“ਮੇਰੇ ਹਾਂ ਕਰਨ ’ਤੇ ਡਾਕਟਰ ਨੇ ਅਪ੍ਰੇਸ਼ਨ ਕਰ ਦਿੱਤਾ। ਉਸ ਹਸਪਤਾਲ ਵਿੱਚ ...”
(19 ਫਰਵਰੀ 2025)
ਗੱਲ ਡੇਢ ਕੁ ਦਹਾਕਾ ਪੁਰਾਣੀ ਹੈ। ਇੱਕ ਦਿਨ ਸਕੂਲ ਵਿੱਚ ਖੜ੍ਹੇ ਖੜ੍ਹੇ ਅਚਾਨਕ ਮੇਰੇ ਢਿੱਡ ਵਿੱਚ ਜ਼ੋਰ ਦੀ ਦਰਦ ਹੋਣ ਲੱਗਾ। ਮੈਂ ਬੇਵੱਸ ਜਿਹਾ ਹੋ ਗਿਆ। ਮੇਰਾ ਕੁਲੀਗ ਮੈਨੂੰ ਸ਼ਹਿਰ ਦੇ ਇੱਕ ਨਾਮੀ ਹਸਪਤਾਲ ਵਿੱਚ ਲੈ ਗਿਆ। ਡਾਕਟਰ ਨੇ ਚੈੱਕਅਪ ਕੀਤਾ ਤਾਂ ਅਪੈਂਡੈਕਸ ਦੀ ਸ਼ਿਕਾਇਤ ਨਿਕਲੀ। ਡਾਕਟਰ ਨੇ ਕਿਹਾ ਕਿ ਆਪ੍ਰੇਸ਼ਨ ਕਰਨਾ ਪਵੇਗਾ। ਮੈਂ ਇੱਕ ਦਮ ਡਰ ਗਿਆ। ਪਰ ਮੇਰੇ ਹਾਂ ਕਰਨ ’ਤੇ ਡਾਕਟਰ ਨੇ ਅਪ੍ਰੇਸ਼ਨ ਕਰ ਦਿੱਤਾ। ਉਸ ਹਸਪਤਾਲ ਵਿੱਚ ਉਸ ਡਾਕਟਰ ਨੇ ਅੱਗੇ ਹੋਰ ਵੀ ਡਾਕਟਰ ਰੱਖੇ ਹੋਏ ਸਨ, ਜੋ ਵੱਖ ਵੱਖ ਬਿਮਾਰੀਆਂ ਦੇ ਮਾਹਰ ਸਨ। ਮੇਰਾ ਅਪੈਂਡੈਕਸ ਦਾ ਅਪ੍ਰੇਸ਼ਨ ਸਾਡੇ ਸ਼ਹਿਰ ਦੇ ਸਿਵਲ ਹਸਪਤਾਲ ਤੋਂ ਸੇਵਾ ਮੁਕਤ ਹੋਏ ਡਾਕਟਰ ਵੱਲੋਂ ਕੀਤਾ ਗਿਆ। ਅਪ੍ਰੇਸ਼ਨ ਠੀਕਠਾਕ ਹੋ ਗਿਆ।
ਜਿਉਂ ਜਿਉਂ ਮੇਰੇ ਯਾਰਾਂ ਦੋਸਤਾਂ ਨੂੰ ਮੇਰੇ ਅਪ੍ਰੇਸ਼ਨ ਦਾ ਪਤਾ ਚਲਦਾ ਗਿਆ, ਉਹ ਮੇਰਾ ਹਾਲ ਚਾਲ ਜਾਣਨ ਲਈ ਆਉਣ ਲੱਗੇ। ਇੱਕ ਦਿਨ ਹਸਪਤਾਲ ਆਏ ਮੇਰੇ ਇੱਕ ਦੋਸਤ ਨਾਨਕ ਮਹਿਤਾ ਨੇ ਗੱਲਬਾਤ ਦੌਰਾਨ ਮੈਨੂੰ ਪੁੱਛਿਆ ਕਿ ਤੁਸੀਂ ਕੋਈ ਹੈਲਥ ਪੌਲਸੀ ਵਗ਼ੈਰਾ ਨਹੀਂ ਕਾਰਵਾਈ ਹੋਈ ਹੈ? ਤਦ ਮੈਨੂੰ ਯਾਦ ਆਇਆ ਕੇ ਕੁਝ ਸਮਾਂ ਪਹਿਲਾਂ ਮੇਰੇ ਇੱਕ ਜਾਣਕਾਰ ਨੇ ਮੇਰੀ ਇੱਕ ਹੈਲਥ ਪਾਲਿਸੀ ਕੀਤੀ ਸੀ। ਬੱਸ ਫਿਰ ਕੀ ਸੀ, ਮੈਂ ਹੈਲਥ ਇੰਸ਼ੋਰੈਂਸ ਕਾਰਡ ਵਾਲਾ ਕਾਰਡ ਘਰੋਂ ਮੰਗਵਾ ਲਿਆ। ਮੈਂ ਡਾਕਟਰ ਨੂੰ ਕਾਰਡ ਵਿਖਾਇਆ ਤਾਂ ਡਾਕਟਰ ਨੇ ਹੈਲਥ ਪਾਲਿਸੀ ਬਾਰੇ ਕੰਪਨੀ ਨੂੰ ਮੇਲ ਪਾ ਕੇ ਪ੍ਰਵਾਨਗੀ ਲੈ ਲਈ। ਮੈਂ ਖੁਸ਼ ਹੋ ਗਿਆ ਕੇ ਹੁਣ ਮੇਰੇ ਇਲਾਜ ਦਾ ਕੋਈ ਪੈਸਾ ਨਹੀਂ ਲੱਗੇਗਾ। ਹਸਪਤਾਲ ਵਿਚਲੇ ਮੈਡੀਕਲ ਸਟੋਰ ਵਾਲਿਆਂ ਨੇ ਮੇਰੇ ਤੋਂ ਦਵਾਈਆਂ ਦੇ ਪੈਸੇ ਲੈਣੇ ਬੰਦ ਕਰ ਦਿੱਤੇ। ਬੱਸ ਪਰਚੀ ਵਿਖਾਓ ਤੇ ਦਵਾਈ ਲੈ ਲਵੋ।
ਮੈਨੂੰ ਲੱਗਾ ਕਿ ਹੈਲਥ ਪਾਲਿਸੀ ਦਾ ਤਾਂ ਫਾਇਦਾ ਹੀ ਬਹੁਤ ਹੈ। ਇਹ ਤਾਂ ਹਰ ਬੰਦੇ ਨੂੰ ਕਰਵਾਉਣੀ ਚਾਹੀਦੀ ਹੈ। ਇਲਾਜ ਚਲਦਾ ਰਿਹਾ। ਮੈਨੂੰ ਨਹੀਂ ਸੀ ਪਤਾ ਕਿ ਇਹੀ ਹੈਲਥ ਪਾਲਿਸੀ ਮੇਰੇ ਲਈ ਮੁਸੀਬਤ ਬਣ ਜਾਵੇਗੀ। ਹਫ਼ਤੇ ਕੁ ਮਗਰੋਂ ਮੇਰੀ ਸਿਹਤ ਵਿੱਚ ਸੁਧਾਰ ਹੋ ਗਿਆ ਤੇ ਮੈਂ ਡਾਕਟਰ ਤੋਂ ਘਰ ਜਾਣ ਵਾਸਤੇ ਛੁੱਟੀ ਮੰਗੀ। ਮੈਨੂੰ ਲੱਗਾ ਕਿ ਹੁਣ ਮੈਂ ਬਿਲਕੁਲ ਤੁਰ ਫਿਰ ਸਕਦਾ ਹਾਂ, ਇਸ ਲਈ ਮੈਨੂੰ ਛੁੱਟੀ ਲੈ ਕੇ ਘਰ ਜਾਣਾ ਚਾਹੀਦਾ ਹੈ ਤਾਂ ਜੋ ਜਲਦੀ ਠੀਕ ਹੋ ਸਕਾਂ। ਹਸਪਤਾਲ ਵਿੱਚ ਮੇਰਾ ਦਿਲ ਅੱਕ ਚੁੱਕਾ ਸੀ।
ਡਾਕਟਰ ਛੁੱਟੀ ਦੇਣ ਤੋਂ ਇਨਕਾਰ ਕਰਨ ਲੱਗਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਡਾਕਟਰ ਮੈਨੂੰ ਛੁੱਟੀ ਕਿਉਂ ਨਹੀਂ ਦੇ ਰਿਹਾ ਜਦੋਂ ਕਿ ਮੇਰੀ ਸਿਹਤ ਹੁਣ ਤਕ ਕਾਫੀ ਠੀਕ ਵੀ ਹੋ ਚੁੱਕੀ ਸੀ। ਇਸੇ ਦੌਰਾਨ ਇੱਕ ਦਿਨ ਮੈਂ ਹਸਪਤਾਲ ਦੇ ਕਮਰੇ ਤੋਂ ਬਾਹਰ ਬੈਠ ਕੇ ਧੁੱਪ ਸੇਕ ਰਿਹਾ ਸਾਂ ਤਾਂ ਆਪਣੇ ਕੋਲ ਬੈਠੇ ਇੱਕ ਮਰੀਜ਼ ਨੂੰ ਮੈਂ ਪੁੱਛਿਆ, “ਤੁਹਾਨੂੰ ਕੀ ਤਕਲੀਫ਼ ਹੈ?”
ਉਹ ਬੋਲਿਆ, “ਮੇਰੇ ਪੇਟ ਵਿੱਚ ਕੱਲ੍ਹ ਥੋੜ੍ਹਾ ਦਰਦ ਹੋਇਆ ਸੀ, ਜੋ ਹੁਣ ਬਿਲਕੁਲ ਠੀਕ ਹੈ। ਪਰ ਡਾਕਟਰ ਮੈਨੂੰ ਛੁੱਟੀ ਨਹੀਂ ਦੇ ਰਿਹਾ।”
“ਕਿਉਂ?”
“ਡਾਕਟਰ ਹੈਲਥ ਪਾਲਿਸੀ ਵਾਲੇ ਮਰੀਜ਼ ਨੂੰ ਜਲਦੀ ਛੁੱਟੀ ਨਹੀਂ ਦਿੰਦਾ। ਪਾਲਿਸੀ ਦੇ ਸਾਰੇ ਪੈਸੇ ਬਟੋਰਨ ਪਿੱਛੋਂ ਹੀ ਘਰ ਭੇਜਦਾ ਹੈ। ਮੇਰੀ ਮਿਲ ਮਾਲਕਾਂ ਨੇ ਹੈਲਥ ਪਾਲਿਸੀ ਕਾਰਵਾਈ ਹੋਈ ਹੈ। ...”
ਬੱਸ ਫਿਰ ਕੀ ਸੀ! ਮੈਨੂੰ ਸਮਝ ਆ ਗਈ ਕਿ ਡਾਕਟਰ ਮੈਨੂੰ ਛੁੱਟੀ ਕਿਉਂ ਨਹੀਂ ਦੇ ਰਿਹਾ। ਇਸ ਡਾਕਟਰ ਵੱਲੋਂ ਇਲਾਜ ਦੌਰਾਨ ਮੇਰੇ ਕਈ ਟੈੱਸਟ ਅਜਿਹੇ ਕੀਤੇ ਗਏ, ਜਿਨ੍ਹਾਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਸੀ। ਉਹ ਸਿਰਫ ਉਸਨੇ ਇਸ ਕਰਕੇ ਕੀਤੇ ਤਾਂ ਜੋ ਬੀਮਾ ਕੰਪਨੀ ਤੋਂ ਬੀਮੇ ਦੇ ਵੱਧ ਤੋਂ ਵੱਧ ਪੈਸੇ ਵਸੂਲ ਕਰ ਸਕੇ।
ਸਾਰੀ ਗੱਲ ਸਮਝ ਆ ਜਾਣ ਪਿੱਛੋਂ ਜਦੋਂ ਮੈਂ ਛੁੱਟੀ ਵਾਸਤੇ ਜ਼ਿਆਦਾ ਜ਼ਿਦ ਕਰਨ ਲੱਗਾ ਤਾਂ ਡਾਕਟਰ ਕਹਿਣ ਲੱਗਾ ਕਿ ਬੱਸ ਇੱਕ ਆਖਰੀ ਟੈੱਸਟ ਰਹਿ ਗਿਆ ਹੈ, ਉਹ ਕਰਕੇ ਛੁੱਟੀ ਕਰ ਦਿੰਦੇ ਹਾਂ।
ਡਾਕਟਰ ਨੇ ਮੈਨੂੰ ਸੀਟੀ ਸਕੈਨ ਦਾ ਟੈੱਸਟ ਕਰਵਾਉਣ ਲਈ ਕਿਹਾ, ਜਿਸਦਾ ਮੇਰੇ ਅਪ੍ਰੇਸ਼ਨ ਜਾਂ ਬਿਮਾਰੀ ਨਾਲ ਕੋਈ ਸਰੋਕਾਰ ਨਹੀਂ ਸੀ। ਪਰ ਮੈਨੂੰ ਡਾਕਟਰ ਦਾ ਅਸਲ ਮਨੋਰਥ ਸਮਝਣ ਵਿੱਚ ਬਿਲਕੁਲ ਦੇਰ ਨਾ ਲੱਗੀ। ਮੇਰੀ ਹੈਲਥ ਪਾਲਿਸੀ ਇੱਕ ਲੱਖ ਦੀ ਸੀ ਤੇ ਉਸ ਵਿੱਚ ਅਜੇ ਦਸ ਹਾਜ਼ਰ ਰਹਿੰਦੇ ਸਨ। ਮੈਂ ਹੈਰਾਨ ਰਹਿ ਗਿਆ ਜਦੋਂ ਡਾਕਟਰ ਨੇ 95 ਹਾਜ਼ਰ ਦੇ ਬਿੱਲ ਉੱਤੇ ਮੇਰੇ ਦਸਤਖ਼ਤ ਕਰਵਾ ਲਏ। ਉਹ ਅਪ੍ਰੇਸ਼ਨ ਜੋ 15-20 ਹਜ਼ਾਰ ਵਿੱਚ ਹੋਣ ਵਾਲਾ ਸੀ, ਡਾਕਟਰ ਨੇ ਬੀਮਾ ਕੰਪਨੀ ਤੋਂ ਉਸਦੇ 95 ਹਜ਼ਾਰ ਵਸੂਲ ਲਏ।
ਹਸਪਤਾਲ ਤੋਂ ਡਿਸਚਾਰਜ ਹੋਣ ਮਗਰੋਂ ਘਰ ਪਰਤਦੇ ਵਕਤ ਮੈਂ ਸੋਚ ਰਿਹਾ ਸਾਂ ਕਿ ਡਾਕਟਰ ਤਾਂ ਰੱਬ ਦਾ ਰੂਪ ਹੁੰਦੇ ਹਨ … ਇਹ ਡਾਕਟਰ ਤਾਂ ਮੈਨੂੰ ਨਿਰਾ ਲੁਟੇਰਾ ਲਗਦਾ ਹੈ, ਜਿਹੜਾ ਬੀਮਾ ਕੰਪਨੀਆਂ ਨਾਲ ਤਾਂ ਧੋਖਾ ਕਰਦਾ ਹੀ ਹੈ, ਨਾਲ ਹੀ ਆਪਣੇ ਮਰੀਜ਼ਾਂ ਦੇ ਬੇਲੋੜੇ ਟੈੱਸਟ ਕਰਕੇ ਉਨ੍ਹਾਂ ਦੀ ਸਿਹਤ ਨਾਲ ਵੀ ਖਲਵਾੜ ਕਰਦਾ ਹੈ। ਮੈਂ ਸੋਚਣ ਲੱਗਾ, ਰੱਬ ਦੇ ਦੂਜੇ ਰੂਪ ‘ਡਾਕਟਰ’ ਅਤੇ ‘ਲੁਟੇਰੇ’ ਦੀ ਪਛਾਣ ਵਾਹ ਪੈਣ ਤੋਂ ਪਹਿਲਾਂ ਕਿਵੇਂ ਕੀਤੀ ਜਾਵੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)