“ਇੰਨਾ ਖਰਚ ਤਾਂ ਤਾਈ ਦੇ ਵਿਆਹ ’ਤੇ ਨਹੀਂ ਹੋਇਆ ਹੋਣਾ ਜਿੰਨਾ ਭੋਗ ’ਤੇ ...”
(3 ਸਤੰਬਰ 2016)
ਪਿਛਲੇ ਦਿਨੀਂ ਮੈਨੂੰ ਰਿਸ਼ਤੇਦਾਰੀ ਵਿਚ ਇਕ ਭੋਗ ਸਮਾਗਮ ’ਤੇ ਜਾਣ ਦਾ ਮੌਕਾ ਮਿਲਿਆ। ਉੱਥੇ ਗ਼ਮੀ ਵਿਚ ਸ਼ਰੀਕ ਹੋਣ ਆਏ ਮਹਿਮਾਨਾਂ ਦੀ ਆਉ ਭਗਤ ਦੇਖ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਖਾਣ ਪੀਣ ਲਈ ਜੂਸ ਤੋਂ ਲੈ ਕੇ ਤਿੰਨ ਚਾਰ ਤਰ੍ਹਾਂ ਦੀਆਂ ਮਿਠਾਈਆਂ, ਦਾਲਾਂ, ਸਬਜ਼ੀਆਂ ਤੋਂ ਇਲਾਵਾ ਖੀਰ, ਕੜਾਹ ਤੱਕ ਦਾ ਪ੍ਰਬੰਧ ਸੀ। ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਅਸੀਂ ਕਿਸੇ ਦੀ ਮਾਂ ਦੇ ਭੋਗ ਸਮਾਗਮ ’ਤੇ ਆਏ ਹੋਏ ਹਾਂ ਜਾਂ ਫਿਰ ਕਿਸੇ ਦੇ ਵਿਆਹ ’ਤੇ। ਜਿਉਂ ਜਿਉਂ ਅਸੀਂ ਇੱਕੀਵੀਂ ਸਦੀ ਦੀਆਂ ਪੌੜੀਆਂ ਚੜ੍ਹ ਰਹੇ ਹਾਂ ਤਿਉਂ ਤਿਉਂ ਅਸੀਂ ਸੁਖ-ਦੁੱਖ ਅਤੇ ਖੁਸ਼ੀ-ਗ਼ਮੀ ਦੇ ਅਰਥ ਵੀ ਭੁੱਲਦੇ ਜਾ ਰਹੇ ਹਾਂ। ਆਧੁਨਿਕਤਾ ਦੀ ਦਲਦਲ ਵਿਚ ਅਸੀਂ ਸਿਰ ਤੋਂ ਪੈਰਾਂ ਤੱਕ ਧਸਦੇ ਜਾ ਰਹੇ ਹਾਂ। ਮੋਬਾਈਲ, ਨੈੱਟ ਕ੍ਰਾਂਤੀ ਨੇ ਸਾਡੇ ਦਿਮਾਗਾਂ ਨੂੰ ਗੁਲਾਮੀ ਦੇ ਜੂਲੇ ਹੇਠ ਲੈ ਲਿਆ ਹੈ। ਸਾਡੀ ਦਿਖਾਵਾ ਕਰਨ ਦੀ ਸੋਚ ਇੰਨੀ ਆਧੁਨਿਕ ਹੋ ਗਈ ਹੈ ਕਿ ਅਸੀਂ ਲਾਸ਼ਾਂ ’ਤੇ ਵੀ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਭੋਗ ਸਮਾਗਮ ਤੇ ਆਏ ਇਕ ਰਿਸ਼ਤੇਦਾਰ ਦੀ ਗੱਲ ਸੁਣ ਕੇ ਮੈਨੂੰ ਹੋਰ ਵੀ ਹੈਰਾਨੀ ਹੋਈ ਜੋ ਕਹਿ ਰਿਹਾ ਸੀ, “ਇੰਨਾ ਖਰਚ ਤਾਂ ਤਾਈ ਦੇ ਵਿਆਹ ’ਤੇ ਨਹੀਂ ਹੋਇਆ ਹੋਣਾ ਜਿੰਨਾ ਭੋਗ ’ਤੇ ਹੋ ਰਿਹਾ ਹੈ। ਇੰਨੇ ਖਰਚ ਨਾਲ ਤਾਂ ਤਾਈ ਦੇ ਵਿਆਹ ਵਰਗੇ 50 ਵਿਆਹ ਹੋਰ ਕੀਤੇ ਜਾ ਸਕਦੇ ਸਨ।”
ਸਾਡੀ ਸੋਚ ਹੀ ਅਜਿਹੀ ਹੋ ਗਈ ਹੈ ਕਿ ਸਰਦੇ ਪੁੱਜਦੇ ਪਰਿਵਾਰਾਂ ਦੇ ਅਡੰਬਰਾਂ ਨੂੰ ਵੇਖ ਕੇ ਉਨ੍ਹਾਂ ਦੀ ਨਕਲ ਕਰਕੇ ਅਸੀਂ ਵੀ ਵਿਤੋਂ ਵੱਧ ਖਰਚ ਕਰਕੇ ਆਪਣੇ ਆਪ ਨੂੰ ਕਰਜ਼ੇ ਦੇ ਬੋਝ ਥੱਲੇ ਨਪੀੜ ਲੈਂਦੇ ਹਾਂ। ਸਾਡੇ ਦਿਮਾਗ ਵਿਚ ਹਮੇਸ਼ਾ ਹੀ ਇਹ ਗੱਲ ਭਾਰੂ ਰਹਿੰਦੀ ਹੈ ਕਿ ਜੇਕਰ ਅਸੀਂ ਸਾਧਾਰਣ ਵਿਆਹ ਜਾਂ ਭੋਗ ਸਮਾਗਮ ਕੀਤਾ ਤਾਂ ‘ਲੋਕ ਕੀ ਕਹਿਣਗੇ?’ ਪਰ ਲੋਕ ਤਾਂ ਉਪਰੋਕਤ ਗੱਲਾਂ ਵੀ ਬੋਲਦੇ ਹਨ ਜਿਹੜੀਆਂ ਕਿ ਅਸੀਂ ਸੁਣਦੇ ਹੀ ਨਹੀਂ ਜਾਂ ਫਿਰ ਉਹ ਸਾਡੀ ਪਿੱਠ ਪਿੱਛੇ ਕੀਤੀਆਂ ਜਾਂਦੀਆਂ ਹਨ। ‘ਲੋਕ ਕੀ ਕਹਿਣਗੇ’ ਦੇ ਅਹਿਸਾਸ ਕਰਕੇ ਹੀ ਸਾਨੂੰ ਮਜਬੂਰੀ ਵੱਸ ਅਜਿਹੇ ਮਹਿੰਗੇ ਅਡੰਬਰ ਕਰਨੇ ਪੈਂਦੇ ਹਨ।
ਪਹਿਲਾਂ ਵਿਆਹ, ਭੋਗ ਸਮਾਗਮ ਘਰਾਂ ਵਿਚ ਹੀ ਕੀਤੇ ਜਾਂਦੇ ਸਨ ਪਰ ਜਦੋਂ ਦੀ “ਪੈਲਿਸ ਕਲਚਰ” ਨੇ ਸਾਡੀਆਂ ਬਰੂਹਾਂ ਉੱਤੇ ਦਸਤਕ ਦਿੱਤੀ ਹੈ, ਉਦੋਂ ਤੋਂ ਹੀ ਵਿਆਹਾਂ ਦੀ ਵੀ ਨੁਹਾਰ ਬਦਲ ਗਈ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸਰਦੇ ਪੁੱਜਦੇ ਲੋਕਾਂ ਨੇ ਇਨ੍ਹਾਂ ਪੈਲਿਸਾਂ ਵਿਚ ਹੀ ਭੋਗ ਸਮਾਗਮ ਕਰਨੇ ਸ਼ੁਰੂ ਕਰ ਦਿੱਤੇ ਹਨ।
ਅੱਜ ਹਰ ਪਾਸੇ ਮਹਿੰਗਾਈ ਕਾਰਨ ਹਾਹਾਕਾਰ ਮਚੀ ਹੋਈ ਹੈ। ਦਾਲਾਂ 200 ਰੁਪਏ ਕਿਲੋ ਅਤੇ ਸਬਜ਼ੀਆਂ 80 ਰੁਪਏ ਕਿਲੋ ਤੱਕ ਵਿਕ ਰਹੀਆਂ ਹਨ। ਨਿੱਤ ਵਰਤੋਂ ਦੀਆਂ ਚੀਜ਼ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਅਖ਼ਬਾਰਾਂ, ਟੈਲੀਵੀਜ਼ਨ ਕੂਕ-ਕੂਕ ਕੇ ਮਹਿੰਗਾਈ ਬਾਰੇ ਦੱਸ ਰਹੇ ਹਨ। ਫਿਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਅਸੀਂ ਭੋਗ ਸਮਾਗਮਾਂ ਉੱਤੇ ਹੀ ਪੈਸਾ ਪਾਣੀ ਦੀ ਤਰ੍ਹਾਂ ਰੋੜ ਰਹੇ ਹਾਂ। ਇਸ ਨੂੰ ਮਨੁੱਖ ਦੀ ਅਕਲਮੰਦੀ ਕਿਹਾ ਜਾਵੇ ਜਾਂ ਫਿਰ ਬੇਵਕੂਫੀ। ਦਿਖਾਵੇ ਦੀ ਦੌੜ ਵਿਚ ਮਨੁੱਖ ਇੰਨਾ ਉਲਝ ਗਿਆ ਹੈ ਕਿ ਉਹ ਦਿਖਾਵੇ ਖਾਤਰ ਪੈਸਾ ਇਕੱਠਾ ਕਰਨ ਲਈ ਹਰੇਕ ਨਜਾਇਜ਼ ਢੰਗ ਤਰੀਕਾ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਮਨੁੱਖ ਦੁਆਰਾ ਅਪਣਾਏ ਨਜ਼ਾਇਜ਼ ਢੰਗ ਤਰੀਕੇ ਹੀ ਇਕ ਸਮਾਜਿਕ ਬੇਚੈਨੀ ਨੂੰ ਜਨਮ ਦੇ ਰਹੇ ਹਨ। ਮਨੁੱਖ ਨੂੰ ਜਿਉਂਦੇ ਰਹਿਣ ਲਈ ਕੁੱਲੀ, ਗੁੱਲੀ ਅਤੇ ਜੁੱਲੀ ਦੀ ਲੋੜ ਹੈ ਪਰ ਮਨੁੱਖ ਹੁਣ ਲੋੜਾਂ ਦੀ ਥਾਂ ਉੱਚੀਆਂ ਖਾਹਿਸ਼ਾਂ, ਉਮੰਗਾਂ ਅਤੇ ਦਿਖਾਵੇ ਦੇ ਉਡਣ ਖਟੋਲੇ ’ਤੇ ਸਵਾਰ ਹੋ ਚੁੱਕਿਆ ਹੈ ਜੋ ਪਤਾ ਨਹੀਂ ਉਸ ਨੂੰ ਕਿਹੜੀਆਂ ਹਨੇਰੀਆਂ ਗੁਫਾਵਾਂ ਵਿਚ ਲੈ ਜਏਗਾ। ਅਜੇ ਵੀ ਵੇਲਾ ਹੈ ਮਨੁੱਖ ਆਪਣੀਆਂ ਬੇਥਵੀਆਂ ਖਾਹਿਸ਼ਾਂ ’ਤੇ ਕਾਬੂ ਪਾ ਕੇ ਲੋੜਾਂ ਅਨੁਸਾਰ ਜਿਊਣਾ ਸਿੱਖ ਲਵੇ ਤਾਂ ਕਿ ਮਨੁੱਖ ਖੁਦ ਵੀ ਅਤੇ ਸਾਰਾ ਸੰਸਾਰ ਵੀ ਸੁੱਖ ਚੈਨ ਦੀ ਨੀਂਦ ਸੌਂ ਸਕੇ।
*****
(415)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)