦਿੱਤੀ। ਪਰ ਉਸ ਵਕਤ ਸਾਰੇ ਹੈਰਾਨ ਰਹਿ ਗਏ, ਜਦੋਂ ਨਾਜ਼ੀ ਨੇ ਕਿਹਾ, “ਪ੍ਰਧਾਨ ਤਾਂ ਮੈਂ ਹਾਂ ਹੀ! ਬਾਕੀ ਮੈਂਬਰ ਤੁਸੀਂ ਚੁਣ ਲਵੋ।”
ਅਸੀਂ ਸਾਰੇ ਨਾਜ਼ੀ ਦੇ ਮੂੰਹ ਵਲ ਦੇਖਦੇ ਰਹਿ ਗਏ। ਅਸੀਂ ਉਸ ਨੂੰ ਕੁਝ ਕਹਿਣ ਜੋਗੇ ਵੀ ਨਹੀਂ ਸੀ। ਸਾਨੂੰ ਉਸ ਨੂੰ ਪ੍ਰਧਾਨ ਮੰਨਣਾ ਪਿਆ। ਹੁਣ ਵੀ ਨਾਜ਼ੀ ਦੇ ਆਪੂੰ ਬਣੇ ਪ੍ਰਧਾਨ ਵਾਲੀ ਗੱਲ ਜਦੋਂ ਕਿਤੇ ਚੇਤੇ ਆਉਂਦੀ ਹੈ ਤਾਂ ਮੇਰਾ ਹਾਸਾ ਨਿਕਲ ਆਉਂਦਾ ਹੈ ਤੇ ਨਾਲ ਹੀ ਕਾਲਜ ਦੇ ਬੀਤੇ ਪਲਾਂ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ।
ਇੱਕ ਹੋਰ ਤੀਜੀ ਘਟਨਾ ਜੋ ਮੈਂ ਕਦੇ ਨਹੀਂ ਭੁੱਲ ਸਕਦਾ। ਉਸ ਨੂੰ ਯਾਦ ਕਰਕੇ ਮੇਰਾ ਹੁਣ ਵੀ ਇਕੱਲੇ ਬੈਠੇ ਦਾ ਮੱਲੋਮੱਲੀ ਹਾਸਾ ਨਿਕਲ ਆਉਂਦਾ ਹੈ। ਗੱਲ ਇੰਝ ਹੋਈ ਕਿ ਸਲਾਨਾ ਇਮਤਿਹਾਨ ਸ਼ੁਰੂ ਹੋ ਚੁੱਕੇ ਸਨ। ਯੂਨੀਵਰਸਿਟੀ ਵਿੱਚ ਸਟੱਡੀ ਕੀਤੇ ਹੋਣ ਅਤੇ ਵਿਦਿਆਰਥੀ ਯੂਨੀਅਨ ਵਿੱਚ ਵੱਖ ਵੱਖ ਅਹੁਦਿਆਂ ’ਤੇ ਕੰਮ ਕਰਨ ਕਰਕੇ ਕਾਲਜ ਦੇ ਬਾਕੀ ਵਿਦਿਆਰਥੀਆਂ ਨਾਲੋਂ ਅਸੀਂ ਆਪਣੇ ਟੀਚਰਜ਼ ਨਾਲ ਥੋੜ੍ਹਾ ਜ਼ਿਆਦਾ ਫਰੈਂਕ ਹੁੰਦੇ ਸੀ, ਜਿਸ ਕਰਕੇ ਕਲਾਸ ਵਗੈਰਾ ਘੱਟ ਹੀ ਲਾਉਂਦੇ। ਕਾਰਨ ਇਹ ਸੀ ਕਿ ਅਸੀਂ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿੰਦੇ ਸੀ। ਹਰ ਰੋਜ਼ ਉੱਥੋਂ ਹੀ ਸਟੇਟ ਕਾਲਜ ਕਲਾਸਾਂ ਲਾਉਣ ਜਾਇਆ ਕਰਦੇ ਸਾਂ, ਜਿਸ ਕਰਕੇ ਕਈ ਵਾਰ ਕਲਾਸ ਮਿਸ ਹੋ ਜਾਇਆ ਕਰਦੀ ਸੀ। ਟੀਚਿੰਗ ਸਬਜੈਕਟ ਤੋਂ ਇਲਾਵਾ ਇੱਕ ਵਿਸ਼ਾ ਵੁੱਡਵਰਕ ਦਾ ਹੋਇਆ ਕਰਦਾ ਸੀ, ਜਿਸਦਾ ਸਾਨੂੰ ਪਹਿਲਾਂ ਪਹਿਲ ਇੱਲ ਦਾ ਨਾ ਕੋਕੋ ਵੀ ਨਹੀਂ ਆਉਂਦਾ ਸੀ। ਪਰ ਉਸ ਵਿਸ਼ੇ ਨੂੰ ਜਿਹੜੇ ਟੀਚਰ ਟੀਚ ਕਰਦੇ ਸਨ, ਉਹ ਸਨ ਸਰਦਾਰ ਪੂਰਨ ਸਿੰਘ। ਉਹ ਬਹੁਤ ਸਾਊ ਸੁਭਾਅ ਦੇ ਸਨ। ਉਹਨਾਂ ਦੇ ਚੰਗੇ ਸੁਭਾਅ ਕਰਕੇ ਅਸੀਂ ਕਦੇ ਨਾ ਕਦੇ ਕਲਾਸ ਲਾ ਲਿਆ ਕਰਨੀ, ਜਿਸ ਕਰਕੇ ਸਾਨੂੰ ਉਸ ਸਬਜੈਕਟ ਬਾਰੇ ਕੁਝ ਕੁ ਗਿਆਨ ਹੋ ਗਿਆ। ਵੈਸੇ ਸਬਜੈਕਟ ਬਹੁਤਾ ਔਖਾ ਵੀ ਨਹੀਂ ਸੀ। ਬੱਸ ਚੌੜ ਚੌੜ ਵਿੱਚ ਹੀ ਅਸੀਂ ਘੱਟ ਕਲਾਸ ਲਾਉਣੀ। ਵੈਸੇ ਵੀ ਵੁੱਡਵਰਕ ਦੇ ਹਫ਼ਤੇ ਵਿੱਚ ਇੱਕ-ਦੋ ਪੀਰੀਅਡ ਹੀ ਹੋਇਆ ਕਰਦੇ ਸਨ। ਅਸੀਂ ਮਸਤੀ ਨਾਲ ਸਾਲ ਪੂਰਾ ਕੀਤਾ।
... ਪੇਪਰ ਸ਼ੁਰੂ ਹੋ ਗਿਆ। ਮੈਂ ਤੇ ਮੇਰਾ ਦੋਸਤ ਬਲਵੰਤ ਸਿੰਘ, ਜੋ ਅੱਜ ਸਾਡੇ ਵਿੱਚ ਨਹੀਂ ਹੈ, ਅਸੀਂ ਆਸੇ ਪਾਸੇ ਦੇਖਿਆ ਤੇ ਹੌਲ਼ੀ ਦੇਣੇ ਦੋਵਾਂ ਨੇ ਕੁਰਸੀ ਥੱਲਿਓਂ ਦੀ ਵੁੱਡਵਰਕ ਦੀਆਂ ਬਣਾਈਆਂ ਦੋ ਨੇਮ ਪਲੇਟਾਂ ਚੁੱਕੀਆਂ ਤੇ ਅੱਗਿਓਂ ਦੀ ਪ੍ਰੋਫੈਸਰ ਸਾਹਿਬ ਨੂੰ ਫੜਾ ਦਿੱਤੀਆਂ। ਪਰ ਪਤਾ ਨਹੀਂ ਕਿਵੇਂ ਪ੍ਰੋਫੈਸਰ ਸਾਹਿਬ ਨੂੰ ਸਾਡੇ ’ਤੇ ਸ਼ੱਕ ਹੋ ਗਿਆ ਤੇ ਪੇਪਰ ਖ਼ਤਮ ਹੋਣ ਉੱਤੇ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਕਿਹਾ ਕੇ ਆਪਣੀ ਆਪਣੀਆਂ ਪਲੇਟਾਂ ਪਛਾਣ ਕੇ ਚੁੱਕ ਲਵੋ। ਬਾਕੀ ਸਾਰੇ ਵਿਦਿਆਰਥੀਆਂ ਨੇ ਆਪਣੀ ਆਪਣੀ ਪਲੇਟ ਚੁੱਕ ਲਈ। ਅਸੀਂ ਦੋਵੇਂ ਖਾਲੀ ਰਹਿ ਗਏ ਕਿਉਂਕਿ ਅਸੀਂ ਤਾਂ ਕੋਈ ਪਲੇਟ ਬਣਾਈ ਹੀ ਨਹੀਂ ਸੀ। ਪਰ ਪ੍ਰੋਫੈਸਰ ਪੂਰਨ ਸਿੰਘ ਸਾਊ ਸੁਭਾਅ ਦੇ ਸਨ, ਉਹਨਾਂ ਨੇ ਸਭ ਕੁਝ ਪਤਾ ਹੋਣ ਦੇ ਬੱਸ ਇੰਨਾ ਕਿਹਾ ਕਿ ਨਵੀਂਆਂ ਪਲੇਟਾਂ ਬਣਾਉ। ਸਾਨੂੰ ਬਹੁਤ ਸ਼ਰਮਿੰਦਗੀ ਹੋਈ। ਪਰ ਹੁਣ ਜਦੋਂ ਕਦੇ ਉਹ ਖਾਲੀ ਹੱਥ ਫੜੇ ਜਾਣ ਵਾਲੀ ਗੱਲ ਯਾਦ ਆਉਂਦੀ ਹੈ ਤਾਂ ਆਪਣੇ ਆਪ ’ਤੇ ਹਾਸਾ ਵੀ ਆਉਂਦਾ ਹੈ ਤੇ ਬਚਗਾਨਲਨ ਵੀ ਯਾਦ ਆਉਂਦਾ ਹੈ। ਇਨ੍ਹਾਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਕੇ ਮੈਨੂੰ ਹੁਣ ਵੀ ਆਪਣੀ ਉਸ ਗਲਤੀ ਦਾ ਅਹਿਸਾਸ ਹੁੰਦਾ ਹੈ।
ਅੱਜ ਸਟੇਟ ਕਾਲਜ ਤੋਂ ਬੀ ਐੱਡ ਕੀਤਿਆਂ ਨੂੰ ਸਾਢੇ ਤਿੰਨ ਦਹਾਕੇ ਗੁਜ਼ਰ ਗਏ ਹਨ। ਬਹੁਤ ਸਾਰੇ ਸਾਥੀ ਵਿਦੇਸ਼ੀਂ ਬੈਠੇ ਹਨ ਤੇ ਬਹੁਤ ਸਾਰੇ ਇੱਧਰ ਸੈੱਟ ਹੋ ਕੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਪਰ ਕਾਲਜ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਅਸੀਂ ਹੁਣ ਤਕ ਨਹੀਂ ਭੁੱਲੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)