“ਮੈਂ ਇਸ ਕਬਰ ਵਿਚਲੀ ਸ਼ਕਤੀ ਨਾਲ ਹੀ ਲੋਕਾਂ ਦਾ ਇਲਾਜ ਕਰਦਾ ਹਾਂ ...”
(ਫਰਵਰੀ 12, 2016)
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਵਿੱਚ ਤਰਕਸ਼ੀਲ ਲਹਿਰ ਨਵੀਂ-ਨਵੀਂ ਹੋਂਦ ਵਿੱਚ ਆਈ ਸੀ। ਬਚਪਨ ਵਿੱਚ ਹੀ ਸਾਡੇ ਘਰ ਵਿੱਚ ਵਾਪਰਦੇ ਘਟਨਾਕਰਮ ਕਰਕੇ ਤਰਕਸ਼ੀਲ ਲਹਿਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਮੇਰੇ ਮਨ ਵਿੱਚੋਂ ਭੂਤਾਂ ਪ੍ਰੇਤਾਂ ਦਾ ਡਰ ਬਿਲਕੁਲ ਹੀ ਖਤਮ ਹੋ ਗਿਆ ਸੀ ਅਤੇ ਅਖੌਤੀ ਸਿਆਣਿਆਂ, ਤਾਂਤਰਿਕਾਂ ਖਿਲਾਫ ਮਨ ਵਿੱਚ ਨਫ਼ਰਤ ਪੈਦਾ ਹੋ ਗਈ ਸੀ।
ਤਰਕਸ਼ੀਲ ਲਹਿਰ ਹੋਂਦ ਵਿੱਚ ਆਉਣ ਕਰਕੇ ਮੇਰੇ ਮਨ ਵਿੱਚ ਤਰਕ ਨਾਲ ਗੱਲ ਕਰਨ ਦਾ ਸਵੈ ਭਰੋਸਾ ਹੋਰ ਵੀ ਵਧ ਗਿਆ ਸੀ। ਬਾਅਦ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਅਖੌਤੀ ਤਾਂਤਰਿਕਾਂ, ਬਾਬਿਆਂ ਨਾਲ ਵਾਹ ਪੈਣ ’ਤੇ ਇਹ ਸਵੈ ਭਰੋਸਾ ਹੋਰ ਵੀ ਪੱਕਾ ਹੁੰਦਾ ਗਿਆ। ਉਨ੍ਹਾਂ ਦਿਨਾਂ ਵਿੱਚ ਹੀ ਅਖ਼ਬਾਰ ਵਿੱਚ ਇਹ ਖ਼ਬਰ ਲੱਗੀ ਕਿ ਰੋਪੜ ਤੋਂ ਆਨੰਦਪੁਰ ਸਾਹਿਬ ਜਾਂਦਿਆਂ ਰਸਤੇ ਵਿਚ ਪੈਂਦੇ ਇੱਕ ਪਿੰਡ ਵਿੱਚ ਨੌ ਗਜ਼ੀਏ ਦੀ ਕਬਰ ’ਤੇ ਬੈਠੇ ਇੱਕ ਬਾਬੇ ਨੇ ਮਰੇ ਹੋਏ ਮੁੰਡੇ ਨੂੰ ਦੁਬਾਰਾ ਜਿਊਂਦਾ ਕਰ ਦਿੱਤਾ ਸੀ। ਤਰਕਸ਼ੀਲ ਸੁਸਾਇਟੀ ਬਲਾਕ ਮਾਛੀਵਾੜਾ ਨੇ ਇਸ ਖ਼ਬਰ ਦੀ ਪੜਤਾਲ ਕਰਨ ਲਈ ਮੇਰੀ ਅਤੇ ਇੱਕ ਹੋਰ ਅਧਿਆਪਕ ਸਾਥੀ ਦੀ ਡਿਊਟੀ ਲਗਾਈ। ਅਸੀਂ ਖ਼ਬਰ ਵਿੱਚ ਲਿਖੇ ਪਤੇ ਅਨੁਸਾਰ ਪੜਤਾਲ ਕਰਨ ਲਈ ਉਸ ਪਿੰਡ ਵਿਚ ਪਹੁੰਚ ਗਏ। ਕਾਫੀ ਜੱਦੋਜਹਿਦ ਤੋਂ ਬਾਅਦ ਅਸੀਂ ਉਹ ਪਰਿਵਾਰ ਲੱਭ ਹੀ ਲਿਆ, ਜਿਸ ਪਰਿਵਾਰ ਦੇ ਮਰੇ ਹੋਏ ਮੁੰਡੇ ਨੂੰ ਜਿਊਂਦਾ ਕਰ ਦੇਣ ਦੀ ਖ਼ਬਰ ਅਖ਼ਬਾਰ ਵਿੱਚ ਲੱਗੀ ਹੋਈ ਸੀ।
ਲੰਬੀ ਚੌੜੀ ਪੁੱਛ ਪੜਤਾਲ ਕਰਨ ’ਤੇ ਪਤਾ ਚੱਲਿਆ ਕਿ ਅਸਲ ਵਿੱਚ ਉਹ ਲੜਕਾ ਆਪਣੇ ਘਰਦਿਆਂ ਨਾਲ ਕਿਸੇ ਗੱਲੋਂ ਨਰਾਜ਼ ਹੋ ਕੇ ਪਿੰਡ ਦੇ ਬਾਹਰਵਾਰ ਸੜਕ ਕਿਨਾਰੇ ਇੱਕ ਨੌ ਗਜ਼ੀਏ ਦੀ ਕਬਰ ’ਤੇ ਨਵੇਂ ਨਵੇਂ ਬੈਠੇ ਬਾਬੇ ਕੋਲ ਚਲਿਆ ਗਿਆ ਸੀ। ਉਸ ਲੜਕੇ ਦੇ ਮਾਤਾ ਪਿਤਾ ਦੀ ਨਰਾਜ਼ਗੀ ਤੋਂ ਬਚਣ ਲਈ ਅਤੇ ਆਪਣੀ ਮਸ਼ਹੂਰੀ ਕਰਾਉਣ ਲਈ ਮੁੰਡੇ ਅਤੇ ਬਾਬੇ ਨੇ ਹੀ ਅਜਿਹਾ ਡਰਾਮਾ ਰਚਿਆ ਅਤੇ ਮੁੰਡੇ ਦੇ ਘਰ ਸੁਨੇਹਾ ਭੇਜ ਦਿੱਤਾ ਕਿ ਤੁਹਾਡਾ ਲੜਕਾ ਤਾਂ ਮਰ ਗਿਆ ਸੀ ਮੈਂ ਇਸ ਕਬਰ ਦੀ ਸ਼ਕਤੀ ਨਾਲ ਇਸ ਨੂੰ ਜਿੰਦਾ ਕਰ ਦਿੱਤਾ ਹੈ। ਬੱਸ ਫਿਰ ਕੀ ਸੀ ਇਹ ਖ਼ਬਰ ਸਾਰੇ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਪਤਾ ਨਹੀਂ ਕਿਵੇਂ ਕਿਸੇ ਪੱਤਰਕਾਰ ਨੇ ਪੁੱਛ ਪੜਤਾਲ ਕੀਤੇ ਬਿਨਾਂ ਹੀ ਇਹ ਖ਼ਬਰ ਅਖ਼ਬਾਰ ਵਿੱਚ ’ਚ ਛਪਵਾ ਦਿੱਤੀ।
ਜਦੋਂ ਮੈਂ ਤੇ ਮੇਰਾ ਸਾਥੀ ਪੜਤਾਲ ਕਰਦੇ ਕਰਦੇ ਉਸ ਨੌ ਗਜੀਏ ਦੀ ਕਬਰ ’ਤੇ ਪਹੁੰਚੇ ਤਾਂ ਉੱਥੇ ਬੈਠਾ ਬਾਬਾ ਚੌਂਕੀ ਲਗਾ ਕੇ ਲੋਕਾਂ ਨੂੰ ਭਾਂਤ ਭਾਂਤ ਦੇ ਉਪਦੇਸ਼ ਦੇ ਰਿਹਾ ਸੀ। ਅਸੀਂ ਵੀ ਦੁਆ ਸਲਾਮ ਕਰਕੇ ਬਾਬੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਬਾਬੇ ਨੂੰ ਲੱਗਿਆ ਕਿ ਸ਼ਾਇਦ ਇਹ ਵੀ ਖ਼ਬਰ ਪੜ੍ਹ ਕੇ ਮੇਰੇ ਕੋਲੋਂ ਕਿਸੇ ਸਮੱਸਿਆ ਦਾ ਹੱਲ ਕਰਵਾਉਣ ਆਏ ਨੇ। ਸਾਨੂੰ ਪੜ੍ਹੇ-ਲਿਖੇ ਸਮਝਦਿਆਂ ਲੋਕਾਂ ਵਿੱਚ ਵਿਸ਼ਵਾਸ ਵਧਾਉਣ ਦੀ ਮਨਸ਼ਾ ਨਾਲ ਬਾਬਾ ਮਰੇ ਮੁੰਡੇ ਨੂੰ ਜਿਊਂਦਾ ਕਰਨ ਦੀ ਕਹਾਣੀ ਸੁਣਾਉਣ ਲੱਗ ਪਿਆ। ਜਦੋਂ ਅਸੀਂ ਤਰਕ ਦੇ ਦੇ ਕੇ ਬਾਬੇ ਨੂੰ ਉਲਝਾਉਣਾ ਸ਼ੁਰੂ ਕਰ ਦਿੱਤਾ ਤਾਂ ਬਾਬਾ ਭਮੰਤਰ ਗਿਆ। ਅਸੀਂ ਉੱਚੀ ਉੱਚੀ ਲੋਕਾਂ ਨੂੰ ਸੁਣਾ ਕੇ ਦੱਸਣਾ ਸ਼ੁਰੂ ਕੀਤਾ ਕਿ ਦੁਨੀਆ ਵਿਚ ਅਜਿਹੀ ਕੋਈ ਗੈਬੀ ਸ਼ਕਤੀ ਨਹੀਂ ਜੋ ਮਰੇ ਹੋਏ ਨੂੰ ਜਿਊਂਦਾ ਕਰ ਸਕੇ। ਕਬਰਾਂ ’ਤੇ ਮੰਨਤਾਂ ਮੰਨਣ, ਧਾਗੇ, ਤਵੀਤ, ਜੰਤਰ-ਮੰਤਰ ਸਾਡੇ ਜੀਵਨ ਵਿੱਚ ਕੋਈ ਖੁਸ਼ਹਾਲੀ ਨਹੀਂ ਲਿਆ ਸਕਦੇ। ...
ਬਾਬਾ ਸਮਝ ਗਿਆ ਕਿ ਸੰਗਤ ਵਿੱਚ ਮੇਰੀ ਬੇਇੱਜ਼ਤੀ ਹੋ ਰਹੀ ਹੈ ਤੇ ਉਸ ਦੇ ਪਾਖੰਡ ਦਾ ਭਾਂਡਾ ਸਭ ਦੇ ਸਾਹਮਣੇ ਫੁੱਟ ਰਿਹਾ ਹੈ। ਉਸ ਨੇ ਚਲਾਕੀ ਨਾਲ ਆਪਣੇ ਇੱਕ ਚੇਲੇ ਨੂੰ ਇਸ਼ਾਰਾ ਕਰਦਿਆਂ ਕਹੀ ਲਿਆਉਣ ਲਈ ਕਿਹਾ ਅਤੇ ਸੰਗਤ ਨੂੰ ਕਹਿਣ ਲੱਗਾ ਕਿ ਮੇਰੇ ਵਿੱਚ ਸ਼ਕਤੀ ਨਹੀਂ, ਸ਼ਕਤੀ ਤਾਂ ਇਸ ਕਬਰ ਵਿੱਚ ਹੈ। ਮੈਂ ਇਸ ਕਬਰ ਵਿਚਲੀ ਸ਼ਕਤੀ ਨਾਲ ਹੀ ਲੋਕਾਂ ਦਾ ਇਲਾਜ ਕਰਦਾ ਹਾਂ। ਜੇਕਰ ਇਹ ਇਸ ਕਬਰ ਦੀ ਇੱਕ ਇੱਟ ਪੁੱਟ ਕੇ ਦਿਖਾ ਦੇਣ ਤਾਂ ਕਬਰ ਵਿਚਲੀ ਸ਼ਕਤੀ ਇਹ ਆਪਣੇ ਆਪ ਹੀ ਵੇਖ ਲੈਣਗੇ।
ਬਾਬੇ ਦਾ ਪੈਤੜਾ ਅਸੀਂ ਸਮਝ ਗਏ ਕਿ ਜਦੋਂ ਅਸੀਂ ਕਬਰ ਪੁੱਟਾਂਗੇ ਤਾਂ ਇਹ ਬਾਬਾ ਲੋਕਾਂ ਨੂੰ ਭੜਕਾ ਕੇ ਸਾਡਾ ਕੁਟਾਪਾ ਚੜ੍ਹਵਾਵੇਗਾ। ਪਰ ਅਸੀਂ ਵੀ ਇਸ ਗੱਲੋਂ ਚੇਤੰਨ ਸਾਂ ਕਿ ਬਾਬੇ ਕੋਝੀਆਂ ਚਾਲਾਂ ਚੱਲ ਕੇ ਕਿਵੇਂ ਆਮ ਲੋਕਾਂ ਤੋਂ ਸੱਚੇ ਬੰਦਿਆਂ ਨੂੰ ਕੁਟਵਾ ਦਿੰਦੇ ਹਨ। ਜ਼ਬਤ ਵਿੱਚ ਰਹਿੰਦਿਆ ਅਸੀਂ ਲੋਕਾਂ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ ਰੱਖੀਆਂ ਸ਼ਰਤਾਂ ਬਾਰੇ ਦੱਸਿਆ ਅਤੇ ਨਾਲ ਹੀ ਇਹ ਕਿਹਾ ਕਿ ਇਹ ਬਾਬਾ ਕਬਰ ਵਿਚਲੀ ਸ਼ਕਤੀ ਨਾਲ ਗੱਲ ਕਰਕੇ ਇੱਕ ਦਿਨ ਬੰਨ੍ਹ ਲਵੇ, ਅਸੀਂ ਉਸ ਦਿਨ ਸਭ ਦੇ ਸਾਹਮਣੇ ਬਾਬੇ ਵੱਲੋਂ ਰਚਿਆ ਪਾਖੰਡ ਨੰਗਾ ਕਰ ਦਿਆਂਗੇ।
ਸੰਗਤ ਵਿਚਲੇ ਲੋਕ ਵੀ ਬਾਬੇ ਨੂੰ ਅਜਿਹਾ ਕਰਨ ਲਈ ਕਹਿਣ ਲੱਗੇ। ਬਾਬੇ ਦੇ ਇਸ਼ਾਰੇ ’ਤੇ ਉਸ ਦਾ ਇੱਕ ਚੇਲਾ ਮੇਰੇ ਹੱਥ ਵਿਚ ਕਹੀ ਫੜਾਉਣ ਲਈ ਕਾਹਲਾ ਪਿਆ ਮੈਨੂੰ ਧੱਕਾ ਮਾਰ ਬੈਠਾ। ਮੇਰੇ ਨਾਲ ਦਾ ਸਾਥੀ ਇਹ ਕਹਿੰਦਿਆ ਸੜਕ ਵੱਲ ਹੋ ਤੁਰਿਆ ਕਿ ਮੈਂ ਪੁਲਿਸ ਬੁਲਾ ਕੇ ਲਿਆਉਂਦਾ ਹਾਂ। ਮੈਂ ਵੀ ਬਾਬੇ ਨੂੰ ਧਮਕੀ ਦਿੰਦਿਆ ਕਿਹਾ ਕਿ ਬਾਬਾ ਜੀ, ਅਸੀਂ ਥਾਣੇ ਗੱਲ ਕਰਕੇ ਆਏ ਹਾਂ। ਜੇਕਰ ਕੋਈ ਐਸੀ ਵੈਸੀ ਗੱਲ ਹੋ ਗਈ ਤਾਂ ਥਾਣੇ ਵਾਲਿਆਂ ਤੈਨੂੰ ਫੜ ਲੈਣਾ ਏ। ਇਹ ਨਾ ਸਮਝੀਂ ਕਿ ਅਸੀਂ ਸਿਰਫ ਦੋ ਹੀ ਹਾਂ। ਸਾਡੀ ਗਿਣਤੀ ਹਜ਼ਾਰਾਂ ਵਿੱਚ ਏ। ਤੂੰ ਜਿੱਥੇ ਮਰਜੀ ਭੱਜ ਜਾਈਂ, ਅਸੀਂ ਤੈਨੂੰ ਲੱਭ ਹੀ ਲੈਣਾ ਏ।
ਮੇਰੀਆਂ ਗੱਲਾਂ ਸੁਣ ਕੇ ਬਾਬਾ ਥੋੜ੍ਹਾ ਜਿਹਾ ਡਰ ਗਿਆ। ਮੈਂ ਹੌਸਲੇ ਨਾਲ ਲੋਕਾਂ ਨੂੰ ਉੱਚੀ ਉੱਚੀ ਸੰਬੋਧਨ ਕਰਨ ਲੱਗਾ ਅਤੇ ਬਾਬੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਸੀਂ ਥੋੜ੍ਹੇ ਜਿਹੇ ਲੋਕਾਂ ਸਾਹਮਣੇ ਹੀ ਨਹੀਂ, ਸਗੋਂ ਪੂਰੇ ਇਲਾਕੇ ਦੇ ਲੋਕਾਂ ਸਾਹਮਣੇ ਇਸ ਕਬਰ ਦੀ ਇੱਕ ਇੱਟ ਤਾਂ ਕੀ ਪੂਰੀ ਕਬਰ ਪੁੱਟ ਕੇ ਹੀ ਸਤਲੁਜ ਦਰਿਆ ਵਿਚ ਰੋੜ੍ਹ ਕੇ ਦਿਖਾ ਦਿਆਂਗੇ। ਮੇਰੇ ਇਹ ਗੱਲ ਆਖਣ ਦੀ ਦੇਰ ਹੀ ਸੀ ਕਿ ਬਾਬਾ ਸਮਝ ਗਿਆ ਕਿ ਹੁਣ ਮੇਰੀ ਦਾਲ ਨਹੀਂ ਗਲਣੀ। ਲੋਕ ਵੀ ਦੇਖਣ ਲੱਗੇ ਕਿ ਇਹ ਤਾਂ ਸਾਰੀ ਕਬਰ ਪੱਟਣ ਦੀਆਂ ਗੱਲਾਂ ਕਰ ਰਿਹਾ ਹੈ, ਇਸ ਨੂੰ ਤਾਂ ਕੁਝ ਨਹੀਂ ਹੋ ਰਿਹਾ। ਜੇਕਰ ਕਬਰ ਵਿਚ ਸ਼ਕਤੀ ਹੁੰਦੀ ਤਾਂ ਉਸ ਨੇ ਇਸ ਨੂੰ ਹੁਣੇ ਹੀ ਮੂਧੇ ਮੂੰਹ ਸੁੱਟ ਦੇਣਾ ਸੀ।
ਇੰਨੇ ਨੂੰ ਮੇਰੇ ਨਾਲ ਦਾ ਸਾਥੀ ਵੀ ਵਾਪਸ ਆ ਗਿਆ। ਇਕੱਠੇ ਹੋਏ ਲੋਕਾਂ ਨੂੰ ਅਸੀਂ ਦੱਸਿਆ ਕਿ ਆਪਾਂ ਵਹਿਮਾਂ ਭਰਮਾਂ ਵਿਚ ਫਸੇ ਹੋਏ ਹਾਂ। ਅਜਿਹੇ ਪਾਖੰਡੀ ਬਾਬਿਆਂ ਕੋਲ ਆਪਣਾ ਸਮਾਂ ਅਤੇ ਧਨ ਬਰਬਾਦ ਕਰੀ ਜਾ ਰਹੇ ਹਾਂ। ਅਸਲ ਵਿੱਚ ਸਾਡੀਆਂ ਬਿਮਾਰੀਆਂ, ਚਾਹੇ ਉਹ ਮਾਨਸਿਕ ਹੋਣ ਜਾਂ ਸਰੀਰਕ, ਉਨ੍ਹਾਂ ਦਾ ਇਲਾਜ ਸਿਰਫ ਡਾਕਟਰ ਹੀ ਕਰ ਸਕਦੇ ਨੇ। ਇਨ੍ਹਾਂ ਪਾਖੰਡੀ ਬਾਬਿਆਂ ਕਰਕੇ ਹੀ ਬਿਨਾਂ ਡਾਕਟਰੀ ਇਲਾਜ ਦੇ ਮਨੁੱਖੀ ਜਾਨਾਂ ਅਜਾਈਂ ਜਾ ਰਹੀਆਂ ਨੇ। ਸਾਨੂੰ ਇਨ੍ਹਾਂ ਪਾਖੰਡੀ ਬਾਬਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਸਾਡੀਆਂ ਗੱਲਾਂ ਸੁਣ ਕੇ ਬਾਬੇ ਕੋਲ ਆਏ ਲੋਕ ਬਾਬੇ ਨੂੰ ਇਕੱਲਾ ਛੱਡ ਕੇ ਸਾਡੇ ਨਾਲ ਹੀ ਸੜਕ ਤੇ ਆ ਕੇ ਆਪੋ ਆਪਣੇ ਰਾਹ ਪੈ ਗਏ।
*****
(183)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)