“ਜਦੋਂ ਮਸ਼ੀਨ ਵਿੱਚ ਮੇਰਾ ਏਟੀਐਮ ਕਾਰਡ ਨਾ ਚੱਲਿਆ ਤਾਂ ਮੇਰੀ ਹਾਲਤ ...”
(27 ਮਈ 2025)
ਨੋਟਬੰਦੀ ਇੱਕ ਅਜਿਹਾ ਫ਼ੈਸਲਾ ਸੀ, ਜਿਸ ਨੇ ਸਭਨਾਂ ਦੇਸ਼ਵਾਸੀਆਂ ਨੂੰ ਹੈਰਾਨ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਦੇ ਦੇਰ ਰਾਤ ਇੱਕ ਦਮ ਕੀਤੇ ਐਲਾਨ ਨੇ ਦੇਸ਼ਵਾਸੀਆਂ ਵਿੱਚ ਨਾ ਕੇਵਲ ਹੈਰਾਨੀ ਪੈਦਾ ਕੀਤੀ ਬਲਕਿ ਹਰ ਬੰਦੇ ਨੂੰ ਭੰਬਲ਼ਭੂਸੇ ਪਾ ਕੇ ਹਫੜਾ ਦਫੜੀ ਦਾ ਮਾਹੌਲ ਵੀ ਸਿਰਜ ਦਿੱਤਾ। ਬਹੁਤੇ ਲੋਕਾਂ ਨੂੰ ਸ਼ੁਰੂਆਤੀ ਦੌਰ ਵਿੱਚ ਨੋਟਬੰਦੀ ਵਾਲੀ ਖੇਡ ਸਮਝ ਵੀ ਨਹੀਂ ਪਈ। ਨੋਟਬੰਦੀ ਦੇ ਸਿੱਟੇ ਵਜੋਂ ਅਮੀਰ ਤਬਕੇ ਉੱਤੇ ਕੋਈ ਬਹੁਤਾ ਅਸਰ ਨਹੀਂ ਪਿਆ ਸੀ ਪਰ ਆਮ ਆਦਮੀ ਉੱਤੇ ਚੋਖਾ ਅਸਰ ਦੇਖਣ ਨੂੰ ਮਿਲਿਆ। ਅਮੀਰ ਲੋਕ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਵਿੱਚ ਮਸਰੂਫ ਹੋ ਗਏ। ਉਹਨਾਂ ਨੂੰ ਨੋਟ ਬਦਲਣ ਵਿੱਚ ਕੋਈ ਮੁਸ਼ਕਿਲ ਵੀ ਨਹੀਂ ਆਈ ਕਿਉਂਕਿ ਬੈਂਕ ਮੁਲਾਜ਼ਮਾਂ ਤਕ ਉਹਨਾਂ ਦੀ ਪਹੁੰਚ ਸੀ। ਪਰ ਆਮ ਲੋਕਾਂ ਨੂੰ ਇਸ ਨੋਟਬੰਦੀ ਦੀ ਕਾਫੀ ਮਾਰ ਝੱਲਣੀ ਪਈ। ਨੋਟਬੰਦੀ ਦੇ ਲਾਗੂ ਹੋਣ ਨਾਲ ਨੋਟਾਂ ਦੀ ਕਿੱਲਤ ਆਉਣੀ ਸੁਭਾਵਿਕ ਸੀ। ਨਤੀਜਾ ਇਹ ਹੋਇਆ ਕਿ ਏਟੀਐੱਮ ਮਸ਼ੀਨਾਂ ’ਤੇ ਲੋਕਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗਣ ਲੱਗੀਆਂ। ਘੰਟਿਆਂ ਬਾਅਦ ਬੰਦੇ ਦੀ ਮਸ਼ੀਨ ’ਤੇ ਵਾਰੀ ਆਉਂਦੀ, ਫਿਰ ਕਿਤੇ ਜਾ ਕੇ ਪੈਸੇ ਨਸੀਬ ਹੁੰਦੇ।
ਨੋਟਬੰਦੀ ਵਕਤ ਇੱਕ ਦਿਨ ਮੈਂ ਆਪਣੇ ਸ਼ਹਿਰ ਦੀ ਐੱਸਬੀਆਈ ਬਰਾਂਚ ਤੋਂ ਪੈਸੇ ਕਢਵਾਉਣ ਲਈ ਏਟੀਐੱਮ ਮਸ਼ੀਨ ਵਾਲੀ ਕਤਾਰ ਵਿੱਚ ਜਾ ਖਲੋਤਾ ਤੇ ਲੱਗਾ ਆਪਣੀ ਵਾਰੀ ਦੀ ਉਡੀਕ ਕਰਨ। ਕਤਾਰ ਚੋਖੀ ਲੰਬੀ ਸੀ। ਗੱਲ ਪਿਆ ਢੋਲ ਵਜਾਉਣਾ ਹੀ ਸੀ। ਕਤਾਰ ਵਿੱਚ ਖਲੋਤੇ ਲੋਕ ਨੋਟਬੰਦੀ ਨੂੰ ਲੈਕੇ ਆਪਣੇ ਆਪਣੇ ਵਿਚਾਰ ਆਪਸ ਵਿੱਚ ਸਾਂਝੇ ਕਰ ਰਹੇ ਸਨ। ਕੋਈ ਇਸਦੇ ਪੱਖ ਵਿੱਚ ਤੇ ਕੋਈ ਵਿਰੋਧ ਵਿੱਚ। ਮੈਂ ਚੁੱਪ ਚਾਪ ਸਭਨਾਂ ਦੀਆਂ ਗੱਲਾਂ ਸੁਣਦਾ ਰਿਹਾ। ਕੋਈ ਕਹਿ ਰਿਹਾ ਸੀ ਸਰਕਾਰ ਨੇ ਨੋਟਬੰਦੀ ਅਮੀਰਾਂ ਦੇ ਕਾਲੇ ਧਨ ਨੂੰ ਚਿੱਟਾ ਕਰਨ ਵਾਸਤੇ ਉਹਨਾਂ ਦੇ ਫਾਇਦੇ ਲਈ ਕੀਤੀ ਹੈ। ਕੋਈ ਕਹਿ ਰਿਹਾ ਸੀ ਕਿ ਇਸ ਨਾਲ ਕਾਲਾ ਧਨ ਬਾਹਰ ਆ ਜਾਵੇਗਾ ਤੇ ਦੇਸ਼ ਨੂੰ ਫਾਇਦਾ ਪਹੁੰਚੇਗਾ। ਕੋਈ ਲੰਬਾ ਸਮਾਂ ਕਤਾਰ ਵਿੱਚ ਖਲੋ ਕੇ ਪੈਸੇ ਕਢਵਾਉਣ ਤੋਂ ਖ਼ਫ਼ਾ ਸੀ। ਕੋਈ ਬਿਮਾਰੀ ਤੋਂ ਅਵਾਜ਼ਾਰ ਹੋਣ ਕਰਕੇ ਵਾਹਵਾ ਵਕਤ ਖਲੋਤੇ ਰਹਿਣ ਤੋਂ ਖ਼ਫ਼ਾ ਸੀ। ਕੋਈ ਨੋਟਬੰਦੀ ਕਰਕੇ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਘੰਟਿਆਂ ਬੱਧੀ ਖੜ੍ਹੇ ਰਹਿਣ ਤੋਂ ਔਖਾ ਸੀ ਕਿਉਂਕਿ ਨਵੇਂ ਨੋਟਾਂ ਨੂੰ ਹਾਸਲ ਕਰਨ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨੋਟਬੰਦੀ ਦੇ ਇਸ ਵਰਤਾਰੇ ਵਿੱਚ ਹਜ਼ਾਰਾਂ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋਣੇ ਪਏ, ਜਿਸਦੀ ਅੱਜ ਤਕ ਕਿਸੇ ਦੀ ਜਵਾਬਦੇਹੀ ਨਹੀਂ ਹੋਈ ਨਾ ਹੀ ਨੋਟਬੰਦੀ ਪਿੱਛੇ ਛਿਪੇ ਅਸਲੀ ਕਾਰਨਾਂ ਦਾ ਅੱਜ ਤਕ ਖ਼ੁਲਾਸਾ ਹੋਇਆ ਹੈ।
ਇਸ ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਨੂੰ ਡਾਢੀ ਢਾਹ ਲਾਈ। ਆਮ ਅਤੇ ਗਰੀਬ ਲੋਕਾਂ ਲਈ ਨੋਟਬੰਦੀ ਕਰੋਨਾ ਤੋਂ ਘੱਟ ਨਹੀਂ ਸੀ। ਕੜਕਦੀ ਧੁੱਪ ਵਿੱਚ ਪੈਸੇ ਕਢਵਾਉਣ ਲਈ ਘੰਟਿਆਂ ਬੱਧੀ ਕਤਾਰ ਵਿੱਚ ਖਲੋਣਾ, ਫਿਰ ਜੇ ਏਟੀਐਮ ਮਸ਼ੀਨ ਵਿੱਚੋ ਨੋਟ ਨਾ ਨਿਕਲਣ ਤਾਂ ਫਿਰ ਬੰਦੇ ਦੀ ਹਾਲਤ ਕਿਹੋ ਜਿਹੀ ਹੋ ਸਕਦੀ ਹੈ, ਇਹ ਮੇਰੇ ਤੋਂ ਵੱਧ ਸ਼ਾਇਦ ਕੋਈ ਨਹੀਂ ਜਾਣਦਾ। ਜਾਂ ਫਿਰ ਸਿਰਫ ਓਹੀ ਟਾਂਵਾ ਟਾਵਾਂ ਬੰਦਾ ਜਾਣ ਸਕਦਾ ਹੈ, ਜਿਸਦੇ ਨੋਟਬੰਦੀ ਦੇ ਦਿਨਾਂ ਵਿੱਚ ਦੋ ਦੋ ਘੰਟੇ ਕਤਾਰ ਵਿੱਚ ਖਲੋਣ ਪਿੱਛੋਂ ਐਨ ਮੌਕੇ ’ਤੇ ਮਸ਼ੀਨ ਵਿੱਚੋਂ ਕੈਸ਼ ਖ਼ਤਮ ਹੋ ਗਿਆ ਹੋਵੇ ਜਾਂ ਕਾਰਡ ਨਾ ਚਲਿਆ ਹੋਵੇ; ਹੋਰ ਕੋਈ ਇਸ ਨੂੰ ਨਹੀਂ ਜਾਣਦਾ। ਘਰੋਂ ਪੈਸੇ ਕਢਵਾਉਣ ਗਏ ਮੇਰੇ ਨਾਲ ਜੋ ਬੀਤੀ, ਉਹ ਮੈਂ ਜਾਂ ਮੇਰਾ ਰੱਬ ਜਾਣਦਾ ਹੈ। ਕਰੀਬ ਡੇਢ ਘੰਟੇ ਪਿੱਛੋਂ ਮੇਰੀ ਵਾਰੀ ਆਈ। ਜਦੋਂ ਮਸ਼ੀਨ ਵਿੱਚ ਮੇਰਾ ਏਟੀਐਮ ਕਾਰਡ ਨਾ ਚੱਲਿਆ ਤਾਂ ਮੇਰੀ ਹਾਲਤ ਅਧਮੋਏ ਬੰਦੇ ਵਾਂਗ ਸੀ। ਮੈਂ ਬਹੁਤੇ ਲੋਕਾਂ ਵਾਂਗ ਨੋਟਬੰਦੀ ਦੇ ਫ਼ੈਸਲੇ ਨੂੰ ਗਲਤ ਦੱਸਦਿਆਂ ਏਟੀਐਮ ਮਸ਼ੀਨ ਤੋਂ ਬਾਹਰ ਆ ਗਿਆ। ਆਪਣੀ ਵਾਰੀ ਦੀ ਉਡੀਕ ਵਿੱਚ ਉਮੀਦ ਲਾਏ ਖੜ੍ਹੇ ਬੇਵੱਸ ਅਤੇ ਲਾਚਾਰ ਨਜ਼ਰ ਆ ਰਹੇ ਲੋਕਾਂ ਵੱਲ ਬਿਨ ਤੱਕਿਆਂ ਮੈਂ ਤੇਜ਼ੀ ਨਾਲ ਆਪਣੀ ਕਾਰ ਵਿੱਚ ਬੈਠ ਨੋਟਬੰਦੀ ਦੇ ਫ਼ੈਸਲੇ ਦੀ ਰੱਜ ਕੇ ਨਿੰਦਿਆ ਕਰਦਿਆਂ ਘਰ ਨੂੰ ਤੁਰ ਪਿਆ।
ਨੋਟਬੰਦੀ ਦੇ ਦਿਨਾਂ ਦੌਰਾਨ ਮੇਰੀ ਭਤੀਜੀ ਦਾ ਵਿਆਹ ਰੱਖਿਆ ਹੋਇਆ ਸੀ। ਪੁਰਾਣੇ ਨੋਟ ਚਲਦੇ ਨਹੀਂ ਸਨ ਤੇ ਨਵੇਂ ਮਿਲ ਨਹੀਂ ਰਹੇ ਸਨ। ਨੋਟ ਨਾ ਹੋਣ ਕਰਕੇ ਖ਼ਰੀਦੋ ਫ਼ਰੋਖ਼ਤ ਵਿੱਚ ਵੱਡੀ ਮੁਸ਼ਕਿਲ ਆ ਰਹੀ ਸੀ। ਨੋਟਬੰਦੀ ਸਦਕਾ ਨੋਟ ਬਦਲਣਾ ਖਾਲਾ ਜੀ ਦਾ ਵਾੜਾ ਨਹੀਂ ਸੀ, ਇਸ ਲਈ ਪੁੱਛੋ ਕੁਛ ਨਾ, ਅਸੀਂ ਕਿੰਝ ਉਸ ਸਮਾਗਮ ਨੂੰ ਨੇਪਰੇ ਚਾੜ੍ਹਿਆ।
ਨੋਟਬੰਦੀ ਦਾ ਵੇਲਾ ਯਾਦ ਕਰਕੇ ਮੇਰੇ ਅੱਜ ਵੀ ਮੇਰੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਏਟੀਐੱਮ ਤੋਂ ਖਾਲੀ ਹੱਥ ਪਰਤਣ ਵਾਲਾ ਵਕਤ ਮੈਂ ਕਦੇ ਨਹੀਂ ਭੁੱਲ ਸਕਦਾ ਅਤੇ ਨਾ ਹੀ ਨੋਟਬੰਦੀ ਦੌਰਾਨ ਉਹਨਾਂ ਲੋਕਾਂ ਦੀ ਦਾਸਤਾਨ ਭੁੱਲ ਸਕਦਾ ਸਕਦਾ ਹਾਂ, ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦਿਨਾਂ ਵਿੱਚ ਵਿਆਹ ਸਮਾਗਮ ਰੱਖੇ ਹੋਏ ਸਨ। ਨੋਟਬੰਦੀ ਨੇ ਦੇਸ਼ ਤੇ ਲੋਕਾਂ ਦਾ ਨੁਕਸਾਨ ਹੀ ਕੀਤਾ ਹੈ, ਫਾਇਦਾ ਕੋਈ ਨਹੀਂ ਕੀਤਾ। ਇਸੇ ਸਦਕਾ 2016-17 ਦਾ ਵਰ੍ਹਾ ਨਾ ਭੁੱਲਣ ਵਾਲਾ ਹੋ ਨਿੱਬੜਿਆ। ਨੋਟਬੰਦੀ ਨਾਲ ਨਾ ਤਾਂ ਕਾਲਾ ਧਨ ਹੀ ਖ਼ਤਮ ਹੋਇਆ ਅਤੇ ਨਾ ਹੀ ਨਕਲੀ ਨੋਟਾਂ ਦਾ ਮਸਲਾ ਹੱਲ ਹੋਇਆ, ਜੇ ਕੁਝ ਮਿਲਿਆ ਤਾਂ ਸਿਰਫ ਖੱਜਲ ਖੁਆਰੀ। ਅਨੇਕਾਂ ਜਾਨਾਂ ਬਿਮਾਰੀ ਕਾਰਨ ਅਜਾਈਂ ਚਲੀਆਂ ਗਈਆਂ। ਮੁਲਕ ਦੇ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਕੌਣ ਕਰਗਾ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)