“ਜਿਸ ਦਿਨ ਸਰਕਾਰ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇਣ ਵਿੱਚ ਕਾਮਯਾਬ ਹੋ ਗਈ, ਟੈਕਸ ਚੋਰੀ ਨੂੰ ਠੱਲ੍ਹ ਪਾਉਣ ਅਤੇ ...”
(13 ਮਈ 2022)
ਮਹਿਮਾਨ: 387.
ਬਹੁਤ ਹੀ ਸਤਿਕਾਰਯੋਗ ਵਿੱਤ ਮੰਤਰੀ ਸ. ਹਰਪਾਲ ਚੀਮਾ ਸਾਹਿਬ ਤੁਸੀਂ ਬਜਟ ਪੇਸ਼ ਕਰਨ ਲਈ ਲੋਕਾਂ ਤੋਂ ਸੁਝਾਅ ਮੰਗ ਕੇ ਸ਼ਾਇਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਨਵੀਂ ਪਿਰਤ ਪਾਈ ਹੈ। ਮੈਂ ਨਾ ਕੋਈ ਆਰਥਿਕ ਮਾਹਿਰ ਹਾਂ ਅਤੇ ਨਾ ਹੀ ਕੋਈ ਬਹੁਤਾ ਪੜ੍ਹਿਆ ਲਿਖਿਆ ਹੋਇਆ ਹਾਂ, ਬੱਸ ਥੋੜ੍ਹੀ ਜਿਹੀ ਬੁੱਧੀ ਦਾ ਮਾਲਕ ਹਾਂ ਅਤੇ ਇਸ ਬੁੱਧੀ ਦੇ ਸਹਾਰੇ ਹੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਮਿਹਨਤ ਕਰਕੇ ਅੱਜ ਕੱਲ੍ਹ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹਾਂ।
ਮੈਨੂੰ ਪਤਾ ਹੈ ਕਿ ਵਿਰਾਸਤ ਵਿੱਚ ਤੁਹਾਨੂੰ ਕਰਜ਼ਾਈ ਪੰਜਾਬ ਮਿਲਿਆ ਹੈ। ਪਿਛਲੇ ਸਮੇਂ ਦੌਰਾਨ ਸਿਆਸਤਦਾਨਾਂ ਨੇ ਪੰਜਾਬ ਨੂੰ ਕਰਜ਼ਾਈ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਪਰ ਪੁਰਾਣੇ ਸਿਆਸਤਦਾਨਾਂ ਨੇ ਆਪਣੇ ਆਪ ਨੂੰ, ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਚਹੇਤਿਆਂ ਨੂੰ ਮਾਲਾਮਾਲ ਕਰਨ ਵਿੱਚ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ। ਇਹ ਵੀ ਪਤਾ ਹੈ ਕਿ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸਭ ਤੋਂ ਪਹਿਲਾਂ ਤਾਂ ਬੇਨਤੀ ਇਹ ਹੈ ਕਿ ਇਸ ਕਰਜ਼ੇ ਦਾ ਹਿਸਾਬ ਕਿਤਾਬ ਮੰਗਿਆ ਜਾਵੇ। ਜਿਸ ਤਰ੍ਹਾਂ ਕਿਸੇ ਮੁਲਾਜ਼ਮ ਦੀ ਜਦੋਂ ਰਿਟਾਇਰਮੈਂਟ ਹੁੰਦੀ ਹੈ ਤਾਂ ਉਸ ਨੂੰ ਫਾਰਗ ਕਰਨ ਸਮੇਂ ਉਸ ਤੋਂ ਚਾਰਜ ਲਿਆ ਜਾਂਦਾ ਹੈ। ਜੋ ਉਸ ਦੇ ਸਮੇਂ ਵਿੱਚ ਗਰਾਂਟਾਂ ਖਰਚ ਕੀਤੀਆਂ ਗਈਆਂ ਹੁੰਦੀਆਂ ਹਨ, ਉਸ ਦਾ ਹਿਸਾਬ ਕਿਤਾਬ ਲਿਆ ਜਾਂਦਾ ਹੈ ਅਤੇ ਉਸ ਨੂੰ ਬਾਅਦ ਵਿੱਚ ਫਾਰਗ ਕੀਤਾ ਜਾਂਦਾ ਹੈ। ਉਦਾਹਰਣ ਲਈ ਕਈ ਵਾਰ ਪਿੰਡਾਂ ਦੇ ਸਰਪੰਚਾਂ ਨੂੰ ਆਪਣੀ ਜਾਇਦਾਦ ਵੇਚ ਕੇ ਉਨ੍ਹਾਂ ਦੇ ਸਰਪੰਚੀ ਸਮੇਂ ਵਿੱਚ ਕੀਤੇ ਗਏ ਘਪਲੇ ਘੁਟਾਲੇ ਉਨ੍ਹਾਂ ਤੋਂ ਵਸੂਲੇ ਜਾਂਦੇ ਹਨ ਅਤੇ ਕਈ ਸਰਪੰਚਾਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈਂਦੀ ਹੈ।
ਤੁਹਾਨੂੰ ਵੇਖ ਕੇ ਮੈਨੂੰ ਆਪਣੀ ਜ਼ਿੰਦਗੀ ਦੇ ਉਹ ਦਿਨ ਯਾਦ ਆ ਰਹੇ ਹਨ ਜਦੋਂ ਮੈਂ ਬੇਘਰ ਹੋਇਆ ਸੀ। ਉਸ ਸਮੇਂ ਮੇਰੇ ਕੋਲ 1974 ਵਿੱਚ ਆਪਣੀ ਜੇਬ ਵਿੱਚ 10 ਰੁਪਏ ਅਤੇ ਗਲ਼ ਵਿੱਚ ਪਾਏ ਕੱਪੜਿਆਂ ਤੋਂ ਬਿਨਾਂ ਹੱਥ ਵਿੱਚ ਫੜੇ ਗਏ ਆਪਣੇ ਸਕੂਲਾਂ ਦੇ ਸਰਟੀਫਿਕੇਟ ਸਨ। ਪਰ ਅੱਜ ਮੇਰੇ ਕੋਲ ਉਹ ਸਭ ਕੁਝ ਹੈ, ਜੋ ਇੱਕ ਆਮ ਆਦਮੀ ਕੋਲ ਹੋਣਾ ਚਾਹੀਦਾ ਹੈ। ਮੈਨੂੰ ਤੁਹਾਡੇ ਅਤੇ ਆਮ ਆਦਮੀ ਪਾਰਟੀ ’ਤੇ ਆਸ ਹੀ ਨਹੀਂ, ਪੂਰਾ ਵਿਸ਼ਵਾਸ ਵੀ ਹੈ ਕਿ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜੋ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕਰਨ ਹਰ ਹੀਲਾ ਵਰਤਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੋਗੇ।
ਹਰ ਕੋਈ ‘ਟੈਕਸ’ ਸ਼ਬਦ ਤੋਂ ਬਹੁਤ ਡਰਦਾ ਹੈ। ਪਰ ਵਿਦੇਸ਼ਾਂ ਵਿੱਚ ਹਰ ਵਿਅਕਤੀ ਹਰ ਤਰ੍ਹਾਂ ਦਾ ਟੈਕਸ ਦਿੰਦਾ ਹੈ। ਇਹ ‘ਟੈਕਸ’ ਸਰਕਾਰ ਦੀ ਆਮਦਨ ਦਾ ਇੱਕ ਸਾਧਨ ਹੈ। ਸੱਚ ਇਹ ਵੀ ਹੈ ਕਿ ਸਾਡੇ ਲੋਕ ਮੁਫ਼ਤਖੋਰੇ ਬਣ ਗਏ ਹਨ ਜਾਂ ਫਿਰ ਬਣਾ ਦਿੱਤੇ ਗਏ ਹਨ। ਮੁਆਫ਼ ਕਰਨਾ ਕੌੜਾ ਸੱਚ ਇਹ ਵੀ ਹੈ ਕਿ ਲੋਕਾਂ ਨੂੰ ਸਿਆਸਤਦਾਨਾਂ ਨੇ ਹੀ ਮੁਫ਼ਤਖੋਰੇ ਬਣਾਇਆ ਹੈ। ਮੁਫ਼ਤ ਅਤੇ ਮੁਆਫ਼ ਨੇ ਭਾਰਤੀਆਂ ਨੂੰ ਮਿਹਨਤੀ ਬਣਾਉਣ ਦੀ ਬਜਾਏ ਆਲਸੀ ਅਤੇ ਨਿਕੰਮੇ ਬਣਾ ਦਿੱਤਾ ਹੈ। ਸਵੈਨਿਰਭਰ ਬਣਾਉਣ ਬਾਰੇ ਅੱਜ ਤਕ ਨਾ ਕਿਸੇ ਸਿਆਸਤਦਾਨ ਨੇ ਸੋਚਿਆ ਹੈ ਅਤੇ ਨਾ ਹੀ ਬਣਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਸਭ ਨੇ ਹਰੇਕ ਭਾਰਤੀ ਨੂੰ ਸਿਰਫ਼ ਵੋਟਰ ਸਮਝ ਕੇ ਆਪਣੇ ਆਪਣੇ ਵੋਟ ਬੈਂਕ ਨੂੰ ਪੱਕਾ ਕੀਤਾ ਹੈ। ਕਿਸਾਨ ਅੰਨਦਾਤਾ ਹੈ। ਪਰ ਕਿਸਾਨਾਂ ਦੇ ਲੀਡਰਾਂ ਨੇ ਉਨ੍ਹਾਂ ਨੂੰ ਮੰਗਤੇ ਅਤੇ ਮੁਫ਼ਤਖੋਰੇ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸਭ ਨੂੰ ਪਤਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਇਸ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ ਪਰ ਕੋਈ ਵੀ ਵਿਅਕਤੀ ਇਹ ਨਹੀਂ ਪੁੱਛ ਰਿਹਾ ਕਿ ਖਜ਼ਾਨਾ ਖਾਲੀ ਕਿਸ ਨੇ ਖਾਲੀ ਕੀਤਾ ਹੈ? ਉਹ ਪੈਸਾ ਕਿੱਥੇ ਗਿਆ ਹੈ, ਕਿਸ ਕਿਸ ਦੀਆਂ ਜੇਬਾਂ ਵਿੱਚ ਗਿਆ ਹੈ? ਇਹ ਸਭ ਨੂੰ ਖਾਲੀ ਖਜ਼ਾਨੇ ਦਾ ਪਤਾ ਹੋਣ ਦੇ ਬਾਵਜੂਦ ਵੀ ਹਰ ਕੋਈ ਸਰਕਾਰ ਤੋਂ ਕੁਝ ਨਾ ਕੁਝ ਮੰਗ ਰਿਹਾ ਹੈ। ਹਰ ਕੋਈ ਆਪਣੇ ਅੰਦਰ ਝਾਤੀ ਨਹੀਂ ਮਾਰਦਾ ਕਿ ਅਸੀਂ ਕੀ ਕਰ ਰਹੇ ਹਾਂ?
ਪੰਜਾਬ ਅੰਦਰ ਇੱਕ ਬਹੁਤ ਹੀ ਖਤਰਨਾਕ ਸ਼ਬਦ ‘ਮਾਫੀਆ’ ਹੈ ਅਤੇ ਇਹ ਸ਼ਬਦ ਹਰੇਕ ਨਾਲ ਲੱਗ ਸਕਦਾ ਹੈ। ਉਦਾਹਰਣ ਦੇ ਤੌਰ ’ਤੇ ਇਹ ਰੇਤ, ਜ਼ਮੀਨ, ਟਰਾਂਸਪੋਰਟ, ਕੇਬਲ, ਧਾਰਮਿਕ ਅਤੇ ਪਤਾ ਨਹੀਂ ਹੋਰ ਕਿੰਨੇ ਕੁ ਮਾਫੀਏ ਦੇ ਨਾਂ ਨਾਲ ਜਾਣਿਆ ਜਾ ਸਕਦਾ ਹੈ। ਇਹ ਮਾਫੀਆ ਆਮ ਆਦਮੀ ਨੂੰ ਬੁੱਧੂ ਬਣਾ ਕੇ ਲੁੱਟ ਰਿਹਾ ਹੈ। ਆਮ ਆਦਮੀ ਦੀ ਕੋਈ ਵੀ ਪੁੱਛ ਪ੍ਰਤੀਤ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ। ਆਮ ਆਦਮੀ ਵੀ ਇਸ ’ਤੇ ਭਰੋਸਾ ਕਰ ਰਿਹਾ ਹੈ ਕਿ ਉਸ ਨੂੰ ਵੀ ਇਨਸਾਫ ਮਿਲੇਗਾ।
‘ਬਜਟ’ ਦਾ ਨਾਂ ਸੁਣਦਿਆਂ ਹੀ ਆਮ ਲੋਕਾਂ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ ਕਿ ਉਨ੍ਹਾਂ ਨੂੰ ਕੁਝ ਰਿਆਇਤਾਂ ਮਿਲਣਗੀਆਂ। ਮੁਲਾਜ਼ਮ ਸਮਝਦੇ ਹਨ ਕਿ ਉਨ੍ਹਾਂ ਦੇ ਖਾਤੇ ਵਿੱਚ ਵੀ ਕੁਝ ਆਵੇਗਾ। ਪਿਛਲੇ ਲੰਮੇ ਸਮੇਂ ਤੋਂ ਆਮ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ ਇਹ ਬਜਟ ਚਾਹੇ ਕੇਂਦਰ ਸਰਕਾਰ ਨੇ ਪੇਸ਼ ਕੀਤੇ ਹਨ ਜਾਂ ਫਿਰ ਕਿਸੇ ਵੀ ਸੂਬੇ ਦੀਆਂ ਸਰਕਾਰਾਂ ਨੇ ਪੇਸ਼ ਕੀਤੇ ਹਨ। ਸੱਚ ਤਾਂ ਇਹ ਵੀ ਹੈ ਕਿ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਨੇ ਆਪਣੇ ਭੱਤੇ ਅਤੇ ਤਨਖਾਹਾਂ ਦੁੱਗਣੇ ਤਿੱਗਣੇ ਕਰਨ ਦੇ ਸਿਵਾਏ ਹੋਰ ਕੁਝ ਵੀ ਨਹੀਂ ਕੀਤਾ। ਹੁਣ ਮਾਨ ਸਰਕਾਰ ਨੇ ਇੱਕ ਵਧੀਆ ਗੱਲ ਇਹ ਕੀਤੀ ਹੈ ਕਿ ਪੁਰਾਣੇ ਐੱਮ ਐੱਲ ਏੇਜ਼ ਦੀਆਂ ਅਣ ਅਧਿਕਾਰਤ ਪੈਨਸ਼ਨਾਂ ਬੰਦ ਕਰ ਦਿੱਤੀਆਂ ਹਨ। ਇਹ ਇੱਕ ਸ਼ਲਾਘਾਯੋਗ ਕਦਮ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਵੱਡੇ ਵੱਡੇ ਭ੍ਰਿਸ਼ਟਾਚਾਰੀ ਮਗਰਮੱਛਾਂ ਅਤੇ ਛੋਟੀਆਂ ਛੋਟੀਆਂ ਮੱਛੀਆਂ ਨੇ ਵੀ ਆਮ ਲੋਕਾਂ ਨੂੰ ਲੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਬਜਟ ਵਿੱਚ ਸਾਨੂੰ ਇਹ ਵੀ ਪਤਾ ਹੈ ਕਿ ਲੋਕਾਂ ਉੱਤੇ ਉਨ੍ਹਾਂ ਦੀ ਭਲਾਈ ਲਈ ਖਰਚ ਕਰਨ ਵਾਸਤੇ ਟੈਕਸ ਲਾਏ ਜਾਂਦੇ ਹਨ। ਪਰ ਇਹ ਟੈਕਸ ਤਰਕਸੰਗਤ ਹੋਣੇ ਚਾਹੀਦੇ ਹਨ।
ਆਪ ਜੀ ਨੂੰ ਬੇਨਤੀ ਹੈ ਕਿ
1. ਸਭ ਤੋਂ ਪਹਿਲਾਂ ਇਹ ਮੁਫ਼ਤ ਅਤੇ ਮੁਆਫ਼ ਦੀ ਨੀਤੀ ਹੌਲੀ-ਹੌਲੀ ਬੰਦ ਕਰਕੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਲੋਕਾਂ ਨੂੰ ਮੰਗਤੇ ਅਤੇ ਮੁਫ਼ਤਖੋਰੇ ਬਣਾਉਣ ਦੀ ਨੀਤੀ ਬੰਦ ਕੀਤੀ ਜਾਵੇ।
2. ਸਾਰੇ ਮਾਫੀਏ ਨੂੰ ਨੱਥ ਪਾ ਕੇ ਟੈਕਸ ਚੋਰੀ ਅਤੇ ਸੀਨਾ ਜ਼ੋਰੀ ਬੰਦ ਕਰਨ ਲਈ ਨਵੇਂ ਕਾਨੂੰਨ ਬਣਾਏ ਜਾਣ।
3. ਟੈਕਸ ਦਾ ਪੈਸਾ ਲੋਕਾਂ ਦਾ ਅਤੇ ਲੋਕਾਂ ਲਈ ਹੀ ਵਰਤਿਆ ਜਾਵੇ ਨਾ ਕਿ ਆਪਣਿਆਂ ਸਕੇ ਸਬੰਧੀਆਂ ਅਤੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ’ਤੇ ਹੀ ਨਾ ਵਰਤਿਆ ਜਾਵੇ।
4. ਪੰਜਾਬ ਨੂੰ ਜੇਕਰ ਸੱਚਮੁੱਚ ਹੀ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਇਸ ਲਈ ਦ੍ਰਿੜ੍ਹ ਇਰਾਦੇ ਦੀ ਲੋੜ ਹੈ, ਬਹੁਤ ਸਖਤ ਫੈਸਲੇ ਲੈਣ ਦੀ ਲੋੜ ਹੈ। ਟੈਕਸ ਚੋਰਾਂ ਨੂੰ ਨੱਥ ਪਾਉਣੀ ਪਵੇਗੀ। ਸ਼ਹਿਰਾਂ ਵਿੱਚ ਥਾਂ ਥਾਂ ਗੰਦਗੀ ਦੇ ਢੇਰ ਹਨ। ਲੋਕ ਵੀ ਮਿਹਨਤ ਕਰਨ ਦੀ ਥਾਂ ਮੁਫਤ ਅਤੇ ਮੁਆਫ਼ ਦੇ ਚੱਕਰ ਵਿੱਚ ਪੈ ਕੇ ਆਲਸੀ ਅਤੇ ਨਿਕੰਮੇ ਬਣ ਗਏ ਹਨ।
5. ਹਰ ਸ਼ਹਿਰ ਵਿੱਚ ਭੂ-ਮਾਫੀਏ ਨੇ ਪੈਰ ਪਸਾਰੇ ਹੋਏ ਹਨ ਅਤੇ ਪਲਾਟ ਖਰੀਦ ਕੇ ਰੱਖੇ ਹੋਏ ਹਨ, ਜਿਨ੍ਹਾਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਦੀ ਆਮਦਨ ਵਿੱਚ ਵਾਧਾ ਕਰਨ ਲਈ ਖਾਲੀ ਪਲਾਟਾਂ ’ਤੇ ਵੀ ਪ੍ਰਾਪਰਟੀ ਟੈਕਸ ਲਾਇਆ ਜਾਵੇ। ਜਾਂ ਗੰਦਗੀ ਵਾਲੇ ਪਲਾਟ ਮਾਲਕਾਂ ਨੂੰ ਜੁਰਮਾਨੇ ਕੀਤੇ ਜਾਣ। ਉਹ ਟੈਕਸ ਅਤੇ ਜੁਰਮਾਨੇ ਦੇ ਪੈਸੇ ਸ਼ਹਿਰਾਂ ਦੇ ਵਿਕਾਸ ਲਈ ਵਰਤੇ ਜਾਣ। ਸਭ ਤੋਂ ਵੱਡੀ ਗੱਲ, ਟੈਕਸਾਂ ਦੀ ਵਰਤੋਂ ਕੀਤੀ ਜਾਵੇ ਨਾ ਕਿ ਦੁਰਵਰਤੋਂ।
6. ਜਿਸ ਦਿਨ ਸਰਕਾਰ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇਣ ਵਿੱਚ ਕਾਮਯਾਬ ਹੋ ਗਈ, ਟੈਕਸ ਚੋਰੀ ਨੂੰ ਠੱਲ੍ਹ ਪਾਉਣ ਅਤੇ ਟੈਕਸਾਂ ਦੀ ਵਰਤੋਂ ਸੁਚਾਰੂ ਰੂਪ ਵਿੱਚ ਲੋਕਾਂ ਲਈ ਕਰਨ ਲੱਗ ਪਈ, ਪੰਜਾਬ ਜ਼ਰੂਰ ਰੰਗਲਾ ਪੰਜਾਬ ਬਣ ਸਕਦਾ ਹੈ।
7. ਮੁਲਾਜ਼ਮ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਮੁਲਾਜ਼ਮਾਂ ਨੂੰ ਵੀ ਸਮੇਂ ਸਿਰ ਤਨਖਾਹਾਂ ਅਤੇ ਭੱਤੇ ਦਿੱਤੇ ਜਾਣ। ਹਰ 10 ਸਾਲ ਬਾਅਦ ਉਨ੍ਹਾਂ ਲਈ ਤਨਖਾਹ ਕਮਿਸ਼ਨ ਬਣਾਇਆ ਜਾਂਦਾ ਹੈ। ਪਰ ਉਹ ਕੁੜਕ ਕੁਕੜੀ ਵਾਂਗ ਛੇਤੀ ਰਿਪੋਰਟ ਹੀ ਨਹੀਂ ਦਿੰਦਾ। ਦੂਜੇ ਪਾਸੇ ਮੰਤਰੀਆਂ ਦੇ ਭੱਤੇ ਇੱਕ ਦਿਨਾ ਸੈਸ਼ਨ ਦੌਰਾਨ ਹੀ ਦੁੱਗਣੇ ਤਿਗੁੱਣੇ ਕਰ ਦਿੱਤੇ ਜਾਂਦੇ ਹਨ। ਇਸ ਬੇਇਨਸਾਫੀ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਭਾਵੇਂ ਮੁਲਾਜ਼ਮਾਂ ਵਿੱਚ ਵੀ ਬਹੁਤ ਕਾਲੀਆਂ ਭੇਡਾਂ ਹਨ, ਉਹਨਾਂ ਦੀ ਪਛਾਣ ਕਰਨੀ ਵੀ ਜ਼ਰੂਰੀ ਹੈ। ਜਿਸ ਦਿਨ ਸਰਕਾਰ ਨੇ ਗਧੇ ਅਤੇ ਘੋੜੇ ਦੀ ਪਰਖ ਕਰਕੇ ਉਨ੍ਹਾਂ ਦਾ ਸਹੀ ਮੁੱਲ ਪਾ ਦਿੱਤਾ, ਉਸ ਦਿਨ ਹੀ ਪੰਜਾਬ ਵਿੱਚ ਇੱਕ ਨਵੀਂ ਸਵੇਰ ਆ ਜਾਵੇਗੀ।
ਅੰਤ ਵਿੱਚ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਵਾਰ ਪੰਜਾਬ ਦਾ ਬਜਟ ਸੰਤੁਲਿਤ ਅਤੇ ਤਰਕਸੰਗਤ ਬਣਾਓਗੇ।
ਮੈਂ ਹਾਂ, ਤੁਹਾਡੇ ਰਾਜ ਦਾ ਇੱਕ ਆਮ ਆਦਮੀ- ਸੁਖਮਿੰਦਰ ਬਾਗ਼ੀ ਸਮਰਾਲਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3563)
(ਸਰੋਕਾਰ ਨਾਲ ਸੰਪਰਕ ਲਈ: