“ਭਾਰਤ ਵਰਗੇ ਦੇਸ਼ ਵਿੱਚ ਅਨੇਕਾਂ ਦਿਵਸ, ਤਿਉਹਾਰ ਮਨਾਏ ...”
(20 ਦਸੰਬਰ 2018)
ਭਾਰਤੀ ਸੱਭਿਆਚਾਰ ਬਾਰੇ ਬਹੁਤ ਕੁਝ ਬੋਲਿਆ, ਲਿਖਿਆ ਅਤੇ ਸੁਣਿਆ ਜਾ ਰਿਹਾ ਹੈ ਕਿ ਇਹ ਸੱਭਿਆਚਾਰ ਬਹੁਤ ਪੁਰਾਣਾ ਅਤੇ ਵਧੀਆ ਸੱਭਿਆਚਾਰ ਹੈ। ਆਪਣੀ 62 ਸਾਲ ਦੀ ਜ਼ਿੰਦਗੀ ਵਿਚ ਮੈਂ ਅਤੇ ਮੇਰੇ ਹਮ ਉਮਰ ਲੋਕਾਂ ਨੇ ਵੀ ਕਈ ਅਨੁਭਵ ਤੇ ਤਰਜਬੇ ਹੰਢਾਏ ਹੋਣਗੇ ਜੋ ਕਿ ਸੁਖਾਂਵੇ ਵੀ ਹੋ ਸਕਦੇ ਹਨ ਅਤੇ ਦੁਖਾਵੇਂ ਵੀ। ਮਨੁੱਖ ਦੀ ਜ਼ਿੰਦਗੀ ਵਿੱਚ ਦੋ ਹੀ ਖਾਸ ਪਲ ਆਉਂਦੇ ਹਨ; ਇੱਕ ਖੁਸ਼ੀ ਤੇ ਦੂਜਾ ਗ਼ਮੀ। ਪੁਰਾਣੇ ਸੱਭਿਆਚਾਰ ਵਿੱਚ ਖੁਸ਼ੀ ਅਤੇ ਗ਼ਮੀ ਵਿੱਚ ਭਾਈਚਾਰਕ ਸਾਂਝ ਵੇਖਣ ਨੂੰ ਆਮ ਹੀ ਮਿਲਦੀ ਸੀ। ਵਿਆਹ ਵਰਗੇ ਦਿਨਾਂ ਵਿੱਚ ਘਰੋ ਘਰੀ ਜਾ ਕੇ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ ਸਨ, ਇਕੱਠੇ ਹੋ ਕੇ ਲੱਡੂ ਵੱਟੇ ਜਾਂਦੇ ਸਨ। ਰਾਤਾਂ ਨੂੰ ਢੋਲਕੀਆਂ ਲੈ ਕੇ ਕੁੜੀਆਂ, ਬੁੜ੍ਹੀਆਂ ਨੇ ਇਕੱਠੀਆਂ ਹੋ ਕੇ ਗੀਤ ਗਾਉਣੇ। ਉਨ੍ਹਾਂ ਸਮਿਆਂ ਵਿਚ ਬਰਾਤਾਂ ਦੋ, ਤਿੰਨ ਜਾਂ ਚਾਰ ਦਿਨ ਵੀ ਰਹਿੰਦੀਆਂ ਸਨ। ਪਿੰਡ ਦੇ ਹੀ ਮੁੰਡਿਆਂ ਨੇ ਉਨ੍ਹਾਂ ਨੂੰ ਖੁਦ ਹੀ ਖਾਣਾ ਪਾਣੀ ਦੇਣਾ “ਬੈਰਿਆਂ” ਦਾ ਨਾਂ ਨਿਸ਼ਾਨ ਵੀ ਨਹੀਂ ਸੀ ਹੁੰਦਾ। ਨਾ ਕੋਈ ਵਿਖਾਵਾ ਅਤੇ ਨਾ ਕੋਈ ਅਣਚਾਹਿਆ ਖਰਚ ਹੁੰਦਾ ਸੀ। ਬਰਾਤ ਦੇ ਆਉਣ ਤੋਂ ਲੈ ਕੇ ਵਿਦਾ ਹੋਣ ਤੱਕ ਹਾਸੇ ਠੱਠੇ, ਖੁਸ਼ੀਆਂ ਖੇੜੇ ਅਤੇ ਆਨੰਦ ਹੀ ਆਨੰਦ।
ਪਰ ਅੱਜ ਦੇ ਸੱਭਿਆਚਾਰ ਵਿੱਚ ਜਦੋਂ ਦਾ ‘ਮੈਰਿਜ ਪੈਲੇਸ ਕਲਚਰ’ ਆਇਆ ਹੈ, ਖੁਸ਼ੀਆਂ ਖੇੜੇ ਗਾਇਬ ਹੋ ਗਏ ਹਨ। ਹਰੇਕ ਨੂੰ ਫਿਕਰਾਂ ਨੇ ਘੇਰ ਲਿਆ। ਪਹਿਲਾਂ ਗੀਤ-ਸੰਗੀਤ ਰੂਹ ਨੂੰ ਖੁਰਾਕ ਦੇਣ ਵਾਲਾ ਸੀ ਪਰ ਮੌਜੂਦਾ ਗੀਤ-ਸੰਗੀਤ ਲੱਚਰਤਾ, ਨਗਨਤਾ ਅਤੇ ਬੰਬ-ਬੰਦੂਕਾਂ ਨਾਲ ਭੈਅ ਭੀਤ ਕਰਨ ਵਾਲਾ ਬਣ ਗਿਆ ਹੈ। ਇਸਦੀਆਂ ਮੂੰਹ ਬੋਲਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪੜ੍ਹਨ ਨੂੰ ਆਮ ਹੀ ਮਿਲ ਜਾਂਦੀਆਂ ਹਨ। ਗਮੀ ਵਿੱਚ ਮੌਤ ਦੇ ਸਮੇਂ ਗ਼ਮ ਦਾ ਪ੍ਰਗਟਾਵਾ ਕਰਨਾ, ਰੋਂਦਿਆਂ ਨੂੰ ਗਲੇ ਲਾਉਣਾ, ਦਿਲਾਸਾ ਦੇਣ ਲਈ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ। ਜਿਸ ਘਰ ਮੌਤ ਹੋ ਜਾਂਦੀ ਸੀ, ਘਰਵਾਲਿਆਂ ਰੋਟੀ ਪਾਣੀ ਦਾ ਪ੍ਰਬੰਧ ਗੁਆਂਢੀ ਹੀ ਕਰਦੇ ਸਨ। ਮੁਰਦੇ ਨੂੰ ਸ਼ਮਸ਼ਾਨਘਾਟ ਲਿਜਾਣ ਸਮੇਂ ਸਾਰਿਆਂ ਨੇ ਇਕੱਠੇ ਹੋ ਕੇ ਜਨਾਜ਼ੇ ਨਾਲ ਜਾਣਾ ਅਤੇ ਉੱਥੇ ਪੂਰਾ ਸਮਾਂ ਰਹਿਣਾ ਹਰ ਕੋਈ ਆਪਣਾ ਫਰਜ਼ ਸਮਝਦਾ ਸੀ। ਪਰ ਜਦੋਂ ਦੀ ‘ਮੋਬਾਈਲ ਕ੍ਰਾਂਤੀ’ ਆਈ ਹੈ ਉਦੋਂ ਤੋਂ ਇਹ ਸਭ ਕੁਝ ਉਲਟ ਪੁਲਟ ਹੋ ਗਿਆ ਹੈ। ਹੁਣ ਤਾਂ ਕਿਸੇ ਘਰ ਮੌਤ ਹੋਣ ’ਤੇ ਫੋਨ ਰਾਹੀਂ ਹੀ ਪੁੱਛ ਲਿਆ ਜਾਂਦਾ ਹੈ ਕਿ ਸ਼ਮਸ਼ਾਨਘਾਟ ਕਦੋਂ ਕੁ ਲਿਜਾਣਾ ਹੈ। ਕਈ ਤਾਂ ਸੰਗੀਆਂ ਸਾਥੀਆਂ ਤੋਂ ਅਰਥੀ ਦੇ ਸ਼ਮਸ਼ਾਨਘਾਟ ਵਿੱਚ ਪਹੁੰਚਣ ਤੱਕ ਪਲ ਪਲ ਦੀ ਜਾਣਕਾਰੀ ਲੈ ਕੇ ਸਿੱਧਾ ਹੀ ਸ਼ਮਸ਼ਾਨਘਾਟ ਮੌਕੇ ’ਤੇ ਹੀ ਪੁੱਜਦੇ ਹਨ।
ਅੱਜ ਦਾ ਮਨੁੱਖ ਸਮਾਜ ਨਾਲੋਂ ਹੀ ਨਹੀਂ ਸਗੋਂ ਆਪਣੇ ਆਪ ਨਾਲੋਂ ਵੀ ਟੁੱਟ ਕੇ ‘ਨੈੱਟ ਕ੍ਰਾਂਤੀ’ ਵਿੱਚ ਫਸਦਾ ਜਾ ਰਿਹਾ ਹੈ। ਬੋਲਚਾਲ ਛੱਡ ਕੇ ਗੁੰਗਾ-ਬਹਿਰਾ ਅਤੇ ਅੰਨ੍ਹਾ ਤੱਕ ਬਣ ਗਿਆ ਹੈ। ਇਨਸਾਨੀਅਤ ਭੁੱਲ ਕੇ ਹਊਮੈ ਦੀ ਭੱਠੀ ਵਿੱਚ ਤਪ ਰਿਹਾ ਹੈ। ਸਹਿਨਸ਼ੀਲਤਾ ਨੂੰ ਤਿਲਾਂਜਲੀ ਦੇ ਕੇ ਛੋਟੀਆਂ-ਛੋਟੀਆਂ ਗੱਲਾਂ ’ਤੇ ਹੀ ਇੱਕ ਦੂਜੇ ਨੂੰ ਮਾਰਨ ਕੁੱਟਣ ਤੋਂ ਵੀ ਅਗਾਂਹ ਕਤਲ ਕਰਨ ਤੱਕ ਚਲਿਆ ਜਾਂਦਾ ਹੈ। ਉਪਰੋਕਤ ਵਿਗਾੜ ਸਾਡੇ ਆਧੁਨਿਕ ਸੱਭਿਆਚਾਰ ਵਿੱਚ ਦਿਨੋਂ ਦਿਨ ਪੈਰ ਪਸਾਰ ਰਹੇ ਹਨ।
1.ਪੰਘੂੜਾ:
ਪੰਘੂੜੇ ਦਾ ਨਾਂ ਸੁਣਦਿਆਂ ਹੀ ਸਬਾਤ ਵਿੱਚ ਰੱਖੇ ਰੰਗ ਬਿਰੰਗੀਆਂ ਲੱਕੜੀਆਂ ਦੇ ਪੰਘੂੜੇ ਵਿੱਚ ਸੁੱਤੇ ਬਾਲ ਦਾ ਖ਼ਿਆਲ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ, ਜਿਸ ਨੂੰ ਤੁਰਦਾ ਫਿਰਦਾ ਹਰ ਕੋਈ ਹੁਲਾਰਾ ਦੇ ਜਾਂਦਾ ਸੀ ਤਾਂ ਕਿ ਬਾਲ ਜਾਗ ਨਾ ਪਵੇ। ਇਸ ਵਿੱਚ ਮਾਂ ਦੀ ਮਮਤਾ ਆਮ ਹੀ ਝਲਕਦੀ ਸੀ। ਮਾਂ ਦੇ ਹੱਕ ਵਿੱਚ ਕੁਲਦੀਪ ਮਾਣਕ ਦਾ ਗੀਤ “ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ” ਸ਼ਾਇਦ ਹੀ ਕੋਈ ਅਜਿਹਾ ਹੋਵੇਗਾ, ਜਿਸ ਨੇ ਨਾ ਗੁਣਗੁਣਾਇਆ ਹੋਵੇ। ਪਰ ਆਧੁਨਿਕ ਸੱਭਿਆਚਾਰ ਨੇ ਇਸ ਪੰਘੂੜੇ ਦਾ ਮੂੰਹ ਮੁਹਾਂਦਰਾ ਵਿਗਾੜ ਕੇ ਇਸ ਨੂੰ “ਪੰਘੂੜਾ ਘਰ” ਬਣਾ ਦਿੱਤਾ ਹੈ। ਮੈਨੂੰ ਤਾਂ ਇਸ ਪੰਘੂੜੇ ਤੋਂ ਨਫਰਤ ਜਿਹੀ ਹੋ ਗਈ ਹੈ ਜਦੋਂ ਮੈਂ ਸੁਣਦਾ ਹਾਂ ਕਿ ਅੱਜ ਇੱਕ ਹੋਰ ਬਾਲੜੀ ਅੰਮ੍ਰਿਤਸਰ ਦੇ ਪੰਘੂੜਾ ਘਰ ਵਿੱਚ ਆ ਗਈ ਹੈ। ਮੇਰਾ ਮਨ ਖਿਝ ਨਾਲ ਭਰ ਜਾਂਦਾ ਹੈ। ਮੇਰਾ ਇੱਕ ਸਵਾਲ ਹੈ ਕਿ ਕੀ ਅਜਿਹੇ ਪੰਘੂੜਾ ਘਰ ਨੂੰ ਬੰਦ ਨਹੀਂ ਕੀਤਾ ਜਾ ਸਕਦਾ? ਇਸਦੇ ਹੱਕ ਅਤੇ ਵਿਰੋਧ ਵਿੱਚ ਬਹੁਤ ਕੁਝ ਬੋਲਿਆ, ਲਿਖਿਆ ਜਾ ਸਕਦਾ ਹੈ। ਪਰ ਇਸ ਪੰਘੂੜਾ ਘਰ ਬਾਰੇ ਸੱਚ ਨਹੀਂ ਬੋਲਿਆ ਜਾਂਦਾ ਕਿ ਪੰਘੂੜਾ ਘਰ ਹੋਂਦ ਵਿੱਚ ਕਿਉਂ ਆਏ? ਸਾਡੇ ਭਾਰਤੀ ਸਮਾਜ ਵਿੱਚ ਇਸਦੇ ਸਮਾਜਿਕ ਕਾਰਣ ਹਨ। ਸਾਡਾ ਭਾਰਤੀ ਸਮਾਜ ਅਖੌਤੀ ਜਾਤ-ਪਾਤ, ਧਾਰਮਿਕ ਅਤੇ ਹੋਰ ਅਖੌਤੀ ਰਸਮਾਂ ਰਿਵਾਜਾਂ ਦੇ ਚੁੰਗਲ ਵਿੱਚ ਕੈਦ ਹੋਇਆ ਪਿਆ ਹੈ। ਸ਼ਾਇਦ ਸਮਝਦਾਰ ਸਮਝ ਹੀ ਗਏ ਹੋਣਗੇ। ਇਸ ਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਹੈ। ਇਸ ਪੰਘੂੜਾ ਘਰ ਲਈ ਸਰਕਾਰ, ਸਰਮਾਏਦਾਰ ਤੇ ਆਮ ਲੋਕ ਆਪਣੀਆਂ ਥੋਥੀਆਂ ਦਲੀਲਾਂ ਨਾਲ ਚਾਲੂ ਰੱਖਣ ਵਿੱਚ ਸਹਿਮਤ ਹੋਣਗੇ। ਪਰ ਮੈਂ ਇਸ ਨੂੰ ਬੰਦ ਕਰਾਉਣ ਲਈ ਸਹਿਮਤ ਹਾਂ ਤੇ ਪੰਘੂੜਾ ਘਰ ਵਿੱਚ ਬੱਚੇ ਛੱਡਣ ਦੀ ਗੁਪਤ ਤਰੀਕੇ ਨਾਲ ਸ਼ਨਾਖਤ ਕਰਕੇ ਉਸ ਮਨੁੱਖ ਨੂੰ ਸਮਾਜ ਦੇ ਸਾਹਮਣੇ ਨੰਗਾ ਕੀਤਾ ਜਾਵੇ ਤੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਉਸ ਨੂੰ ਵੇਖ ਕੇ ਹੋਰ ਕੋਈ ਅਜਿਹੀ ਹਰਕਤ ਨਾ ਕਰੇ। ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਹਰ ਸ਼ਹਿਰ ਦੇ ਗਲੀ-ਮੁਹੱਲੇ ਦੇ ਮੋੜ ’ਤੇ ਇਹ ਪੰਘੂੜਾ ਘਰ ਬਣਾਉਣੇ ਪੈਣਗੇ। ਇਸ ਲਈ ਭਾਰਤੀ ਸਮਾਜ ਦੇ ਵਿਗਿਆਨੀਆਂ ਨੂੰ ਸੋਚਣਾ ਪੈਣਾ ਹੈ ਕਿ ਕੀ ਕਰੀਏ?
2. ਬਿਰਧ ਆਸ਼ਰਮ:
ਸਰਕਾਰ ਨੇ ਪਹਿਲੀ ਅਕਤੂਬਰ ਨੂੰ ਬਜ਼ੁਰਗ ਦਿਵਸ ਮਨਾਇਆ ਸੀ। ਅੱਠ ਮਾਰਚ ਨੂੰ ਮਨਾਇਆ ਤਾਂ ਔਰਤ ਦਿਵਸ ਵੀ ਜਾਂਦਾ ਹੈ, ਪਰ ਬਜ਼ੁਰਗਾਂ ਅਤੇ ਔਰਤਾਂ ਦੀ ਦਸ਼ਾ ਸਾਡੇ ਸਭ ਦੇ ਸਾਹਮਣੇ ਹੀ ਹੈ। ਭਾਰਤ ਵਰਗੇ ਦੇਸ਼ ਵਿੱਚ ਅਨੇਕਾਂ ਦਿਵਸ, ਤਿਉਹਾਰ ਮਨਾਏ ਜਾਂਦੇ ਹਨ, ਪਰ ਉਨ੍ਹਾਂ ਦਿਵਸਾਂ, ਤਿਉਹਾਰਾਂ ਤੋਂ ਅਸੀਂ ਸਿੱਖਿਆ ਬਿਲਕੁਲ ਨਹੀਂ ਲੈਂਦੇ। ਸਰਕਾਰਾਂ ਦਿਵਸ ਮਨਾ ਕੇ ਸਿਰਫ਼ ਗੋਗਲੂਆਂ ਤੋਂ ਮਿੱਟੀ ਹੀ ਝਾੜਦੀਆਂ ਹਨ। ਅਸੀਂ ਸੋਚਦੇ ਕੁਝ ਨਹੀਂ ਅਤੇ ਉਨ੍ਹਾਂ ਸਰਕਾਰਾਂ ਤੋਂ ਆਸ ਕਰਦੇ ਹਾਂ ਜਿਨ੍ਹਾਂ ਦੀ ਸਰਪ੍ਰਸਤੀ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ। ਅਸੀਂ ਬੇਸ਼ਰਮੀ ਵਾਲਾ ਵਾਕ “ਝੋਟੇ ਵਾਲਿਆਂ ਦੇ ਘਰੋਂ ਲੱਸੀ” ਭਾਲਦੇ ਹਾਂ। ਪਿਛਲੇ ਦਿਨਾਂ ਵਿੱਚ ਮੈਨੂੰ ਵਟਸਐਪ ’ਤੇ ਕੁਝ ਵੀਡੀਓ ਅਤੇ ਲਿਖਤਾਂ ਆਈਆਂ ਸਨ ਕਿ ਕਿਸ ਤਰ੍ਹਾਂ ਕਰੋੜਾਂ ਅਰਬਾਂ ਰੁਪਏ ਦੇ ਮਾਲਕ ਹੁੰਦਿਆਂ ਵਿਚਾਰੇ ਬਜ਼ੁਰਗ ਮਾਤਾ ਪਿਤਾ ਕਿਰਾਏ ਦੇ ਮਕਾਨਾਂ ਵਿੱਚ ਆਪਣੀ ਆਖ਼ਰੀ ਉਮਰੇ ਦਿਨ ਕਟੀ ਕਰ ਰਹੇ ਹਨ। ਅਜਿਹਾ ਕਿਉਂ ਹੈ? ਮੇਰੀ ਸਮਝ ਅਨੁਸਾਰ ਤਾਂ ਇਹ ਸਾਡੀ ਅੰਨ੍ਹੀ ਮਮਤਾ ਅਤੇ ਲਾਡ ਪਿਆਰ ਦਾ ਹੀ ਨਤੀਜਾ ਹੈ ਜਿਸ ਕਰਕੇ ਸਾਡੇ ਬੱਚੇ ਦਿਨੋ ਦਿਨ ਵਿਗੜ ਰਹੇ ਹਨ। ਪੁਰਾਣੇ ਸੱਭਿਆਚਾਰ ਵਿੱਚ ਬੱਚੇ ਮਾਂ ਬਾਪ ਤੋਂ ਡਰਦੇ ਸਨ ਪਰ ਆਧੁਨਿਕ ਸੱਭਿਆਚਾਰ ਵਿੱਚ ਇਸਦੇ ਉਲਟ ਮਾਂ-ਬਾਪ ਬੱਚਿਆਂ ਤੋਂ ਡਰਦੇ ਹਨ। ਅੰਨ੍ਹੀ ਮਮਤਾ ਕਾਰਨ ਬੱਚਿਆਂ ਦੀ ਹਰੇਕ ਨਜਾਇਜ਼ ਮੰਗ ਪੂਰੀ ਕਰਦੇ ਹਨ। ਇੱਕ ਪੁਰਾਣਾ ਅਖਾਣ ਹੈ ਕਿ ‘ਰੰਬਾ ਤੇ ਮੁੰਡਾ ਚੰਡਿਆਂ ਹੀ ਠੀਕ ਰਹਿੰਦੇ ਹਨ’, ਜਿਨ੍ਹਾਂ ਨੂੰ ਅਸੀਂ ਭੁੱਲ ਭੁਲਾ ਚੁੱਕੇ ਹਾਂ।
ਮੋਬਾਈਲ ਕ੍ਰਾਂਤੀ ਨੇ ਅਜਿਹਾ ਦਾਅ ਮਾਰਿਆ ਹੈ ਕਿ ਪੁਰਾਤਨ ਸੱਭਿਆਚਾਰ ਨੂੰ ਆਧੁਨਿਕ ਸੱਭਿਆਚਾਰ ਨੇ ਆਪਣੇ ਗੋਡਿਆਂ ਹੇਠ ਦਬੋਚ ਲਿਆ ਹੈ। ਪੁਰਾਣੇ ਸੱਭਿਆਚਾਰ ਵਿੱਚ ਬਜ਼ੁਰਗ ਘਰ ਦੇ ਦਲਾਨ ਵਿੱਚ ਬੈਠਾ ਹੁੰਦਾ ਸੀ। ਘਰ ਦੀਆਂ ਔਰਤਾਂ, ਬੱਚੇ ਅਤੇ ਵਿਆਹੇ-ਵਰੇ ਸਭ ਉਸ ਤੋਂ ਡਰਦੇ ਸੀ ਅਤੇ ਔਰਤਾਂ ਸਿਰ ਢੱਕ ਕੇ ਰੱਖਦੀਆਂ ਹਨ। ਪਰ ਹੁਣ ਚੁੰਨੀਆਂ, ਪੱਗਾਂ ਤਾਂ ਕਿਤੇ ਦਿਸਦੀਆਂ ਹੀ ਨਹੀਂ। ਪੱਛਮੀ ਸੱਭਿਆਚਾਰ ਨੇ ਸਾਡੇ ਪਹਿਰਾਵੇ ਨੂੰ ਇੰਨਾ ਕਾਬੂ ਕਰ ਲਿਆ ਹੈ ਕਿ ਸੰਗ-ਸ਼ਰਮ ਤੇ ਡਰ ਰਫੂ ਚੱਕਰ ਹੋ ਗਏ ਹਨ।
3. ਸਮਲਿੰਗੀ ਸਬੰਧ:
ਜਿਉਂ ਜਿਉਂ ਅਸੀਂ ਇੱਕੀਵੀਂ ਸਦੀ ਦੀਆਂ ਪੌੜੀਆਂ ਚੜ੍ਹ ਰਹੇ ਹਾਂ, ਅਸੀਂ ਇਨਸਾਨੀਅਤ ਅਤੇ ਕੁਦਰਤੀ ਸਬੰਧਾਂ ਨੂੰ ਤਾਰ ਤਾਰ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ। ਨੰਗਾ ਸੱਚ ਤਾਂ ਇਹ ਹੈ ਕਿ ਜਿੱਥੇ ਮਨੁੱਖ ਦੀ ਕਮਜ਼ੋਰੀ ਸਿਰਫ “ਸੈਕਸ ਭੁੱਖ” ਹੀ ਹੋਵੇ ਉੱਥੇ ਮਾੜਾ ਭਾਣਾ ਵਾਪਰਨ ਨੂੰ ਕੋਈ ਵੀ ਰੋਕ ਨਹੀਂ ਸਕਦਾ, ਉੱਪਰੋਂ ਜੇਕਰ ਉਸ ਨੂੰ ਸਰਕਾਰੀ ਸਰਪ੍ਰਸਤੀ ਵੀ ਹਾਸਲ ਹੋਵੇ। ਪਹਿਲਾਂ ਪਰਲੋ ਦਾ ਨਾਂ ਸੁਣਦੇ ਸੀ ਪਰ ਹੁਣ ਤਾਂ ਨਿਤ ਦਿਨ ਬੱਚੀਆਂ ਨਾਲ ਬਲਾਤਕਾਰ, ਹੜ੍ਹਾਂ ਨਾਲ ਤਬਾਹੀ, ਹਵਸ ਕਾਰਨ ਨਾਜਾਇਜ਼ ਬੱਚੇ ਪੈਦਾ ਕਰਕੇ, ਉਨ੍ਹਾਂ ਨੂੰ ਲਾਵਾਰਸ ਬਣਾ ਕੇ ਪੰਘੂੜਿਆਂ ਵਿੱਚ ਛੱਡਣਾ, ਬੱਚਿਆਂ ਵੱਲੋਂ ਮਾਂ-ਬਾਪ, ਭੈਣ-ਭਰਾਵਾਂ ਨੂੰ ਨਸ਼ਿਆਂ ਅਤੇ ਜਾਇਦਾਦ ਦੀ ਵੰਡ ਵੰਡਾਈ ਕਾਰਨ ਕਤਲ ਕਰਨਾ ਜਾਂ ਫਿਰ ਬੁੱਢੇ ਮਾਂ ਬਾਪ ਨੂੰ ਬਿਰਧ ਆਸ਼ਰਮ ਵਿੱਚ ਛੱਡਣਾ, ਗੈਰ ਕੁਦਰਤੀ ਸਮਲਿੰਗੀ ਸਬੰਧਾਂ ਨੂੰ ਮਾਨਤਾ ਦੇਣੀ - ਪਰਲੋਂ ਨਹੀਂ ਤਾਂ ਹੋਰ ਕੀ ਹੈ। ਕੁਦਰਤ ਦੇ ਨਿਯਮਾਂ ਦੇ ਉਲਟ ਜਾ ਕੇ ਮਨੁੱਖ ਨੇ ਆਪਣੇ ਵਿਕਾਸ ਦਾ ਨਹੀਂ, ਸਗੋਂ ਵਿਨਾਸ਼ ਦਾ ਰਾਹ ਚੁਣ ਲਿਆ ਹੈ।
ਅੱਜ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦਾ ਨਿਰਾਦਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਨਿੱਜੀ ਆਜ਼ਾਦੀ ਅਤੇ ਸੋਧਾਂ ਦੀ ਆੜ ਹੇਠ ਸੰਵਿਧਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਰਮਾਏਦਾਰ, ਰਾਜਨੀਤਿਕ ਪਾਰਟੀਆਂ ਅਤੇ ਅਖੌਤੀ ਧਾਰਮਿਕ ਲੀਡਰਾਂ ਦੇ ਪਾਲੇ ਹੋਏ ਗੁੰਡੇ, ਅੰਨ੍ਹੇ ਰਾਸ਼ਟਰਵਾਦ ਅਤੇ ਧਾਰਮਿਕ ਭਾਵਨਾਵਾਂ ਦੀ ਆੜ ਹੇਠ ਸੱਚ ਲਿਖਣ, ਬੋਲਣ ਵਾਲੇ ਸਾਹਿਤਕਾਰਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਪਰ ਅਸੀਂ ਲੇਖਕ ਸਮਾਜ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਲੁੱਟ ਖਸੁੱਟ ਦਾ ਰਾਜ ਖਤਮ ਕਰਕੇ, ਚੰਗੇਰੀ ਜ਼ਿੰਦਗੀ ਜਿਊਣ ਦੀ ਲਾਲਸਾ ਰੱਖਦੇ ਹਾਂ ਅਤੇ ਮਾਰਧਾੜ ਦੇ ਵਿਰੁੱਧ ਹਾਂ। ਅਖ਼ੀਰ ਵਿੱਚ ਇਨ੍ਹਾਂ ਅਖੌਤੀ ਰਾਸ਼ਟਰਵਾਦੀਆਂ ਨੂੰ ਅਤੇ ਮੰਨੂਵਾਦੀ ਤਾਕਤਾਂ ਨੂੰ ਮੇਰੇ ਇਹ ਦੋ ਚਾਰ ਬੋਲ ਜ਼ਰੂਰ ਯਾਦ ਰੱਖਣੇ ਚਾਹੀਦੇ ਹਨ।
ਕਿ ਐਂਵੇ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ।
ਬਦਲਾ ਲਏ ਤੋਂ ਵੀ ਜਿਹੜੀ ਮੁੱਕਣੀ ਨਾ,
ਐਡੀ ਲੰਬੀ ਹੈ ਸਾਡੀ ਕਤਾਰ ਲੋਕੋ।
ਜਾਂ
ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ,
ਜਿਉਂ-ਜਿਉਂ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ।
*****
(1434)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)