“ਮੈਂ ਉਨ੍ਹਾਂ ਦੇ ਗੋਡੀਂ ਹੱਥ ਲਾਉਣਾ, ਅਸ਼ੀਰਵਾਦ ਲੈਣਾ ਤੇ ਉਨ੍ਹਾਂ ਦਾ ਮੁੜਵਾਂ ਹਾਲ ਚਾਲ ਪੁੱਛਣਾ। ਬੜਾ ਚੰਗਾ ...”
(23 ਮਈ 2025)
12 ਮਈ ਨੂੰ ਅੰਮ੍ਰਿਤਸਰ ਦੇ ਕਸਬਾ ਮਜੀਠਾ ਦੇ ਪਿੰਡ ਭੰਗਾਲੀ ਵਿੱਚ ਇੱਕ ਇੱਟਾਂ ਦੇ ਭੱਠੇ ਉੱਤੇ ਕੰਮ ਕਰਦੇ ਮਜ਼ਦੂਰਾਂ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਜਣਿਆਂ ਦੀ ਮੌਤ ਹੋਣ ਦੀ ਬੁਰੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 2024 ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁੱਜਰਾਂ ਵਿੱਚ ਸ਼ਰਾਬ ਪੀਣ ਨਾਲ 8 ਮੌਤਾਂ ਹੋਣ ਦੀ ਘਟਨਾ ਵਾਪਰੀ ਸੀ। ਉਸ ਤੋ ਪਹਿਲਾਂ ਵੀ ਪੰਜਾਬ ਵਿੱਚ ਅਨੇਕਾਂ ਵਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਹਰ ਵਰ੍ਹੇ ਸੈਕੜੇ ਜਾਨਾਂ ਚਲੀਆਂ ਗਈਆਂ। ਹਰ ਵਾਰ ਜਾਂਚ ਦੀ ਮੰਗ ਉਠੱਦੀ ਹੈ, ਫਿਰ ਜਾਂਚ ਕਰਵਾਉਣ ਦੇ ਹੁਕਮ ਹੁੰਦੇ ਹਨ ਤੇ ਜਾਂਚ ਸ਼ੁਰੂ ਹੁੰਦੀ ਹੈ। ਪਰ ਜਿਵੇਂ ਹੀ ਲੋਕ-ਰੋਹ ਠੰਢਾ ਹੁੰਦਾ ਹੈ, ਜਾਂਚ ਦੀਆਂ ਫਾਇਲਾਂ ਧੂੜ ਥੱਲੇ ਦਬ ਕੇ ਰਹਿ ਜਾਂਦੀਆਂ ਹਨ। ਉੰਨੇ ਨੂੰ ਭੰਗਾਲੀ ਵਾਂਗ ਕੋਈ ਹੋਰ ਘਟਨਾ ਵਾਪਰ ਜਾਦੀ ਹੈ ਤੇ ਫਿਰ ਉਹੀ ਜਾਂਚ ਵਾਲਾ ਸਿਲਸਲਾ ਸ਼ੁਰੂ ਹੁੰਦਾ ਹੈ।
ਹੁਣ ਵੀ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਮੁਤਾਬਕ ਪਿੰਡ ਭੰਗਾਲੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਐੱਫ ਆਈ ਆਰ ਨੰਬਰ 42 ਅਧੀਨ ਧਾਰਾ 105 ਬੀਐੱਨਐੱਸ ਅਤੇ 61 ਐਕਸਾਈਜ਼ ਤਹਿਤ ਮੁਕਦਮਾ ਦਰਜ ਕਰ ਕੇ ਪ੍ਰਭਜੀਤ ਸਿੰਘ ਉਰਫ ਬਾਬੂ, ਕੁਲਬੀਰ ਸਿੰਘ ਉਰਫ ਜੱਗੂ, ਸਾਹਿਬ ਸਿੰਘ ਉਰਫ ਰਾਈ, ਗੁਰਜੰਟ ਸਿੰਘ ਉਰਫ ਜੰਟਾ, ਸਿਕੰਦਰ ਸਿੰਘ ਉਰਫ ਪੱਪੂ, ਅਰੁਣ ਕੁਮਾਰ ਉਰਫ ਕਾਲਾ ਅਤੇ ਨਿੰਦਰ ਕੌਰ ਪਤਨੀ ਜੀਤਾ ਸਿੰਘ ਸਮੇਤ ਕੁੱਲ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਵੀ ਖੁਦ ਮੌਕੇ ’ਤੇ ਪਹੁੰਚੇ ਤੇ ਜਿਨ੍ਹਾਂ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜ ਪਿੰਡਾਂ ਦੇ ਲੋਕ ਪ੍ਰਭਾਵਤ ਹੋਏ ਹਨ। ਅਸੀਂ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮ ਨੂੰ ਇੱਕ ਚੰਗਾ ਕਦਮ ਕਹਿ ਸਕਦੇ ਹਾਂ। ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਸ ਘਟਨਾ ਪ੍ਰਤੀ ਗੰਭੀਰਤਾ ਵਿਖਾਉਂਦਿਆਂ ਟਵੀਟ ਕਰਕੇ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਨੂੰ ਕਤਲ ਦੱਸਿਆ ਗਿਆ ਹੈ ਤੇ ਦੋਸ਼ੀਆਂ ਨੂੰ ਨਾ ਬਖ਼ਸ਼ੇ ਜਾਣ ਦਾ ਵਾਅਦਾ ਕੀਤਾ ਗਿਆ ਹੈ। ਮੁੱਖ ਮੰਤਰੀ ਦੇ ਇਸ ਟਵੀਟ ਤੋਂ ਲੱਗਦਾ ਹੈ ਕੇ ਉਹ ਜ਼ਹਿਰੀਲੀ ਸ਼ਰਾਬ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਚੋਖਾ ਸਖ਼ਤ ਹਨ ਤੇ ਨਾਲ ਹੀ ਇਹ ਵੀ ਲੱਗਦਾ ਹੈ ਕਿ ਉਹ ਜ਼ਹਿਰੀਲੀ ਸ਼ਰਾਬ ਦੀ ਰੋਕਥਾਮ ਬਾਰੇ ਕੋਈ ਨਾ ਕੋਈ ਸਖ਼ਤ ਐਕਸ਼ਨ ਵੀ ਜ਼ਰੂਰ ਲੈਣਗੇ, ਜਿਸ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਦੀ ਉਮੀਦ ਕੀਤੀ ਜਾ ਸਕਦੀ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਘਟਨਾ ਨੂੰ ਲੈ ਕੇ ਟਵੀਟ ਵੀ ਇਸ ਘਟਨਾ ਪ੍ਰਤੀ ਸਰਕਾਰ ਦੇ ਸਖ਼ਤ ਰੁਖ ਨੂੰ ਦਰਸਾਉਂਦਾ ਨਜ਼ਰ ਆ ਰਿਹਾ ਹੈ।
ਅਗਲਾ ਸਵਾਲ ਹੈ ਕਿ ਅਸੀਂ ਘਟਨਾ ਵਾਪਰਨ ਮਗਰੋਂ ਹੀ ਹਰਕਤ ਵਿੱਚ ਕਿਉਂ ਆਉਂਦੇ ਹਾਂ, ਪਹਿਲਾਂ ਕਿਉਂ ਨਹੀਂ ਸਾਰਥਕ ਕਦਮ ਉਠਾਏ ਜਾਂਦੇ? ਸ਼ਰਾਬ ਦੀਆਂ ਨਜਾਇਜ਼ ਫੈਕਟਰੀਆਂ ’ਤੇ ਨਕੇਲ ਕੌਣ ਪਾਊ? ਇਸ ਤੋਂ ਪਹਿਲਾਂ ਵੀ ਨਕਲੀ ਸ਼ਰਾਬ ਤਿਆਰ ਕਰਨ ਅਤੇ ਵੇਚਣ ਵਾਲੇ ਮਾਫੀਆ ਦੀ ਬਦੌਲਤ ਸੰਗਰੂਰ, ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪਰ ਆਦਿ ਜ਼ਿਲ੍ਹਿਆਂ ਵਿੱਚ ਨਕਲੀ ਸ਼ਰਾਬ ਨਾਲ ਸੈਕੜੇ ਮੌਤਾਂ ਹੋ ਚੁੱਕੀਆਂ ਹਨ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਪਰ ਬਣਿਆ ਕੀ? ... ਸਭ ਦੇ ਸਾਹਮਣੇ ਹੈ।
ਪਹਿਲਾਂ ਕੈਪਟਨ ਅਮਰਿੰਦਰ ਸਿੰਘ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕੀਤੇ ਜਾਣ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕ ਕਿ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਇਆ ਪਰ ਰਿਜ਼ਲਟ ਜ਼ੀਰੋ ਰਿਹਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਢੀ ਨਸ਼ੇ ਖਿਲਾਫ ਮੁਹਿੰਮ ਨੂੰ ਜ਼ਹਿਰੀਲੀ ਸ਼ਰਾਬ ਦੀ ਇਸ ਘਟਨਾ ਨੇ ਗ੍ਰਹਿਣ ਲਾ ਦਿੱਤਾ ਹੈ।, ਜਿਸ ਨਾਲ ਸੂਬਾ ਸਰਕਾਰ ਦੀ ਨਸ਼ੇ ਖਿਲਾਫ ਮੁਹਿੰਮ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਹੈ। ਪਤਾ ਨਹੀਂ ਸਰਕਾਰਾਂ ਕਿਉਂ ਘਟਨਾ ਵਾਪਰ ਜਾਣ ਪਿੱਛੋਂ ਹੀ ਹਰਕਤ ਵਿੱਚ ਆਉਂਦੀਆਂ ਹਨ, ਪਹਿਲਾਂ ਕਿਉਂ ਨਹੀਂ? ਅਗਰ ਸਰਕਾਰ ਅਤੇ ਪ੍ਰਸ਼ਾਸਨ ਅਗੇਤ ਵਿੱਚ ਕਦਮ ਚੁੱਕਣ ਤਾਂ ਪਿੰਡ ਗੁੱਜਰਾਂ ਤੇ ਭੰਗਾਲੀ ਵਰਗੀਆਂ ਘਟਨਾਵਾਂ ਨੂੰ ਵਾਪਰਨ ਤੋਂ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਬੇਸ਼ੱਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਕ ਚੰਗਾ ਕਦਮ ਚੁੱਕਿਆ ਗਿਆ ਹੈ ਪਰ ਫਿਰ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਸ਼ਰਾਬ ਨਾਲ ਇਹ ਮੌਤਾਂ ਕਦੋਂ ਤੱਕ ਹੁੰਦੀਆਂ ਰਹਿਣਗੀਆਂ? ਕੀ ਹਰ ਵਾਰ ਮੁਕੱਦਮਾ ਦਰਜ਼ ਕਰਕੇ ਅਗਲੀ ਘਟਨਾ ਦੀ ਉਡੀਕ ਕੀਤੀ ਜਾਂਦੀ ਰਹੇਗੀ? ਕਿਉਂ ਨਹੀਂ ਅਸੀਂ ਅਜਿਹੀ ਵਿਵਸਥਾ ਕਰਦੇ ਤਾਂ ਜੋ ਅਜਿਹੀਆਂ ਘਟਨਾਵਾਂ ਸਦਾ ਲਈ ਬੰਦ ਹੋ ਜਾਣ ਅਤੇ ਅਜਾਈਂ ਜਾਣ ਵਾਲੀਆਂ ਵੱਡਮੁੱਲੀਆਂ ਜਾਨਾਂ ਬਚ ਸਕਣ। ਇਸ ਲਈ ਸਭ ਤੋਂ ਪਹਿਲਾਂ ਸਰਕਾਰ ਨੂੰ ਸ਼ਰਾਬ ਦੀਆਂ ਨਾਜਾਇਜ਼ ਫੈਕਟਰੀਆਂ ਨੂੰ ਹਰ ਹਾਲ ਵਿੱਚ ਬੰਦ ਕਰਵਾਉਣਾ ਪਵੇਗਾ ਤਾਂ ਹੀ ਜ਼ਹਿਰੀਲੀ ਸ਼ਰਾਬ ਨਾਲ ਵਿਛਣ ਵਾਲੇ ਸਥਰਾਂ ਨੂੰ ਠੱਲ੍ਹ ਪੈ ਸਕਦੀ ਹੈ। ਨਹੀਂ ਤਾਂ ਮੁਕੱਦਮਾ ਦਰਜ਼ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੋਈ ਬਹੁਤਾ ਲਾਭ ਨਹੀਂ ਹੋਵੇਗਾ। ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਭੰਗਾਲੀ ਦੀ ਘਟਨਾ ਨੂੰ ਗੰਭੀਰਤਾ ਨਾਲ ਲਾਵੇਗੀ ਤੇ ਇਸ ਸਮੱਸਿਆ ਦਾ ਸਥਾਈ ਹੱਲ ਕੱਢੇਗੀ।
* * *
ਨਹੀਂ ਭੁੱਲਦੇ ਮਾਸਟਰ ਵੇਦ ਪ੍ਰਕਾਸ਼ ਜੀ ...
ਉਹ ਕੱਚੀ ਪਹਿਲੀ ਜਮਾਤ, ਤਲਾਅ ਵਾਲਾ ਸਕੂਲ ਤੇ ਸਕੂਲ ਦਾ ਉਹ ਅਧਿਆਪਕ ਜੋ ਮੇਰਾ ਪਹਿਲਾ ਅਧਿਆਪਕ ਸੀ, ਅੱਜ ਵੀ ਮੇਰੇ ਜ਼ਹਿਨ ਵਿੱਚ ਹੈ। ਸੱਚੀ ਮੁੱਚੀ ਵੇਦ ਪ੍ਰਕਾਸ਼ ਮਾਸਟਰ ਮੈਨੂੰ ਅੱਜ ਵੀ ਉਸੇ ਤਰ੍ਹਾਂ ਯਾਦ ਹੈ ਭਾਵੇਂ ਕੇ ਮੈਂ ਅੱਜ ਖੁਦ ਅਧਿਆਪਕ ਲੱਗ ਕੇ ਸੇਵਾ ਮੁਕਤ ਹੋਣ ਦੇ ਨੇੜੇ ਪੁੱਜ ਚੁੱਕਾ ਹਾਂ। ਸਕੂਲ ਵਿੱਚ ਖੜ੍ਹਾ ਉਹ ਪਿੱਪਲ ਦਾ ਦ੍ਰਖਤ ਤੇ ਉਸਦੀ ਠੰਢੀ ਸੰਘਣੀ ਛਾਂ ਮੈਨੂੰ ਅੱਜ ਵੀ ਚੇਤੇ ਹਨ, ਜੋ ਉਸ ਵਕਤ ਸਰਕਾਰੀ ਪ੍ਰਾਇਮਰੀ ਸਕੂਲ ਖੰਨੇ ਵਿੱਚ ਹੋਇਆ ਕਰਦਾ ਸੀ। ਭਾਵੇਂ ਉਸ ਸਕੂਲ ਦੀ ਇਮਾਰਤ ਦੀ ਦਿੱਖ ਵਕਤ ਮੁਤਾਬਕ ਬਦਲ ਚੁੱਕੀ ਹੈ ਪਰ ਜਗ੍ਹਾ ਉਹੀ ਹੈ, ਜੋ ਮਨ ਵਿੱਚ ਖੁਸ਼ੀ ਜਿਹੀ ਮਹਿਸੂਸ ਕਰਵਾਉਂਦੀ ਹੈ। ਅੱਜ ਵੀ ਜਦੋਂ ਕਦੇ ਕਦਾਈਂ ਸਕੂਲ ਕੋਲੋਂ ਗੁਜ਼ਰਦਾ ਹਾਂ ਤਾਂ ਸਕੂਲ ਦੀਆਂ ਉਹ ਮੁਢਲੀਆਂ ਯਾਦਾਂ ਮੱਲੋਮੱਲੀ ਯਾਦ ਆ ਜਾਂਦੀਆਂ ਹਨ। ਜਦੋਂ ਮੈਂ ਪਹਿਲੀ ਵਾਰ ਸਕੂਲ ਵਿੱਚ ਦਾਖਲ ਹੋਣ ਗਿਆ ਸਾਂ ਤਾਂ ਉਸ ਵੇਲੇ ਦਾ ਕਿੱਸਾ ਹੁਣ ਵੀ ਮੈਨੂੰ ਧੁੰਦਲਾ ਧੁੰਦਲਾ ਯਾਦ ਹੈ। ਘਰਦੇ ਦਾਖਲ ਕਰਵਾਉਣ ਗਏ ਤਾਂ ਉਮਰ ਘੱਟ ਹੋਣ ਕਰਕੇ ਵੇਦ ਪ੍ਰਕਾਸ਼ ਮਾਸਟਰ ਜੀ ਨੇ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਦੋਂ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚੇ ਨੂੰ ਨਿਯਮਾਂ ਮੁਤਾਬਕ ਸਕੂਲ ਵਿੱਚ ਦਾਖਲ ਨਹੀਂ ਕੀਤਾ ਜਾਂਦਾ ਸੀ ਤੇ ਮਾਪੇ ਅਕਸਰ ਅੱਟੇ ਸੱਟੇ ਨਾਲ ਉਮਰ ਦੱਸ ਕੇ ਬੱਚੇ ਨੂੰ ਦਾਖਲ ਕਰਵਾਇਆ ਕਰਦੇ ਸਨ। ਪਰ ਕੁਝ ਦਿਨਾਂ ਪਿੱਛੋਂ ਮੇਰੇ ਭੂਆ ਜੀ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਉਮਰ ਵਧ ਦੱਸ ਕੇ ਸਕੂਲ ਦਾਖਲ ਕਰਵਾ ਆਏ।
ਉਸ ਸਮੇਂ ਅੱਜ ਵਾਂਗ ਕੇ ਜੀ, ਪ੍ਰੀ ਨਰਸਰੀ ਜਾਂ ਨਰਸਰੀ ਜਮਾਤਾਂ ਨਹੀਂ ਹੁੰਦੀਆਂ ਸਨ ਸਗੋਂ ਸਿੱਧਾ ਪਹਿਲੀ ਜਮਾਤ ਵਿੱਚ ਦਾਖਲ ਕਰ ਲਿਆ ਜਾਂਦਾ ਸੀ ਤੇ ਫਿਰ ਉਸ ਪਿੱਛੋਂ ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਕਾਰਵਾਈ ਜਾਂਦੀ ਸੀ। ਉਦੋਂ ਪੰਜਾਂ ਜਮਾਤਾਂ ਨੂੰ ਇੱਕੋ ਅਧਿਆਪਕ ਹੀ ਪੜ੍ਹਾਇਆ ਕਰਦਾ ਸੀ, ਨਾ ਕਿ ਅੱਜ ਵਾਂਗ ਤਿੰਨ ਚਾਰ ਅਧਿਆਪਕ ਹੁੰਦੇ ਸਨ ਤੇ ਸਾਡਾ ਉਹ ਅਧਿਆਪਕ ਸੀ ਵੇਦ ਪ੍ਰਕਾਸ਼ ਮਾਸਟਰ। ਬਿਲਕੁਲ ਸਿੱਧਾ ਸਾਦਾ ਤੇ ਹਸੂੰ ਹਸੂੰ ਕਰਦਾ ਚਿਹਰਾ, ਮਿੱਠੀ ਬੋਲੀ, ਅਪਣੱਤ ਵੀ ਮਣਾਂ ਮੂੰਹੀਂ, ਮਿਹਨਤੀ ਹੱਦ ਦਰਜੇ ਦੇ, ਜੋ ਪੂਰੀ ਸ਼ਿੱਦਤ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸਨ।
ਪੰਜਵੀਂ ਜਮਾਤ ਤਲਾਅ ਵਾਲੇ ਸਕੂਲ ਵਿੱਚ ਮਾਸਟਰ ਵੇਦ ਪ੍ਰਕਾਸ਼ ਜੀ ਕੋਲੋਂ ਕਰਨ ਮਗਰੋਂ ਮੈਂ ਆਰੀਆ ਸਕੂਲ (ਏ ਐੱਸ ਸੀਨੀਅਰ ਸੈਕੰਡਰੀ ਸਕੂਲ) ਵਿੱਚ ਦਾਖਲਾ ਲਿਆ। ਪਰ ਅੱਠਵੀਂ ਕਲਾਸ ਵਿੱਚ ਘਰਦੇ ਖੰਨੇ ਤੋਂ ਜ਼ਮੀਨ ਵੇਚ ਕੇ ਪਟਿਆਲੇ ਦੇ ਪਿੰਡ ਨਿਜਾਮਨੀਵਾਲਾ ਚਲੇ ਗਏ, ਜਿਸ ਕਰਕੇ 9 ਵੀਂ ਜਮਾਤ ਵਿੱਚ ਘਰਦਿਆਂ ਨੇ ਸਰਕਾਰੀ ਹਾਈ ਸਕੂਲ ਕਰਹਾਲੀ ਸਾਹਿਬ ਦਾਖਲ ਕਰਵਾ ਦਿੱਤਾ। ਦਸਵੀਂ ਉੱਥੋਂ ਕੀਤੀ ਤੇ ਮੁੜ ਖੰਨੇ ਆ ਆਰੀਆ ਸਕੂਲ ਵਿੱਚ ਦਾਖਲਾ ਲਿਆ। ਗਿਆਰ੍ਹਵੀਂ ਖੰਨੇ ਤੋਂ ਕਰਨ ਉਪਰੰਤ ਫਿਰ ਬਾਰ੍ਹਵੀਂ ਕਰਨ ਲਈ ਡੀ ਏ ਵੀ ਕਾਲਜ ਸੈਕਟਰ-10 ਚੰਡੀਗੜ੍ਹ ਜਾ ਦਾਖਲ ਹੋ ਗਿਆ। ਉੱਥੇ ਮਨ ਨਾ ਲੱਗਾ ਤੇ ਇੱਕ ਸਾਲ ਉੱਥੇ ਪੜ੍ਹਾਈ ਕਰਨ ਮਗਰੋਂ ਫਿਰ ਗੌਰਮਿੰਟ ਮਹਿੰਦਰਾ ਕਾਲਜ ਪਟਿਆਲੇ ਦਾਖਲਾ ਲੈ ਲਿਆ। ਉਸ ਮਗਰੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੇ ਐੱਮਏ ਐੱਮਫਿਲ ਕੀਤੀ ਤੇ ਫਿਰ ਗੌਰਮਿੰਟ ਸਟੇਟ ਕਾਲਜ ਪਟਿਆਲਾ ਤੋਂ ਬੀ ਐੱਡ ਕਰਕੇ ਮਾਸਟਰ ਲੱਗ ਗਿਆ।
ਉਦੋਂ ਤਕ ਵੇਦ ਪ੍ਰਕਾਸ਼ ਮਾਸਟਰ ਰਿਟਾਇਰਡ ਹੋ ਚੁੱਕੇ ਸਨ। ਪਰ ਉਨ੍ਹਾਂ ਜਦੋਂ ਕਦੇ ਗਾਹੇ ਬਗਾਹੇ ਮਿਲਣਾ ਤਾਂ ਉਨ੍ਹਾਂ ਉਸੇ ਤਰ੍ਹਾਂ ਹੱਸਦੇ ਹੋਏ ਜ਼ਰੂਰ ਪੁੱਛਣਾ ਅਜੀਤ ਸਿੰਘ ਕੀ ਹਾਲ ਹੈ? ਮੈਂ ਉਨ੍ਹਾਂ ਦੇ ਗੋਡੀਂ ਹੱਥ ਲਾਉਣਾ, ਅਸ਼ੀਰਵਾਦ ਲੈਣਾ ਤੇ ਉਨ੍ਹਾਂ ਦਾ ਮੁੜਵਾਂ ਹਾਲ ਚਾਲ ਪੁੱਛਣਾ। ਬੜਾ ਚੰਗਾ ਲੱਗਣਾ ਉਨ੍ਹਾਂ ਨਾਲ ਮਿਲ ਕੇ ਤੇ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ। ਉਨ੍ਹਾਂ ਵੀ ਮੇਰੇ ਅਧਿਆਪਕ ਲੱਗਣ ’ਤੇ ਮਾਣ ਕਰਿਆ ਕਰਨਾ।
ਬੇਸ਼ੱਕ ਬਾਅਦ ਵਿੱਚ ਮੈਂ ਕਈ ਹੋਰ ਅਧਿਆਪਕਾਂ ਕੋਲੋਂ ਸਿੱਖਿਆ ਹਾਸਲ ਕੀਤੀ ਪਰ ਜੋ ਵੇਦ ਪ੍ਰਕਾਸ਼ ਜੀ ਤੋਂ ਸਿੱਖਿਆ ਹਾਸਲ ਕੀਤੀ, ਉਸ ਨੇ ਮੈਨੂੰ ਉਚੇਰੀ ਸਿੱਖਿਆ ਹਾਸਲ ਕਰਨ ਵਿੱਚ ਬੜਾ ਵੱਡਾ ਯੋਗਦਾਨ ਪਾਇਆ, ਜਿਸ ਨੂੰ ਮੈਂ ਕਦੇ ਭੁਲਾ ਨਹੀਂ ਸਕਿਆ। ਮੈਂ ਹੁਣ ਵੀ ਸੋਚਦਾ ਹਾਂ ਕਿ ਕਿੰਨੇ ਸਾਦੇ, ਮਿਹਨਤੀ ਤੇ ਚੰਗੇ ਸਨ ਮੇਰੀ ਮੁਢਲੀ ਪੜ੍ਹਾਈ ਕਰਵਾਉਣ ਵਾਲੇ ਮਾਸਟਰ ਵੇਦ ਪ੍ਰਕਾਸ਼ ਜੀ। ਸੱਚੀ ਮੁੱਚੀ ਮੈਂ ਜੋ ਕੁਝ ਵੀ ਅੱਜ ਹਾਂ, ਉਸ ਵਿੱਚ ਉਨ੍ਹਾਂ ਦੀ ਭੂਮਿਕਾ ਇੱਕ ਗੁਰੂ ਵਾਲੀ ਰਹੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)