“ਵਾਜੇ ਢੋਲਕੀਆਂ ਦਾ ਸ਼ੋਰ ਮਚਿਆ ਹੋਇਆ ਸੀ ਅਤੇ ਹਵਨ ਕੁੰਡ ਦੇ ਕੋਲ ਹੀ ...”
(6 ਅਕਤੂਬਰ 2017)
ਮਨੁੱਖੀ ਜ਼ਿੰਦਗੀ ਵਿੱਚ ਬਹੁਤ ਕੁਝ ਬੀਤਦਾ ਹੈ ਅਤੇ ਬੀਤੀਆਂ ਗੱਲਾਂ ਸਿਰਫ ਯਾਦਾਂ ਬਣਕੇ ਰਹਿ ਜਾਂਦੀਆਂ ਹਨ। ਬਹੁਤੀਆਂ ਯਾਦਾਂ ਭੁੱਲ ਭੁਲਾ ਜਾਂਦੀਆਂ ਹਨ ਪਰ ਕਈ ਯਾਦਾਂ ਮਨੁੱਖੀ ਮਨ ’ਤੇ ਸਦੀਵੀ ਅਸਰ ਛੱਡ ਜਾਂਦੀਆਂ ਹਨ ਅਤੇ ਅਕਸਰ ਹੀ ਉਹ ਜਾਣੇ-ਅਣਜਾਣੇ ਸਾਡੇ ਜ਼ਿਹਨ ਵਿੱਚੋਂ ਬਾਹਰ ਨਿਕਲ ਕੇ ਸਾਡੇ ਸਾਹਮਣੇ ਆ ਖਲੋਂਦੀਆਂ ਹਨ। ਮੇਰੇ ਨਾਲ ਵੀ ਅਨੇਕਾਂ ਹੱਡ ਬੀਤੀਆਂ ਵਾਪਰੀਆਂ ਹਨ, ਜੋ ਮੇਰੇ ਜ਼ਿਹਨ ਵਿੱਚ ਹਮੇਸ਼ਾ ਹੀ ਤਰਥੱਲੀ ਮਚਾਉਂਦੀਆਂ ਹਨ ਤੇ ਅਕਸਰ ਮੈਨੂੰ ਬੇਚੈਨ ਵੀ ਕਰ ਦਿੰਦੀਆਂ ਹਨ।
ਜਦੋਂ ਮੈਂ ਅਖੌਤੀ ਬਾਬਿਆਂ, ਤਾਂਤਰਿਕਾਂ ਅਤੇ ਜੋਤਸ਼ੀਆਂ ਵੱਲੋਂ ਘਿਨਾਉਣੇ ਕਾਰਨਾਮੇ ਅਖ਼ਬਾਰਾਂ ਵਿੱਚ ਪੜ੍ਹਦਾ ਹਾਂ ਤਾਂ ਮੇਰੇ ਹੱਥ ਬਦੋਬਦੀ ਕਲਮ ਵੱਲ ਖਿੱਚੇ ਜਾਂਦੇ ਹਨ ਅਤੇ ਮੈਂ ਭੋਲੇ-ਭਾਲੇ ਲੋਕਾਂ ਦੀ ਅਖੌਤੀ ਧਰਮ ਗੁਰੂਆਂ, ਤਾਂਤਰਿਕਾਂ, ਬਾਬਿਆਂ ਤੇ ਜੋਤਸ਼ੀਆਂ ਵੱਲੋਂ ਕੀਤੀ ਜਾਂਦੀ ਲੁੱਟ ਤੋਂ ਬਚਾਉਣ ਲਈ ਤਰਕਸ਼ੀਲਤਾ ਦਾ ਚਾਨਣ ਫੈਲਾਉਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਗੱਲਾਂ ਭਾਵੇਂ ਇੱਕੀਵੀਂ ਸਦੀ ਦੀਆਂ ਕਰਦੇ ਹਾਂ ਪਰ ਰਸਮਾਂ ਰਿਵਾਜਾਂ ਅਤੇ ਅੰਧਵਿਸ਼ਵਾਸਾਂ ਵਿੱਚ ਅਸੀਂ ਪੱਥਰ ਯੁੱਗ ਨੂੰ ਵੀ ਮਾਤ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਤਰਕਸ਼ੀਲਤਾ ਦੇ ਧਾਰਨੀ ਵਿਅਕਤੀ ਭਾਵੇਂ ਮਨੁੱਖ ਨੂੰ ਅੰਧ-ਵਿਸ਼ਵਾਸਾਂ ਦੀ ਦਲਦਲ ਵਿੱਚੋਂ ਕੱਢਣ ਲਈ ਪੂਰੀ ਵਾਹ ਲਾ ਰਹੇ ਹਨ ਪਰ ਸਰਕਾਰੀ ਮਸ਼ੀਨਰੀ, ਇੱਥੋਂ ਤੱਕ ਕਿ ਇਲੈਕਟ੍ਰੌਨਿਕ ਮੀਡੀਏ ਦਾ ਕੁਝ ਹਿੱਸਾ ਅੰਧ-ਵਿਸ਼ਵਾਸ ਦੀ ਦਲਦਲ ਵਿੱਚ ਮਨੁੱਖ ਨੂੰ ਧਸਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਭਾਵੇਂ ਅੱਜ ਕੱਲ ਸੱਚ ਬੋਲਣਾ ਖੁਦਕੁਸ਼ੀ ਕਰਨ ਦੇ ਤੁੱਲ ਹੈ ਅਤੇ ਅੱਜ ਪੂਰਾ ਦੇਸ਼ ਕੱਟੜ ਅਖੌਤੀ ਰਾਸ਼ਟਰਵਾਦ ਦੇ ਭਿਆਨਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਪਰ ਚਾਨਣ ਦੇ ਵਣਜਾਰੇ ਔਖੇ ਰਾਹਾਂ ’ਤੇ ਜੇਰਾ ਕਰਕੇ ਤੁਰਦੇ ਅਤੇ ਲਿਖਦੇ ਹੀ ਰਹਿੰਦੇ ਹਨ। ਉਹ ਇਹੀ ਸੋਚ ਲੈ ਕੇ ਤੁਰਦੇ ਹਨ ਕਿ ਇੱਕ ਨਾ ਇੱਕ ਦਿਨ ਉਹ ਅੰਧ-ਵਿਸ਼ਵਾਸ ਦੇ ਸੰਘਣੇ ਹਨੇਰੇ ਨੂੰ ਚਾਨਣ ਵਿੱਚ ਬਦਲ ਦੇਣਗੇ, ਭਾਵੇਂ ਕਈਆਂ ਨੂੰ ਜਿਵੇਂ ਨਰਿੰਦਰ ਦਭੋਲਕਰ, ਕਲਬੁਰਗੀ, ਪਨਸਾਰੇ ਜਾਂ ਹੁਣ ਗੌਰੀ ਲੰਕੇਸ਼ ਵਾਂਗ ਆਪਣੀਆਂ ਜ਼ਿੰਦਗੀਆਂ ਤੋਂ ਹੀ ਕਿਉਂ ਨਾ ਹੱਥ ਧੋਣੇ ਪਏ ਹੋਣ।
ਕਲਮ ਦੀ ਤਾਕਤ ਨੂੰ ਗੋਲੀਆਂ ਦੇ ਸ਼ੋਰ ਨਾਲ ਕੁਚਲਣ ਦੀਆਂ ਗੱਲਾਂ ਹੋ ਰਹੀਆਂ ਹਨ। ਕੱਟੜ ਅਤੇ ਅਖੌਤੀ ਰਾਸ਼ਟਰਵਾਦੀਆਂ ਨੂੰ ਪਤਾ ਨਹੀਂ ਕਿ ਕਲਮ ਦਾ ਫੱਟ ਤਲਵਾਰ ਦੇ ਫੱਟ ਨਾਲੋਂ ਵੀ ਭਿਆਨਕ ਹੁੰਦਾ ਹੈ। ਤਲਵਾਰ ਦਾ ਫੱਟ ਤਾਂ ਇੱਕ ਨਾ ਇੱਕ ਦਿਨ ਭਰ ਜਾਂਦਾ ਹੈ ਪਰ ਕਲਮ ਦਾ ਫੱਟ ਕਦੇ ਵੀ ਮਿਟ ਨਹੀਂ ਸਕਦਾ। ਸੱਚ ਲਿਖਦੀਆਂ ਕਲਮਾਂ ਵਿੱਚ ਸਿਆਹੀ ਨਾ ਕਦੇ ਸੁੱਕਦੀ ਤੇ ਨਾ ਹੀ ਮੁੱਕਦੀ ਹੈ ਪਰ ਤਲਵਾਰ ਨੂੰ ਇੱਕ ਨਾ ਇੱਕ ਦਿਨ ਜੰਗ (ਜੰਗਾਲ) ਜ਼ਰੂਰ ਲੱਗ ਜਾਂਦਾ ਹੈ ਤੇ ਤਲਵਾਰ ਦਾ ਨਾਮੋ-ਨਿਸ਼ਾਨ ਨਹੀਂ ਰਹਿੰਦਾ।
ਜਦੋਂ ਤਰਕਸ਼ੀਲ ਲਹਿਰ ਦਾ ਪੰਜਾਬ ਵਿੱਚ ਆਗਾਜ਼ ਹੋਇਆ ਸੀ ਤਾਂ ਮੈਂ ਬਚਪਨ ਵਿੱਚ ਹੀ ਸਾਧਾਂ, ਸੰਤਾਂ, ਤਾਂਤਰਿਕਾਂ ਦੇ ਖਿਲਾਫ ਅਮਲੀ ਰੂਪ ਵਿੱਚ ਕਾਫੀ ਕੁਝ ਦੇਖ ਲਿਆ ਸੀ ਅਤੇ ਜਲਦੀ ਹੀ ਇਸ ਲਹਿਰ ਨੂੰ ਅਪਣਾ ਲਿਆ ਸੀ। ਤਰਕਸ਼ੀਲਾਂ ਨਾਲ ਅਨੇਕਾਂ ਮਾਨਸਿਕ ਰੋਗਾਂ ਦੇ ਇਲਾਜ ਲਈ ਕੇਸਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ। ਤਰਕਸ਼ੀਲਾਂ ਵੱਲੋਂ ਵਿਗਿਆਨਕ ਤਰੀਕਿਆਂ ਨਾਲ ਅਜਿਹੇ ਕੇਸ ਹੱਲ ਕਰਦਿਆਂ ਮੈਂ ਅੱਖੀਂ ਵੇਖੇ ਸਨ ਅਤੇ ਕਈ ਥਾਵਾਂ ’ਤੇ ਲੋਕਾਂ ਨੂੰ ਸਮਝਾਉਣ ਲਈ ਵਿਗਿਆਨਕ ਪ੍ਰਯੋਗ ਕਰਕੇ ਵੀ ਸਮਝਾਇਆ ਜਾਂਦਾ ਸੀ।
ਇਸੇ ਤਰ੍ਹਾਂ ਇੱਕ ਵਾਰ ਮੈਂ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੇ ਦੋਸਤ ਕੋਲ ਗਿਆ ਜੋ ਕਿ ਨੂਰਪੁਰ ਬੇਦੀ ਕੋਲ ਇੱਕ ਪਿੰਡ ਵਿੱਚ ਡਾਕਟਰੀ ਦੀ ਦੁਕਾਨ ਕਰਦਾ ਸੀ। ਇੱਕ ਦਿਨ ਅਸੀਂ ਦੋਨੋ ਸ਼ਾਮ ਨੂੰ ਉਸ ਦੋਸਤ ਦੀ ਦੂਰ ਦੀ ਰਿਸ਼ਤੇਦਾਰੀ ਵਿੱਚ ਮਿਲਣ ਲਈ ਨੰਗਲ ਦੇ ਨੇੜੇ ਇੱਕ ਪਿੰਡ ਵਿੱਚ ਗਏ ਤਾਂ ਵੇਖਿਆ ਉਸ ਰਿਸ਼ਤੇਦਾਰ ਨੇ ਆਪਣੇ ਘਰ ਕਿਸੇ ਤਾਂਤਰਿਕ ਦੀ ਚੌਂਕੀ ਲਗਵਾਈ ਹੋਈ ਸੀ। ਉਸ ਘਰ ਵਿੱਚ ਕਾਫੀ ਇਕੱਠ ਹੋਇਆ ਪਿਆ ਸੀ। ਵਾਜੇ ਢੋਲਕੀਆਂ ਦਾ ਸ਼ੋਰ ਮਚਿਆ ਹੋਇਆ ਸੀ ਅਤੇ ਹਵਨ ਕੁੰਡ ਦੇ ਕੋਲ ਹੀ ਇੱਕ ਸੰਗਲ ਪਿਆ ਸੀ, ਜਿਸ ਨੂੰ ਤਾਂਤਰਿਕ ਨੇ ਕਿਸੇ ਪੀਰ ਦੀ ਪੌਣ ਆਉਣ ’ਤੇ ਆਪਣੀ ਪਿੱਠ ਤੇ ਮਾਰਨਾ ਸੀ। ਤਾਂਤਰਿਕ ਵਿੱਚ ਪੌਣ ਜਾਂ ਹਵਾ ਆਉਣੀ ਉਸ ਨੂੰ ਕਹਿੰਦੇ ਹਨ ਜਿਵੇਂ ਵਾਲ ਖਿੰਡਾ ਕੇ ਸਿਰ ਹਿਲਾਉਣਾ ਅਤੇ ਅਜੀਬ ਹਕਰਤਾਂ ਕਰਨੀਆਂ ਤਾਂ ਕਿ ਲੋਕਾਂ ’ਤੇ ਪ੍ਰਭਾਵ ਪੈ ਸਕੇ।
ਮੇਰੇ ਤਰਕਸ਼ੀਲ ਦਿਮਾਗ ਨੇ ਸਕੀਮ ਸੋਚੀ ਕਿ ਬਾਬੇ ਨੂੰ ਕਿਵੇਂ ਸਬਕ ਸਿਖਾਇਆ ਜਾਵੇ ਅਤੇ ਇਸਦਾ ਪਾਖੰਡ ਕਿਵੇਂ ਨੰਗਾ ਕੀਤਾ ਜਾਵੇ। ਮੈਂ ਬਾਬੇ ਤੋਂ ਉਸ ਬਾਰੇ ਸ਼ਰਧਾਲੂ ਵਾਂਗ ਆਮ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ। ਮੈਨੂੰ ਪਤਾ ਲੱਗਿਆ ਕਿ ਉਹ ਪੰਜਵੀਂ ਪਾਸ ਹੈ। ਮੈਂ ਝੱਟ ਸਮਝ ਗਿਆ ਕਿ ਇਸ ਨੂੰ ਸਬਕ ਸਿਖਾਉਣਾ ਮੇਰੇ ਖੱਬੇ ਹੱਥ ਦੀ ਖੇਡ ਹੈ। ਤਰਕਸ਼ੀਲਾਂ ਨਾਲ ਕੇਸਾਂ ’ਤੇ ਜਾਣ ਕਾਰਨ ਮੈਂ ਵੀ ਹਮੇਸ਼ਾ ਆਪਣੇ ਕੋਲ ਇੱਕ ਕੈਮੀਕਲ (ਜਿਸ ’ਤੇ ਪਾਣੀ ਪਾਉਣ ਨਾਲ ਅੱਗ ਨਿਕਲਦੀ ਹੈ) ਰੱਖਦਾ ਸੀ। ਆਪਣੇ ਦੋਸਤ ਦੀ ਸਲਾਹ ਨਾਲ ਤਾਂਤਰਿਕ ਨੂੰ ਘੇਰਨ ਦੀ ਸਕੀਮ ਬਣਾ ਲਈ। ਮੈਂ ਉੱਚੀ ਸਾਰੀ ਬੋਲਣਾ ਸ਼ੁਰੂ ਕੀਤਾ ਕਿ ਬਾਬਾ ਜੀ ਸੰਗਲ ਨੂੰ ਅੱਗ ਨਾਲ ਲਾਲ ਕਰਕੇ ਆਪਣੇ ਪਿੰਡੇ ਤੇ ਮਾਰ ਕੇ ਦਿਖਾਉਣ ਫਿਰ ਮੰਨਾਂਗੇ ਕਿ ਇਨ੍ਹਾਂ ਵਿੱਚ ਕੋਈ ਪੀਰ ਦੀ ਸ਼ਕਤੀ ਹੈ। ਮੈਂ ਅਗਨੀ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। ਮੈਂ ਇਹ ਤੁਹਾਨੂੰ ਸਾਰਿਆਂ ਨੂੰ ਵਿਖਾ ਸਕਦਾ ਹਾਂ। ਐਨੀ ਗੱਲ ਸੁਣਦਿਆਂ ਹੀ ਉਹ ਤਾਂਤਰਿਕ ਡੌਰ-ਭੌਰ ਹੋ ਗਿਆ ਅਤੇ ਚਾਰੇ ਪਾਸੇ ਚੁੱਪ ਪਸਰ ਗਈ।
ਤਾਂਤਰਿਕ ਨੂੰ ਹੋਰ ਡਰਾਉਣ ਲਈ ਮੈਂ ਸੰਗਲ ਹਵਨ ਕੁੰਡ ਵਿੱਚ ਰਖਵਾ ਦਿੱਤਾ ਅਤੇ ਘਰ ਵਿੱਚੋਂ ਨਮਕ ਦੀ ਥੈਲੀ ਲਿਆਉਣ ਲਈ ਕਿਹਾ। ਉਸ ਥੈਲੀ ਵਿੱਚੋਂ ਨਮਕ ਦੀਆਂ ਸੱਤ ਢੇਰੀਆਂ ਮੈਂ ਉਸੇ ਤਾਂਤਰਿਕ ਕੋਲੋਂ ਲਗਵਾ ਲਈਆਂ। ਵਾਜੇ ਢੋਲਕੀਆਂ ਵਾਲਿਆਂ ਸਮੇਤ ਸਾਰੇ ਲੋਕਾਂ ਨੂੰ ਅਤੇ ਤਾਂਤਰਿਕ ਨੂੰ ਕਿਹਾ ਕਿ ਉਹ ਸਾਰੇ ਅੱਖਾਂ ਮੀਚ ਕੇ ਹੱਥ ਜੋੜ ਕੇ ਅਗਨੀ ਦੇਵਤਾ ਦੀ ਜੈ ਦੇ ਉੱਚੀ ਉੱਚੀ 4-5 ਨਾਹਰੇ ਲਾਉਣ। ਇਸੇ ਦੌਰਾਨ ਮੈਂ ਕੈਮੀਕਲ ਦਾ ਕੁਝ ਹਿੱਸਾ, ਇੱਕ ਢੇਰੀ ਵਿੱਚ ਰੱਖ ਦਿੱਤਾ। ਫਿਰ ਉਸੇ ਤਾਂਤਰਿਕ ਨੂੰ ਕਿਹਾ ਕਿ ਉਹ ਪਾਣੀ ਦੀਆਂ ਚੂਲੀਆਂ ਭਰਕੇ ਇੱਕ-ਇੱਕ ਢੇਰੀ ਉੱਤੇ ਪਾਵੇ। ਜਦੋਂ ਉਸ ਤਾਂਤਰਿਕ ਨੇ ਢੇਰੀਆਂ ਉੱਤੇ ਪਾਣੀ ਪਾਉਣਾ ਸ਼ੁਰੂ ਕੀਤਾ ਤਾਂ ਜਿਉਂ ਹੀ ਤਾਂਤਰਿਕ ਨੇ ਉਸ ਢੇਰੀ ਤੇ ਪਾਣੀ ਪਾਇਆ, ਜਿਸ ਵਿੱਚ ਮੈਂ ਕੈਮੀਕਲ ਰੱਖਿਆ ਸੀ ਤਾਂ ਉਸ ਢੇਰੀ ਵਿੱਚੋਂ ਅੱਗ ਨਿਕਲਣੀ ਸੁਭਾਵਿਕ ਹੀ ਸੀ।
ਜਿਉਂ ਹੀ ਅੱਗ ਨਿਕਲੀ ਮੈਂ ਉੱਚੀ ਆਵਾਜ਼ ਵਿਚ ਕਿਹਾ - ਸ਼ਾਂਤ ਅਗਨੀ ਦੇਵਤਾ, ਸ਼ਾਂਤ ਅਗਨੀ ਦੇਵਤਾ।
ਇਹ ਵੇਖ ਕੇ ਉੱਥੇ ਬੈਠੇ ਲੋਕਾਂ ਸਮੇਤ ਤਾਂਤਰਿਕ ਸਭ ਦਾ ਤ੍ਰਾਹ ਨਿਕਲ ਗਿਆ। ਸ਼ਾਇਦ ਸਾਰੇ ਲੋਕਾਂ ਅਤੇ ਉਸ ਤਾਂਤਰਿਕ ਨੇ ਤਾਂ ਪਹਿਲੀ ਵਾਰੀ ਅਜਿਹਾ ਦ੍ਰਿਸ਼ ਵੇਖਿਆ ਹੋਵੇਗਾ। ਇੰਨੇ ਚਿਰ ਨੂੰ ਸੰਗਲ ਵੀ ਲਾਲ ਹੋ ਗਿਆ ਸੀ। ਮੈਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਬਾਬਾ ਜੀ ਆਪਣੀ ਸ਼ਕਤੀ ਵਿਖਾਉਣਗੇ। ਵਾਜੇ ਢੋਲਕੀਆਂ ਵੱਜਣੇ ਸ਼ੁਰੂ ਹੋ ਗਏ ਪਰ ਬਾਬਾ ਜੀ ਵਿੱਚ ਪੌਣ ਨਾ ਆਈ। ਅਖੀਰ ਰਾਤ ਦੇ 12 ਵਜੇ ਬਾਬਾ ਜੀ ਨੇ ਕਿਹਾ ਕਿ ਅੱਜ ਮੇਰੇ ਵਿੱਚ ਪੀਰ ਦੀ ਪੌਣ ਨਹੀਂ ਆ ਸਕਦੀ, ਮੈਂ ਕਿਸੇ ਦਿਨ ਫੇਰ ਚੌਂਕੀ ਲਾਵਾਂਗਾ।
ਘਰ ਵਿੱਚ ਇਕੱਠੇ ਹੋਏ ਲੋਕਾਂ ਨੂੰ ਮੈਂ ਸਮਝਾਇਆ ਕਿ ਇਹ ਤਾਂਤਰਿਕ ਸਾਧ, ਸੰਤ, ਜੋਤਸ਼ੀ ਸਭ ਪਾਖੰਡੀ ਹੁੰਦੇ ਹਨ। ਇਨ੍ਹਾਂ ਕੋਲ ਸਾਡੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਇਹ ਤਾਂ ਸਾਨੂੰ ਲੁੱਟ ਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਹਨ। ਅਸਲ ਸਚਾਈ ਤਾਂ ਇਹ ਹੈ ਕਿ ਸਾਡਾ ਸਮਾਜ ਅੰਧ-ਵਿਸ਼ਵਾਸਾਂ ਦੀ ਦਲਦਲ ਵਿੱਚ ਪੂਰੀ ਤਰ੍ਹਾਂ ਖੁੱਭ ਚੁੱਕਿਆ ਹੈ ਅਤੇ ਆਸਥਾ ਦੀ ਆੜ ਹੇਠ ਧਰਮ ਦਾ ਮੁਖੌਟਾ ਪਾ ਕੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਇਸ ਲੁੱਟ ਨੂੰ ਬਰਕਰਾਰ ਰੱਖਣ ਵਿੱਚ ਸਾਡੇ ਸਿਆਸਦਾਨਾਂ, ਅਖੌਤੀ ਧਰਮ ਗੁਰੂਆਂ ਦਾ ਮੋਹਰੀ ਰੋਲ ਹੈ। ਜਿਸ ਖੇਤ ਨੂੰ ਵਾੜ ਹੀ ਖਾਣ ਲੱਗ ਪਵੇ, ਉਸ ਖੇਤ ਦਾ ਕੀ ਬਣੇਗਾ, ਤੁਸੀਂ ਖੁਦ ਹੀ ਸੋਚ ਲਵੋ।
*****
(854)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































