“ਮਿਥੇ ਸਮੇਂ ਉੱਤੇ ਪੱਤਰਕਾਰ ਅਤੇ ਬਾਬਾ ਆ ਗਏ। ਕਚਹਿਰੀਆਂ ਵਿੱਚ ਆਮ ਲੋਕਾਂ ਦਾ ...”
(30 ਅਗਸਤ 2019)
ਅੰਧਵਿਸ਼ਵਾਸ ਦੀ ਕੋਈ ਹੱਦ ਨਹੀਂ ਹੁੰਦੀ। ਮਨੁੱਖ ਅੰਧਵਿਸ਼ਵਾਸ ਦੀ ਦਲਦਲ ਵਿੱਚ ਇੰਨਾ ਬੁਰੀ ਤਰ੍ਹਾਂ ਫਸ ਚੁੱਕਿਆ ਹੈ ਕਿ ਇਸ ਦਲਦਲ ਵਿੱਚੋਂ ਨਿਕਲਣ ਦਾ ਕੋਈ ਵੀ ਪਾਸਾ ਨਜ਼ਰ ਨਹੀਂ ਆ ਰਿਹਾ। ਸਾਧ, ਸੰਤ, ਜੋਤਸ਼ੀ, ਮੀਡੀਆ, ਚਲਾਕ ਲੋਕ ਅਤੇ ਸਰਕਾਰ ਨੇ ਇੱਕ ਅਜਿਹਾ ਜਾਲ਼ ਵਿਛਾਇਆ ਹੋਇਆ ਹੈ ਕਿ ਮਨੁੱਖ ਨਾ ਤਾਂ ਇਸ ਜਾਲ਼ ਨੂੰ ਕੱਟ ਸਕਦਾ ਹੈ ਅਤੇ ਨਾ ਹੀ ਇਸ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਹੈ। ਉਹ ਹਰ ਵਕਤ ਇਸ ਜਾਲ਼ ਵਿੱਚ ਤੜਫ਼ਦਾ ਰਹਿੰਦਾ ਹੈ। ਸਰਕਾਰੀ ਤੰਤਰ ਵੀ ਇਸ ਜਾਲ ਨੂੰ ਕੱਟਣ ਵਿੱਚ ਨਖਿੱਧ ਸਾਬਤ ਹੋ ਰਿਹਾ ਹੈ। ਕਹਿਣ ਨੂੰ ਸੰਵਿਧਾਨ ਵਿੱਚ 1954 ਵਿੱਚ ਇੱਕ ਇਤਰਾਜ਼ਯੋਗ ਪ੍ਰਚਾਰ ਲਈ ਰੈਮੇਡੀਜ਼ ਐਕਟ ਬਣਿਆ ਸੀ, ਪਰ ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਅਖਬਾਰਾਂ, ਟੈਲੀਵੀਜਨਾਂ ਵਿੱਚ ਅਜਿਹੇ ਪ੍ਰਚਾਰ ਆ ਰਹੇ ਹਨ ਪਰ ਇਸਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਿਆ ਜਾ ਰਿਹਾ ਹੈ। ਚੇਤਨ ਲੋਕ ਇਸ ਅੰਧਵਿਸ਼ਵਾਸ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਤਾਂ ਉਲਟਾ ਤਰਕਸ਼ੀਲ ਵਿਚਾਰਧਾਰਾ ਫੈਲਾਉਣ ਵਾਲੇ ਵਿਅਕਤੀਆਂ ਨੂੰ ਹੀ ਕਤਲ ਤੱਕ ਕੀਤਾ ਜਾ ਰਿਹਾ ਹੈ ਅਤੇ ਕਾਤਲ ਸ਼ਰੇਆਮ ਦਨਦਨਾਉਂਦੇ ਫਿਰ ਰਹੇ ਹਨ। ਅਖ਼ਬਾਰਾਂ ਵਿੱਚ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਸਿਆਣੇ ਕਹਿੰਦੇ ਹਨ ਕਿ ਜਦੋਂ ਚੋਰ ਅਤੇ ਕੁੱਤੀ (ਇਸ ਕਹਾਵਤ ਵਿੱਚ ‘ਚੋਰ ਅਤੇ ਕੁੱਤਾ ਹੋਣਾ ਚਾਹੀਦਾ ਹੈ ਕਿਉਂਕਿ ਰਾਖੀ ਲਈ ਹਮੇਸ਼ਾ ਕੁੱਤੇ ਰੱਖੇ ਜਾਂਦੇ ਹਨ, ਕੁੱਤੀ ਕੋਈ ਨਹੀਂ ਰੱਖਦਾ। ਮੁਹਾਵਾਰਾ ਕਿਸੇ ਮਰਦ ਵਲੋਂ ਘੜਿਆ, ਉਚਾਰਿਆ, ਪ੍ਰਚਲਤ ਕੀਤਾ ਹੋਇਆ ਹੋਣ ਕਰਕੇ ਇਸਤਰੀ ਲਿੰਗ ਨੂੰ ਜ਼ਲੀਲ ਕੀਤਾ ਗਿਆ ਹੈ - ਸੰਪਾਦਕ), ਆਪਸ ਵਿੱਚ ਰਲ਼ ਜਾਣ ਫਿਰ ਉਸ ਘਰ ਦੀ ਰਾਖੀ ਕੋਈ ਨਹੀਂ ਕਰ ਸਕਦਾ। ਇਸੇ ਕਹਾਵਤ ਦੇ ਤਹਿਤ ਇੱਕ ਸ਼ਹਿਰ ਵਿੱਚ ਇੱਕ ਪੱਤਰਕਾਰ ਅਤੇ ਇੱਕ ਪੇਂਡੂ ਢੋਂਗੀ ਬਾਬੇ ਨੇ ਅਜਿਹੀ ਗੰਢਤੁੱਪ ਕਰਕੇ ਅਖ਼ਬਾਰ ਵਿੱਚ ਖ਼ਬਰ ਲਗਵਾ ਦਿੱਤੀ ਕਿ ਇੱਕ ਭੱਠੇ ਉੱਤੇ ਕੱਟਿਆ ਹੱਥ ਥੱਪੜ ਮਾਰਦਾ ਹੈ। ਖ਼ਬਰ ਲੱਗਣ ਦੀ ਦੇਰ ਸੀ ਕਿ ਲੋਕਾਂ ਦਾ ਧਿਆਨ ਭੱਠੇ ਵੱਲ ਖਿੱਚਿਆ ਜਾਣਾ ਸੁਭਾਵਕ ਸੀ। ਲੋਕਾਂ ਨੇ ਅਜਿਹਾ ਦੇਖਣ ਲਈ ਉਸ ਭੱਠੇ ਉੱਤੇ ਜਾਣਾ ਸ਼ੁਰੂ ਕਰ ਦਿੱਤਾ, ਜਿਹੜਾ ਭੱਠਾ ਕੱਚੀਆਂ ਪਿੱਲੀਆਂ ਇੱਟਾਂ ਵੇਚਣ ਕਰਕੇ ਬੰਦ ਹੋਣ ਕਿਨਾਰੇ ਸੀ।
ਭੱਠਾ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਿਆ। ਜ਼ਿਆਦਾ ਭੀੜ ਹੋਣ ਕਰਕੇ ਉਸ ਪਖੰਡੀ ਬਾਬੇ ਅਤੇ ਪੱਤਰਕਾਰ ਨੇ ਕਾਰੋਬਾਰ ਚਲਾਉਣ ਲਈ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਪੱਤਰਕਾਰ ਵੀ ਹੰਢਿਆ ਵਰਤਿਆ ਇੱਕ ਪੁਰਾਣਾ ਕਾਮਰੇਡ ਸੀ, ਪਰ ਆਪਣੀ ਵਧੀਆ ਸੋਚ ਨੂੰ ਤਿਲਾਂਜਲੀ ਦੇ ਚੁੱਕਿਆ ਸੀ। ਮੈਂ ਅਕਸਰ ਹੀ ਉਸ ਸ਼ਹਿਰ ਜਾਂਦਾ ਰਹਿੰਦਾ ਸੀ ਕਿਉਂਕਿ ਉਸ ਸ਼ਹਿਰ ਵਿੱਚ ਮੇਰੇ ਦੋ ਛੋਟੇ ਭਰਾ ਰਹਿੰਦੇ ਸਨ।। ਛੁੱਟੀਆਂ ਹੋਣ ਕਰਕੇ ਮੈਂ ਉਸ ਸ਼ਹਿਰ ਵਿੱਚ ਦੋ ਚਾਰ ਦਿਨ ਲਈ ਚਲਾ ਗਿਆ। ਤਰਕਸ਼ੀਲ ਸੁਸਾਇਟੀ ਵਿੱਚ ਕੰਮ ਕਰਨ ਕਰਕੇ ਮੈਂ ਸੋਚਿਆ ਕਿ ਇਸ ਪਾਖੰਡ ਨੂੰ ਕਿਵੇਂ ਨੰਗਾ ਕਰੀਏ? ਮੈਂ ਅਤੇ ਮੇਰਾ ਛੋਟਾ ਭਰਾ ਉਸ ਖ਼ਬਰ ਦੀ ਕਟਿੰਗ ਲੈ ਕੇ ਉਸ ਪੱਤਰਕਾਰ ਕੋਲ਼ ਪਹੁੰਚ ਗਏ। ਉਸ ਨਾਲ ਅੰਧਵਿਸ਼ਵਾਸ ਬਾਰੇ ਗੱਲਬਾਤ ਕੀਤੀ ਤਾਂ ਉਹ ਆਪਣੇ ਪੈਰਾਂ ਉੱਤੇ ਪਾਣੀ ਨਾ ਪੈਣ ਦੇਵੇ। ਜਦੋਂ ਕੋਈ ਵੀ ਗੱਲ ਨਾ ਬਣੀ ਤਾਂ ਮੈਂ ਉਸ ਪੱਤਰਕਾਰ ਨੂੰ ਕਿਹਾ ਕਿ ਉਹ ਬਾਬੇ ਨੂੰ ਆਪਣੇ ਕੋਲ਼ ਬੁਲਾਏ। ਉਸ ਨਾਲ ਗੱਲ ਕਰਦੇ ਹਾਂ। ਪੱਤਰਕਾਰ ਕਹਿਣ ਲੱਗਾ ਕਿ ਮੇਰੇ ਨਾਲ ਭੱਠੇ ਉੱਤੇ ਚੱਲੋ, ਉੱਥੇ ਵਿਖਾ ਸਕਦਾ ਹਾਂ ਕਿ ਕੀ ਚੱਲ ਰਿਹਾ ਹੈ। ਮੈਂ ਝੱਟ ਸਮਝ ਗਿਆ ਕਿ ਇਹ ਉੱਥੇ ਲਿਜਾ ਕੇ ਸਾਡੇ ਨਾਲ ਕੁੱਟਮਾਰ ਵੀ ਕਰ ਸਕਦਾ ਹੈ। ਮੈਂ ਪੱਤਰਕਾਰ ਨੂੰ ਦੱਸਿਆ ਅਸੀਂ ਇੰਜ ਨਹੀਂ ਕਰਦੇ, ਅਸੀਂ ਤਰਕਸ਼ੀਲਾਂ ਦੀ ਪੂਰੀ ਟੀਮ ਲੈ ਕੇ ਆਵਾਂਗੇ। ਥਾਣੇ ਵਿੱਚ ਲਿਖ-ਲਿਖਾ ਕਰਵਾਵਾਂਗੇ ਅਤੇ ਇਲਾਕੇ ਦੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਇਸ ਅੰਧਵਿਸ਼ਵਾਸ ਦਾ ਪਰਦਾ ਫਾਸ਼ ਕਰਾਂਗੇ। ਸਾਡੀਆਂ ਸ਼ਰਤਾਂ ਮੁਤਾਬਕ ਉਸ ਬਾਬੇ ਤੋਂ ਅਸ਼ਟਾਮ ਉੱਤੇ ਲਿਖਵਾਵਾਂਗੇ ਅਤੇ ਇੱਕ ਲੱਖ ਰੁਪਇਆ ਬਾਬੇ ਨੂੰ ਦੇਵਾਂਗੇ ਜੇ ਉਹ ਤਰਕਸ਼ੀਲ ਸੁਸਾਇਟੀ ਦੀਆਂ 21 ਸ਼ਰਤਾਂ ਪੂਰੀਆਂ ਕਰੇਗਾ ਅਤੇ ਫੀਸ ਵਜੋਂ 1000/-ਰੁਪਇਆ ਜਮ੍ਹਾਂ ਕਰਵਾਏਗਾ। ਕੱਲ੍ਹ ਨੂੰ ਇਸੇ ਸਮੇਂ ਬਾਬੇ ਨਾਲ ਮੇਰੀ ਆਹਮੋ-ਸਾਹਮਣੇ ਗੱਲ ਕਰਵਾ ਦਿਉ। ਪੱਤਰਕਾਰ ਮੰਨ ਗਿਆ।
ਮਿਥੇ ਸਮੇਂ ਉੱਤੇ ਪੱਤਰਕਾਰ ਅਤੇ ਬਾਬਾ ਆ ਗਏ। ਕਚਹਿਰੀਆਂ ਵਿੱਚ ਆਮ ਲੋਕਾਂ ਦਾ ਇਕੱਠ ਹੁੰਦਾ ਹੈ। ਰੌਲਾ ਰੱਪਾ ਪੈਂਦਾ ਹੈ। ਇਸ ਕਰਕੇ ਅਸੀਂ ਕਚਹਿਰੀਆਂ ਕੋਲ਼ ਹੀ ਬਣੇ ਇੱਕ ਹੋਟਲ ਵਿੱਚ ਜਾ ਕੇ ਗੱਲਬਾਤ ਸ਼ੁਰੂ ਕੀਤੀ। ਇਤਫਾਕਵੱਸ ਇੱਕ ਥਾਣੇਦਾਰ ਸਾਹਿਬ ਵੀ ਚਾਹ ਪੀਣ ਲਈ ਸਾਡੇ ਕੋਲ਼ ਆ ਕੇ ਬੈਠ ਗਿਆ। ਸਾਡੀ ਹੋ ਰਹੀ ਗੱਲਬਾਤ ਉਹ ਧਿਆਨ ਨਾਲ ਸੁਣਨ ਲੱਗਿਆ। ਜਦੋਂ ਬਾਬਾ ਜੀ ਨੇ ਕਿਹਾ ਕਿ ਪਤਾ ਹੀ ਨਹੀਂ ਚੱਲਦਾ ਕੱਟਿਆ ਹੋਇਆ ਹੱਥ ਕਦੋਂ ਥੱਪੜ ਮਾਰ ਦਿੰਦਾ ਹੈ। ਕਈਆਂ ਦੇ ਥੱਪੜ ਵੱਜੇ ਹਨ। ਮੈਂ ਝੱਟ ਸਮਝ ਗਿਆ ਕਿ ਜਿਸ ਤਰ੍ਹਾਂ ਕੋਈ ਮਦਾਰੀ ਲੋਕਾਂ ਨੂੰ ਮੂਰਖ ਬਣਾਉਣ ਲਈ ਤਮਾਸ਼ਾ ਵੇਖਣ ਵਾਲਿਆਂ ਵਿੱਚ ਆਪਣੇ ਚਾਰ ਪੰਜ ਵਿਅਕਤੀ ਖੜ੍ਹੇ ਕਰ ਦਿੰਦਾ ਹੈ, ਇਸੇ ਤਰ੍ਹਾਂ ਬਾਬੇ ਨੇ ਕੀਤਾ ਹੋਣਾ ਹੈ। ਮੈਂ ਜਦੋਂ ਬਾਬੇ ਨੂੰ ਕਿਹਾ ਕਿ ਅਸੀਂ ਵੀ ਜੋ ਤੁਹਾਡਾ ਕੱਟਿਆ ਹੋਇਆ ਹੱਥ ਥੱਪੜ ਮਾਰਦਾ ਹੈ, ਉਸ ਹੱਥ ਨੂੰ ਸਭ ਦੇ ਸਾਹਮਣੇ ਥਾਲੀ ਵਿੱਚ ਰੱਖ ਕੇ ਦਿਖਾ ਦਿਆਂਗੇ। ਬਾਬਾ ਇਹ ਸੁਣਕੇ ਭੌਂਚੁੱਕਾ ਰਹਿ ਗਿਆ। ਅਸੀਂ ਜਦੋਂ ਅਸ਼ਟਾਮ ਉੱਤੇ ਲਿਖਣ ਦੀ ਗੱਲ ਕੀਤੀ ਤਾਂ ਪੱਤਰਕਾਰ ਅਤੇ ਬਾਬਾ ਬਿਲਕੁਲ ਮੁੱਕਰ ਗਏ। ਅਸੀਂ ਕਿਹਾ ਕਿ ਅਸੀਂ ਇਲਾਕੇ ਦੇ ਲੋਕਾਂ ਦਾ ਇਕੱਠ ਕਰਕੇ ਤੇਰੇ ਢੋਲ ਦਾ ਪੋਲ ਖੋਲਾਂਗੇ। ਬਾਬਾ ਅਤੇ ਪੱਤਰਕਾਰ ਵੀ ਸਮਝ ਗਏ ਕਿ ਹੁਣ ਇਹ ਪਾਖੰਡ ਬਹੁਤੀ ਦੇਰ ਨਹੀਂ ਚੱਲਣਾ। ਉਸ ਤੋਂ ਬਾਅਦ ਅਖ਼ਬਾਰ ਵਿੱਚ ਤਰਕਸ਼ੀਲਾਂ ਵੱਲੋਂ ਕੱਟੇ ਹੱਥ ਦੇ ਥੱਪੜ ਮਾਰਨ ਨੂੰ ਚੈਲੰਜ ਦੀ ਖ਼ਬਰ ਛਪਵਾਈ ਕਿ ਬਾਬਾ ਤਰਕਸ਼ੀਲਾਂ ਦੇ ਸਾਹਮਣੇ ਥੱਪੜ ਮਰਵਾਕੇ ਵਿਖਾਏ ਕਿ ਅਜਿਹਾ ਹੁੰਦਾ ਹੈ। ਫਿਰ ਪਤਾ ਲੱਗਿਆ ਕਿ ਹੁਣ ਕੱਟੇ ਹੱਥ ਵਲੋਂ ਥੱਪੜ ਮਾਰਨੇ ਬੰਦ ਹੋ ਗਏ ਹਨ।
ਲੋਕਾਂ ਨੂੰ ਅੰਧਵਿਸ਼ਵਾਸ ਦੀ ਦਲਦਲ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ, ਅੱਖਾਂ ਬੰਦ ਕਰਕੇ ਕਿਸੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਤਰਕ ਦਾ ਸਹਾਰਾ ਲੈ ਕੇ ਪਾਖੰਡੀ ਜੋਤਸ਼ੀਆਂ, ਬਾਬਿਆਂ, ਸਾਧਾਂ, ਸੰਤਾਂ, ਬਾਪੂਆਂ, ਮਹਾਰਾਜਾਂ ਤੋਂ ਆਪਣੀ ਸਰੀਰਕ, ਮਾਨਸਿਕ, ਸਮੇਂ ਅਤੇ ਧੰਨ ਦੌਲਤ ਦੀ ਲੁੱਟ ਨਾ ਕਰਵਾਉਣੀ ਚਾਹੀਦੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1717)
(ਸਰੋਕਾਰ ਨਾਲ ਸੰਪਰਕ ਲਈ: