“ਮੇਰੇ ਜ਼ਬਤ ਦਾ ਬੰਨ੍ਹ ਟੁੱਟ ਗਿਆ ਤੇ ਮੈਨੂੰ ਇਕਦਮ ਗੁੱਸਾ ਆ ਗਿਆ। ਸੀਟ ਤੋਂ ਉੱਠਦਿਆ ਮੈਂ ਕਿਹਾ, ...”
(22 ਜਨਵਰੀ 2017)
ਮੁੱਢ ਕਦੀਮਾਂ ਤੋਂ ਹੀ ਮਨੁੱਖ ਵਹਿਮਾਂ ਭਰਮਾਂ ਵਿੱਚ ਫਸਿਆ ਹੋਇਆ ਹੈ। ਭਾਵੇਂ ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤ ਵਿੱਚ ਤਰਕਸ਼ੀਲ ਲਹਿਰ ਚਲਾਈ ਹੋਈ ਹੈ ਪਰ ਫਿਰ ਵੀ ਨਿੱਤ ਦਿਨ ਹੀ ਤਾਂਤਰਿਕਾਂ ਵੱਲੋਂ ਬੱਚਿਆਂ ਦੀ ਬਲੀ ਦੇਣ ਦੀਆਂ ਖਬਰਾਂ ਵੀ ਅਕਸਰ ਆਉਂਦੀਆਂ ਹੀ ਰਹਿੰਦੀਆਂ ਹਨ। ਆਏ ਦਿਨ ਡੇਰਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਹੈ ਸਰਕਾਰੀ ਸਰਪ੍ਰਸਤੀ ਅਤੇ ਇਲੈਕਟ੍ਰਾਨਿਕ ਮੀਡੀਆ ਦਾ ਕੂੜ ਪ੍ਰਚਾਰ। ਹਰੇਕ ਸੀਰੀਅਲ ਵਿੱਚ ਅਕਸਰ ਹੀ ਕਰਾਮਾਤਾਂ ਦੇ ਸੀਨ ਵਿਖਾਏ ਜਾਂਦੇ ਹਨ ਜੋ ਲੋਕਾਂ ਦੇ ਦਿਲੋ ਦਿਮਾਗਾਂ ਉੱਤੇ ਆਪਣਾ ਪੂਰਾ ਅਸਰ ਛੱਡਦੇ ਹਨ, ਜਿਨ੍ਹਾਂ ਨੂੰ ਕੱਢਣਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਹੈ।
ਖੈਰ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਅਜੇ ਪੰਜਾਬ ਵਿੱਚ ਤਰਕਸ਼ੀਲ ਸੁਸਾਇਟੀ ਵੀ ਹੋਂਦ ਵਿੱਚ ਨਹੀਂ ਸੀ ਆਈ। ਭਾਵੇਂ ਮੈਂ ਭੂਤਾਂ ਪ੍ਰੇਤਾਂ ਬਾਰੇ ਵਿਗਿਆਨਕ ਅਤੇ ਤਰਕਸ਼ੀਲ ਸੋਚ ਦੇ ਆਧਾਰ ’ਤੇ ਕੁੱਝ ਵੀ ਨਹੀਂ ਜਾਣਦਾ ਸੀ, ਪਰ ਫਿਰ ਵੀ ਮੇਰੇ ਘਰੇਲੂ ਤਜ਼ਰਬੇ ਕਾਰਨ ਮੇਰੇ ਅਚੇਤ ਮਨ ਵਿੱਚ ਇਹ ਜ਼ਰੂਰ ਵਸਿਆ ਹੋਇਆ ਸੀ ਕਿ ਭੂਤ ਪ੍ਰੇਤ ਕੁੱਝ ਨਹੀਂ ਹੁੰਦੇ ਅਤੇ ਨਾ ਹੀ ਕੋਈ ਕਰਾਮਾਤ ਹੁੰਦੀ ਹੈ, ਇਹ ਸਿਰਫ ਵਹਿਮ ਹਨ। ਬਚਪਨ ਵਿੱਚ ਹੀ ਮੈਂ ਘਰ ਦੀ ਘੋਰ ਗਰੀਬੀ ਕਾਰਨ ਅਜਿਹੇ ਸਬਕ ਸਿੱਖ ਲਏ ਸਨ। ਮੇਰੀ ਵੱਡੀ ਭੈਣ ਅਕਸਰ ਬਿਮਾਰ ਰਹਿੰਦੀ ਸੀ। ਅਨਪੜ੍ਹਤਾ ਅਤੇ ਗਰੀਬੀ ਕਾਰਨ ਉਸ ਨੂੰ ਚੰਗੇ ਡਾਕਟਰਾਂ ਨੂੰ ਨਹੀਂ ਵਿਖਾਇਆ ਜਾ ਸਕਿਆ ਅਤੇ ਸਾਡਾ ਪਰਿਵਾਰ ਇਨ੍ਹਾਂ ਸਿਆਣਿਆਂ ਦੇ ਚੱਕਰਾਂ ਵਿੱਚ ਪੂਰੀ ਤਰ੍ਹਾਂ ਫਸਿਆ ਹੋਇਆ ਸੀ। ਮੈਂ ਉਦੋਂ ਸਿਰਫ 12 ਕੁ ਸਾਲ ਦਾ ਸੀ। ਸਾਡੇ ਘਰ ਅਨੇਕਾਂ ਸਿਆਣੇ ਆਉਂਦੇ ਸਨ। ਗਰੀਬੀ ਦੇ ਹੁੰਦਿਆਂ ਵੀ ਉਨ੍ਹਾਂ ਦੀ ਚੰਗੀ ਆਓ ਭਗਤ ਹੁੰਦੀ ਸੀ, ਜਿਸ ਨੂੰ ਵੇਖ ਕੇ ਮੈਨੂੰ ਬਹੁਤ ਖਿਝ ਆਉਂਦੀ ਸੀ ਪਰ ਛੋਟਾ ਹੋਣ ਕਾਰਨ ਮੈਂ ਕੁਝ ਨਹੀਂ ਸੀ ਕਰ ਸਕਦਾ। ਅਖੀਰ ਵਿੱਚ ਮੇਰੀ ਭੈਣ ਦੀ ਮੌਤ ਹੋ ਗਈ ਅਤੇ ਮੇਰਾ ਮਨ ਵੀ ਇਨ੍ਹਾਂ ਸਿਆਣਿਆਂ ਤੋਂ ਆਕੀ ਹੋ ਗਿਆ ਤੇ ਮੈਂ ਗੁੱਸੇ ਵਿੱਚ ਆ ਕੇ ਕਹਿ ਦਿੱਤਾ, “ਜੋ ਵੀ ਸਿਆਣਾ ਹੁਣ ਸਾਡੇ ਘਰ ਆਇਆ, ਮੈਂ ਉਸ ਦੀਆਂ ਲੱਤਾਂ ਤੋੜ ਦਿਆਂਗਾ।”
ਭੈਣ ਦੀ ਮੌਤ ਸਮੇਂ ਮੈਂ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। 1973 ਵਿੱਚ ਮੈਂ ਦਸਵੀਂ ਪਾਸ ਕਰਨ ਮਗਰੋਂ ਆਈ. ਟੀ. ਆਈ. ਮੋਗਾ ਵਿੱਚ ਪੰਜਾਬੀ ਸਟੈਨੋਗ੍ਰਾਫੀ ਦਾ ਕੋਰਸ ਕਰਨ ਲਈ ਦਾਖਲਾ ਲੈ ਲਿਆ। ਕੋਰਸ ਦੌਰਾਨ ਹੀ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖੇਤੀਬਾੜੀ ਇੰਸਪੈਕਟਰਾਂ ਦੇ ਘੋਲ ਦੀ ਹਿਮਾਇਤ ਕਾਰਨ ਬੱਸਾਂ ਦੀ ਫੂਕ ਕੱਢਣ ਦੇ ਐਕਸ਼ਨ ਸਮੇਂ ਮੇਰੀ ਗ੍ਰਿਫਤਾਰੀ ਹੋ ਗਈ ਅਤੇ ਇੱਕ ਮਹੀਨਾ ਸੈਂਟਰਲ ਜੇਲ ਫਿਰੋਜ਼ਪੁਰ ਵਿੱਚ ਬਿਤਾਉਣਾ ਪਿਆ। ਇੱਥੇ ਕਾਲਜ ਸਟੂਡੈਂਟਾਂ ਨਾਲ ਵਾਹ ਪੈਣ ਕਰਕੇ ਮੈਨੂੰ ਪ੍ਰਗਤੀਸ਼ੀਲ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਕਿਤਾਬ “ਮੈਂ ਨਾਸਤਿਕ ਕਿਉਂ ਹਾਂ” ਪੜ੍ਹਨ ਨਾਲ ਹੀ ਮੇਰੇ ਮਨ ਵਿੱਚ (ਭੂਤਾਂ ਪ੍ਰੇਤਾਂ, ਇੱਥੋਂ ਤੱਕ ਕਿ ਰੱਬ ਬਾਰੇ ਪਿਆ ਹਨੇਰ) ਇੱਕ ਦਮ ਚਾਨਣ ਵਿੱਚ ਬਦਲ ਗਿਆ।
ਮੈਂ ਜੇ. ਬੀ. ਟੀ. ਦਾ ਕੋਰਸ ਕਰਨ ਤੋਂ ਬਾਅਦ ਬਾਲਗ ਸਿੱਖਿਆ ਵਿੱਚ ਅਧਿਆਪਕ ਲੱਗਣ ਲਈ ਸੰਗਰੂਰ ਇੰਟਰਵਿਊ ਦੇਣ ਗਿਆ ਤੇ ਵਾਪਸੀ ਤੇ ਜਿਉਂ ਹੀ ਬੱਸ ਮਲੇਰਕੋਟਲਾ ਤੋਂ ਲੁਧਿਆਣਾ ਨੂੰ ਚੱਲੀ ਤਾਂ 10 ਕੁ ਮਿੰਟ ਬਾਅਦ ਹੀ ਮੇਰੇ ਬਰਾਬਰ ਦੀ ਸੀਟ ਤੇ ਬੈਠੀ ਇੱਕ ਔਰਤ, ਮੂਹਰਲੀ ਸੀਟ ਦੇ ਡੰਡੇ ਨੂੰ ਹੱਥ ਪਾ ਕੇ ਜ਼ੋਰ ਜ਼ੋਰ ਦੀ ਸਿਰ ਹਿਲਾਉਣ ਲੱਗ ਪਈ। ਵਾਲ਼ ਸ਼ਾਇਦ ਉਸ ਦੇ ਪਹਿਲਾਂ ਹੀ ਖੁੱਲ੍ਹੇ ਸਨ। ਸਿਰ ਹਿਲਾਉਂਦੇ ਸਮੇਂ ਉਹ ਉੱਚੀ ਉੱਚੀ ਬੋਲ ਰਹੀ ਸੀ, “ਜਿਹੜਾ ਮੁਹਰੇ ਬੈਠਾ, ਉਹਦੀ ਮਾਂ ਨੂੰ ਲਿਜਾਣਾ।”
ਬੱਸ ਵਿੱਚ ਬੈਠੀਆਂ ਸਵਾਰੀਆਂ ਦਾ ਭਾਵੇਂ ਡਰ ਨਾਲ ਬੁਰਾ ਹਾਲ ਸੀ, ਪਰ ਮੈਂ ਤਾਂ ਬਿਲਕੁਲ ਬੇਖੌਫ ਸੀ। ਉਸ ਖੇਡਦੀ ਔਰਤ ਦੀ ਸੀਟ ਦੇ ਅੱਗੇ ਇੱਕ ਆਦਮੀ ਬੈਠਾ ਅਗਲ ਬਗਲ ਦੇਖ ਰਿਹਾ ਸੀ। ਮੈਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਉਸ ਦਾ ਪਤੀ ਹੈ। ਸਭ ਕੁਝ ਦੇਖਕੇ ਤੇ ਸੁਣਕੇ ਮੈਂ ਸਮਝ ਗਿਆ ਕਿ ਇਸ ਔਰਤ ਦੀ ਆਪਣੀ ਸੱਸ ਨਾਲ ਨਹੀਂ ਬਣਦੀ। ਇਸੇ ਕਰਕੇ ਇਹ ਸਭ ਡਰਾਮਾ ਕਰ ਰਹੀ ਹੈ। ਮੈਂ ਬੇਝਿਜਕ ਹੋ ਕੇ ਉਸ ਆਦਮੀ ਨਾਲ ਗੱਲਾਂ ਕਰਨ ਲੱਗਾ ਪਰ ਉਹ ਔਰਤ ਖੇਡਦੀ ਹੋਈ ਵੀ ਉਸ ਆਦਮੀ ਨੂੰ ਮੇਰੇ ਨਾਲ ਗੱਲ ਕਰਨ ਤੋਂ ਰੋਕ ਰਹੀ ਸੀ। ਖੇਡਦਿਆਂ ਖੇਡਦਿਆਂ ਉਸ ਔਰਤ ਨੇ ਕਿਹਾ, ”ਮੈਂ ਇਹ ਬੱਸ ਉਲਟਾ ਕੇ ਮੂਧੀ ਕਰ ਦਿਆਂਗੀ।”
ਮੇਰੇ ਜ਼ਬਤ ਦਾ ਬੰਨ੍ਹ ਟੁੱਟ ਗਿਆ ਤੇ ਮੈਨੂੰ ਇਕਦਮ ਗੁੱਸਾ ਆ ਗਿਆ। ਸੀਟ ਤੋਂ ਉੱਠਦਿਆ ਮੈਂ ਕਿਹਾ, “ਕਰ ਕੇ ਦਿਖਾ ਬੱਸ ਮੂਧੀ, ਜੇ ਤੇਰੇ ਵਿੱਚ ਐਨੀ ਸ਼ਕਤੀ ਹੈ।”
ਮੇਰੇ ਨਾਲ ਬੈਠੀ ਸਵਾਰੀ ਮੈਨੂੰ ਬਿਠਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਮੈਂ ਹੋਰ ਵੀ ਉੱਚੀ ਸਾਰੀ ਉਸ ਔਰਤ ਨੂੰ ਡਰਾਉਣ ਲਈ ਬੋਲਿਆ, “ਇਹ ਪਾਖੰਡ ਕਰਦੀ ਆ ਤੇ ਇਹਦੇ ਵਿੱਚ ਕੋਈ ਭੂਤ ਨਹੀਂ ਆਇਆ। ਇਹ ਦੀ ਆਪਣੀ ਸੱਸ ਨਾਲ ਨਹੀਂ ਬਣਦੀ।”
ਖੇਡਦੀ ਔਰਤ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਅਜਿਹਾ ਕੁੱਝ ਵਾਪਰ ਸਕਦਾ ਹੈ। ਜਿਉਂ ਹੀ ਉਹ ਥੋੜ੍ਹਾ ਸ਼ਾਂਤ ਹੋਈ, ਮੈਂ ਉਸ ਦੇ ਘਰ ਵਾਲੇ ਨੂੰ ਕਿਹਾ, “ਭਰਾਵਾ ਜਾਂ ਤਾਂ ਤੂੰ ਆਪਣੀ ਮਾਂ ਨਾਲੋਂ ਅੱਡ ਹੋ ਜਾ, ਜਾਂ ਫਿਰ ਇਸ ਨੂੰ ਮੇਰੇ ਕੋਲ ਪਿੰਡ ਲਿਆਵੀਂ, ਮੈਂ ਤੱਤੇ ਚਿਮਟਿਆਂ ਨਾਲ ਇਸ ਵਿਚਲਾ ਭੂਤ ਮਾਰ ਦੇਵਾਂਗਾ।”
ਮੇਰੀ ਤਰਕੀਬ ਕੰਮ ਕਰ ਗਈ ਤੇ ਉਸ ਔਰਤ ਨੇ ਖੇਡਣਾ ਬੰਦ ਕਰ ਦਿੱਤਾ। 15 ਕੁ ਮਿੰਟ ਬਾਅਦ ਬੱਸ ਲੁਧਿਆਣੇ ਅੱਡੇ ’ਤੇ ਪਹੁੰਚ ਗਈ। ਮੈਂ ਤੇ ਹੋਰ ਸਵਾਰੀਆਂ ਬੱਸ ਅੱਡੇ ’ਤੇ ਆਪਣੇ ਧਿਆਨ ਬੱਸ ਵਿੱਚੋਂ ਉੱਤਰ ਗਈਆਂ, ਪਰ ਉਹ ਔਰਤ ਤੇ ਉਸ ਦੇ ਨਾਲ ਵਾਲੇ ਛੇਤੀ ਛੇਤੀ ਉੱਤਰ ਕੇ ਪਤਾ ਨਹੀਂ ਕਿੱਥੇ ਅਲੋਪ ਹੋ ਗਏ।
*****
(569)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)