“ਪੰਜਾਬ ਦੇ ਇਸ ਮਹਾਨ ਸਪੂਤ ਦੀ ਕੁਰਬਾਨੀ ਨੂੰ ਹੋਰ ਉਭਾਰਨ ਲਈ ਸੂਬਾ ਸਰਕਾਰ ਵੱਲੋਂ 5 ਸਤੰਬਰ ...”
(15 ਅਗਸਤ 2025)
ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ।
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਦੇਸ਼ ਦੀ ਅਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਬਹੁਤੇ ਦੇਸ਼ ਭਗਤਾਂ ਦੀ ਕੁਰਬਾਨੀ ਤੋਂ ਅੱਜ ਵੀ ਸਾਡੇ ਚੋਖੇ ਦੇਸ਼ਵਾਸੀ ਵਾਕਿਫ ਨਹੀਂ ਹਨ। ਪਰ ਜਦੋਂ ਅਸੀਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਤੇ ਊਧਮ ਸਿੰਘ ਅਤੇ ਹੋਰ ਸ਼ਹੀਦਾਂ ਦੇ ਨਾਲ ਮਾਸਟਰ ਕਰਨੈਲ ਸਿੰਘ ਈਸੜੂ ਦਾ ਨਾਂਅ ਵੀ ਸ਼ਹੀਦਾਂ ਵਾਲੀ ਕਤਾਰ ਦੀਆਂ ਮੋਹਰਲੀਆਂ ਸਫ਼ਾਂ ਵਿੱਚ ਆਉਂਦਾ ਹੈ। ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ, ਜਿਸਨੇ 15 ਅਗਸਤ 1955 ਨੂੰ ਭਾਰਤ ਦੇ ਇੱਕ ਟੁਕੜੇ ਗੋਆ, ਦਮਨ, ਦਿਓ (ਜਿਸ ’ਤੇ ਪੁਰਤਗਾਲੀਆਂ ਦਾ ਕਬਜ਼ਾ ਸੀ) ਦੀ ਅਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ। ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਸੰਪਾਦਤ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਮੁਤਾਬਕ ਪਿੰਡ ਈਸੜੂ ਕਿਸੇ ਵੇਲੇ ਨਾਭਾ ਰਿਆਸਤ ਦਾ ਹਿੱਸਾ ਹੋਇਆ ਕਰਦਾ ਸੀ। ਲੁਧਿਆਣਾ ਜ਼ਿਲ੍ਹੇ ਦਾ ਇਹ ਪਿੰਡ ਖੰਨਾ ਤੋਂ ਦੱਖਣ ਪੂਰਬ ਵਾਲੇ ਪਾਸੇ 12 ਕਿਲੋਮੀਟਰ ਦੀ ਦੂਰੀ ਉੱਤੇ ਖੰਨਾ ਮਲੇਰਕੋਟਲਾ ਰੋਡ ’ਤੇ ਸਥਿਤ ਹੈ।
ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦਾ ਜਨਮ 1929 ਨੂੰ ਚੱਕ ਨੰਬਰ 50, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਬਾਪੂ ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਮਾਸਟਰ ਕਰਨੈਲ ਸਿੰਘ ਤਿੰਨ ਭੈਣਾਂ ਅਤੇ ਦੋਂਹ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਹਨਾਂ ਦੇ ਪਿਤਾ ਸੁੰਦਰ ਸਿੰਘ ਬਰਤਾਨਵੀ ਫ਼ੌਜ ਵਿੱਚ ਸੱਤ ਰੁਪਏ ਮਹੀਨਾ ਦੀ ਤਨਖਾਹ ਉੱਤੇ ਨੌਕਰੀ ਕਰਦੇ ਸਨ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਬੜਾ ਮੁਸ਼ਕਿਲ ਨਾਲ ਚੱਲਦਾ ਸੀ। ਪਰਿਵਾਰ ਕੋਲ ਜ਼ਮੀਨ ਕਾਫ਼ੀ ਘੱਟ ਸੀ। ਬਰਤਾਨਵੀ ਸਰਕਾਰ ਵੱਲੋਂ ਲਾਇਲਪੁਰ ਦੇ ਇਲਾਕਿਆਂ ਨੂੰ ਅਬਾਦ ਕਰਨ ਲਈ ਉੱਥੇ ਪੰਜਾਬੀਆਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ। ਉਸੇ ਤਹਿਤ ਕਰਨੈਲ ਸਿੰਘ ਈਸੜੂ ਦੀ ਵਿਧਵਾ ਦਾਦੀ ਨੂੰ ਇੱਕ ਮੁਰੱਬਾ ਜ਼ਮੀਨ ਮਿਲੀ ਸੀ। ਕਰਨੈਲ ਸਿੰਘ ਨੇ ਮੁਢਲੀ ਸਿੱਖਿਆ ਖੁਸਪੁਰ ਦੇ ਮਿਸ਼ਨਰੀ ਸਕੂਲ ਤੋਂ ਕੀਤੀ, ਜਿੱਥੇ ਉਨ੍ਹਾਂ ਦੇ ਵੱਡੇ ਭਰਾ ਤਖਤ ਸਿੰਘ ਹੈਡਮਾਸਟਰ ਲੱਗੇ ਹੋਏ ਸਨ। ਪਿਤਾ ਜੀ ਚੱਕ ਨੰਬਰ 50 ਵਿੱਚ ਹੀ ਸਰੀਰ ਛੱਡ ਗਏ ਤੇ ਦੇਸ਼ ਦੀ ਵੰਡ ਵਕਤ ਮਾਤਾ ਹਰਨਾਮ ਕੌਰ ਪਰਿਵਾਰ ਸਮੇਤ ਪਿੰਡ ਈਸੜੂ ਆ ਗਏ।
ਪਾਕਿਸਤਾਨ ਤੋਂ ਆ ਕੇ ਮਾਸਟਰ ਤਖ਼ਤ ਸਿੰਘ ਜ਼ਿਲ੍ਹਾ ਬੋਰਡ ਹਾਈ ਸਕੂਲ ਸ਼ੇਰੋਂ ਵਾਲਾ ਵਿੱਚ ਹੈਡਮਾਸਟਰ ਲੱਗ ਗਏ। ਕਰਨੈਲ ਸਿੰਘ ਵੀ ਉੱਥੇ ਹੀ ਪੜ੍ਹਨ ਲੱਗ ਗਿਆ। ਸਕੂਲੀ ਸਿੱਖਿਆ ਹਾਸਲ ਕਰਦੇ ਸਮੇਂ ਕਰਨੈਲ ਸਿੰਘ ਆਪਣੇ ਭਰਾ ਤਖ਼ਤ ਸਿੰਘ ਦੀਆਂ ਉਰਦੂ ਅਤੇ ਪੰਜਾਬੀ ਵਿੱਚ ਲਿਖੀਆਂ ਨਜ਼ਮਾਂ ਸਕੂਲ ਦੇ ਹਰ ਸਮਾਗਮ ਮੌਕੇ ਪੜ੍ਹਦਾ। ਸੁਭਾਅ ਤੋਂ ਸੁਤੰਤਰ ਹੋਣ ਕਰਕੇ ਕਰਨੈਲ ਸਿੰਘ ਆਪਣੀ ਮਾਤਾ ਕੋਲ ਈਸੜੂ ਆ ਗਿਆ ਅਤੇ ਖੰਨੇ ਖ਼ਾਲਸਾ ਸਕੂਲ ਵਿੱਚ ਦਾਖਲਾ ਲੈ ਲਿਆ, ਜਿੱਥੇ ਕਰਨੈਲ ਸਿੰਘ ਹਰ ਰੋਜ਼ 24 ਕਿਲੋਮੀਟਰ ਆਉਣ ਜਾਣ ਦਾ ਫਾਸਲਾ ਪੈਦਲ ਤੈਅ ਕਰਕੇ ਵੀ ਹਮੇਸ਼ਾ ਕਲਾਸ ਵਿੱਚੋਂ ਮੋਹਰੀ ਆਉਂਦਾ। ਉਹ ਸਟੂਡੈਂਟ ਫੈਡਰੇਸ਼ਨ ਦਾ ਸਰਗਰਮ ਮੈਂਬਰ ਬਣ ਗਿਆ। ਇਸੇ ਦੌਰਾਨ ਸਰਕਾਰ ਵੱਲੋਂ ਫੀਸਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਸੰਘਰਸ਼ ਦਾ ਬਿਗਲ ਵਜਾਹ ਦਿੱਤਾ ਗਿਆ। ਖੰਨਾ ਇਲਾਕੇ ਦੇ ਵਿਦਿਆਰਥੀਆਂ ਦੀ ਕਮਾਂਡ ਕਰਨੈਲ ਸਿੰਘ ਨੇ ਸੰਭਾਲੀ। ਇਸ ਪਿੱਛੋਂ ਉਨ੍ਹਾਂ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ। ਉਹ ਛੋਟੇ ਮੋਟੇ ਸਿਆਸੀ ਜਲਸਿਆਂ ਵਿੱਚ ਭਾਗ ਲੈਣ ਲੱਗਾ। ਪਿੰਡ ਵਿੱਚ ਸੂਰਜ ਡੁੱਬਣ ਪਿੱਛੋਂ ਕਰਨੈਲ ਸਿੰਘ ਪੀਪੇ ਵਜਾ ਕੇ ਡੌਂਡੀ ਪਿੱਟਦਾ ਤੇ ਪਿੰਡ ਵਾਸੀਆਂ ਨੂੰ ਇਕੱਠੇ ਕਰ ਲੈਂਦਾ। ਉਹ ਜੋਸ਼ੀਲੇ ਭਾਸ਼ਣ, ਕਵਿਤਾਵਾਂ ਅਤੇ ਗੀਤ ਸੁਣਾ ਕੇ ਲੋਕਾਂ ਨੂੰ ਆਪਣੇ ਖਿਆਲਾਂ ਅਤੇ ਵਿਚਾਰਾਂ ਦੁਆਰਾ ਜਾਗ੍ਰਿਤ ਕਰਦਾ। ਪਿੰਡ ਵਿੱਚ ਗੁਰਪੁਰਬ ਮਨਾਏ ਜਾਣ ਸਮੇਂ ਉਹ ਧਾਰਮਕ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਵਾਉਂਦਾ।
ਉਹ ਆਪਣੇ ਨਿੱਘੇ ਸੁਭਾਅ ਅਤੇ ਕ੍ਰਾਂਤੀਕਾਰੀ ਵਿਚਾਰਾਂ ਸਦਕਾ ਆਪਣੇ ਸਾਥੀਆਂ ਵਿੱਚ ਬੜਾ ਹਰਮਨ ਪਿਆਰਾ ਸੀ। ਜਗਰਾਉਂ ਤੋਂ ਅਧਿਆਪਕ ਟ੍ਰੇਨਿੰਗ ਕਰਨ ਉਪਰੰਤ ਉਹ ਕੁਝ ਵਕਤ ਖੰਨੇ ਨੇੜੇ ਪੈਂਦੇ ਪਿੰਡ ਬੰਬਾਂ ਵਿੱਚ ਅਧਿਆਪਕ ਵੀ ਲੱਗਾ। ਬਤੌਰ ਅਧਿਆਪਕ ਹੁੰਦਿਆਂ ਮਾਸਟਰ ਕਰਨੈਲ ਸਿੰਘ ਈਸੜੂ ਅਧਿਆਪਕ ਯੂਨੀਅਨ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦਾ। ਇੱਕ ਵਾਰ ਟੀਚਰਜ਼ ਯੂਨੀਅਨ ਦੀ ਚੋਣ ਵਿੱਚ ਮਾਸਟਰ ਕਰਨੈਲ ਸਿੰਘ ਦੀ ਗੈਹਾਜ਼ਰੀ ਵਿੱਚ ਹੀ ਉਸ ਨੂੰ ਸਕੱਤਰ ਚੁਣ ਲਿਆ ਗਿਆ, ਜੋ ਅਧਿਆਪਕ ਵਰਗ ਵਿੱਚ ਉਨ੍ਹਾਂ ਦੀ ਮਕਬੂਲੀਅਤ ਦੀ ਬਾਤ ਪਾਉਂਦਾ ਹੈ।
ਦੇਸ਼ ਭਗਤੀ ਦੀ ਅਸਲ ਚੇਟਕ ਕਰਨੈਲ ਸਿੰਘ ਨੂੰ ਆਪਣੇ ਚਾਚਾ ਜਵਾਹਰ ਸਿੰਘ ਤੋਂ ਲੱਗੀ, ਜਿਹੜੇ ਪੜ੍ਹੇ ਲਿਖੇ ਹੋਣ ਕਰਕੇ ਪਹਿਲਾਂ ਗਦਰ ਲਹਿਰ ਵਿੱਚ ਹਰਕਾਰੇ ਦੇ ਤੌਰ ’ਤੇ ਖ਼ੁਫੀਆ ਸਫ਼ਾਂ ਵਿੱਚ ਕੰਮ ਕਰਦੇ ਸਨ। ਬਾਅਦ ਵਿੱਚ ਉਨ੍ਹਾਂ ਅਕਾਲੀ ਲਹਿਰ ਵਕਤ ਜੈਤੋ ਦੇ ਮੋਰਚੇ ਅਤੇ ਗੁਰੂ ਕੇ ਬਾਗ਼ ਦੇ ਮੋਰਚੇ ਸਮੇਂ ਢਾਈ ਸਾਲ ਕੈਦ ਕੱਟੀ। ਫਿਰ ਕਿਰਤੀ ਲਹਿਰ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ।
ਇਸੇ ਦੌਰਾਨ ਗੋਆ, ਦਮਨ, ਦਿਓ ਦੀ ਸੁਤੰਰਤਤਾ ਸੰਬੰਧੀ ਦੇਸ਼ ਦੇ ਇਨਕਲਾਬੀਆਂ ਨੇ ਸਾਰੇ ਸੂਬਿਆਂ ਦੇ ਨੌਜਵਾਨਾਂ ਨੂੰ ਸੱਤਿਆਗ੍ਰਹਿ (ਜੋ 15 ਅਗਸਤ 1955 ਵਾਲੇ ਦਿਨ ਕੀਤਾ ਜਾਣਾ ਸੀ) ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਦੇਸ਼ ਦੇ ਉਕਤ ਕੁਝ ਹਿੱਸਿਆਂ ਵਿੱਚ ਅਜੇ ਵੀ ਪੁਰਤਗਾਲੀਆਂ ਦਾ ਕਬਜ਼ਾ ਸੀ, ਜਿਸ ਨੂੰ ਆਜ਼ਾਦ ਕਰਵਾਉਣਾ ਜ਼ਰੂਰੀ ਸੀ। ਪੰਜਾਬ ਤੋਂ ਵੀ ਇੱਕ ਪਾਰਟੀ ਕਾਮਰੇਡ ਕਿਸ਼ੋਰੀ ਲਾਲ ਦੀ ਅਗਵਾਈ ਵਿੱਚ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਈ। ਕਹਿੰਦੇ ਹਨ ਕਿ ਮਾਸਟਰ ਕਰਨੈਲ ਸਿੰਘ ਨੂੰ ਇਨ੍ਹਾਂ ਲੋਕਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਆਗਿਆ ਨਾ ਦਿੱਤੀ। ਪਰ ਜਿਨ੍ਹਾਂ ਦੇ ਮਨ ਵਿੱਚ ਦੇਸ਼ ਪਿਆਰ ਦਾ ਜਜ਼ਬਾ ਹੋਵੇ, ਉਹ ਕਿੱਥੇ ਰੁਕਦੇ ਹਨ। ਕਰਨੈਲ ਸਿੰਘ ਆਪਣੀ ਘੜੀ ਅਤੇ ਸਾਈਕਲ ਵੇਚ ਕੇ ਅਤੇ ਕੁਝ ਰੁਪਏ ਪੈਸੇ ਦੋਸਤਾਂ ਮਿੱਤਰਾਂ ਤੋਂ ਉਧਾਰੇ ਫੜ ਲੁਧਿਆਣੇ ਤੋਂ ਮੁੰਬਈ ਵਾਸਤੇ ਗੱਡੀ ਚੜ੍ਹ ਗਿਆ। ਗੱਡੀ ਚੜ੍ਹਨ ਤੋਂ ਪਹਿਲਾਂ ਕਰਨੈਲ ਸਿੰਘ ਨੇ ਲੁਧਿਆਣਾ ਸਟੇਸ਼ਨ ਤੋਂ ਇੱਕ ਪੱਤਰ ਆਪਣੇ ਵੱਡੇ ਭਰਾ ਨੂੰ ਲਿਖਿਆ, “ਮੈਂ ਬਿਨਾਂ ਆਗਿਆ ਲਏ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ। ਇਜਾਜ਼ਤ ਦੇ ਦੇਣੀ। ਕਿਉਂਕਿ ਮੈਂ ਹੁਣ ਸ਼ਾਇਦ ਮੁੜ ਨਹੀਂ ਸਕਾਂਗਾ।”
ਮੁੰਬਈ ਰੇਲਵੇ ਸਟੇਸ਼ਨ ਉੱਤੇ 12 ਅਕਤੂਬਰ 1955 ਨੂੰ ਕਰਨੈਲ ਸਿੰਘ ਪੰਜਾਬੀ ਸਤਿਆਗ੍ਰਹਿ ਟੋਲੀ ਵਿੱਚ ਸ਼ਾਮਲ ਹੋ ਗਿਆ। ਇਸ ਉਪਰੰਤ ਅਗਲੇ ਦਿਨ 13 ਅਗਸਤ ਨੂੰ ਪੂਨਾ ਵਿਖੇ ਦੇਸ਼ ਦੇ ਸਾਰੇ ਭਾਗਾਂ ਤੋਂ ਆਏ ਸੱਤਿਆਗ੍ਰਿਹੀਆਂ ਨੇ ਆਪਣੀ ਆਪਣੀ ਪਾਰਟੀ ਦੇ ਝੰਡੇ ਗੋਆ ਵਿਮੋਚਨ ਸਮਿਤੀ ਕੋਲ ਜਮ੍ਹਾਂ ਕਰਵਾ ਦਿੱਤੇ ਤੇ ਰਾਸ਼ਟਰੀ ਝੰਡੇ ਲੈ ਲਏ। ਹੁਣ ਰਾਸ਼ਟਰੀ ਸੱਤਿਆਗ੍ਰਹਿ ਜਥੇ ਦੀ ਕਮਾਂਡ ਇੱਕ ਬੰਗਾਲੀ ਕਾਮਰੇਡ ਚੇਤਨਾ ਦੇ ਹਵਾਲੇ ਕਰ ਦਿੱਤੀ ਗਈ। ਜਿਵੇਂ ਵੀ ਹੋ ਸਕਿਆ ਸਾਰੇ ਅੰਦੋਲਨਕਾਰੀ 15 ਅਗਸਤ 1955 ਨੂੰ ਸਵੇਰ ਹੋਣ ਤਕ ਗੋਆ ਦੀ ਸਰਹੱਦ ਤੋਂ ਪਹਿਲਾਂ, ਅੱਧਾ ਕਿਲੋਮੀਟਰ ਦੀ ਦੂਰੀ ’ਤੇ ਇਕੱਠੇ ਹੋ ਗਏ। ਲੀਡਰ ਦੇ ਹੁਕਮ ਮੁਤਾਬਕ ਚਾਰ ਚਾਰ ਦੀਆਂ ਟੋਲੀਆਂ ਬਣਾਈਆਂ, ਕਤਾਰਬੰਦੀ ਕੀਤੀ। ਗੋਆ ਦੀ ਧਰਤੀ ਉੱਤੇ ਪੈਰ ਰੱਖਣ ਤੋਂ ਪਹਿਲਾਂ ਗੀਤ ਗਾਏ ਗਏ ਤੇ ਭੰਗੜੇ ਪਾਏ ਗਏ, ਅਗਵਾਈ ਕਰਨੈਲ ਸਿੰਘ ਨੇ ਖੁਦ ਕੀਤੀ। ਕੌਮੀ ਝੰਡਾ ਲਹਿਰਾਇਆ ਗਿਆ। ਸਾਰਿਆਂ ਨੇ ਕੌਮੀ ਤਰਾਨਾ ਗਾ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਪਿੱਛੋਂ ਪੁਰਤਗਾਲੀਆਂ ਵੱਲੋਂ ਦਿੱਤੀ ਚਿਤਾਵਣੀ ਦੀ ਪਰਵਾਹ ਨਾ ਕਰਦਿਆਂ ਗੋਆ ਦੀ ਸਰਹੱਦ ਅੰਦਰ ਚਾਰ ਚਾਰ ਦੀਆਂ ਟੁਕੜੀਆਂ ਵਿੱਚ ਨਾਅਰੇ ਮਾਰਦੇ ਦਾਖਲ ਹੋਣ ਲੱਗੇ। ਸਾਮਰਾਜੀ ਸਿਪਾਹੀਆਂ ਨੇ ਗੋਲੀਆਂ ਦੀ ਪਹਿਲੀ ਬੁਛਾੜ ਦਰਖ਼ਤਾਂ ਵੱਲ ਕੀਤੀ। ਜਦੋਂ ਸਿੱਧੀ ਗੋਲਾਬਾਰੀ ਹੋਈ ਤਾਂ ਕੁਝ ਗੋਲੀਆਂ ਕਾਮਰੇਡ ਚੇਤਨਾ ਨੂੰ ਲੱਗੀਆਂ। ਜ਼ਖਮੀ ਚੇਤਨਾ ਕੋਲੋਂ ਝੰਡਾ ਡਿਗਣ ਹੀ ਲੱਗਾ ਸੀ ਕਿ ਸੱਤਵੀਂ, ਅੱਠਵੀਂ ਕਤਾਰ ਵਿੱਚੋਂ ਕਰਨੈਲ ਸਿੰਘ ਇੱਕ ਦਮ ਤੇਜ਼ੀ ਨਾਲ ਅੱਗੇ ਵਧਿਆ ਤੇ ਰਾਸ਼ਟਰੀ ਝੰਡਾ ਫੜ ਲਿਆ। ਬੱਸ ਫਿਰ ਕੀ ਸੀ! ਦੋ ਗੋਲੀਆਂ ਸਿੱਧੀਆਂ ਕਰਨੈਲ ਸਿੰਘ ਦੀ ਛਾਤੀ ਵਿੱਚ ਵੱਜੀਆਂ। ਉਹ ਬੋਲੇ ਸੋ ਨਿਹਾਲ ਤੇ ਇਨਕਲਾਬ ਜ਼ਿੰਦਾਬਾਦ! ਦੇ ਨਾਅਰੇ ਮਾਰਦਾ ਹੋਇਆ ਗੋਆ ਦੇ ਇਸ ਖਿੱਤੇ ਲਈ ਆਪਣੀ ਕੁਰਬਾਨੀ ਦੇ ਗਿਆ ਅਤੇ ਪਿੰਡ ਈਸੜੂ (ਪੰਜਾਬ) ਭਾਰਤ ਦੇ ਲੋਕਾਂ ਦਾ ਮਾਰਗ ਦਰਸ਼ਕ ਬਣ ਗਿਆ।
ਗੋਆ ਦੇ ਸਾਰੇ ਸ਼ਹੀਦਾਂ ਦਾ ਸਸਕਾਰ ਪੂਨਾ ਵਿਖੇ ਹੀ ਕੀਤਾ ਗਿਆ। ਉਹਨਾਂ ਦੀ ਸ਼ਹੀਦੀ ਤੋਂ 6 ਵਰ੍ਹੇ ਮਗਰੋਂ 1961 ਵਿੱਚ ਗੋਆ ਆਜ਼ਾਦ ਹੋਇਆ। ਗੋਆ ਦੇ ਪਿੱਤਰਾ ਦੇਵੀ ਦੇ ਸਕੂਲ ਵਿੱਚ ਸ਼ਹੀਦ ਮਾਸਟਰ ਕਰਨੈਲ ਸਿੰਘ ਦਾ ਬੁੱਤ ਲਾਇਆ ਗਿਆ। ਪਿੰਡ ਈਸੜੂ ਦਾ ਕੋਈ ਵੀ ਵਸਨੀਕ ਗੋਆ ਵਿੱਚ ਸਟੇਟ ਗੈਸਟ ਹੁੰਦਾ ਹੈ।
ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ ਹਰ ਵਰ੍ਹੇ 15 ਅਗਸਤ ਵਾਲੇ ਦਿਨ ਉਨ੍ਹਾਂ ਦੇ ਜੱਦੀ ਪਿੰਡ ਈਸੜੂ (ਖੰਨਾ) ਵਿਖੇ ਇੱਕ ਭਾਰੀ ਮੇਲਾ ਭਰਦਾ ਹੈ, ਜਿੱਥੇ ਇਸ ਦਿਨ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਵੱਡੀਆਂ ਵੱਡੀਆਂ ਸਿਆਸੀ ਕਾਨਫਰੰਸਾਂ ਕਰਕੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿੱਚ ਇੱਕ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ।
ਦੇਸ਼ ਅਤੇ ਕੌਮ ਦਾ ਨਿਰਮਾਤਾ ਮੰਨੇ ਜਾਣ ਵਾਲੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਨਾਂਅ ਉੱਤੇ ਖੰਨਾ ਵਿਖੇ ਇੱਕ ਬਜ਼ਾਰ ਦਾ ਨਾਮ ਕਰਨੈਲ ਸਿੰਘ ਰੋਡ ਹੈ। ਇਸ ਤੋਂ ਬਿਨਾਂ ਪਿੰਡ ਈਸੜੂ ਵਿਖੇ ਸ਼ਹੀਦ ਮਾਸਟਰ ਕਰਨੈਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈ। ਪਰ ਇਸ ਤੋਂ ਇਲਾਵਾ ਉਨ੍ਹਾਂ ਦੀ ਯਾਦ ਵਿੱਚ ਹੋਰ ਕੋਈ ਵੱਡੀ ਯਾਦਗਾਰ ਨਹੀਂ ਹੈ। ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਮਾਸਟਰ ਵਰਗ ਦਾ ਮਾਣ ਹੈ। ਸੋ ਲੋੜ ਹੈ ਪੰਜਾਬ ਦੇ ਇਸ ਮਹਾਨ ਸਪੂਤ ਦੀ ਕੁਰਬਾਨੀ ਨੂੰ ਹੋਰ ਉਭਾਰਨ ਲਈ ਸੂਬਾ ਸਰਕਾਰ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਉੱਤੇ ਦਿੱਤੇ ਜਾਣ ਵਾਲੇ ਸਟੇਟ ਅਵਾਰਡ ਦਾ ਨਾਂਅ ‘ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਅਵਾਰਡ’ ਰੱਖਿਆ ਜਾਵੇ। ਇਸ ਨਾਲ ਸਰਕਾਰੀ ਖ਼ਜ਼ਾਨੇ ਉੱਤੇ ਕੋਈ ਆਰਥਿਕ ਬੋਝ ਵੀ ਨਹੀਂ ਪਵੇਗਾ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹੋ ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
**