“ਜੇਕਰ ਚਾਈਨਾ ਡੋਰ ਦਾ ਉਦਪਾਦਨ ਕਰਨ ਵਾਲਿਆਂ ’ਤੇ ਕਾਰਵਾਈ ...”
(21 ਜਨਵਰੀ 2025)
ਚਿੱਟੇ ਤੇ ਗੈਂਗਸਟਰਵਾਦ ਵਾਂਗ ਚਾਈਨਾ ਡੋਰ ਦਾ ਕਹਿਰ ਦਿਨ ਬਦਿਨ ਵਧਦਾ ਜਾ ਰਿਹਾ ਹੈ, ਜਿਸ ਨੇ ਹੁਣ ਤਕ ਹਜ਼ਾਰਾਂ ਲੋਕਾਂ ਨੂੰ ਜ਼ਖਮੀ ਕਰਨ ਤੋਂ ਇਲਾਵਾ ਸੈਂਕੜੇ ਲੋਕਾਂ ਦੀਆਂ ਜਾਨਾਂ ਵੀ ਲੈ ਲਈਆਂ ਹਨ। ਪਰ ਇਸਦੇ ਬਾਵਜੂਦ ਨਾ ਤਾਂ ਸਾਡੀਆਂ ਸਰਕਾਰਾਂ ਨੇ ਅਤੇ ਨਾ ਹੀ ਲੋਕਾਂ ਨੇ ਚਾਈਨਾ ਡੋਰ ਦੀ ਵਰਤੋਂ ਨਾ ਕੀਤੇ ਜਾਣ ਨੂੰ ਲੈ ਕੇ ਗੰਭੀਰ ਹਨ। ਜੇਕਰ ਚਾਈਨਾ ਡੋਰ ਦੇ ਇਸ ਵਧ ਰਹੇ ਕਹਿਰ ਨੂੰ ਵਕਤ ਰਹਿੰਦਿਆਂ ਲਗਾਮ ਨਾ ਲਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਉੱਤੇ ਨਕੇਲ ਪਾਉਣੀ ਸਾਡੇ ਵੱਸੋਂ ਬਾਹਰ ਹੋ ਜਾਵੇਗੀ ਤੇ ਅਸੀਂ ਹੱਥ ਮਲਦੇ ਰਹਿ ਜਾਵਾਂਗੇ। ਚਾਈਨਾ ਡੋਰ ਦੀ ਸਮੱਸਿਆ ਇਸ ਕਦਰ ਵਧ ਚੁੱਕੀ ਹੈ ਕਿ ਘਰੋਂ ਬਾਹਰ ਨਿਕਲਦੇ ਹੀ ਇਸ ਡੋਰ ਦਾ ਡਰ ਸਤਾਉਣ ਲੱਗ ਜਾਂਦਾ ਹੈ। ਮੈਂ ਜਦੋਂ ਵੀ ਆਪਣੇ ਘਰ ਦੀ ਛੱਤ ਉੱਤੇ ਚੜ੍ਹਦਾ ਹਾਂ ਤਾਂ ਛੱਤ ਉੱਤੇ ਚਾਈਨਾ ਡੋਰ ਦਾ ਜਾਲ ਵਿਛਿਆ ਹੁੰਦਾ ਹੈ, ਜੋ ਕੋਠੇ ਉੱਤੇ ਚੱਲਣ ਵਕਤ ਮੁਸ਼ਕਿਲ ਖੜ੍ਹੀ ਕਰਦਾ ਹੈ। ਇੱਥੋਂ ਤਕ ਕਿ ਇਹ ਮੌਤ ਦੀ ਡੋਰ ਸੜਕਾਂ ਅਤੇ ਗਲੀਆਂ ਵਿੱਚ ਤੁਰਨ ਵਕਤ ਰਾਹਗੀਰਾਂ ਦੇ ਪੈਰਾਂ ਵਿੱਚ ਅੜਦੀ ਹੈ। ਇਹ ਲੋਕਾਂ ਲਈ ਦਿੱਕਤਾਂ ਹੀ ਖੜ੍ਹੀਆਂ ਨਹੀਂ ਕਰਦੀ ਬਲਕਿ ਲੱਤਾਂ ਪੈਰਾਂ ’ਤੇ ਜਖਮ ਵੀ ਕਰ ਦਿੰਦੀ ਹੈ ਤੇ ਖ਼ੂਨ ਵਗਣ ਲਾ ਦਿੰਦੀ ਹੈ। ਹਰ ਰੋਜ਼ ਇਸ ਡੋਰ ਦੀ ਵਜਾਹ ਕਰਕੇ ਅਨੇਕਾਂ ਲੋਕਾਂ ਦੇ ਜ਼ਖਮੀ ਹੋਣ ਅਤੇ ਇਸ ਡੋਰ ਦੀ ਵਜਾਹ ਨਾਲ ਮੌਤ ਹੋ ਜਾਣ ਦੀਆਂ ਖ਼ਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ।
ਜੇਕਰ ਸੰਜੀਦਗੀ ਨਾਲ ਦੇਖਿਆ ਜਾਵੇ ਤਾਂ ਹੁਣ ਤਕ ਚਾਈਨਾ ਡੋਰ ਨਾਲ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ। ਇਸ ਸੰਬੰਧੀ ਸੈਂਕੜੇ ਨਹੀਂ, ਹਜ਼ਾਰਾਂ ਕੇਸ ਅਦਾਲਤਾਂ ਵਿੱਚ ਚੱਲ ਰਹੇ ਹਨ। ਮੇਰੇ ਸ਼ਹਿਰ ਵਿੱਚ ਅੱਜ ਵੀ ਚਾਈਨਾ ਡੋਰ ਦੀ ਖੁੱਲ੍ਹੇ ਆਮ ਵਰਤੋਂ ਹੋ ਰਹੀ ਹੈ। ਚਾਈਨਾ ਡੋਰ ਵੇਚਣ ਵਾਲਿਆਂ ਜਾਂ ਵਰਤੋਂ ਕਰਨ ਵਾਲਿਆਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਇਸ ਨੂੰ ਬਣਾਉਣ, ਵੇਚਣ ਅਤੇ ਵਰਤਣ ਵਾਲਿਆਂ ਦੇ ਹੌਸਲੇ ਬੁਲੰਦ ਹਨ। ਉੱਧਰ ਜਦੋਂ ਇਸ ਡੋਰ ਦੀ ਕਾਰਨ ਕੋਈ ਘਟਨਾ ਵਾਪਰਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਸਖ਼ਤ ਅਤੇ ਸਥਾਈ ਕਦਮ ਚੁੱਕੇ ਜਾਣ ਦੀ ਥਾਂ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ। ਅੱਜ ਚਿੱਟੇ ਅਤੇ ਗੈਂਗਸਟਰਵਾਦ ਵਾਂਗ ਇਸ ਡੋਰ ਦਾ ਕਾਰੋਬਾਰ ਵੀ ਵੱਡੇ ਪੱਧਰ ਉੱਤੇ ਫੈਲ ਚੁੱਕਾ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਹਾਲੇ ਤਕ ਨੱਥ ਨਹੀਂ ਪਾਈ ਜਾ ਸਕੀ। ਨੱਥ ਪਵੇਗੀ ਕਿਵੇਂ, ਕਿਉਂਕਿ ਇਸ ਡੋਰ ਦੇ ਕਾਰੋਬਾਰ ਨਾਲ ਕਰੋੜਾਂ ਦੀ ਕਮਾਈ ਜੁ ਹੋ ਰਹੀ ਹੈ। ਚਿੱਟੇ ਦੇ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਵਾਂਗ ਇਸ ਡੋਰ ਦੇ ਕਾਰੋਬਾਰ ਪਿੱਛੇ ਵੀ ਵੱਡੇ ਲੋਕ ਜੁੜੇ ਹੋਏ ਹਨ, ਜਿਨ੍ਹਾਂ ਦੀ ਬਦੌਲਤ ਇਸਦੀ ਵਰਤੋਂ ਹਰ ਵਰ੍ਹੇ ਲਗਾਤਾਰ ਵਧਦੀ ਹੀ ਜਾ ਰਹੀ ਹੈ। ਇਸੇ ਕਾਰਨ ਇਸ ਨੂੰ ਲਗਾਮ ਨਹੀਂ ਲੱਗ ਰਹੀ। ਹੁਣ ਤਾਂ ਇਸ ਡੋਰ ਦੀ ਵਰਤੋਂ ਨਾ ਕੇਵਲ ਪਤੰਗ (ਗੁੱਡੀ) ਚੜ੍ਹਾਉਣ ਲਈ ਹੀ ਕੀਤੀ ਜਾਂਦੀ ਹੈ, ਸਗੋਂ ਇਸਦੀ ਵਰਤੋਂ ਦੁਸ਼ਮਣੀ ਕੱਢਣ ਲਈ ਵੀ ਕੀਤੀ ਜਾ ਰਹੀ ਹੈ, ਜੋ ਬੇਹੱਦ ਖਤਰਨਾਕ ਰੁਝਾਨ ਹੈ। ਇਸਦੇ ਬਾਵਜੂਦ ਪਤਾ ਨਹੀਂ ਸਾਡੀਆਂ ਸਰਕਾਰਾਂ ਤੇ ਲੋਕ ਕਦੋਂ ਸਮਝਣਗੇ? ਸੂਝਵਾਨ ਲੋਕ ਇਹ ਸਵਾਲ ਪੁੱਛਦੇ ਹਨ ਕੇ ਸਰਕਾਰ ਵੱਲੋਂ ਚਾਈਨਾ ਡੋਰ ਉੱਤੇ ਪਾਬੰਦੀ ਲਾਉਣ ਦੇ ਬਾਵਜੂਦ ਅਮਲ ਕਿਉਂ ਨਹੀਂ ਹੋ ਰਿਹਾ? ਲਗਦਾ ਹੈ ਪ੍ਰਸ਼ਾਸਨ ਇਸ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ। ਰੋਜ਼ਾਨਾ ਇਸ ਖਤਰਨਾਕ ਡੋਰ ਦੀ ਵਜਾਹ ਸਦਕਾ ਲੋਕ ਜ਼ਖਮੀ ਹੋ ਰਹੇ ਹਨ ਤੇ ਮੌਤਾਂ ਵੀ ਹੋ ਰਹੀਆਂ ਹਨ। ਫਿਰ ਵੀ ਨਾ ਤਾਂ ਮਾਪੇ ਹੀ ਆਪਣੇ ਬੱਚਿਆਂ ਨੂੰ ਇਸ ਡੋਰ ਦੀ ਵਰਤੋਂ ਤੋਂ ਵਰਜ ਰਹੇ ਹਨ ਅਤੇ ਨਾ ਹੀ ਬੱਚੇ ਇਸ ਡੋਰ ਦੀ ਵਰਤੋਂ ਕਰਨ ਤੋਂ ਮੁੜਦੇ ਹਨ। ਪਤਾ ਨਹੀਂ ਸਾਡੀਆਂ ਸਰਕਾਰਾਂ ਤੇ ਲੋਕ ਇਸ ਮੁੱਦੇ ਪ੍ਰਤੀ ਕਦੋਂ ਗੰਭੀਰ ਹੋਣਗੇ? ਚਾਹੀਦਾ ਤਾਂ ਇਹ ਹੈ ਕਿ ਇਸ ਡੋਰ ਉੱਤੇ ਰੋਕ ਨੂੰ ਲੈ ਕੇ ਸਾਨੂੰ ਸਭ ਨੂੰ ਸਖ਼ਤ ਹੋਣਾ ਪਵੇਗਾ ਤਾਂ ਹੀ ਇਸ ਜਾਨਲੇਵਾ ਡੋਰ ਦੀ ਵਰਤੋਂ ਰੁਕ ਸਕਦੀ ਹੈ। ਨਹੀਂ ਤਾਂ ‘ਪੰਚਾ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ’ ਇਸਦੀ ਵਰਤੋਂ ਨਿਰੰਤਰ ਜਾਰੀ ਰਹੇਗੀ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਹੇਗਾ।
ਉੱਧਰ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਗਿਸਟ੍ਰਟ ਵੱਲੋਂ ਚਾਈਨਾ ਡੋਰ ਦੀ ਰੋਕਥਾਮ ਵਾਸਤੇ ਕਾਰਗਰ ਕਦਮ ਚੁੱਕਦੇ ਹੋਏ ਸ਼ਹਿਰ ਵਿੱਚ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਡਰੋਨ ਦੇ ਜ਼ਰੀਏ ਪਤਾ ਲੱਗ ਸਕੇ ਕੇ ਕੌਣ ਚਾਈਨਾ ਡੋਰ ਦੀ ਵਰਤੋਂ ਕਰ ਰਿਹਾ ਹੈ। ਹਾਂ, ਬੇਸ਼ਕ ਡਰੋਨ ਦੇ ਡਰ ਤੋਂ ਬਹੁਤ ਸਾਰੇ ਲੋਕ ਇਸਦੀ ਵਰਤੋ ਨਹੀਂ ਕਰਦੇ ਪਰ ਇਹ ਸਥਾਈ ’ਤੇ ਪੱਕਾ ਹੱਲ ਨਹੀਂ ਆਖਿਆ ਜਾ ਸਕਦਾ। ਅਸਲ ਵਿੱਚ ਪ੍ਰਸ਼ਾਸਨ ਨੂੰ ਇਸਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਇਸਦੀ ਪੈਦਾਵਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ।
ਸਿਆਣੇ ਆਖਦੇ ਹਨ “ਕਮਲੇ ਨੂੰ ਨਾ ਮਾਰੋ, ਕਮਲੇ ਦੀ ਮਾਂ ਨੂੰ ਮਾਰੋ, ਤਾਂ ਜੋ ਹੋਰ ਕਮਲਾ ਨਾ ਜੰਮ ਧਰੇ।” ਮਤਲਬ ਸਾਫ਼ ਹੈ ਕਿ ਅਗਰ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਲਾਉਣੀ ਹੈ ਤਾਂ ਇਸ ਕਹਾਵਤ ਦੀ ਤਰ੍ਹਾਂ ਚਾਈਨਾ ਡੋਰ ਤਿਆਰ ਕਰਨ ਵਾਲੇ ਲੋਕਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਚਾਈਨਾ ਡੋਰ ਦਾ ਉਦਪਾਦਨ ਕਰਨ ਵਾਲਿਆਂ ’ਤੇ ਕਾਰਵਾਈ ਹੋਵੇ ਤਾਂ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਭਾਵ ਜਦੋਂ ਡੋਰ ਤਿਆਰ ਹੀ ਨਾ ਹੋਵੇਗੀ ਤਾਂ ਆਵੇਗੀ ਕਿੱਥੋਂ ਤੇ ਕੌਣ ਕਰੇਗਾ ਇਸਦੀ ਵਰਤੋਂ? ਅਗਲੀ ਗੱਲ ਡੋਰ ਵੇਚਣ ਵਾਲਿਆਂ ਅਤੇ ਇਸਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਾਨੂੰਨ ਦੀ ਆਈਪੀਸੀ ਧਾਰਾ 307 ਤਹਿਤ ਮੁਕੱਦਮਾ ਦਰਜ਼ ਕੀਤਾ ਜਾਵੇ ਤਾਂ ਕਿ ਡੋਰ ਦੀ ਵਰਤੋਂ ਰੁਕ ਸਕੇ। ਜਿੰਨਾ ਸਮਾਂ ਸਰਕਾਰ ਤੇ ਪ੍ਰਸ਼ਾਸਨ ਸਖ਼ਤ ਕਾਰਵਾਈ ਨਹੀਂ ਕਰਦੇ, ਉੰਨਾ ਸਮਾਂ ਇਸ ਡੋਰ ਦਾ ਕਹਿਰ ਰੁਕਣਾ ਮੁਸ਼ਕਿਲ ਹੀ ਨਹੀਂ, ਸਗੋਂ ਨਾ ਮੁਮਕਿਨ ਵੀ ਜਾਪਦਾ ਹੈ। ਮੇਰੀ ਸਮੁੱਚੇ ਮਾਪਿਆਂ ਨੂੰ ਵੀ ਪੁਰਜ਼ੋਰ ਅਪੀਲ ਹੈ ਕਿ ਆਪਣੇ ਫਰਜ਼ ਨੂੰ ਸਮਝਦੇ ਹੋਏ ਆਉ ਆਪਾਂ ਰਲ ਕੇ ਪ੍ਰਾਣ ਕਰੀਏ ਤੇ ਇਸ ਡੋਰ ਉੱਤੇ ਰੋਕ ਲਾਉਣ ਵਾਸਤੇ ਜਿੱਥੇ ਪ੍ਰਸ਼ਾਸਨ ਦਾ ਸਾਥ ਦੇਈਏ, ਉੱਥੇ ਖੁਦ ਵੀ ਅੱਗੇ ਆਈਏ। ਇਸ ਡੋਰ ਦੇ ਨੁਕਸਾਨ ਨੂੰ ਦਰਸਾਉਣ ਵਾਸਤੇ ਸਰਕਾਰ ਨੂੰ ਇਸ਼ਤਿਹਾਰ ਦੇਣੇ ਚਾਹੀਦੇ ਹਨ, ਸਕੂਲਾਂ ਵਿੱਚ ਸੈਮੀਨਾਰ ਲਾ ਕੇ ਬੱਚਿਆਂ ਨੂੰ ਸੁਚੇਤ ਕਰਨਾ ਚਾਹੀਦਾ ਹੈ, ਇਸ ਡੋਰ ਦੀ ਵਰਤੋਂ ਕਰਨ ਵਾਲੇ ਵਿਰੁੱਧ ਹੋਣ ਵਾਲੀ ਕਾਰਵਾਈ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਅਤੇ ਸਰਕਾਰ ਨੂੰ ਚਾਈਨਾ ਡੋਰ ਖਿਲਾਫ ਜੰਗੀ ਪੱਧਰ ਉੱਤੇ ਮੁਹਿੰਮ ਵਿੱਢਣ ਤਾਂ ਜੋ ਚਾਈਨਾ ਡੋਰ ਉੱਤੇ ਮੁਕੰਮਲ ਰੋਕ ਲੱਗ ਸਕੇ ਤੇ ਇਸ ਡੋਰ ਦੀ ਵਜਾਹ ਨਾਲ ਹੋਣ ਵਾਲੇ ਜਾਨੀ ਨੁਕਸਾਨ ਨੂੰ ਲਗਾਮ ਲੱਗ ਸਕੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)