“ਗੱਲ ਬੈਂਕ ਲੋਨ ਦੀ ਸੀ। ਮਾੜਾ ਵਕਤ ਆਉਣ ਕਰਕੇ ਮੈਂ ਲੋਨ ਦੀਆਂ ਕੁਝ ਕਿਸ਼ਤਾਂ ਨਾ ਭਰ ਸਕਿਆ, ਜਿਸ ਕਰਕੇ ਬੈਂਕ ਨੇ ...”
(12 ਸਤੰਬਰ 2024)
ਦੋਹਰੇ ਕਰਦਾਰ ਦਾ ਮਤਲਬ ਹੈ ਕਿ ਦੋ ਤਰ੍ਹਾਂ ਦੇ ਪੱਖ ਦੀ ਭੂਮਿਕਾ ਅਦਾ ਕਰਨ ਵਾਲਾ। ਜਿਹੜਾ ਮਨੁੱਖ ਤੁਹਾਡੇ ਸਾਹਮਣੇ ਹੋਰ ਤੇ ਪਿੱਠ ਪਿੱਛੇ ਹੋਰ ਹੋਵੇ, ਸਮਝੋ ਉਸਦਾ ਦੋਹਰਾ ਕਰਦਾਰ ਹੈ। ਅਜਿਹੇ ਮਨੁੱਖ ਬਹੁਤ ਘਾਤਕ ਹੁੰਦੇ ਹਨ, ਉਹ ਦੋਸਤੀ ਦੇ ਕਾਬਲ ਨਹੀਂ ਹੁੰਦੇ। ਉਸ ਦਾ ਕਾਰਨ ਇਹ ਹੁੰਦਾ ਹੈ ਕਿ ਜ਼ਿੰਦਗੀ ਵਿੱਚ ਅਗਰ ਤੁਹਾਡੇ ਉੱਤੇ ਕਦੇ ਮਾੜਾ ਵਕਤ ਆ ਜਾਵੇ ਤਾਂ ਦੋਹਰੇ ਕਰਦਾਰ ਵਾਲੇ ਬੰਦੇ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ। ਬੰਦੇ ਦੇ ਦੋਹਰੇ ਕਰਦਾਰ ਨੂੰ ਲੈ ਕੇ ਮੈਂ ਪਾਠਕਾਂ ਨਾਲ ਇੱਕ ਹੱਡ ਬੀਤੀ ਸਾਂਝੀ ਕਰਨ ਜਾ ਰਿਹਾ ਹਾਂ। ਗੱਲ ਇਉਂ ਹੋਈ ਕਿ ਮੇਰੇ ਦੋ ਤਿੰਨ ਬੜੇ ਨੇੜੇ ਦੇ ਦੋਸਤ ਮਿੱਤਰ ਸਨ, ਜਿੰਨਾ ਉੱਤੇ ਮੈਨੂੰ ਬੇਹੱਦ ਵਿਸ਼ਵਾਸ ਸੀ। ਮੈਨੂੰ ਜਾਪਦਾ ਸੀ ਕੇ ਅਗਰ ਕਦੇ ਜ਼ਿੰਦਗੀ ਵਿੱਚ ਮਾੜਾ ਵਕਤ ਆਇਆ ਤਾਂ ਇਹ ਦੋਵੇਂ ਤਿੰਨੇ ਦੋਸਤ ਮੇਰੀਆਂ ਬਾਹਵਾਂ ਬਣ ਮੇਰਾ ਸਾਥ ਦੇਣਗੇ ਕਿਉਂਕਿ ਹਰ ਔਖੇ ਸੌਖੇ ਵੇਲੇ ਮੈਂ ਉਹਨਾਂ ਦਾ ਸਾਥ ਦਿੰਦਾ ਸਾਂ, ਉਹਨਾਂ ਦੀ ਗਾਹੇ ਬਗਾਹੇ ਮਦਤ ਵੀ ਠੋਕ ਕੇ ਕਰਦਾ ਰਿਹਾ ਹਾਂ। ਮੇਰੀ ਹਮੇਸ਼ਾ ਇਹੋ ਸੋਚ ਰਹੀ ਕਿ ਰਿਸ਼ਤੇਦਾਰ ਬਾਅਦ ਵਿੱਚ, ਪਹਿਲਾਂ ਯਾਰੀ-ਦੋਸਤੀ ਮਾਅਨੇ ਰੱਖਦੀ ਹੈ। ਇਸਦੀ ਵਜਾਹ ਇਹ ਹੁੰਦੀ ਕਿ ਰਿਸ਼ਤੇਦਾਰ ਔਖੇ ਵੇਲੇ ਪਤਾ ਨਹੀਂ ਕਦੋਂ ਬਹੁੜਨ ਪਰ ਯਾਰ ਦੋਸਤ ਝੱਟ ਭੱਜੇ ਆਉਣਗੇ। ਪਰ ਮੇਰੀ ਇਹ ਸੋਚ ਉਦੋਂ ਗਲਤ ਸਾਬਤ ਹੋਈ ਜਦੋਂ 2022 ਵਿੱਚ ਮੇਰੇ ਉੱਤੇ ਮਾੜਾ ਵਕਤ ਆ ਗਿਆ। ਉਹਨਾਂ ਦੋਵਾਂ ਤਿੰਨਾਂ ਯਾਰਾਂ ਦੋਸਤਾਂ ਵੱਲੋਂ ਸਾਥ ਦੇਣਾ ਤਾਂ ਬਹੁਤ ਦੂਰ ਦੀ ਗੱਲ, ਉਹਨਾਂ ਮੇਰੀ ਜਾਂ ਮੇਰੇ ਪਰਿਵਾਰ ਦੀ ਬਾਤ ਤਕ ਨਹੀਂ ਪੁੱਛੀ। ਇਵੇਂ ਪਾਸਾ ਹੀ ਵੱਟ ਗਏ, ਜਿਵੇਂ ਮੈਨੂੰ ਜਾਣਦੇ ਹੀ ਨਾ ਹੋਣ। ਇੰਨਾ ਹੀ ਨਹੀਂ, ਉਹ ਮੇਰੇ ਖਿਲਾਫ ਕੂੜ ਪ੍ਰਚਾਰ ਕਰਨ ਲੱਗ ਪਏ। ਉਨ੍ਹਾਂ ਥਾਂ ਥਾਂ ਮੇਰੀ ਭੰਡੀ ਕਰਨੀ ਸ਼ੁਰੂ ਕਰ ਦਿੱਤੀ। ਹੋਰ ਤਾਂ ਹੋਰ, ਬੈਂਕ ਵਿੱਚ ਇੱਕ ਜਗ੍ਹਾ ਉਹਨਾਂ ਮੇਰੀ ਗਰੰਟੀ ਪਾਈ ਹੋਈ ਸੀ, ਜੋ ਚੰਗੇ ਵਕਤ ਹਰ ਕੋਈ ਦੋਸਤ ਇੱਕ ਦੂਜੇ ਦੀ ਆਮ ਪਾ ਹੀ ਦਿੰਦਾ ਹੈ। ਪਰ ਨਹੀਂ! ਕਿਉਂਕਿ ਉਹ ਦੋਹਰੇ ਕਰਦਾਰ ਵਾਲੇ ਸਨ, ਉਹਨਾਂ ਮੈਨੂੰ ਮੁਸ਼ਕਿਲ ਵਿੱਚੋਂ ਬਾਹਰ ਕੱਢਣ ਦੀ ਬਜਾਏ ਜਾਂ ਉਸ ਸਮੱਸਿਆ ਦਾ ਹੱਲ ਕੱਢਣ ਦੀ ਬਜਾਏ ਆਪਣੇ ਆਪ ਨੂੰ ਸੁਰੱਖਿਅਤ ਕਰਨ ਵਾਲਾ ਰਾਹ ਲੱਭ ਲਿਆ। ਹਾਲਾਂ ਕਿ ਸਮੱਸਿਆ ਕੋਈ ਖ਼ਾਸ ਨਹੀਂ ਸੀ, ਉਸ ਮੁਸੀਬਤ ਵਿੱਚੋਂ ਮੈਂ ਬਾਹਰ ਆ ਹੀ ਜਾਣਾ ਸੀ ’ਤੇ ਆ ਵੀ ਗਿਆ।
ਗੱਲ ਬੈਂਕ ਲੋਨ ਦੀ ਸੀ। ਮਾੜਾ ਵਕਤ ਆਉਣ ਕਰਕੇ ਮੈਂ ਲੋਨ ਦੀਆਂ ਕੁਝ ਕਿਸ਼ਤਾਂ ਨਾ ਭਰ ਸਕਿਆ, ਜਿਸ ਕਰਕੇ ਬੈਂਕ ਨੇ ਨੋਟਿਸ ਜਾਰੀ ਕਰ ਦਿੱਤਾ। ਉਹ ਗਰੰਟਰ ਸਨ। ਫਿਰ ਕੀ ਸੀ, ਉਹ ਬੈਂਕ ਗਏ ਤੇ ਆਖਣ ਲੱਗੇ, “ਆ ਚੱਕੋ ਜੀ ਉਸਦੇ ਮਕਾਨ ਦੀ ਫਰਦ ... ਸਾਨੂੰ ਬਚਾਓ। ਸਾਡੇ ਗਲ਼ ’ਚੋਂ ਫੰਧਾ ਲਾਹੋ।”
ਇਹ ਉਹਨਾਂ ਦੇ ਕਿਰਦਾਰ ਦਾ ਦੂਜਾ ਪੱਖ ਸੀ।
ਮੇਰੇ ਉਹਨਾਂ ਦੋਸਤਾਂ ਦੇ ਕਿਰਦਾਰ ਦਾ ਪਹਿਲਾ ਪੱਖ ਕੀ ਸੀ? ਮੇਰੇ ਚੰਗੇ ਵੇਲੇ ਉਹ ਮੈਨੂੰ ਬਾਈ ਜੀ! ਬਾਈ ਜੀ! ਕਹਿੰਦੇ ਨਹੀਂ ਸਨ ਥੱਕਦੇ।
ਬੰਦੇ ਨੂੰ ਜਦੋਂ ਤਕ ਦੋਹਰੇ ਕਿਰਦਾਰ ਦੀ ਸਮਝ ਆਉਂਦੀ ਹੈ, ਉਦੋਂ ਤਕ ਪਾਣੀ ਪੁਲਾਂ ਦੇ ਉੱਪਰੋਂ ਦੀ ਲੰਘ ਚੁੱਕਿਆ ਹੁੰਦਾ ਹੈ। ਮੁੱਕਦੀ ਗੱਲ, ਦੋਹਰੇ ਕਿਰਦਾਰ ਵਾਲੇ ਬੰਦਿਆਂ ਜਾਂ ਦੋਸਤਾਂ ਨੂੰ ਪਛਾਣ ਕੇ ਉਹਨਾਂ ਤੋਂ ਹਮੇਸ਼ਾ ਫਾਸਲਾ ਬਣਾ ਕੇ ਰੱਖੋ। ਇਸੇ ਵਿੱਚ ਹੀ ਸਿਆਣਪ ਹੈ। ਜ਼ਿੰਦਗੀ ਵਿੱਚ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5291)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.