“ਅੱਜ ਦਾ ਅਧਿਆਪਕ ਚਾਨਣ ਦਾ ਵਣਜਾਰਾ ਨਹੀਂ, ਇਹ ਤਾਂ ਹਨ੍ਹੇਰੇ ਦਾ ...”
(5 ਸਤੰਬਰ 2018)
ਅਧਿਆਪਕਾਂ ਦੇ ਨਾਂ ਸੁਨੇਹਾ
ਹਰ ਸਾਲ 5 ਸਤੰਬਰ ਨੂੰ ਡਾ. ਰਾਧਾਕ੍ਰਿਸ਼ਨਨ ਜੀ ਦੀ ਯਾਦ ਵਿੱਚ ਅਧਿਆਪਕ ਦਿਵਸ ਮਨਾਇਆ ਜਾਦਾ ਹੈ। ਇਸ ਦਿਨ ਸਰਕਾਰ ਵੱਲੋਂ ਕੁਝ ਗਿਣੇ ਚੁਣੇ ਅਧਿਆਪਕਾਂ ਨੂੰ ਸਟੇਟ, ਨੈਸ਼ਨਲ ਐਵਾਰਡ ਦੇਣ ਸਮੇਂ ਇੱਕ ਸਰਟੀਫਿਕੇਟ ਅਤੇ ਕੁੱਝ ਰਾਸ਼ੀ ਦੇ ਕੇ ਸਮਨਾਨਿਆ ਜਾਂਦਾ ਹੈ। ਬਿਨਾਂ ਸ਼ੱਕ ਇਹ ਸਨਮਾਨ ਪ੍ਰਾਪਤ ਕਰਨ ਲਈ ਕੁਝ ਸੱਚੇ, ਝੂਠੇ ਮੂਠੇ ਦਸਤਾਵੇਜ਼ ਤਿਆਰ ਕਰਨ ਤੋਂ ਇਲਾਵਾਂ ਸਿਫਾਰਸ਼ਾਂ, ਚਾਪਲੂਸੀਆਂ ਵੀ ਕਰਨੀਆਂ ਪੈਂਦੀਆਂ ਹਨ। ਇਸ ਦਿਨ ਸਰਕਾਰ ਵੱਲੋਂ ਅਧਿਆਪਕਾਂ ਬਾਰੇ ਝੂਠੇ ਮੂਠੇ ਸੋਹਲੇ ਗਾਏ ਜਾਂਦੇ ਹਨ ਜੋ ਕਿ ਅਸਲ ਹਕੀਕਤਾਂ ਤੋਂ ਕੋਹਾਂ ਦੂਰ ਹੁੰਦੇ ਹਨ। ਅਧਿਆਪਕ, ਜਿਸ ਨੂੰ ਦੇਸ਼ ਅਤੇ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ, ਜਦੋਂ ਨੌਕਰੀਆਂ ਪੱਕੀਆਂ ਕਰਨ ਲਈ ਧਰਨੇ, ਮੁਜ਼ਾਹਰੇ ਕਰਦਾ ਹੈ ਤਾਂ ਹਰੇਕ ਸੂਬੇ ਦੀਆਂ ਸਰਕਾਰਾਂ ਉਨ੍ਹਾਂ ਉੱਤੇ ਡਾਂਗਾਂ ਵਰ੍ਹਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਜੇਲਾਂ ਵਿੱਚ ਵੀ ਸੁੱਟਦੀਆਂ ਹਨ। ਇਤਿਹਾਸ ਇਸ ਦਾ ਗਵਾਹ ਹੈ। ਅਧਿਆਪਕ ਇੱਕ ਅਜਿਹੀ ਮੋਮਬੱਤੀ ਹੈ ਜੋ ਆਪ ਬਲਦੀ ਹੈ ਅਤੇ ਦੂਜਿਆਂ ਨੂੰ ਚਾਨਣ ਦਿੰਦੀ ਹੈ। ਪਰ ਅੱਜ ਇਸ ਮੋਮਬੱਤੀ ਦਾ ਹਾਲ ਸਾਡੇ ਸਭ ਦੇ ਸਾਹਮਣੇ ਹੈ।
ਅੱਜ 5 ਸਤੰਬਰ ਹੈ, ਇਹ ਅਧਿਅਪਾਕਾਂ ਦਾ ਦਿਵਸ ਹੈ। ਇਸ ਦਿਨ ਅਧਿਆਪਕਾਂ ਨੂੰ ਇਕੱਠੇ ਬੈਠ ਕੇ, ਸਿਰ ਜੋੜ ਕੇ ਸੋਚਣਾ ਚਾਹੀਦਾ ਹੈ ਕਿ ਇਸ ਕੌਮ ਦੇ ਨਿਰਮਾਤਾ ਦੀ ਹਾਲਤ ਐਨੀ ਕਿਉਂ ਨਿੱਘਰ ਗਈ ਹੈ ਕਿ ਇਨ੍ਹਾਂ ਉੱਤੇ ਕਦੇ ਰੈਸ਼ਨੇਲਾਈਜੇਸ਼ਨ ਦੀ, ਕਦੇ ਮੁਅੱਤਲੀਆਂ ਅਤੇ ਕਦੇ ਸਰਕਾਰ ਵੱਲੋਂ ਮਨਮਰਜ਼ੀ ਨਾਲ ਕੀਤੀਆਂ ਬਦਲੀਆਂ ਦੀ ਤਲਵਾਰ ਲਟਕਦੀ ਰਹਿੰਦੀ ਹੈ। ਮੈਂ ਜਦੋਂ 1978 ਵਿੱਚ ਜੇ.ਬੀ.ਟੀ. ਭਰਤੀ ਹੋਇਆ ਸੀ, ਉਦੋਂ 31-03-1977 ਵਾਲੇ ਅਧਿਆਪਕ ਪੱਕੇ ਕਰਨ ਦਾ ਘੋਲ ਚਲਦਾ ਸੀ। ਉਸ ਸਮੇਂ ਅਧਿਆਪਕਾਂ ਨੂੰ ਜੇਲਾਂ ਵਿੱਚ ਡੱਕਿਆ ਜਾਂਦਾ ਸੀ ਅਤੇ ਜੇਲਾਂ ਵਿੱਚ ਜਾਣ ਵਾਲੇ ਅਧਿਆਪਕਾਂ ਨੂੰ ਲਾੜਿਆਂ ਵਾਂਗ ਹਾਰ ਪਾ ਕੇ ਕਾਂਸਲ ਪਿੰਡ ਦੇ ਗੁਰਦੁਆਰੇ ਵਿੱਚੋਂ ਜੇਲ ਜਾਣ ਲਈ ਤੋਰਿਆ ਜਾਂਦਾ ਸੀ। ਮੈਂ ਤਾਂ ਇਹ ਵੀ ਸੁਣਿਆ ਸੀ ਕਿ ਅਧਿਆਪਕ ਜਥੇਬੰਦੀ ‘ਗੌਰਮਿੰਟ ਟੀਚਰ ਯੂਨੀਅਨ’ ਦੀਆਂ ਖ਼ਬਰਾਂ ਬੀ.ਬੀ.ਸੀ ਲੰਦਨ ਤੋਂ ਆਉਂਦੀਆਂ ਸਨ ਕਿ ਪੰਜਾਬ ਵਿੱਚ ਅਧਿਆਪਕਾਂ ਦੀ ਇੱਕ ਅਜਿਹੀ ਜਥੇਬੰਦੀ ਹੈ, ਜਦੋਂ ਉਹ ਕੋਈ ਸੰਘਰਸ਼ ਲੜਦੀ ਹੈ ਤਾਂ ਸਰਕਾਰ ਹਿੱਲਦੀ ਹੈ। ਪਰ ਮੈਂ ਆਪਣੀ 37 ਸਾਲ ਦੀ ਸੇਵਾ ਵਿੱਚ ਜਿੱਥੇ ਇਸ ਜਥੇਬੰਦੀ ਦੀਆਂ ਐੱਮ.ਐੱਲ.ਏ. ਅਤੇ ਐੱਮ.ਪੀਆਂ ਵਾਂਗ ਚੋਣਾਂ ਹੁੰਦੀਆਂ ਅੱਖੀਂ ਵੇਖੀਆਂ ਹਨ, ਉੱਥੇ ਹੀ ਇਸ ਨੂੰ ਜਾਤਾਂ, ਗੋਤਾਂ, ਵਿਸ਼ਿਆਂ ਅਤੇ ਅਹੁਦਿਆਂ ਵਿੱਚ ਖੇਂਰੂੰ ਖੇਂਰੂੰ ਹੁੰਦੇ ਵੀ ਵੇਖਿਆ ਹੈ। ਪ੍ਰਧਾਨਗੀ, ਸਕੱਤਰੀ ਦੀ ਚੌਧਰਵਾਦ ਦੀ ਭੁੱਖ ਨੇ ਇੱਕ ਮਜ਼ਬੂਤ ਜਥੇਬੰਦੀ ਨੂੰ ਪਾਣੀ ਦਾ ਬੁਲਬਲਾ ਤੱਕ ਬਣਾ ਦਿੱਤਾ ਹੈ। ਇਸ ਕੌੜੀ ਸੱਚਾਈ ਤੋਂ ਮੁਨਕਰ ਹੋਣਾ ‘ਕਬੂਤਰ ਦੇ ਬਿੱਲੀ ਨੂੰ ਵੇਖ ਕੇ ਅੱਖਾਂ ਮੀਚਣ’ ਦੇ ਤੁੱਲ ਹੋਵੇਗਾ।
ਅੱਜ ਜਿਹੜਾ ਅਧਿਆਪਕ ਬੱਚਿਆਂ ਨੂੰ ‘ਏਕਤਾ ਵਿੱਚ ਬਲ ਹੈ’ ਦੀਆਂ ਉਦਾਹਰਣਾਂ ਦੇ ਦੇ ਕੇ ਸਿੱਖਿਆ ਦੇ ਰਿਹਾ ਹੈ, ਉਹ ਖੁਦ ਕਿੰਨੇ ਥਾਂਵਾਂ ’ਤੇ ਵੰਡਿਆ ਹੋਇਆ ਹੈ, ਇਹ ਅਸੀਂ ਅਖ਼ਬਾਰਾਂ ਦੀਆਂ ਖ਼ਬਰਾਂ ਵਿੱਚ ਆਪੋ ਆਪਣੀ ਡਫਲੀ ਵਜਾ ਰਹੀਆਂ ਜਥੇਬੰਦੀਆਂ ਵਿੱਚ ਦੇਖ ਸਕਦੇ ਹਾਂ। ਅਧਿਆਪਕ ਦੀ ਹਾਲਤ ਉਸ ਅਖਾਣ ਵਾਂਗ ਹੋ ਗਈ ਹੈ ਕਿ ‘ਸਿਰੋਂ ਗੰਜੀ, ਹੱਥ ਕੰਘੀਆਂ ਦਾ ਜੋੜਾਂ।’ ਜੋ ਅਧਿਆਪਕ ਆਪਣੇ ਹੰਕਾਰ ਅਤੇ ਚੌਧਰਵਾਦ ਦੀ ਭੁੱਖ ਕਾਰਨ ਪਾਟੋਧਾੜ ਹੋਇਆ ਪਿਆ ਹੈ, ਉਸ ਨੂੰ ਅਸੀਂ ਦੇਸ਼ ਅਤੇ ਕੌਮ ਦਾ ਨਿਰਮਾਤਾ ਕਿਵੇਂ ਕਹਿ ਸਕਦੇ ਹਾਂ। ਅੱਜ ਦਾ ਅਧਿਆਪਕ ਚਾਨਣ ਦਾ ਵਣਜਾਰਾ ਨਹੀਂ, ਇਹ ਤਾਂ ਹਨ੍ਹੇਰੇ ਦਾ ਦੂਤ ਹੈ, ਜੋ ਕਹਿੰਦਾ ਕੁਝ ਹੋਰ ਅਤੇ ਕਰਦਾ ਕੁਝ ਹੋਰ ਹੈ।
ਅਜੇ ਵੀ ਵੇਲਾ ਹੈ, ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਿਆਣੇ ਕਹਿੰਦੇ ਹਨ ਕਿ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਪਰਤ ਆਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਮੈਂ ਤਾਂ ਛੋਟੀ ਉਮਰੇ ਕਿਸਾਨਾਂ ਨੂੰ ਜ਼ਮੀਨ ਠੇਕੇ ’ਤੇ ਦਿੰਦੇ ਜਾਂ ਫਿਰ ਸ਼ਰਾਬ ਦੇ ਠੇਕੇ ਬਾਰੇ ਸੁਣਿਆ ਸੀ ਪਰ ਹੁਣ ਤਾਂ ਸਰਕਾਰ ਨੇ ਅਧਿਆਪਕ ਵੀ ਠੇਕੇ ਤੇ ਰੱਖਣੇ ਸ਼ੁਰੂ ਕਰ ਦਿੱਤੇ ਹਨ। ਅਧਿਆਪਕ ਬੱਚਿਆਂ ਨੂੰ ਆਜ਼ਾਦੀ ਦੀ ਲੜਾਈ ਬਾਰੇ ਜਦੋਂ ਪੜ੍ਹਾਉਂਦੇ ਹਨ ਤੇ ਉਨ੍ਹਾਂ ਨੂੰ ਦੱਸਦੇ ਹਨ ਕਿ ‘ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ’ ਵਰਤ ਕੇ ਸਾਡੇ ਉੱਤੇ ਸੌ ਸਾਲ ਰਾਜ ਕੀਤਾ ਸੀ। ਹੁਣ ਸਰਕਾਰ ਦੀ ਉਸੇ ਨੀਤੀ ਨੂੰ ਅਧਿਆਪਕ ਕਿਉਂ ਨਹੀਂ ਸਮਝਦੇ, ਜਿਸ ਨੇ ਇੱਕ ਅਧਿਆਪਕ ਨੂੰ ਹੀ ਵੱਖੋ ਵੱਖ ਕੈਟਾਗਰੀਆਂ ਵਿੱਚ ਵੰਡ ਕੇ ਸਾਡੀ ਹੋਂਦ ਨੂੰ ਹੀ ਖਤਰਾ ਖੜ੍ਹਾ ਕਰ ਦਿੱਤਾ ਹੈ।
ਅੰਤ ਵਿੱਚ ਮੈਂ ਸਿਰਫ ਇਹ ਹੀ ਕਹਿ ਸਕਦਾ ਹਾਂ ਕਿ ਜੇਕਰ ਅਸੀਂ ਮੌਜੂਦਾ ਸਮੇਂ ਦਾ ਵਿਸ਼ੇਲਸ਼ਣ ਨਾ ਕੀਤਾ ਤਾਂ ਆਉਣ ਵਾਲੀਆਂ ਸਰਕਾਰਾਂ ਇਸ ਮੋਮਬੱਤੀ ਵਿੱਚੋਂ ਧਾਗਾ ਹੀ ਗਾਇਬ ਕਰਕੇ ਚਾਰੇ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਕਰ ਦੇਣਗੀਆਂ, ਕਿਉਂਕਿ ਧਾਗੇ ਤੋਂ ਬਿਨਾਂ ਮੋਮ ਕਿਸੇ ਕੰਮ ਦਾ ਨਹੀਂ ਹੈ। ਮੌਜੂਦਾ ਹਾਕਮਾਂ ਦੀਆਂ ਨੀਤੀਆਂ ਸਾਡੇ ਸਭ ਦੇ ਸਹਮਣੇ ਹਨ। ਆਪਾਂ ਅੱਜ 5 ਸਤੰਬਰ ਅਧਿਆਪਕ ਦਿਵਸ ਨੂੰ ਆਪਣੀਆਂ ਕੱਚੀਆਂ ਪਿੱਲੀਆਂ ਪਾਈਆਂ ਕੁੱਲੀਆਂ ਨੂੰ ਢਾਹ ਕੇ ਇੱਕ ਵੱਡਾ ਸਾਰਾ ਮਹਿਲ (ਇੱਕ ਮਹਿਕਮਾ, ਇੱਕ ਜਥੇਬੰਦੀ) ਉਸਾਰੀਏ ਨਾ ਕਿ ਸਰਕਾਰ ਵੱਲੋਂ ਮਿਲੇ ਸਟੇਟ ਐਵਾਰਡਾਂ ਨੂੰ ਝਾੜ ਪੂੰਝ ਕੇ ਆਪਣੇ ਡਰਾਇੰਗ ਰੂਮਾਂ ਵਿੱਚ ਸਜਾ ਸਜਾ ਕੇ ਖੁਸ਼ ਹੋਈਏ। ਸਾਰੇ ਇਕੱਠੇ ਹੋ ਕੇ ਸਰਕਾਰ ਦੀਆਂ ਅਸਲ ਨੀਤੀਆਂ ਦਾ ਪਰਦਾਫਾਸ਼ ਕਰਕੇ ਸੱਚਮੁੱਚ ਹੀ ਦੇਸ਼ ਅਤੇ ਕੌਮ ਦਾ ਨਿਰਮਾਤਾ ਕਹਾਈਏ। ਜੇਕਰ ਅਸੀਂ ਵੀ ਇੱਕ ਮਹਿਕਮਾ, ਇੱਕ ਜਥੇਬੰਦੀ, ਬਣਾ ਲਈਏ ਅਤੇ ਦੂਜੇ ਮਹਿਕਮਿਆਂ ਨੂੰ ਵੀ ਇਹ ਮਿਸਾਲ ਪੈਦਾ ਕਰਕੇ ਦਿਖਾਈਏ ਤਾਂ ਹੀ ਅਸੀਂ ਸਰਕਾਰ ਵੱਲੋਂ ਜੋ ਮੱਧ ਵਰਗ ਨੂੰ ਖਤਮ ਕਰਨ ਦੀ ਨੀਤੀ ਬਣਾਈ ਜਾ ਰਹੀ ਹੈ, ਉਸਦਾ ਇਕੱਠੇ ਹੋ ਕੇ, ਡਟ ਕੇ ਟਾਕਰਾ ਕਰ ਸਕਾਂਗੇ ਨਾ ਕਿ ਠੇਕੇ ’ਤੇ ਰਹਿ ਕੇ ਨਿਗੂਣੀ ਤਨਖਾਹ ਪ੍ਰਾਪਤ ਕਰਕੇ ਆਪਣੇ ਬੱਚਿਆਂ ਦਾ ਭਵਿੱਖ ਅੰਧਕਾਰ ਵਿੱਚ ਡੁਬੋਈਏ। ਕੀ ਕਦੇ ਸੋਚਿਆ ਹੈ ਕਿ ਨਿਗੁਣੀ ਤਨਖਾਹ ਤੇ ਅਸੀਂ ਆਪਣੇ ਬੱਚਿਆਂ ਨੂੰ ਕੀ ਬਣਾ ਸਕਾਂਗੇ? ਸੋਚਣਾ ਅਤੇ ਅਮਲ ਕਰਨਾ ਤੁਹਾਡਾ ਕੰਮ ਹੈ, ਨਹੀਂ ਤਾਂ ਇੱਕ ਦਿਨ ਘਾਹੀਆਂ ਦੇ ਪੁੱਤ ਘਾਹੀ ਵੀ ਨਹੀਂ ਰਹਿਣੇ। ਕੰਧ ’ਤੇ ਲਿਖਿਆ ਸੱਚ ਅਧਿਆਪਕਾਂ ਨੇ ਪੜ੍ਹ ਕੇ ਦੂਜਿਆਂ ਨੂੰ ਦੱਸਣਾ ਹੀ ਨਹੀਂ ਹੁੰਦਾ, ਉਹਨਾਂ ਨੂੰ ਨਾਲ ਲੈ ਕੇ ਤੋਰਨਾ ਵੀ ਹੁੰਦਾ ਹੈ। ਮੇਰੇ ਵੱਲੋਂ ਤਾਂ ਇਹੋ ਅਧਿਆਪਕ ਦਿਵਸ ਦਾ ਸੁਨੇਹਾ ਹੈ।
*****
(1290)