“ਅਖ਼ੀਰ ਗਿਟਮਿਟ ਦਾ ਨਤੀਜਾ ਇਹ ਨਿਕਲਿਆ ਕਿ ਮੈਨੂੰ ਇਨ੍ਹਾਂ ...”
(13 ਸਤੰਬਰ 2018)
ਪਤਾ ਨਹੀਂ ਕਿਹੜੇ ਵੇਲੇ ਮੈਂ ਕਿਸੇ ਕਿਤਾਬ ਵਿੱਚ ਇਹ ਪੜ੍ਹ ਲਿਆ ਕਿ “ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ।” ਸਕੂਲਾਂ ਦੀਆਂ ਕੰਧਾਂ ਉੱਤੇ ਵੀ ਲਿਖਿਆ ਹੁੰਦਾ ਹੈ - ਸਦਾ ਸੱਚ ਬੋਲੋ। ਕਿਸੇ ਨੇ ਇਹ ਵੀ ਕਿਹਾ ਹੈ ਕਿ ਸੱਚ ਬੋਲਣਾ, ਲਿਖਣਾ ਅਤੇ ਛਾਪਣਾ ਬਹੁਤ ਔਖਾ ਹੈ। ਮੇਰਾ ਵੀ ਵਿਚਾਰ ਹੈ ਕਿ ਸੱਚ ਬੋਲਣਾ ਖੁਦਕਸ਼ੀ ਕਰਨ ਦੇ ਬਰਾਬਰ ਹੈ। ਮਿੱਤਰੋ ਸੱਚ ਦਾ ਸਵਾਦ ਐਨਾ ਕੌੜਾ ਹੈ ਕਿ ਸਾਡੀ ਜੀਭ ਕੌੜੀਆਂ ਤੋਂ ਕੌੜੀਆਂ ਮਿਰਚਾਂ ਦਾ ਸਵਾਦ ਤਾਂ ਸਹਾਰ ਲੈਂਦੀ ਹੈ ਪਰ ਸੱਚ ਦਾ ਸਵਾਦ ਕੋਈ ਵੀ ਨਹੀਂ ਸਹਾਰ ਸਕਦਾ।
ਮੈਂ ਸਾਡੇ ਮਸ਼ਹੂਰ ਲੇਖਕ ਜਸਵੰਤ ਸਿੰਘ ਕੰਵਲ ਜੀ ਦਾ “ਸੱਚ ਨੂੰ ਫਾਂਸੀ” ਨਾਵਲ ਬਹੁਤ ਦੇਰ ਪਹਿਲਾਂ ਪੜ੍ਹਿਆ ਸੀ। ਪਰ ਕੀ ਕਰਾਂ ਸੱਚ ਬੋਲਣ ਦੀ ਮੈਂ ਆਪਣੀ ਆਦਤ ਨਹੀਂ ਛੱਡ ਸਕਦਾ। ਇਸੇ ਸੱਚ ਸਦਕਾ ਮੇਰੇ ਯਾਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਮੈਂ ਦਿਨੋਂ ਦਿਨ ਇਕੱਲਾ ਹੁੰਦਾ ਜਾ ਰਿਹਾ ਹਾਂ। ਮੈਂ ਸਾਡੇ ਮਹਾਨ ਸਾਹਿਤਕਾਰ ਸੁਰਜੀਤ ਪਾਤਰ ਦਾ ਕਹਿਣਾ ਵੀ ਨਹੀਂ ਮੰਨ ਸਕਿਆ, ਜਿਸ ਨੇ ਕਿਹਾ ਸੀ, “ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇ। ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ।” ਪਰ ਮੈਨੂੰ ਲਾਲ ਸਿੰਘ ਦਿਲ ਦੀਆਂ ਗੱਲਾਂ ਵੀ ਨਹੀਂ ਭੁੱਲਦੀਆਂ, ਜਿਸ ਨੇ ਕਿਹਾ ਸੀ, “ਮੈਨੂੰ ਪਿਆਰ ਕਰਦੀਏ, ਪਰ ਜਾਤ ਕੁੜੀਏ। ਤੂੰ ਨਹੀਂ ਜਾਣਦੀ, ਸਾਡੇ ਤਾਂ ਇੱਥੇ ਮੁਰਦੇ ਵੀ ਇਕ ਥਾਂ ਨਹੀਂ ਜਲਾਉਂਦੇ।” ਸੁਰਜੀਤ ਪਾਤਰ ਜੀ ਦੇ ਸ਼ੇਅਰ ਦੇ ਜਵਾਬ ਵਿੱਚ ਮੈਂ ਵੀ ਲਿਖਣ ਦੀ ਗੁਸਤਾਖ਼ੀ ਕਰ ਰਿਹਾ ਹਾਂ:
ਆਖਰੀ ਵਕਤ ਸ਼ਮਸ਼ਾਨ ਘਾਟ ਜਾਣ ਲਈ,
ਐਂਵੇ ਹੀ ਸੱਚ ਬੋਲਣ ਤੋਂ ਡਰ ਗਿਆ ਪਾਤਰ ਵਿਚਾਰਾ।
ਨਹੀਂ ਸੀ ਜਾਣਦਾ ਉਹ, ਕਿ ਮੁਰਦੇ ਘਰ ਰੱਖਣ ਦਾ, ਸਾਡੇ ਰਿਵਾਜ਼ ਨਹੀਂ।
ਜਿਵੇਂ ਸਾਡੇ ਦੇਸ਼ ਵਿੱਚ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਂਦਾ, ਉਨ੍ਹਾਂ ਨੂੰ ਜਾਂ ਤਾਂ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਜਾਂ ਫਿਰ ਜੇਲਾਂ ਦੀਆਂ ਸੀਖਾਂ ਪਿੱਛੇ ਬੰਦ ਕਰ ਦਿੱਤਾ ਜਾਂਦਾ ਹੈ। ਨਰਿੰਦਰ ਦਭੋਲਕਰ, ਕਲਬੁਰਗੀ, ਗੋਵਿੰਦ ਪਨਸਾਰੇ ਅਤੇ ਗੌਰੀ ਲੰਕੇਸ਼ ਇਸ ਦੀਆਂ ਮੂੰਹ ਬੋਲਦੀਆਂ ਉਦਾਹਰਣਾਂ ਹਨ।
ਹੁਣ ਕਵੀ ਵਰਵਰਾ ਰਾਓ, ਅਰੁਣ ਵਡੇਰਾ, ਗੌਤਮ ਨਵਲੱਖਾ ਅਤੇ ਸੁਧਾ ਭਾਰਦਵਾਜ ਵਰਗਿਆਂ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਜੇਲਾਂ ਵਿੱਚ ਡੱਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੂ-ਕੀ ਨੇ ਸੱਚ ਲਿਖਣ ਵਾਲੇ ਪੱਤਰਕਾਰਾਂ ਨੂੰ ਤਾਂ ਜੇਲ੍ਹਾਂ ਵਿੱਚ ਹੀ ਡੱਕ ਦਿੱਤਾ ਹੈ। ਖੈਰ, ਇਹ ਤਾਂ ਬਹੁਤ ਵੱਡੀਆਂ ਗੱਲਾਂ ਹਨ। ਸਾਡੇ ਚਿੜੀ ਦੇ ਪੌਂਚੇ ਤੋਂ ਵੀ ਛੋਟੇ ਜਿਹੇ ਸ਼ਹਿਰ ਵਿੱਚ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਵੱਖ ਵੱਖ ਨਾਵਾਂ ਦੀਆਂ ਦੋ ਸਾਹਿਤਕ ਸੰਸਥਾਵਾਂ ਹਨ। ਸਾਡੇ ਸਾਹਿਤਕਾਰ ਵੀਰ ਵੱਖੋ ਵੱਖ ਸਾਹਿਤ ਸਭਾਵਾਂ ਬਣਾ ਕੇ ਉਨ੍ਹਾਂ ਨੂੰ ਆਪਣੀ ਜਾਗੀਰ ਸਮਝਣ ਲੱਗ ਪੈਂਦੇ ਹਨ। ਕਈ ਵਾਰ ਹੈਰਾਨੀ ਹੁੰਦੀ ਹੈ ਕਿ ਇਹ ਸਾਹਿਤਕਾਰ ਹਨ ਜਾਂ ਫਿਰ ਡਿਕਟੇਟਰ। ਇਹ ਸਾਹਿਤ ਸਭਾ ਦੇ ਨਾਂ ਤੇ ਵੱਟਸਐਪ ਗਰੁੱਪ ਬਣਾ ਲੈਂਦੇ ਹਨ ਜੋ ਕਿ ਇੱਕ ਵਧੀਆ ਗੱਲ ਹੈ। ਪਰ ਜੇਕਰ ਕੋਈ ਮੇਰੇ ਵਰਗਾ ਛੋਟਾ ਜਿਹਾ ਲੇਖਕ ਸੱਚੀਆਂ ਗੱਲਾਂ ਲਿਖ ਕੇ ਪਾ ਦੇਵੇ ਤਾਂ ਇਹ ਉਸ ਦੀ ਅਹੀ ਤਹੀ ਕਰਨ ਤੱਕ ਪਹੁੰਚ ਜਾਂਦੇ ਹਨ। ਮੇਰੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ। ਮੈਂ ਤੁਹਾਡੇ ਅੱਗੇ ਇਹ ਗੱਲ ਇਸ ਲਈ ਰੱਖਣਾ ਚਾਹੁੰਦਾ ਹਾਂ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਜੇਕਰ ਸਾਡੇ ਸਾਹਿਤਕਾਰ ਅਜਿਹੇ ਹੋਣਗੇ ਤਾਂ ਸਾਡੇ ਦੇਸ਼ ਦਾ ਕੀ ਬਣੇਗਾ। ਮੈਂ ਸਾਹਿਤ ਸਭਾ ਦੇ ਗਰੁੱਪ ਵਿੱਚ ਇੱਕ ਪੋਸਟ “ਚਾਨਣ ਦੇ ਵਣਜਾਰੇ” ਕਾਵਿ ਵਿਅੰਗ ਦੇ ਰੂਪ ਵਿੱਚ ਪਾ ਬੈਠਾ। ਤੁਸੀਂ ਖੁਦ ਇਹ ਵਿਅੰਗ ਪੜ੍ਹ ਕੇ ਨਿਰਣਾ ਕਰਨਾ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ?
ਰਲ਼ ਮਿਲ਼ ਇਕੱਠੇ ਹੋ ਕੇ ਆਪਾਂ, ਆਓ ਇੱਕ ਸਾਹਿਤ ਸਭਾ ਬਣਾਈਏ।
ਪ੍ਰਧਾਨਗੀ ਓਹਦੀ ਸਾਂਭਣ ਵੇਲੇ, ਇੱਕ ਤੋਂ ਦੋ ਅਸੀਂ ਹੋ ਜਾਈਏ।
ਪ੍ਰਧਾਨਗੀ ਜੇਕਰ ਇਕ ਵਾਰ ਮਿਲ ਜੇ, ਮਰਦੇ ਦਮ ਤੱਕ ਉਹਨੂੰ ਗਲ਼ੇ ਲਗਾਈਏ।
ਵਿੱਚ ਮਹੀਨੇ ਇੱਕ ਦਿਨ ਹੋ ਇਕੱਠੇ, ਰਚਨਾਵਾਂ ਦੇ ਆਪਾਂ ਦੌਰ ਚਲਾਈਏ।
ਕਵਿਤਾ, ਗੀਤ ਤੇ ਗ਼ਜ਼ਲਾਂ ਸੁਣ ਕੇ, ਵਾਹ ਵਾਹ ਆਪੋ ਆਪਣੀ ਕਰਾਈਏ।
ਦੋ ਚਾਰ ਗੀਤ ਤੇ ਗ਼ਜ਼ਲਾਂ ਲਿਖਕੇ, ਸਾਹਿਤ ਦੇ ਬਾਬੇ ਬੋਹੜ ਅਖਵਾਈਏ।
ਚਾਹ ਪਾਣੀ ਦਾ ਕਰੀਏ ਹੀਲਾ, ਕਿਸੇ ਕਿਤਾਬ ਦਾ ਘੁੰਢ ਚੁਕਾਈਏ।
ਲੋਟੂਆਂ (ਸਰਕਾਰਾਂ) ਕੋਲ਼ੋ ਲੈ ਕੇ ਤਮਗ਼ੇ, ਸ਼੍ਰੋਮਣੀ ਸਾਹਿਤਕਾਰ ਅਸੀਂ ਬਣ ਜਾਈਏ।
ਬਾਗ਼ੀ ਜੋ ਵੀ ਮਰਜੀ ਆਖੇ, ਚਾਨਣ ਦੇ ਅਸੀਂ ਵਣਜਾਰੇ ਕਹਾਈਏ।
ਲਓ ਜੀ, ਇਹ ਵਿਅੰਗ ਪਾਉਣ ਦੀ ਦੇਰ ਸੀ ਕਿ ਸਾਹਿਤ ਸਭਾ ਵਿੱਚ ਸ਼ਾਮਲ 24 ਸਾਹਿਤਕਾਰਾਂ ਵਿੱਚੋਂ ਤਿੰਨ ਚਾਰ ਸਾਹਿਤਕਾਰਾਂ ਦੇ ਦਿਮਾਗ਼ ਵਿਚਲੇ ਸਾਹਿਤਕ ਕੀੜੇ ਨੇ ਕੁਰਬੁਲ ਕੁਰਬੁਲ ਕਰਨਾ ਸ਼ੁਰੂ ਕਰ ਦਿੱਤਾ। ਸਾਹਿਤ ਸਭਾ ਦੇ ਵੱਟਸਐਪ ਗਰੁੱਪ ਵਿੱਚ ਇੱਕ ਵੀਰ ਨੇ ਲਿਖਿਆ ਕਿ ਸੌ ਕਿਤਾਬਾਂ ਪੜ੍ਹ ਕੇ ਇੱਕ ਕਵਿਤਾ ਲਿਖੀ ਹੈ। ਮੈਂ ਉਸ ਵੀਰ ਦਾ ਧੰਨਵਾਦੀ ਹਾਂ, ਜਿਸ ਨੇ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਤਾਂ ਬਣਾ ਦਿੱਤਾ। ਮੈਂ ਉਸ ਵੀਰ ਨੂੰ ਜਵਾਬ ਵਿੱਚ ਲਿਖਿਆ ਕਿ ਮੈਂ 1980 ਤੋਂ ਅਖ਼ਬਾਰਾਂ ਵਿੱਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਡਟ ਕੇ ਲਿਖ ਰਿਹਾ ਹਾਂ, ਤਾਂ ਇੱਕ ਹੋਰ ਵੀਰ ਨੂੰ ਇਹ ਪੜ੍ਹ ਕੇ ਗੁੱਸਾ ਆ ਗਿਆ। ਉਸ ਨੇ ਲਿਖਿਆ ਇਹ ਪੋਸਟ ਪੜ੍ਹ ਕੇ ਤੁਹਾਡੇ ਹੰਕਾਰਵਾਦੀ ਹੋਣ ਦੀ ਝਲਕ ਮਿਲਦੀ ਹੈ। ਸਾਹਿਤ ਸਭਾ ਦਾ ਇੱਕ ਮਿਆਰ ਹੈ। ਇਸ ਵਿੱਚ ਸਾਹਿਤਕ ਰਚਨਾਵਾਂ ਹੀ ਪਾਈਆਂ ਜਾਣ। ਪਰ ਮੇਰੇ ਵਰਗੇ ਛੋਟੇ ਮੋਟੇ ਲੇਖਕ ਨੂੰ ਪਤਾ ਨਹੀਂ ਸਾਹਿਤਕ ਰਚਨਾ ਅਤੇ ਮਿਆਰ ਕੀ ਹੁੰਦਾ ਹੈ? ਮੈਂ ਭੋਲੇ ਭਾਅ ਪੁੱਛ ਲਿਆ ਕਿ ਮਿਆਰ ਮੀਟਰਾਂ ਨਾਲ ਮਿਣੇ ਜਾਂਦੇ ਆ? ਬੱਸ, ਫਿਰ ਕੀ ਸੀ, ਇੱਕ ਹੋਰ ਸਾਹਿਤਕਾਰ ਵੀਰ ਜਿਸ ਨੂੰ ਸਰਕਾਰ ਵੱਲੋਂ ਕਈ ਇਨਾਮ ਸ਼ਨਾਮ ਮਿਲੇ ਹੋਏ ਹਨ, ਕਹਿਣ ਲੱਗਾ - ਯਾਰ ਕਰੋ ਕੁੱਝ ਇਸਦਾ, ਇਹ ਤਾਂ ਸਾਹਿਤ ਸਭਾ ਦੇ ਗਰੁੱਪ ਵਿੱਚ ਫੁੱਟ ਪਾ ਦੇਊ। ਇਸ ਨੂੰ ਪਤਾ ਹੀ ਨਹੀਂ ਕਿ ਸਾਹਿਤ ਸਭਾ ਦੇ ਗਰੁੱਪ ਵਿੱਚ ਕੀ ਲਿਖ ਕੇ ਭੇਜਣਾ ਹੈ। ਕਿਸੇ ਹੋਰ ਵੀਰ ਨੇ ਤਾਂ ਹੱਦ ਹੀ ਕਰ ਦਿੱਤੀ, ਉਹ ਕਹਿਣ ਲੱਗਾ- ਇਹ ਅਖ਼ਬਾਰਾਂ ਵਿੱਚ ਲਿਖਦਾ ਹੈ, ਉੱਧਰ ਹੀ ਲਿਖਦਾ ਰਹੇ। ਇਸਦਾ ਸਾਹਿਤ ਸਭਾ ਨਾਲ ਕੀ ਲਾਗਾ ਦੇਗਾ। ਵਿਅੰਗ ਤੇ ਕਵਿਤਾ ਲਿਖਣ ਬਾਰੇ ਕਹਿਣ ਵਾਲਾ ਦੁਬਾਰਾ ਬੋਲਿਆ ਕਿ ਕਵੀ ਤਾਂ ਨਰਮ ਦਿਲ ਹੁੰਦੇ ਨੇ। ਮੈਂ ਪੁੱਛ ਬੈਠਾ, ਫਿਰ ਉਦਾਸੀ, ਪਾਸ਼ ਤੇ ਦਿਲ ਨੇ ਅਜਿਹੀਆਂ ਵਿਦਰੋਹੀ ਤੇ ਜੁਝਾਰੂ ਕਵਿਤਾਵਾਂ ਕਿਵੇਂ ਲਿਖ ਦਿੱਤੀਆਂ। ਇਸੇ ਬਹਿਸ ਵਿੱਚ ਮੈਥੋਂ ਇੱਕ ਸੱਚ ਹੋਰ ਬੋਲਿਆ ਗਿਆ ਕਿ ਸਾਹਿਤ ਸਭਾਵਾਂ ਵਿੱਚ ਜ਼ਿਹਨੀ ਅਯਾਸ਼ੀ ਕੀਤੀ ਜਾਂਦੀ ਹੈ। ਕਿਉਂਕਿ ਗ਼ਜ਼ਲਾਂ ਗੀਤਾਂ ਦੀਆਂ ਇੱਕ ਦੋ ਲਾਈਨਾਂ ਅਤੇ ਮਿੰਨੀ ਕਹਾਣੀ ਦਾ ਨਾਂ ਲਿਖ ਕੇ ਉਸ ’ਤੇ ਜ਼ੋਰਦਾਰ ਬਹਿਸ ਕਰਕੇ ਅਖ਼ਬਾਰਾਂ ਵਿੱਚ ਖ਼ਬਰ ਲਗਵਾ ਦਿੱਤੀ ਜਾਂਦੀ ਹੈ। ਦੋ ਲਾਈਨਾਂ ਤੇ ਕਹਾਣੀ ਦਾ ਨਾਂ ਸਿਰਫ ਅਖ਼ਬਾਰਾਂ ਵਿੱਚ ਪੜ੍ਹ ਕੇ ਪਤਾ ਹੀ ਨਹੀਂ ਲੱਗਦਾ ਕਿ ਗ਼ਜ਼ਲ, ਗੀਤ ਜਾਂ ਕਹਾਣੀ ’ਤੇ ਕੀ ਬਹਿਸ ਕੀਤੀ ਹੈ? ਇਹ ਸਿਰਫ਼ ਸਾਹਿਤ ਸਭਾ ਵਿੱਚ ਸ਼ਾਮਲ ਸਾਹਿਤਕਾਰ ਹੀ ਜਾਣਦੇ ਹਨ। ਲੋਕ ਇਹ ਵੀ ਨਹੀਂ ਜਾਣ ਸਕਦੇ ਕਿ ਇਨ੍ਹਾਂ ਸਾਹਿਤਕਾਰਾਂ ਕੋਲ਼ ਕਿੰਨਾ ਕੁ ਗਿਆਨ ਹੈ। ਮੇਰੇ ਜ਼ਿਹਨੀ ਅਯਾਸ਼ੀ ਦੀ ਪੋਸਟ ਦਾ ਇਨ੍ਹਾਂ 3-4 ਸਾਹਿਤਕ ਪ੍ਰੇਮੀਆਂ ਨੇ ਬਾਤ ਦਾ ਬਤੰਗੜ ਬਣਾ ਦਿੱਤਾ। ਇੱਕ ਜਣਾ ਕਹਿਣ ਲੱਗਾ ਕਿ ਯਾਰ ਸਾਰੇ ਬੋਲੋ- ਪਰ 19-20 ਸਾਹਿਤਕ ਮੈਂਬਰ ਤਾਂ ਸੱਚ ਸਮਝਦੇ ਸੀ, ਉਹ ਨਹੀਂ ਬੋਲੇ। ਜਦੋਂ ਇਹ ਬਹਿਸ ਸਾਰਿਆਂ ਕੋਲ਼ ਜਾਣ ਲੱਗੀ ਤਾਂ ਫਿਰ ਇਨ੍ਹਾਂ ਨੇ ਨਿੱਜੀ ਫੋਨਾਂ ਉੱਤੇ ਹੀ ਗਿਟਮਿਟ ਕਰਨੀ ਸ਼ੁਰੂ ਕਰ ਦਿੱਤੀ। ਅੰਨ੍ਹੇ ਨੂੰ ਅੰਨ੍ਹਾ ਕਹੋ ਜਾਂ ਫਿਰ ਸੂਰ ਦਾਸ, ਗੱਲ ਤਾਂ ਇੱਕੋ ਹੀ ਹੈ। ਮੇਰੇ ਵਰਗੇ ਨੂੰ ਇਨ੍ਹਾਂ ਦੀ ਸਾਹਿਤਕ ਭਾਸ਼ਾ ਦੀ ਸਮਝ ਨਹੀਂ ਆਈ। ਅਖ਼ੀਰ ਗਿਟਮਿਟ ਦਾ ਨਤੀਜਾ ਇਹ ਨਿਕਲਿਆ ਕਿ ਮੈਨੂੰ ਇਨ੍ਹਾਂ ਨਰਮ ਦਿਲ ਕਵੀਆਂ ਨੇ ਦੁਪਹਿਰ ਤੱਕ ਵਟਸਐਪ ਦੇ ਸਾਹਿਤਕ ਗਰੁੱਪ ਵਿੱਚੋਂ ਬਾਹਰ ਕਰ ਦਿੱਤਾ।
ਹੁਣ ਤੁਸੀਂ ਹੀ ਫੈਸਲਾ ਕਰਨਾ ਹੈ ਕਿ ਸਾਹਿਤਕ ਸਭਾਵਾਂ ਦੀ ਸਮਾਜ ਨੂੰ ਕਿੰਨੀ ਕੁ ਸਾਰਥਿਕ ਦੇਣ ਹੈ। ਇਸ ਨਾਲੋਂ ਤਾਂ ਐੱਨ.ਜੀ.ਓ ਅਤੇ ਹੋਰ ਸਮਾਜਿਕ ਸੰਸਥਾਵਾਂ ਹੀ ਚੰਗੀਆਂ ਹਨ, ਜੋ ਖ਼ੂਨਦਾਨ ਕੈਂਪ ਲਾਉਂਦੀਆਂ ਹਨ। ਕਈ ਤਾਂ ਸੜਕਾਂ ਗਲੀਆਂ, ਇੱਥੋਂ ਤੱਕ ਕਿ ਰੇਲਵੇ ਸਟੇਸ਼ਨਾਂ ਉੱਤੇ ਫੁੱਲ ਬੂਟੇ ਅਤੇ ਦਰਖ਼ਤ ਲਗਾ ਕੇ ਸਮਾਜ ਦੀ ਸੇਵਾ ਕਰਦੀਆਂ ਹਨ। ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਸਰਕਾਰ ਏ.ਸੀ. ਕਮਰਿਆਂ ਵਿੱਚ ਬਹਿ ਕੇ ਯੋਜਨਾਵਾਂ ਬਣਾਉਂਦੀ ਹੈ, ਇਸੇ ਤਰ੍ਹਾਂ ਹੀ ਇਹ ਸਾਹਿਤ ਸਭਾਵਾਂ ਵਾਲੇ ਕਮਰਿਆਂ ਵਿੱਚ ਬਹਿ ਕੇ ਗ਼ਜ਼ਲਾਂ, ਗੀਤ ਸੁਣਾ ਕੇ ਇੱਕ ਦੂਜੇ ਦੀ ਵਾਹ ਵਾਹ ਕਰਕੇ ਘਰਾਂ ਨੂੰ ਚਲੇ ਜਾਂਦੇ ਹਨ। ਇਹ ਜ਼ਿਹਨੀ ਅਯਾਸ਼ੀ ਅਪਰਾਧ ਨਹੀਂ ਤਾਂ ਕੀ ਹੈ? ਚੰਗਾ ਹੋਇਆ ਸਾਡਾ ਸਾਹਿਤਕਾਰ ਮੋਹਣ ਸਿੰਘ ਭਲੇ ਵੇਲਿਆਂ ਵਿੱਚ ਇਹ ਕਹਿ ਗਿਆ:
ਦੋ ਧੜਿਆਂ ਵਿੱਚ ਖਲਕਤ ਵੰਡੀ,
ਇੱਕ ਲੋਕਾਂ ਦਾ ਇੱਕ ਜੋਕਾਂ ਦਾ।
ਜੇਕਰ ਉਹ ਇਹ ਗੱਲ ਅੱਜ ਕਹਿੰਦਾ ਤਾਂ ਇਨ੍ਹਾਂ ਭਲੇ ਲੋਕਾਂ ਨੇ ਉਨ੍ਹਾਂ ਨੂੰ ਸਾਹਿਤ ਵਿੱਚੋਂ ਇਸ ਤਰ੍ਹਾਂ ਕੱਢ ਦੇਣਾ ਸੀ, ਜਿਵੇਂ ਮੈਨੂੰ ਵਟਸਐਪ ਗਰੁੱਪ ਵਿੱਚੋਂ ਕੱਢ ਦਿੱਤਾ ਹੈ। ਇਨ੍ਹਾਂ ਸਾਹਿਤਕਾਰਾਂ ਨੂੰ ਗੁੜ ਵਿੱਚ ਲਪੇਟੀਆਂ ਮਿੱਠੀਆਂ ਗੋਲੀਆਂ ਵੇਚਣਾ ਮੁਬਾਰਕ ਤੇ ਮੈਂ ਕਹਿੰਦਾ ਹਾਂ - ਤੋਬਾ! ਮੈਂ ਸੱਚ ਨਹੀਂ ਬੋਲਾਂਗਾ, ... ਪਰ ਮਿੱਠੀਆਂ ਗੋਲੀਆਂ ਵੀ ਨਹੀਂ ਵੇਚਾਂਗਾ।
*****
(1304)
**
ਬੱਜਰ ਕੁਰਹਿਤ
ਇੱਕ ਬੰਦੇ ਨੂੰ ਰਾਹ ਵਿੱਚ ਕਈ ਬੰਦਿਆਂ ਨੇ ਘੇਰਿਆ ਹੋਇਆ ਸੀ। ਲਾਗਿਓਂ ਲੰਘਦਾ ਰਾਹਗੀਰ ਪੁੱਛਣ ਲੱਗਾ, “ਕਿਉਂ ਬਈ, ਇੰਨੇ ਜਣੇ ਇਸ ਭਲੇ ਲੋਕ ਦਾ ਬੁਰਾ ਹਾਲ ਕਰਨ ਲੱਗੇ ਹੋਏ ਓ, ਕੀ ਖੁਨਾਮੀ ਕਰ ਦਿੱਤੀ ਇਹਨੇ?
“ਖੁਨਾਮੀ ਕੋਈ ਛੋਟੀ ਜਿਹੀ ... ਬੱਜਰ ਕੁਰਹਿਤ ਕੀਤੀ ਐ ਇਸਨੇ। ਸਾਹਿਤ ਸਭਾ ਵਿੱਚੋਂ ਆਪਣੀ ਕਵਿਤਾ ਸੁਣਾ ਕੇ ਖਿਸਕ ਆਇਆ ਹੈ, ਸਾਡੀਆਂ ਸੁਣੀਆਂ ਨਹੀਂ ...।” ਸਾਹੋ-ਸਾਹ ਹੋਏ ਕਵੀਆਂ ਨੇ ਉੱਤਰ ਦਿੱਤਾ।
**