“ਮਾਨ ਸਾਹਿਬ ਤੁਹਾਡਾ ਰਾਹ ਓਭੜ ਖਾਬੜ ਹੀ ਨਹੀਂ, ਇਹ ਕੰਡਿਆਂ ਨਾਲ ਭਰਿਆ ਹੋਇਆ ਵੀ ਹੈ ਅਤੇ ਇਸ ਵਿੱਚ ...”
(27 ਅਪਰੈਲ 2022)
ਮਹਿਮਾਨ: 78.
ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਸਾਹਿਬ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੀ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ; ਜਿਸ ਨੇ ਪੰਜਾਬ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਉੱਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਖਤਮ ਕਰ ਦਿੱਤੀ ਹੈ ਅਤੇ ਨਾਲ ਹੀ ਧਰਤੀ ਵਿੱਚ ਉੱਗੇ ਹੋਏ ਬਾਬੇ ਬੋਹੜ ਤਕ ਉਖਾੜ ਦਿੱਤੇ ਹਨ। ਇਸ ਤੋਂ ਵੱਡੀ ਗੱਲ ਇਹ ਕਿ ਪਰਿਵਾਰਵਾਦ ਦਾ ਭੋਗ ਵੀ ਪਾ ਦਿੱਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ 10 ਮਾਰਚ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਦਿਨ ਚੜ੍ਹਿਆ ਸੀ। ਲੋਕਾਂ ਨੂੰ ਤੁਹਾਡੇ ਤੋਂ ਬਹੁਤ ਆਸਾਂ ਅਤੇ ਉਮੀਦਾਂ ਹਨ। ਬਿਨਾ ਸ਼ੱਕ ਤੁਸੀਂ ਕਮੇਡੀ ਕਲਾਕਾਰ ਦੇ ਰੂਪ ਵਿੱਚ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਸੀ। ਇਸ ਕਰਕੇ ਹੀ ਪਹਿਲਾਂ ਲੋਕਾਂ ਨੇ ਭਾਰੀ ਬਹੁਮਤ ਨਾਲ ਤੁਹਾਨੂੰ ਲੋਕ ਸਭਾ ਵਿੱਚ ਭੇਜਿਆ ਸੀ। ਉੱਥੇ ਵੀ ਤੁਸੀਂ ਆਪਣੇ ਭਾਸ਼ਣਾਂ ਅਤੇ ਤਿੱਖੇ ਕਟਾਖਸ਼ਾਂ ਨਾਲ ਲੋਕਾਂ ਦਾ ਹੀ ਨਹੀਂ, ਸਗੋਂ ਬਹੁਤੇ ਲੋਕ ਸਭਾ ਮੈਂਬਰਾਂ ਦਾ ਮਨ ਵੀ ਜਿੱਤ ਲਿਆ ਸੀ।
ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਲੋਕਾਂ ਨੇ ਤੁਹਾਨੂੰ ਹੀ ਨਹੀਂ, ਤੁਹਾਡੀ ਆਮ ਆਦਮੀ ਪਾਰਟੀ ਨੂੰ ਵੀ ਦਿਲ ਖੋਲ੍ਹ ਕੇ ਭਰਪੂਰ ਹੁੰਗਾਰਾ ਦਿੰਦਿਆਂ ਪੂਰੇ 92 ਮੈਂਬਰਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਇਹ ਇੱਕ ਇਤਿਹਾਸਿਕ ਦਿਨ ਸੀ ਜਦੋਂ ਮੁੱਖ ਮੰਤਰੀ ਦਾ ਤਾਜ ਤੁਹਾਡੇ ਸਿਰ ’ਤੇ ਸਜਾਇਆ ਗਿਆ ਸੀ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਸੱਚਮੁੱਚ ਹੀ ਕਮੇਡੀ ਕਲਾਕਾਰ ਬਣਨ ਤੋਂ ਪਹਿਲਾਂ ਵੀ ਅਤੇ ਹੁਣ ਮੁੱਖ ਮੰਤਰੀ ਬਣਨ ਤਕ ਇੱਕ ਆਮ ਆਦਮੀ ਹੀ ਸੀ। ਪਰ ਹੁਣ ਇਹ ਆਮ ਆਦਮੀ ਇੱਕ ਮੁੱਖ ਮੰਤਰੀ ਬਣ ਚੁੱਕਿਆ ਹੈ। ਇੱਕ ਆਮ ਆਦਮੀ ਦੇ ਸਿਰ ’ਤੇ ਤਾਂ ਘਰ ਦੀਆਂ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਦਾ ਹੀ ਬੋਝ ਹੁੰਦਾ ਹੈ ਪਰ ਜਦੋਂ ਆਮ ਆਦਮੀ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਬਣ ਜਾਵੇ ਤਾਂ ਘਰ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਪੂਰੇ ਸੂਬੇ ਦੇ ਲੋਕਾਂ ਦੀ ਜ਼ਿੰਮੇਵਾਰੀ ਵੀ ਉਸ ਦੇ ਮੋਢਿਆਂ ’ਤੇ ਆ ਜਾਂਦੀ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਤੁਸੀਂ ਬਹੁਤ ਹੀ ਸਿਆਣੇ ਅਤੇ ਸੁਲਝੇ ਹੋਏ ਇਨਸਾਨ ਹੋ।
ਕਿਸੇ ਸਿਆਣੇ ਨੇ ਕਿਹਾ ਹੈ ਕਿ ਸਾਨੂੰ ਫਨੀਅਰ ਸੱਪਾਂ ਤੋਂ ਨਹੀਂ ਡਰਨਾ ਚਾਹੀਦਾ। ਪਰ ਸਾਡੀ ਆਸਤੀਨ ਦੇ ਸੱਪ ਬਹੁਤ ਹੀ ਖਤਰਨਾਕ ਹੁੰਦੇ ਹਨ। ਸਾਹਮਣੇ ਖੜ੍ਹਾ ਦੁਸ਼ਮਣ ਸਾਡਾ ਕਦੇ ਵੀ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਅਸੀਂ ਦੁਸ਼ਮਣ ਪ੍ਰਤੀ ਸੁਚੇਤ ਰਹਿੰਦੇ ਹਾਂ। ਪਰ ਸਾਨੂੰ ਆਪਣੇ ਦੁਸ਼ਮਣਾਂ ਵਰਗੇ ਦੋਸਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਗੇ ਵਧਣ ਦੀ ਲਾਲਸਾ ਹਰ ਇੱਕ ਨੇ ਆਪਣੇ ਅੰਦਰ ਪਾਲ਼ ਰੱਖੀ ਹੈ। ਕੋਈ ਵੀ ਕਿਸੇ ਦੀ ਤਰੱਕੀ ’ਤੇ ਖੁਸ਼ ਨਹੀਂ ਹੁੰਦਾ। ਹਰ ਕੋਈ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਜਾਇਜ਼ ਨਜਾਇਜ਼ ਢੰਗ ਤਰੀਕੇ ਲੱਭ ਰਿਹਾ ਹੈ। ਖਾਸ ਕਰਕੇ ਅਜਿਹੀਆਂ ਪਦਵੀਆਂ ਜਾਂ ਫਿਰ ਕੁਰਸੀਆਂ ਦੀ ਭਾਲ ਵਿੱਚ ਰਹਿੰਦਾ ਹੈ ਕਿ ਉਸ ਨੂੰ ਹਰ ਕੋਈ ਸਲਾਮ ਕਰੇ। ਹੁਣ ਤਾਂ ਹਾਲਾਤ ਇਹ ਹਨ ਕਿ ਭਰਾ ਹੀ ਭਰਾ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ। ਅਜਿਹੇ ਸਮੇਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਅਰਾਮਦਾਇਕ ਬਿਸਤਰ ਨਹੀਂ ਜਿਸ ’ਤੇ ਪੈ ਕੇ ਨੀਂਦਰ ਦਾ ਆਨੰਦ ਮਾਣਿਆ ਜਾ ਸਕੇ। ਹੁਣ ਦੇ ਸਮੇਂ ਵਿੱਚ ਇਹ ਸੂਲਾਂ ਦੀ ਸੇਜ ਅਤੇ ਮੁੱਖ ਮੰਤਰੀ ਦਾ ਮੁਕਟ ਕੰਡਿਆਂ ਦਾ ਤਾਜ ਹੈ।
ਪਿਛਲੇ ਸਿਆਸਤਦਾਨਾਂ ਅਤੇ ਸਰਮਾਏਦਾਰਾਂ ਨੇ ਰਲ਼ ਕੇ 74 ਸਾਲਾਂ ਤੋਂ ਪੰਜਾਬ ਦੀ ਤੰਦ ਹੀ ਨਹੀਂ ਪੂਰੀ ਤਾਣੀ ਹੀ ਉਲਝਾਈ ਹੋਈ ਹੈ ਅਤੇ ਇਸ ਨੂੰ ਸੁਲਝਾਉਣ ਲਈ ਬਹੁਤ ਸਮਾਂ ਵੀ ਲੱਗ ਸਕਦਾ ਹੈ। ਪਰ ਲੋਕ ਬੇਸਬਰੇ ਹੋਏ ਪਏ ਹਨ। ਉਹ ਘੰਟਿਆਂ ਦੀ ਦੂਰੀ ਸਕਿੰਟਾਂ ਵਿੱਚ ਮੁਕਾਉਣੀ ਚਾਹੁੰਦੇ ਹਨ। ਭਾਵੇਂ ਅਜਿਹਾ ਕਰਨ ਲਈ ਉਨ੍ਹਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਏ। ਪਰ ਸਿਆਣੇ ਇਹ ਵੀ ਕਹਿੰਦੇ ਹਨ ਕਿ ਸਬਰ ਦਾ ਫ਼ਲ ਮਿੱਠਾ ਹੁੰਦਾ ਹੈ। ਪਰ ਇਹ ਲੋਕ ਸਿਆਣਿਆਂ ਦੀ ਗੱਲ ਕਿੱਥੇ ਮੰਨਦੇ ਹਨ? ਤੁਸੀਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੋ ਜਿਨ੍ਹਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਯਾਦਗਾਰ ਖਟਕੜ ਕਲਾਂ ਵਿਖੇ ਜਾ ਕੇ ਸਹੁੰ ਚੁੱਕੀ ਹੈ ਅਤੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਇਆ ਹੈ। ਸ਼ਹੀਦਾਂ ਦੀ ਸੋਚ ਨੂੰ ਲੋਕਾਂ ਤਕ ਪਹੁੰਚਾਉਣ ਦੀ ਤੁਸੀਂ ਨਵੀਂ ਅਤੇ ਨਵੇਕਲੀ ਰੀਤ ਚਲਾਈ ਹੈ। ਨਹੀਂ ਤਾਂ ਹੁਣ ਤਕ ਸਾਰੇ ਸਿਆਸਤਦਾਨਾਂ ਨੇ ਹਮੇਸ਼ਾ ਹੀ ਸ਼ਹੀਦਾਂ ਦੀ ਸੋਚ ਨੂੰ ਅੱਖੋਂ ਪਰੋਖੇ ਹੀ ਕਰੀ ਰੱਖਿਆ ਹੈ। ਤੁਹਾਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸੋਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਖਤਮ ਕਰਨ ਬਾਰੇ ਵੀ ਜਾਣਕਾਰੀ ਹੈ। ਇਸ ਕਰਕੇ ਹੀ ਤੁਸੀਂ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਹੈ। ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਹੁਣ ਲੋਕ ਬਹੁਤ ਹੀ ਰਾਹਤ ਮਹਿਸੂਸ ਕਰ ਰਹੇ ਹਨ। ਪਰ ਇੱਕ ਗੱਲ ਸੋਲਾਂ ਆਨੇ ਸੱਚ ਹੈ ਕਿ ਪੰਜਾਬ ਵਿੱਚ ਤਾਂ ਕੀ ਪੂਰੇ ਦੇਸ਼ ਭਾਰਤ ਵਿੱਚ ਬਹੁਤੇ ਸਿਆਸਤਦਾਨਾਂ ਤੋਂ ਲੈ ਕੇ ਦਫਤਰਾਂ ਵਿੱਚ ਅਫਸਰਸ਼ਾਹੀ ਅਤੇ ਦਰਜਾ ਚਾਰ ਕਰਮਚਾਰੀਆਂ ਤਕ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਸਿਰ ਤੋਂ ਲੈ ਕੇ ਪੈਰਾਂ ਤਕ ਧਸੇ ਹੋਏ ਹਨ। ਇਨ੍ਹਾਂ ਨੂੰ ਸਾਫ਼ ਕਰਨ ਲਈ ਸਮਾਂ ਜ਼ਰੂਰ ਲੱਗੇਗਾ।
ਮੇਰੀ ਮੋਟੀ ਬੁੱਧੀ ਅਨੁਸਾਰ ਕਿਸੇ ਵੀ ਅਫਸਰ ਮੁਲਾਜ਼ਮ ਦੇ ਸੇਵਾਕਾਲ ਵਿੱਚ ਵਾਧਾ ਬਿਲਕੁਲ ਹੀ ਨਾ ਕੀਤਾ ਜਾਵੇ। ਸੇਵਾ ਵਿੱਚ ਆਉਣ ਤੋਂ ਲੈ ਕੇ ਸੇਵਾਮੁਕਤ ਹੋਣ ਤਕ ਅਧਿਕਾਰੀ ਲੁੱਟਣ ਲਈ ਬਹੁਤ ਤਜਰਬੇਕਾਰ ਖਿਡਾਰੀ ਬਣ ਜਾਂਦੇ ਹਨ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਨਾਲ ਰਲ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਣ ਅਤੇ ਕੁੱਟਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ। ਉਹ ਪਹਿਲੀਆਂ ਸਰਕਾਰਾਂ ਦੇ ਚਹੇਤੇ ਵੀ ਹੋਣਗੇ ਕਿਉਂਕਿ ਹੁਣ ਤੁਹਾਡੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤੋਂ ਅੰਦਰੋਂ ਅੰਦਰੀ ਔਖੇ ਵੀ ਹੋਣਗੇ। ਅਤੇ ਉਨ੍ਹਾਂ ਦੇ ਵੱਡੇ ਵੱਡੇ ਮਗਰਮੱਛਾਂ ਨਾਲ ਸਬੰਧ ਵੀ ਹੋਣਗੇ। ਭ੍ਰਿਸ਼ਟ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਹਿਲੇ ਭ੍ਰਿਸ਼ਟਾਚਾਰ ਕਾਰਨ ਉਨ੍ਹਾਂ ਦੀ ਸਜ਼ਾ ਲਈ ਦੂਰ ਦੁਰਾਡੇ ਇਲਾਕਿਆਂ ਵਿੱਚ ਬਦਲੀ ਕਰਨੀ, ਦੂਜੀ ਵਾਰ ਸਾਲਾਨਾ ਇਨਕਰੀਮੈਂਟਾਂ ਸਦਾ ਲਈ ਬੰਦ ਕਰਨੀਆਂ, ਜੇ ਉਹ ਫਿਰ ਵੀ ਨਾ ਸੁਧਰਨ ਤਾਂ ਸਸਪੈਂਡ ਕਰਨ ਦੀ ਥਾਂ ਉਨ੍ਹਾਂ ਨੂੰ ਸਿੱਧਾ ਟਰਮੀਨੇਟ ਕਰਨ ਲਈ ਨਿਯਮ ਬਣਾਇਆ ਜਾਵੇ ਤਾਂ ਕਿ ਹਰੇਕ ਅਫਸਰ ਅਤੇ ਮੁਲਾਜ਼ਮ ਨੂੰ ਭ੍ਰਿਸ਼ਟਾਚਾਰ ਕਰਨ ਤੋਂ ਕੰਨ ਹੋ ਜਾਣ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਬਦਲੀ, ਇਨਕਰੀਮੈਂਟਾਂ ਬੰਦ ਅਤੇ ਟਰਮੀਨੇਟ ਵਰਗੇ ਸ਼ਬਦ ਸਦਾ ਲਈ ਦਿਮਾਗ ਵਿੱਚ ਵਸ ਜਾਣ। ਜਿਸ ਤਰ੍ਹਾਂ ਹੁਣੇ ਜਿਹੇ ਗ਼ਰੀਬ ਜੁਗਾੜੂ ਰਿਕਸ਼ਿਆਂ ਵਾਲਿਆਂ ਦਾ ਰੁਜ਼ਗਾਰ ਖੋਹਣ ਦਾ ਫਰਮਾਨ ਜਾਰੀ ਕੀਤਾ ਗਿਆ ਸੀ।
ਤੁਹਾਡਾ ਵਾਹ ਪੁਰਾਣੇ ਘਾਗ ਸਿਆਸਤਦਾਨਾਂ ਨਾਲ ਪਿਆ ਹੋਇਆ ਹੈ। ਤੁਸੀਂ ਸੂਝ ਬੂਝ ਅਤੇ ਦੂਰ ਅੰਦੇਸ਼ੀ ਨਾਲ ਆਪਣੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਹੈ ਅਤੇ ਤੁਸੀਂ 5 ਸਾਲਾਂ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸੁਪਨੇ ਨੂੰ ਪੂਰਾ ਨਹੀਂ ਤਾਂ ਘੱਟੋ-ਘੱਟ ਗੋਹਟੇ ਵਿੱਚੋਂ ਇੱਕ ਜਾਂ ਦੋ ਪੂਣੀਆਂ ਜ਼ਰੂਰ ਕੱਤ ਕੇ ਵਿਖਾ ਦਿਉਂਗੇ। ਪਿਛਲੀਆਂ ਸਰਕਾਰਾਂ ਨੇ ਤਾਂ ਕੁਦਰਤ ਦੇ ਨਿਯਮਾਂ ਨੂੰ ਛਿੱਕੇ ਟੰਗੀ ਰੱਖਿਆ ਹੈ। ਕੁਦਰਤ ਦਾ ਨਿਯਮ ਹੈ ਕਿ ਪੱਤ ਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ। ਪਰ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਵੀ ਹੋਰ 2 ਸਾਲ ਦਾ ਵਾਧਾ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਤਾਂ ਇੱਕ ਪਾਸੇ ਵਿਚਾਰਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਕੇਲਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਪੁਰਾਣਿਆਂ ਨੂੰ ਸਾਲਾਨਾ ਇਨਕਰੀਮੈਂਟਾਂ ਲੱਗ ਲਗ ਕੇ ਉਨ੍ਹਾਂ ਨੂੰ ਵੱਧ ਤਨਖਾਹ ਦੇ ਕੇ ਸਰਕਾਰੀ ਖਜ਼ਾਨੇ ਦੀ ਲੁੱਟ ਖਸੁੱਟ ਹੀ ਨਹੀਂ ਕੀਤੀ ਕੀਤੀ ਗਈ ਸਗੋਂ ਆਪਣੇ ਚਹੇਤਿਆਂ ਨੂੰ ਹੋਰ ਲੁੱਟ ਕਰਨ ਦੀ ਖੁੱਲ੍ਹ ਵੀ ਦੇ ਰੱਖੀ ਸੀ।
ਮਾਨ ਸਾਹਿਬ ਤੁਹਾਡਾ ਰਾਹ ਓਭੜ ਖਾਬੜ ਹੀ ਨਹੀਂ, ਇਹ ਕੰਡਿਆਂ ਨਾਲ ਭਰਿਆ ਹੋਇਆ ਵੀ ਹੈ ਅਤੇ ਇਸ ਵਿੱਚ ਜਾਣਬੁੱਝ ਕੇ ਵੀ ਕੰਡੇ ਵਿਛਾਏ ਜਾਣਗੇ। ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਰਾਹੀਂ ਪੈਸੇ ਕਮਾਉਣ ਦੀ ਆਦਤ ਪਈ ਹੋਈ ਹੈ ਉਹ ਕਦਾਚਿਤ ਨਹੀਂ ਚਾਹੁਣਗੇ ਕਿ ਉਨ੍ਹਾਂ ਦਾ ਤੋਰੀ ਫੁਲਕਾ ਬੰਦ ਹੋ ਜਾਵੇ। ਜਾਂ ਫਿਰ ਜਿਨ੍ਹਾਂ ਦੀਆਂ ਗੱਦੀਆਂ ਖੁੱਸ ਗਈਆਂ ਹਨ, ਉਹ ਵੀ ਚੁੱਪ ਕਰਕੇ ਨਹੀਂ ਬੈਠਣਗੇ। ਉਹ ਵੀ ਜਾਤ ਪਾਤ ਅਤੇ ਧਰਮ ਦੇ ਪੱਤੇ ਵਰਤ ਕੇ ਤੁਹਾਨੂੰ ਭਟਕਾਉਣ ਦੀ ਕੋਸ਼ਿਸ਼ ਕਰਨਗੇ। ਸਭ ਤੋਂ ਵੱਧ ਖਤਰਾ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਤੋਂ ਹੈ, ਕਿਉਂਕਿ ਬਹੁਤੇ ਤੁਹਾਡੇ ਵਿਰੋਧੀ ਸਿਆਸਤਦਾਨਾਂ ਦੇ ਆਪਣੇ ਖਬਰਾਂ ਦੇ ਚੈਨਲ ਹਨ ਜੋ 24 ਘੰਟੇ ਤੁਹਾਡੇ ਖਿਲਾਫ਼ ਪ੍ਰਚਾਰ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਦੂਜਾ ਵੱਡਾ ਖਤਰਾ ਹੈ ਕੇਂਦਰ ਸਰਕਾਰ ਵੱਲੋਂ ਜਿਸ ’ਤੇ ਪੰਜਾਬ ਵਿਰੋਧੀ ਹੋਣ ਦੇ ਸਬੂਤ ਸਭ ਦੇ ਸਾਹਮਣੇ ਹਨ। ਦਿੱਲੀ ਦੇ ਤਖਤ ਨੇ ਕਦੇ ਵੀ ਪੰਜਾਬ ਨਾਲ ਵਫਾ ਨਹੀਂ ਕੀਤੀ ਅਤੇ ਪੰਜਾਬ ਹਮੇਸ਼ਾ ਹੀ ਦਿੱਲੀ ਦੀਆਂ ਅੱਖਾਂ ਵਿੱਚ ਰੜਕਦਾ ਰਿਹਾ ਹੈ। ਹੁਣ ਭਾਵੇਂ ਰੋਡੇ ਭੋਡੇ ਅਤੇ ਬਿਨਾਂ ਦਾੜ੍ਹੀ ਮੁੱਛਾਂ ਦੇ ਸਿਰ ’ਤੇ ਪੱਗਾਂ ਬੰਨ੍ਹ ਕੇ ਸਿੱਖਾਂ ਨੂੰ ਭਰਮਾਉਣ ਲਈ ਡਰਾਮੇ ਕਰਦੇ ਹਨ ਪਰ ਅੰਦਰੋਂ ਅੰਦਰੀ ਸਭ ਪੰਜਾਬ ਦੇ ਵਿਰੋਧੀ ਹਨ। ਇਨਕਲਾਬੀ ਲਹਿਰ ਦੇ ਮਹਿਰੂਮ ਕਵੀ ਸੰਤ ਰਾਮ ਉਦਾਸੀ ਬਹੁਤ ਪਹਿਲਾਂ ਹੀ ਕਹਿ ਚੁੱਕੇ ਹਨ
ਦਿੱਲੀਏ ਦਿਆਲਾ ਵੇਖ
ਦੇਗ ’ਚ ਉੱਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ।
ਮਤੀ ਦਾਸ ਚੀਰ
ਆਰੇ ਨਾਲ
ਅਜੇ ਮਨਮਤੀਆਂ ਕਰੇ।
ਤੁਹਾਡੇ ਲਈ ਇਹ ਸਮਾਂ ਬਹੁਤ ਹੀ ਔਖਾ ਹੈ ਕਿਉਂਕਿ ਸਿਆਸੀ ਅਤੇ ਧਾਰਮਿਕ ਪਖੰਡੀ ਤੁਹਾਡਾ ਧਿਆਨ ਭਟਕਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਉਹ ਧਾਰਮਿਕ ਬੇਅਦਬੀਆਂ, ਧਾਰਮਿਕ ਗ੍ਰੰਥਾਂ ਦੇ ਪੰਨੇ ਪੜਵਾ, ਗਊਆਂ ਮਰਵਾਉਣ ਤੋਂ ਲੈ ਕੇ ਮਸਜਿਦਾਂ ਵਿੱਚ ਸੂਰ ਦੀਆਂ ਪੂਛਾਂ ਤਕ ਸੁੱਟਵਾ ਸਕਦੇ ਹਨ। ਧਰਮ ਦੇ ਨਾਂ ’ਤੇ ਦੰਗੇ ਫਸਾਦ ਕਰਵਾ ਸਕਦੇ ਹਨ। ਕਿਉਂਕਿ ਲੋਕਾਂ ਦੀ ਧਰਮ ਵਾਲੀ ਰਗ ਬਹੁਤ ਸੰਵੇਦਨਸ਼ੀਲ ਹੈ ਅਤੇ ਉਹ ਬਿਨਾਂ ਸੋਚੇ ਸਮਝੇ ਹੀ ਧਾਰਮਿਕ ਪਖੰਡੀਆਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ। ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਹੈ। ਇਸ ਲਈ ਤੁਹਾਡੇ ਰਾਹ ਵਿੱਚ ਜਿੰਨੀਆਂ ਵੀ ਮਰਜ਼ੀ ਰੁਕਾਵਟਾਂ ਖੜ੍ਹੀਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ, ਤੁਸੀਂ ਆਪਣੇ ਦਿਮਾਗ ਦੀ ਵਰਤੋਂ ਕਰਕੇ ਹਰੇਕ ਰੁਕਾਵਟ ਨੂੰ ਪਾਰ ਕਰਨਾ ਹੈ ਅਤੇ ਆਪਣੇ ਅਸਲ ਨਿਸ਼ਾਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ’ਤੇ ਨਜ਼ਰ ਟਿਕਾਈ ਰੱਖਣੀ ਹੈ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਾ ਮੁਕਤ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੋਗੇ।
ਖਤ ਬਹੁਤ ਲੰਮਾ ਹੋ ਗਿਆ ਹੈ ਅਤੇ ਜੇਕਰ ਕੋਈ ਆਪ ਜੀ ਦੀ ਸ਼ਾਨ ਵਿੱਚ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਮੁਆਫ਼ ਕਰਨਾ। ਸੱਚ ਇੱਕ ਗੱਲ ਹੋਰ ਮੁੱਖ ਮੰਤਰੀ ਦੀ ਕੁਰਸੀ ਬਹੁਤ ਹੀ ਕੀਮਤੀ ਹੈ। ਇਸ ਨੂੰ ਹਥਿਆਉਣ ਲਈ ਹਰ ਕੋਈ ਤਿਆਰ ਰਹਿੰਦਾ ਹੈ। ਉਹ ਆਪਣੇ ਵੀ ਹੋ ਸਕਦੇ ਹਨ ਕਿਉਂਕਿ ਮੈਂ ਤਾਂ ਆਪਣੇ ਅੱਖੀਂ ਦੇਖਿਆ ਹੈ ਕਿ ਭਾਰਤ ਵਿੱਚ ਤਾਂ ਸਾਹਿਤ ਸਭਾਵਾਂ ਦੀ ਪ੍ਰਧਾਨਗੀ ਲਈ ਹੀ ਲੜਾਈਆਂ ਝਗੜੇ ਹੋ ਜਾਂਦੇ ਹਨ। ਅਤੇ ਸਾਡੇ ਚਿੜੀ ਦੇ ਪਹੁੰਚੇ ਜਿੱਡੇ ਸ਼ਹਿਰ ਸਮਰਾਲੇ ਵਿੱਚ ਪ੍ਰਧਾਨਗੀ ਪ੍ਰਾਪਤ ਕਰਨ ਲਈ ਹੀ 2-2 ਸਾਹਿਤ ਸਭਾਵਾਂ ਬਣਾਈ ਬੈਠੇ ਹਨ। ਸਿਆਸਤ ਵਿੱਚ ਵੀ ਅੱਜ ਕੱਲ੍ਹ ਬਲੈਕਮੇਲਿੰਗ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਤੁਸੀਂ ਨਿਡਰ ਦ੍ਰਿੜ੍ਹ ਇਰਾਦੇ ਵਾਲੇ ਲੱਗਦੇ ਹੋ। ਇਸ ਲਈ ਸਿਆਸੀ ਬਲੈਕਮੇਲਿੰਗ ਅੱਗੇ ਝੁਕ ਕੇ ਲੋਕ ਵਿਰੋਧੀ ਫੈਸਲੇ ਲੈਣ ਲਈ ਮਜਬੂਰ ਨਾ ਹੋਣਾ। ਕਈ ਕਾਂਗਰਸੀ ਤੁਹਾਡੇ ’ਤੇ ਇਲਜ਼ਾਮ ਵੀ ਲਾਉਣਗੇ ਕਿ ਪੰਜਾਬ ਸਰਕਾਰ ਰਿਮੋਟ ਕੰਟਰੋਲ ਨਾਲ ਦਿੱਲੀ ਤੋਂ ਚੱਲਦੀ ਹੈ। ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਲਈ ਕਹਿਣਾ ਕਿ ਉਸ ਦੇ ਮੁੱਖ ਮੰਤਰੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਰਿਮੋਟ ਕੰਟਰੋਲ ਨਾਲ ਨਹੀਂ ਚੱਲਦੀ ਰਹੇ। ਬਾਕੀ ਆਹ ਅਕਾਲੀਆਂ ਵੱਲ ਤਾਂ ਬਿਲਕੁਲ ਹੀ ਧਿਆਨ ਨਾ ਦੇਣਾ। ਇਹ ਆਪਣੇ ਖਬਰਾਂ ਦੇ ਚੈਨਲਾਂ ’ਤੇ ਜੋ ਮਰਜ਼ੀ ਕਹੀ ਜਾਣ। ਹੁਣ ਇਨ੍ਹਾਂ ਦੀ ਕੋਈ ਵੀ ਪੁੱਛ ਪ੍ਰਤੀਤ ਨਹੀਂ ਹੈ। ਪੰਜਾਬ ਦੇ ਵੋਟਰਾਂ ਨੇ ਇਨ੍ਹਾਂ ਨੂੰ ਬੱਸ ਵਿੱਚੋਂ ਉਤਾਰ ਕੇ ਥ੍ਰੀ ਵ੍ਹੀਲਰ ਵਿੱਚ ਬਿਠਾ ਦਿੱਤਾ ਹੈ ਅਤੇ ਇਹ ਤਾਂ ਹੱਥ ਵਿੱਚ ਪਾਸਕੂ ਵਾਲੀ ਤੱਕੜੀ ਫੜ ਕੇ ਹਾਥੀ ’ਤੇ ਬੈਠ ਕੇ ਵਿਧਾਨ ਸਭਾ ਵਿੱਚ ਪਹੁੰਚਣ ਦੀ ਫਿਰਾਕ ਵਿੱਚ ਸਨ ਪ੍ਰੰਤੂ ਪੰਜਾਬ ਦੇ ਵੋਟਰਾਂ ਨੇ ਬਚਿੱਤਰ ਸਿੰਘ ਬਣ ਕੇ ਹਾਥੀ ਨੂੰ ਤੱਕੜੀ ਸਮੇਤ ਭਜਾ ਦਿੱਤਾ ਹੈ।
ਖ਼ਤ ਬਹੁਤ ਲੰਮਾ ਹੋ ਗਿਆ ਹੈ ਅਤੇ ਤੁਹਾਨੂੰ ਵੀ ਬਹੁਤ ਸਾਰੇ ਕੰਮ ਹਨ। ਬਾਕੀ ਫਿਰ ਸਹੀ। ਖ਼ਤ ਲਿਖਣ ਲਈ ਗੁਸਤਾਖੀ ਮੁਆਫ਼ ਕਰਨਾ।
ਮੈਂ ਹਾਂ ਤੁਹਾਡੇ ਰਾਜ ਪੰਜਾਬ ਦਾ ਇੱਕ ਆਮ ਆਦਮੀ,
ਸੁਖਮਿੰਦਰ ਬਾਗ਼ੀ।
ਆਦਰਸ਼ ਨਗਰ ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾਇਲ ਨੰਬਰ: 62804 - 75157.
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3530)
(ਸਰੋਕਾਰ ਨਾਲ ਸੰਪਰਕ ਲਈ: