“ਅੱਜ ਵੀ ਜਦੋਂ ਕਦੇ ਉਸ ਹਾਦਸੇ ਵਾਲੀ ਥਾਂ ਕੋਲੋਂ ਗੁਜ਼ਰਦਾ ਹਾਂ ਤਾਂ ਉਹ ਭਿਆਨਕ ਦ੍ਰਿਸ਼ ...”
(4 ਅਪਰੈਲ 2025)
ਇਹ ਘਟਨਾ 22 ਜੂਨ 2019 ਦੀ ਹੈ। ਐਤਵਾਰ ਦਾ ਦਿਨ ਸੀ। ਮੈਂ ਆਪਣੀ ਕਾਰ ਸਟਾਰਟ ਕੀਤੀ ਤੇ ਆਪਣੇ ਇੱਕ ਦੋਸਤ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ, ਜੋ ਮੇਰੇ ਸ਼ਹਿਰ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਮੰਡਿਆਲਾ ਕਲਾਂ ਦਾ ਰਹਿਣ ਵਾਲਾ ਸੀ। ਉਸਦੇ ਪਿੰਡ ਤੋਂ ਥੋੜ੍ਹਾ ਪਹਿਲਾਂ ਮੈਂ ਕਾਰ ਸਰਵਿਸ ਲਾਈਨ ਤੋਂ ਥੱਲੇ ਲਾਹ ਕੇ ਰੋਕੀ ਤੇ ਆਪਣੇ ਉਸ ਦੋਸਤ ਨੂੰ ਫ਼ੋਨ ਮਿਲਾਇਆ। ਉਸ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ। ਮੈਂ ਉੱਥੇ ਖਲੋ ਕੇ ਉਸਦੀ ਕਾਲ ਦੀ ਉਡੀਕ ਕਰਨ ਲੱਗਾ। ਇੰਨੇ ਨੂੰ ਕੋਈ ਚੀਜ਼ ਪਿੱਛੋਂ ਜ਼ੋਰ ਦੀ ਮੇਰੀ ਕਾਰ ਨਾਲ ਟਕਰਾਈ ਤੇ ਕਾਰ ਨੂੰ ਪੰਜਾਹ ਫੁੱਟ ਅੱਗੇ ਚੁੱਕ ਕੇ ਮਾਰਿਆ। ਉਸ ਇੱਕ ਪਲ ਇੰਝ ਜਾਪਿਆ ਕਿ ਮੈਂ ਗਿਆ। ਮੈਂ ਡੌਰ ਭੌਰ ਹੋ ਗਿਆ। ਮੇਰੇ ਹੋਸ਼ ਉਡ ਗਏ। ਅੱਖਾਂ ਅੱਗੇ ਹਨੇਰਾ ਛਾ ਗਿਆ। ਡੌਰ ਭੌਰ ਹੋਏ ਦੀ ਨਿਗਾਹ ਜਦੋਂ ਬਾਹਰ ਵੱਲ ਗਈ ਤਾਂ ਇੱਕ ਫੋਰ ਵੀਲਰ ਜੀ ਟੀ ਰੋਡ ਦੇ ਵਿਚਾਲੇ ਬਣੀ ਪੱਥਰ ਦੀ ਕੰਧ ਨਾਲ ਟਕਰਾਅ ਕੇ ਲੋਟ ਪੋਟ ਹੁੰਦਾ ਸੜਕ ਵਿਚਾਲੇ ਡਿਗਦਾ ਵੇਖਿਆ, ਜਿਹੜਾ ਪਹਿਲਾਂ ਮੇਰੀ ਕਾਰ ਨਾਲ ਟਕਰਾਇਆ ਸੀ। ਉਸ ਨੂੰ ਵੇਖ ਕੇ ਮੈਂ ਹੋਰ ਡਰ ਗਿਆ। ਇਹ ਸਭ ਕੁਝ ਅੱਖ ਦੇ ਫੋਰ ਨਾਲ ਇੰਨੀ ਤੇਜ਼ੀ ਵਿੱਚ ਵਾਪਰਿਆ, ਕੁਝ ਪਤਾ ਹੀ ਨਾ ਲੱਗਾ ਕਿ ਕੀ ਹੋ ਗਿਆ ਹੈ। ਉਸ ਪਲ ਮੈਨੂੰ ਇੰਝ ਜਾਪਿਆ ਜਿਵੇਂ ਮੇਰੇ ਅੰਗ ਪੈਰ ਨੁਕਸਾਨੇ ਗਏ ਹੋਣ। ਆਪਣੇ ਆਪ ਨੂੰ ਸੰਭਲ਼ਦਿਆਂ ਮੈਂ ਹੱਥਾਂ ਪੈਰਾਂ ਅਤੇ ਸਰੀਰ ਦੇ ਬਾਕੀ ਅੰਗਾਂ ਨੂੰ ਟੋਹਿਆ, ਇਹ ਜਾਣਨ ਲਈ ਕਿ ਮੇਰਾ ਕੋਈ ਅੰਗ ਪੈਰ ਤਾਂ ਨਹੀਂ ਨੁਕਸਾਨਿਆ ਗਿਆ। ਪਰ ਰੱਬ ਦਾ ਸ਼ੁਕਰ! ਸੀਟ ਬੈੱਲਟ ਲੱਗੀ ਹੋਣ ਕਰਕੇ ਮੇਰੇ ਝਰੀਟ ਤਕ ਨਾ ਆਈ। ਕਾਰ ਦੇ ਫਰੰਟ ਵਾਲਾ ਸ਼ੀਸ਼ਾ ਟੁੱਟ ਕੇ ਮੇਰੇ ਸਾਰੇ ਸਰੀਰ ’ਤੇ ਪੈ ਚੁੱਕਾ ਸੀ। ਡੈੱਕ ਡੈਸ਼ ਬੋਰਡ ਵਿੱਚੋ ਨਿਕਲ ਕੇ ਬਾਹਰ ਨੂੰ ਆਇਆ ਹੋਇਆ ਸੀ। ਹੌਸਲਾ ਜਿਹਾ ਕਰਕੇ ਮੈਂ ਆਪਣੇ ਆਲੇ ਦੁਆਲੇ ਨਿਗ੍ਹਾ ਮਾਰੀ। ਕਾਰ ਦੀ ਛੱਤ ਤੇ ਪਿਛਲਾ ਹਿੱਸਾ ਖ਼ਤਮ ਹੋ ਚੁੱਕਾ ਸੀ। ਪਰ ਮੇਰਾ ਜਾਨੀ ਨੁਕਸਾਨ ਬਿਲਕੁਲ ਨਾ ਹੋਇਆ। ਮੈਂ ਵਾਹਿਗੁਰ ਦਾ ਸ਼ੁਕਰ ਕੀਤਾ।
ਇਸ ਹਾਦਸੇ ਉਪਰੰਤ ਮੈਂ ਪੂਰਾ ਡਰ ਗਿਆ। ਕਾਰ ਦਾ ਡਰਾਈਵਰ ਵਾਲਾ ਪਾਸਾ ਬਿਲਕੁਲ ਟੁੱਟ ਚੁੱਕਾ ਸੀ, ਜਿਸ ਕਾਰਨ ਉਹ ਖੁੱਲ੍ਹਿਆ ਨਾ। ਮੈਂ ਹਿੰਮਤ ਕਰਕੇ ਦੂਜੇ ਪਾਸਿਉਂ ਕਾਰ ਵਿੱਚੋਂ ਬਾਹਰ ਨਿਕਲਿਆ। ਮੇਰੇ ਹੌਲ ਪੈ ਰਹੇ ਸਨ ਤੇ ਸਰੀਰ ਕੰਬ ਰਿਹਾ ਸੀ। ਹਾਦਸੇ ਦੇ ਤੁਰੰਤ ਬਾਅਦ ਟੈਂਪੂ ਵਾਲਾ ਮੇਰੇ ਕੋਲ ਆਇਆ ਤੇ ਪੁੱਛਣ ਲੱਗਾ, “ਤੁਸੀਂ ਠੀਕ ਹੋ? ਪਿਛਲੀ ਸੀਟ ਵਾਲੀਆਂ ਸਵਾਰੀਆਂ ਠੀਕ ਹਨ?”
ਉਹ ਡਰਿਆ ਹੋਇਆ ਸੀ। ਉਸ ਨੂੰ ਲੱਗਾ ਕੇ ਕਾਰ ਵਿੱਚ ਪਿੱਛੇ ਬੈਠੀਆਂ ਸਵਾਰੀਆਂ ਬਚੀਆਂ ਨਹੀਂ ਹੋਣਗੀਆਂ। ਕਿਉਂਕਿ ਕਾਰ ਪਿੱਛੋਂ ਬਿਲਕੁਲ ਇਕੱਠੀ ਹੋ ਚੁੱਕੀ ਸੀ। ਪਰ ਉਸਦੇ ਉਦੋਂ ਸਾਹ ਵਿੱਚ ਸਾਹ ਆਇਆ, ਜਦੋਂ ਮੈਂ ਉਸ ਨੂੰ ਦੱਸਿਆ ਕੇ ਕਾਰ ਦੀ ਪਿਛਲੀ ਸੀਟ ’ਤੇ ਕੋਈ ਸਵਾਰੀ ਨਹੀਂ ਸੀ। ਰੱਬ ਦੀ ਕਿਰਪਾ ਨਾਲ ਟੈਂਪੂ ਵਾਲੇ ਦਾ ਵੀ ਕੋਈ ਜਾਨੀ ਨੁਕਸਾਨ ਨਾ ਹੋਇਆ। ਟੈਂਪੂ ਵਿੱਚ ਡਰਾਈਵਰ ਸਣੇ ਤਿੰਨ ਬੰਦੇ ਸਨ, ਜੋ ਬਿਲਕੁਲ ਸਹੀ ਸਲਾਮਤ ਸਨ। ਟੈਂਪੂ ਕੰਧ ਨਾਲ ਟਕਰਾਉਣ ਪਿੱਛੋਂ ਤਿੰਨ ਚਾਰ ਵਾਰ ਉਲਟਾ ਪੁਲਟਾ ਹੋ ਚੁੱਕਾ ਸੀ। ਅਸੀਂ ਇੱਕ ਦੂਜੇ ਨਾਲ ਲੜਨ ਦੀ ਬਜਾਏ ਰੱਬ ਦਾ ਸ਼ੁਕਰ ਮਨਾਇਆ। ਬੇਸ਼ਕ ਗਲਤੀ ਟੈਂਪੂ ਵਾਲੇ ਦੀ ਸੀ ਪਰ ਮੈਂ ਉਸ ਨੂੰ ਕੁਝ ਨਾ ਕਿਹਾ। ਉੱਥੇ ਇਕੱਠੇ ਹੋਏ ਲੋਕਾਂ ਦੀ ਭੀੜ ਟੈਂਪੂ ਵਾਲੇ ਦੀ ਗਲਤੀ ਕੱਢ ਰਹੀ ਸੀ ਤੇ ਉਸ ਨੂੰ ਕੁੱਟਣ ਨੂੰ ਤਿਆਰ ਸੀ। ਪਰ ਅਸੀਂ ਸਮਝਦਾਰੀ ਤੋਂ ਕੰਮ ਲੈਂਦਿਆਂ ਆਪਸ ਵਿੱਚ ਬੈਠ ਕੇ ਕਾਰ ਦੇ ਹੋਏ ਨੁਕਸਾਨ ਨੂੰ ਨਜਿੱਠ ਲਿਆ। ਮੇਰੀ ਕਾਰ ਭਾਵੇਂ ਕਾਫੀ ਹੱਦ ਤਕ ਖ਼ਤਮ ਹੋ ਚੁੱਕੀ ਸੀ ਪਰ ਮੈਂ ਕੁਝ ਪੈਸਿਆਂ ਵਿੱਚ ਗੱਲ ਨਿਬੇੜ ਲਈ। ਸੋਚਿਆ, ਜਾਨ ਬਚ ਗਈ, ਇਹੋ ਰੱਬ ਦਾ ਸ਼ੁਕਰ ਹੈ। ਕਾਰ ਤਾਂ ਬੰਦਾ ਜ਼ਿੰਦਗੀ ਵਿੱਚ ਹੋਰ ਖਦੀਦ ਲੈਂਦਾ ਹੈ, ਜਾਨ ਦੁਬਾਰਾ ਨਹੀਂ ਮਿਲਦੀ। ਨਾਲੇ ਕਿਹੜਾ ਕੋਰਟ ਕਚਹਿਰੀਆਂ ਵਿੱਚ ਧੱਕੇ ਖਾਂਦਾ ਫਿਰੂ।
ਸਿਆਣੇ ਕਹਿੰਦੇ ਹਨ, ਜੱਗ ਜਿਊਂਦਿਆਂ ਦੇ ਮੇਲੇ। ਸੱਚ ਜਾਣਿਓ! ਉਸ ਹਾਦਸੇ ਪਿੱਛੋਂ ਮੇਰਾ ਬਹੁਤ ਕੁਝ ਬਦਲ ਗਿਆ ਤੇ ਖ਼ਾਸ ਕਰ ਸੋਚ ਵੀ। ਮੈਂ ਹੁਣ ਤਕ ਵੀ ਉਸ ਹਾਦਸੇ ਨੂੰ ਭੁਲਾਅ ਨਹੀਂ ਸਕਿਆ। ਹਾਦਸੇ ਮਗਰੋਂ ਮੇਰਾ ਰੱਬ ਵਿੱਚ ਵਿਸ਼ਵਾਸ ਹੋਰ ਪੱਕਾ ਹੋ ਗਿਆ ਤੇ ਇਹ ਗੱਲ ਵੀ ਸੱਚ ਸਾਬਤ ਹੋਈ, “ਜਿਸ ਕੋ ਰਾਖੇ ਸਈਆਂ, ਮਾਰ ਸਕੇ ਨਾ ਕੋਇ।” ਸੱਚ ਪੁੱਛੋ ਤਾਂ ਇਸ ਹਾਦਸੇ ਦੌਰਾਨ ਮੈਂ ਮੌਤ ਨੂੰ ਬੜਾ ਨੇੜਿਓਂ ਤੱਕਿਆ ਤੇ ਅੱਜ ਵੀ ਜਦੋਂ ਕਦੇ ਉਸ ਹਾਦਸੇ ਵਾਲੀ ਥਾਂ ਕੋਲੋਂ ਗੁਜ਼ਰਦਾ ਹਾਂ ਤਾਂ ਉਹ ਭਿਆਨਕ ਦ੍ਰਿਸ਼ ਮੁੜ ਯਾਦ ਆ ਜਾਂਦਾ ਹੈ ਤੇ ਮੇਰੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (