SukhminderBagi7ਇੰਨੇ ਨੂੰ ਪੁਲਿਸ ਨਾਲ ਭਰੀ ਜੀਪ ਪੰਡਿਤ ਜੀ ਦੇ ਘਰ ਮੂਹਰੇ ਆ ਰੁਕੀ ...
(ਅਪਰੈਲ 21, 2016)


ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਵਿਚ ਤੱਤੀਆਂ ਹਵਾਵਾਂ ਚਲਦੀਆਂ ਸਨ। ਉਨ੍ਹਾਂ ਦਿਨਾਂ ਵਿੱਚ ਹੀ ਪੰਜਾਬ ਵਿੱਚ ਨਵੀਂ ਨਵੀਂ ਤਰਕਸ਼ੀਲ ਲਹਿਰ ਹੋਂਦ ਵਿਚ ਆਈ ਸੀ। ਬਰਨਾਲੇ ਤੋਂ ਬਾਅਦ ਪੰਜਾਬ ਵਿੱਚ ਸਭ ਤੋਂ ਪਹਿਲਾਂ ਤਰਕਸ਼ੀਲ ਸੁਸਾਇਟੀ ਮਾਛੀਵਾੜਾ ਵਿਖੇ ਬਣਾਈ ਗਈ ਅਤੇ ਭੂਤਾਂ ਪ੍ਰੇਤਾਂ ਦੀ ਹੋਂਦ ਤੋਂ ਇਨਕਾਰੀ ਹੋਣ ਕਰਕੇ ਮੈਂ ਜਲਦੀ ਹੀ ਇਸਦਾ ਮੈਂਬਰ ਬਣ ਗਿਆ ਸੀ। ਮਾਛੀਵਾੜਾ ਸੁਸਾਇਟੀ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਿੱਠੀਆਂ ਲਿਖੀਆਂ ਕਿ ਜਿਸ ਪਿੰਡ ਵਿਚ ਕੋਈ ਵੀ ਅਖੌਤੀ ਤਾਂਤਰਿਕ ਬਾਬਾ
, ਸਾਧ, ਸਿਆਣਾ, ਪੁੱਛਾਂ ਦੇਣ ਵਾਲਾ, ਭੂਤ ਕੱਢਣ ਵਾਲਾ, ਧਾਗੇ ਤਵੀਤ ਦੇ ਕੇ ਲੋਕਾਂ ਨੂੰ ਲੁੱਟਦਾ ਹੈ, ਉਸਦੀ ਸੂਚਨਾ ਤਰਕਸ਼ੀਲ ਸੁਸਾਇਟੀ ਨੂੰ ਦਿੱਤੀ ਜਾਵੇ। ਜੇ ਕਰ ਹੋ ਸਕੇ ਤਾਂ ਉਸ ਤਾਂਤਰਿਕ ਬਾਬੇ ਜਾਂ ਸਿਆਣੇ ਨੂੰ ਤਰਕਸ਼ੀਲਾਂ ਵੱਲੋਂ ਰੱਖੀਆਂ 21 ਸ਼ਰਤਾਂ ਵਿੱਚੋਂ ਇੱਕ ਸ਼ਰਤ ਪੂਰੀ ਕਰਕੇ ਇੱਕ ਲੱਖ ਰੁਪਏ ਦਾ ਇਨਾਮ ਪ੍ਰਾਪਤ ਕਰਨ ਲਈ ਰਜ਼ਾਮੰਦ ਕੀਤਾ ਜਾਵੇ।

ਬਹੁਤ ਥਾਵਾਂ ਤੋਂ ਖ਼ਤ ਆਏ ਅਤੇ ਅਜਿਹਾ ਹੀ ਇੱਕ ਖ਼ਤ ਚੰਡੀਗੜ੍ਹ ਦੀਆਂ ਜੜ੍ਹਾਂ ਵਿਚ ਵਸੇ ਇਕ ਪਿੰਡ ਤੋਂ ਵੀ ਪ੍ਰਾਪਤ ਹੋਇਆ। ਉੱਥੇ ਇਕ ਪੰਡਿਤ ਪੁੱਛਾਂ ਦੇ ਕੇ ਲੋਕਾਂ ਦੀ ਲੁੱਟ ਕਰਦਾ ਸੀ। ਪਿਛਲੇ ਸਮੇਂ ਵਿਚ ਇਕ ਦੋ ਸਾਥੀਆਂ ਵੱਲੋਂ ਅਜਿਹੇ ਥਾਵਾਂ ’ਤੇ ਜਾ ਕੇ ਹੋਏ ਕੌੜੇ ਤਜ਼ਰਬਿਆਂ ਤੋਂ ਸਿੱਖਿਆ ਲੈਂਦਿਆਂ ਅਸੀਂ ਪੰਜ-ਸੱਤ ਤਰਕਸ਼ੀਲ ਸੁਸਾਇਟੀ ਮੈਂਬਰਾਂ ਨੇ ਉਸ ਪੰਡਿਤ ਨੂੰ ਮਿਲਣ ਦਾ ਫੈਸਲਾ ਕੀਤਾ। ਅਖੌਤੀ ਸਿਆਣੇ, ਬਾਬੇ, ਤਾਂਤਰਿਕ ਆਮ ਤੌਰ ’ਤੇ ਆਪਣੇ ਪਖੰਡ ਨੂੰ ਚਲਾਉਣ ਲਈ ਕਿਸੇ ਖਾਸ ਦਿਨ ਦੀ ਚੋਣ ਕਰਦੇ ਹਨ। ਉਹ ਪੰਡਿਤ ਵੀ ਵੀਰਵਾਰ ਵਾਲੇ ਦਿਨ ਹੀ ਪੁੱਛਾਂ ਦਿੰਦਾ ਸੀ। ਅਸੀਂ ਵੀਰਵਾਰ ਵਾਲੇ ਦਿਨ ਮਿਥੇ ਸਮੇਂ ’ਤੇ ਪੰਡਿਤ ਜੀ ਦੇ ਘਰ ਪਹੁੰਚ ਗਏ। ਅੱਗੋਂ ਪੰਡਿਤ ਜੀ ਦੇ ਘਰ ਅੰਧ ਵਿਸ਼ਵਾਸ ਵਿਚ ਗ੍ਰਸੇ ਲੋਕ ਪਹਿਲਾਂ ਹੀ ਇਕੱਠੇ ਹੋਏ ਹੋਏ ਸਨ। ਸਾਨੂੰ ਪੰਜਾਂ-ਸੱਤਾਂ ਜਣਿਆਂ ਨੂੰ ਦੇਖ ਕੇ ਪੰਡਿਤ ਜੀ ਅਤੇ ਲੋਕ ਹੈਰਾਨ ਹੋ ਕੇ ਸਾਡੇ ਵੱਲ ਵੇਖਣ ਲੱਗੇ। ਅਸੀਂ ਪੰਡਿਤ ਜੀ ਨੂੰ ਆਪਣੇ ਬਾਰੇ ਜਾਣਕਾਰੀ ਦਿੱਤੀ ਤਾਂ ਪੰਡਿਤ ਜੀ ਦੇ ਹੋਸ਼ ਉੱਡ ਗਏ। ਆਮ ਲੋਕਾਂ ਵਿਚ ਬੈਠੇ ਪੰਡਿਤ ਜੀ ਨਾਲ ਜਦੋਂ ਗੱਲਬਾਤ ਕੀਤੀ ਤਾਂ ਪੰਡਿਤ ਜੀ ਵੀ ਸਮਝ ਗਏ ਕਿ ਹੁਣ ਮੇਰੇ ਪਖੰਡ ਦਾ ਭਾਂਡਾ ਸਭ ਦੇ ਸਾਹਮਣੇ ਭੱਜੇਗਾ। ਉਹ ਪੰਡਤ ਇੱਕ ਬੱਚਾ ਜੋ ਕਿ ਬਹੁਤ ਜ਼ਿਆਦਾ ਰੋ ਰਿਹਾ ਸੀ, ਨੂੰ ਚੁੱਕ ਕੇ ਮੇਰੀ ਗੋਦੀ ਵਿਚ ਬਿਠਾਉਂਦਿਆਂ ਕਹਿਣ ਲੱਗਾ, “ਇਸਦਾ ਇਲਾਜ ਕਰਕੇ ਦਿਖਾਉ।”

ਮੈਂ ਉਸ ਬੱਚੇ ਬਾਰੇ ਉਸਦੇ ਮਾਂ ਬਾਪ ਤੋਂ ਜਦੋਂ ਜਾਣਕਾਰੀ ਲੈਣ ਲੱਗਾ ਤਾਂ ਪੰਡਤ ਜੀ ਸਮਝ ਗਏ ਕਿ ਮੇਰੀ ਚਲਾਕੀ ਕੰਮ ਨਹੀਂ ਆਉਣੀ ਅਤੇ ਉਹ ਜਲਦੀ ਹੀ ਬਾਥਰੂਮ ਜਾਣ ਦਾ ਬਹਾਨਾ ਲਾ ਕੇ ਆਪਣੇ ਮਕਾਨ ਦੀਆਂ ਪੌੜੀਆਂ ਚੜ੍ਹ ਗਏ। ਉੱਥੇ ਆਏ ਆਮ ਲੋਕਾਂ ਨੂੰ ਅਸੀਂ ਦੱਸਣ ਲੱਗੇ ਕਿ ਦੁਨੀਆਂ ਵਿਚ ਭੂਤਾਂ ਪ੍ਰੇਤਾਂ ਦੀ ਕੋਈ ਹੋਂਦ ਨਹੀਂ ਹੈ। ਇਹ ਸਾਡੇ ਮਨਾਂ ਦੇ ਵਹਿਮ ਹਨ ਜੋ ਕਿ ਬਚਪਨ ਤੋਂ ਹੀ ਸਾਡੇ ਮਨਾਂ ਵਿਚ ਭਰ ਦਿੱਤੇ ਜਾਂਦੇ ਹਨ। ਕੋਈ ਵੀ ਥਾਵਾਂ ਪੱਕੀਆਂ ਨਹੀਂ ਹੁੰਦੀਆਂ ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਫਲਾਨੀ ਥਾਂ ਉੱਤੇ ਜੋ ਦਰਖਤ ਖੜ੍ਹਾ ਹੈ, ਕੋਈ ਉਸਦੀ ਟਾਹਣੀ ਨਹੀਂ ਤੋੜ ਸਕਦਾ ਜਾਂ ਫਲਾਣੇ ਖੂਹ ’ਤੇ ਜੋ ਪਿੱਪਲ ਹੈ, ਉਸ ’ਤੇ ਭੂਤ ਅੱਗ ਬਾਲ਼ ਕੇ ਭੋਜਨ ਪਕਾਉਂਦੇ ਹਨਵੀਰਵਾਰ ਨੂੰ ਸਿਰ ਨਹੀਂ ਨਹਾਉਣਾ ਅਤੇ ਮੰਗਲਵਾਰ ਨੂੰ ਕੱਪੜੇ ਨਹੀਂ ਧੋਣੇ ਇਹ ਵਹਿਮ ਸਾਡੇ ਮਨਾਂ ਵਿਚ ਬਚਪਨ ਤੋਂ ਹੀ ਭਰ ਦਿੱਤੇ ਜਾਂਦੇ ਹਨ। ਕਈ ਸੜਕਾਂ ’ਤੇ ਅਜਿਹੇ ਮੋੜ ਹੁੰਦੇ ਹਨ, ਜਿੱਥੇ ਅਕਸਰ ਹੀ ਹਾਦਸੇ ਵਾਪਰ ਜਾਂਦੇ ਹਨ। ਅਜਿਹੀ ਥਾਂ ਬਾਰੇ ਆਮ ਹੀ ਇਹ ਮਿਥ ਘੜ ਲਈ ਜਾਂਦੀ ਹੈ ਕਿ ਇੱਥੇ ਚਿੱਟੇ ਕੱਪੜਿਆਂ ਵਿਚ ਕੋਈ ਭੂਤ ਪ੍ਰੇਤ ਫਿਰਦਾ ਹੈ। ਉਹ ਭਾਂਤ ਭਾਂਤ ਦੇ ਰੂਪ ਧਾਰ ਕੇ ਸੜਕ ਤੇ ਖੜ੍ਹਦਾ ਹੈ ਤੇ ਆਉਣ ਜਾਣ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਹੱਥ ਦੇ ਕੇ ਰੋਕਦਾ ਹੈ, ਤੇ ਫਿਰ ਮਾਰ ਦਿੰਦਾ ਹੈ। ਅਸਲ ਵਿਚ ਇਹ ਸਭ ਕੁਝ ਸਾਡੇ ਅਚੇਤ ਮਨ ਵਿਚ ਪਏ ਵਹਿਮਾਂ ਭਰਮਾਂ ਕਰਕੇ ਹੀ ਹੁੰਦਾ ਹੈ। ...

ਅਸੀਂ ਅਜੇ ਇਹ ਗੱਲਾਂ ਲੋਕਾਂ ਨੂੰ ਦੱਸ ਹੀ ਰਹੇ ਸੀ ਕਿ ਇੰਨੇ ਨੂੰ ਪੁਲਿਸ ਨਾਲ ਭਰੀ ਜੀਪ ਪੰਡਿਤ ਜੀ ਦੇ ਘਰ ਮੂਹਰੇ ਆ ਰੁਕੀ ਅਤੇ ਪੰਡਿਤ ਜੀ ਵੀ ਪਤਾ ਨਹੀਂ ਕਿੱਧਰੋਂ ਪ੍ਰਗਟ ਹੋ ਗਏ। ਕਿਉਂਕਿ ਉਦੋਂ ਗਰਮ ਹਵਾਵਾਂ ਚਲਦੀਆਂ ਸਨ, ਅਸੀਂ ਜਲਦੀ ਹੀ ਸਮਝ ਗਏ ਕਿ ਅਜਿਹਾ ਕਿਉਂ ਹੋਇਆ ਹੈ। ਸਾਨੂੰ ਪਤਾ ਲੱਗ ਗਿਆ ਕਿ ਪੰਡਿਤ ਜੀ ਦਾ ਕੋਈ ਜਾਣੂੰ ਪਛਾਣੂੰ ਜਾਂ ਚੇਲਾ ਕਿਸੇ ਉੱਚ ਦਫਤਰ ਵਿਚ ਬੈਠਾ ਸੀ ਤੇ ਪੰਡਿਤ ਜੀ ਨੇ ਕਿਸੇ ਦੇ ਘਰ ਜਾ ਕੇ ਉਸਦੇ ਦਫਤਰ ਵਿਚ ਫੋਨ ਖੜਕਾ ਦਿੱਤਾ ਸੀ ਕਿ ਮੇਰੇ ਘਰ ਖਾੜਕੂ ਆ ਗਏ ਹਨ। ਜਦੋਂ ਅਸੀਂ ਪੁਲਿਸ ਇੰਸਪੈਕਟਰ ਨਾਲ ਆਪਣੇ ਤਰਕਸ਼ੀਲ ਹੋਣ ਦੀ ਗੱਲ ਕੀਤੀ ਤਾਂ ਉਹ ਵੀ ਹੈਰਾਨ ਰਹਿ ਗਿਆ। ਪਰ ਉੱਚ ਦਫਤਰ ਵੱਲੋਂ ਆਏ ਫੋਨ ਕਰਕੇ ਉਹ ਵੀ ਮਜਬੂਰ ਸੀ ਅਤੇ ਸਾਨੂੰ ਸਾਰਿਆਂ ਨੂੰ ਸੋਹਾਣੇ ਥਾਣੇ ਚੱਲਣ ਲਈ ਕਿਹਾ।

ਅਸੀਂ ਸਭ ਉਸ ਸ਼ਾਮ ਪੁਲਿਸ ਨਾਲ ਥਾਣੇ ਚਲੇ ਗਏ ਖਾੜਕੂਆਂ ਦੀ ਅਫਵਾਹ ਕਾਰਨ ਪੁਲਿਸ ਦੇ ਕਈ ਵੱਡੇ ਅਫਸਰ ਵੀ ਥਾਣੇ ਆ ਗਏ। ਉਨ੍ਹਾਂ ਨੂੰ ਅਸੀਂ ਆਪਣੇ ਤਰਕਸ਼ੀਲ ਅਤੇ ਨੌਕਰੀ ਪੇਸ਼ਾ ਹੋਣ ਬਾਰੇ ਦੱਸਿਆ ਅਤੇ ਕਿਹਾ ਕਿ ਅਸੀਂ ਤਾਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਅਖੌਤੀ ਸਿਆਣਿਆਂ, ਤਾਂਤਰਿਕਾਂ, ਬਾਬਿਆਂ ਦੀ ਲੁੱਟ ਤੋਂ ਬਚਾਉਣਾ ਚਾਹੁੰਦੇ ਹਾਂ। ਸਾਡੇ ਵਿਚਾਰ ਸੁਣ ਕੇ ਅਤੇ ਪੰਡਿਤ ਜੀ ਦੇ ਝੂਠ ਦਾ ਪਤਾ ਲੱਗਣ ’ਤੇ ਵੱਡੇ ਪੁਲਿਸ ਅਫਸਰਾਂ ਨੂੰ ਵੀ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਉਸ ਸਮੇਂ ਹੀ ਪੰਡਿਤ ਨੂੰ ਬੁਲਾ ਲਿਆ। ਉਸਦੀ ਕਾਫੀ ਝਾੜ ਝੰਬ ਕੀਤੀ ਅਤੇ ਉੱਚ ਦਫਤਰ ਵਿਚ ਬੈਠੇ ਪੰਡਿਤ ਦੇ ਜਾਣੂੰ ਨਾਲ ਗੱਲਬਾਤ ਕੀਤੀ। ਅਖੀਰ ਵਿਚ ਪੰਡਿਤ ਜੀ ਨੂੰ ਮੁਆਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ

ਜ਼ਿਆਦਾ ਹਨੇਰਾ ਅਤੇ ਹਾਲਾਤ ਮਾੜੇ ਹੋਣ ਕਰਕੇ ਸਾਨੂੰ ਰਾਤ ਉਸ ਥਾਣੇ ਵਿਚ ਹੀ ਬਿਤਾਉਣੀ ਪਈ। ਕਈ ਪੁਲਿਸ ਕਰਮਚਾਰੀਆਂ ਨੇ ਸਾਡੇ ਨਾਲ ਗੱਲਾਂਬਾਤਾਂ ਕਰਕੇ ਤਰਕਸ਼ੀਲ ਸੁਸਾਇਟੀ ਦੇ ਉਦੇਸ਼ ਬਾਰੇ ਜਾਣਕਾਰੀ ਲਈ ਅਤੇ ਅੰਧ ਵਿਸ਼ਵਾਸਾਂ ਪ੍ਰਤੀ ਜਾਗਰੂਕਤਾ ਪ੍ਰਾਪਤ ਕੀਤੀ।

ਭਾਵੇਂ ਸੰਵਿਧਾਨ ਵਿਚ ਇਨ੍ਹਾਂ ਤਾਂਤਰਿਕਾਂ, ਪਖੰਡੀ ਜੋਤਸ਼ੀਆਂ, ਬਾਬਿਆਂ ਬਾਰੇ ਕਾਨੂੰਨ ਬਣੇ ਹੋਏ ਹਨ, ਫਿਰ ਵੀ ਸਰਕਾਰੀ ਸਰਪ੍ਰਸਤੀ ਕਰਕੇ ਇਨ੍ਹਾਂ ਦਾ ਤੋਰੀ ਫੁਲਕਾ ਚੱਲੀ ਜਾਂਦਾ ਹੈਲੋੜ ਇਸ ਗੱਲ ਦੀ ਹੈ ਕਿ ਆਮ ਲੋਕ ਹੀ ਜਾਗਰੂਕ ਹੋ ਕੇ ਵਹਿਮਾਂ ਭਰਮਾਂ ਖਿਲਾਫ ਇੱਕ ਲੋਕ ਲਹਿਰ ਉਸਾਰਨ ਤਾਂ ਹੀ ਅੰਧ ਵਿਸ਼ਵਾਸਾਂ ਨੂੰ ਠੱਲ੍ਹ ਪੈ ਸਕਦੀ ਹੈ। ਭਾਵੇਂ ਇਕੱਲੇ ਤਰਕਸ਼ੀਲ ਕੁਝ ਨਹੀਂ ਕਰ ਸਕਦੇ ਪਰ ਫਿਰ ਵੀ ਉਨ੍ਹਾਂ ਦੀ ਅੰਧ ਵਿਸ਼ਵਾਸ ਖਿਲਾਫ ਚਲਾਈ ਲਹਿਰ ਇਕ ਨਾ ਇੱਕ ਦਿਨ ਆਮ ਲੋਕਾਂ ਨੂੰ ਅਖੌਤੀ ਤਾਂਤਰਿਕਾਂ, ਸਾਧਾਂ, ਸਿਆਣਿਆਂ ਅਤੇ ਜੋਤਸ਼ੀਆਂ ਦੇ ਚੁੰਗਲ ਵਿੱਚੋਂ ਬਾਹਰ ਕੱਢਣ ਲਈ ਜ਼ਰੂਰ ਸਹਾਈ ਹੋਵੇਗੀ।

*****

(263)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗੀ

ਸੁਖਮਿੰਦਰ ਬਾਗੀ

Adarsh Nagar, Samrala, Punjab, India.
Mobile: (94173 - 94805)

More articles from this author