“ਅਜੇ ਵੀ ਵੇਲਾ ਹੈ ਸੰਭਲ ਜਾ। ਮੇਰੀ ਬੱਚਤ ਕਰਨਾ ਸਿੱਖ ਲੈ। ਆਉਣ ਵਾਲੇ ਸਮੇਂ ਵਿੱਚ ...”
(4 ਅਗਸਤ 2019)
ਹੈਲੋ! ਮੈਂ ਪਾਣੀ ਬੋਲਦਾ ਹਾਂ ...
ਮੇਰੇ ਪਿਆਰੇ ਮਨੁੱਖ ਅੱਜ ਮੈਂ ਤੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਹਾਂ। ਇਹ ਗੱਲਾਂ ਮੈਂਨੂੰ ਬਹੁਤ ਦੇਰ ਪਹਿਲਾਂ ਕਰਨੀਆਂ ਚਾਹੀਦੀਆਂ ਸੀ। ਪਰ ਮੈਂ ਦੇਖ ਰਿਹਾ ਸੀ ਕਿ ਸ਼ਾਇਦ ਤੂੰ ਸੁਧਰ ਜਾਵੇਂਗਾ। ਜਦੋਂ ਅੱਤ ਹੀ ਹੋ ਗਈ, ਤਾਂ ਮੈਂਨੂੰ ਬੋਲਣ ਲਈ ਪਹਿਲ ਕਰਨੀ ਪਈ। ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਰਸਤੇ ’ਤੇ ਚੱਲ ਕੇ ਤੂੰ ਮੇਰੀ ਬੇਦਰਦੀ ਨਾਲ ਦੁਰਵਰਤੋਂ ਕਰ ਰਿਹਾ ਹੈਂ, ਇਹ ਰਸਤਾ ਬਹੁਤ ਹੀ ਭਿਆਨਕ ਸਥਿਤੀ ਵੱਲ ਜਾ ਰਿਹਾ ਹੈ। ਗੁਰਬਾਣੀ ਵਿੱਚ ਲਿਖਿਆ ਹੈ, ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।’ ਮੈਂ ਇੱਕ ਪਿਤਾ ਹੋਣ ਦੇ ਨਾਤੇ ਤੈਨੂੰ (ਆਪਣੀ ਔਲਾਦ ਨੂੰ) ਇਹ ਦੱਸਣਾ ਚਾਹੁੰਦਾ ਹਾਂ ਕਿ ਤੂੰ ਆਪਣੀ ਐਸ਼ੋ ਇਸ਼ਰਤ ਖਾਤਰ ਮੇਰੀ ਸਵੱਛਤਾ ਅਤੇ ਪਵਿੱਤਰਤਾ ਭੰਗ ਕਰ ਦਿੱਤੀ ਹੈ। ਤੂੰ ਮੈਂਨੂੰ ਪ੍ਰਦੂਸ਼ਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ।
ਐ ਮਨੁੱਖ! ਸ਼ਾਇਦ ਤੂੰ ਨਹੀਂ ਜਾਣਦਾ ਤੇਰੇ ਸਰੀਰ ਵਿੱਚ ਮੇਰੀ ਹੋਂਦ 80% ਹੈ। ਮੇਰੀ ਇੱਕ-ਇੱਕ ਬੂੰਦ ਇੰਨੀ ਕੀਮਤੀ ਹੈ ਕਿ ਇਸਦੀ ਤੁਲਣਾ ਹੀਰੇ, ਜਵਾਹਰਾਤਾਂ, ਧਨ ਦੌਲਤ ਨਾਲ ਨਹੀਂ ਕੀਤੀ ਜਾ ਸਕਦੀ। ਹੀਰੇ, ਜਵਾਹਰਾਤਾਂ ਧਨ ਦੌਲਤ ਤੋਂ ਬਿਨਾਂ ਤਾਂ ਤੂੰ ਜਿਉਂਦਾ ਰਹਿ ਸਕਦਾਂ, ਪਰ ਜੇਕਰ ਤੇਰੇ ਸਰੀਰ ਵਿੱਚ ਮੇਰੀ ਕਮੀ ਹੋ ਗਈ ਤਾਂ ਤੂੰ ਇੱਕ ਮਿੰਟ ਵੀ ਜਿਉਦਾ ਨਹੀਂ ਰਹਿ ਸਕੇਗਾ। ਕੀ ਕਦੇ ਸੋਚਿਆ ਹੈ ਕਿ ਇਹ ਧਨ ਦੌਲਤ ਜੋ ਤੂੰ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਇੱਕਠੀ ਕਰ ਰਿਹਾ ਹੈਂ, ਜੇਕਰ ਉਸਨੂੰ ਵਰਤਣ ਲਈ ਤੂੰ ਅਤੇ ਤੇਰੀ ਔਲਾਦ ਹੀ ਜਿਉਂਦੀ ਨਾ ਰਹੀ, ਫਿਰ ਇਹ ਇੱਕਠੀ ਕਰਨ ਦਾ ਕੀ ਫਾਇਦਾ ਹੋਊ। ਜਿਹੜੀਆਂ ਚੀਜ਼ਾਂ ਕੁਦਰਤ ਨੇ ਮੁਫ਼ਤ ਦਿੱਤੀਆਂ ਹਨ, ਜਦੋਂ ਤੱਕ ਸਾਡੇ ਕੋਲ਼ ਹੁੰਦੀਆਂ ਹਨ, ਅਸੀਂ ਉਨ੍ਹਾਂ ਦੀ ਕਦਰ ਨਹੀਂ ਕਰਦੇ। ਪਰ ਜਦੋਂ ਉਹ ਚੀਜ਼ਾਂ ਸਾਨੂੰ ਲੋੜ ਵੇਲੇ ਨਹੀਂ ਮਿਲਦੀਆਂ ਫਿਰ ਉਨ੍ਹਾਂ ਦੀ ਕੀਮਤ ਸਾਨੂੰ ਪਤਾ ਲੱਗਦੀ ਹੈ। ਫਿਰ ਪਛਤਾਉਣ ਤੋਂ ਬਿਨਾਂ ਕੁਝ ਨਹੀਂ ਬਣਦਾ। ਤੂੰ ਸ਼ਾਇਦ ਇਹ ਨਹੀਂ ਜਾਣਦਾ ਕਿ ਮੇਰੇ ਬਿਨਾਂ ਫਲ, ਸਬਜ਼ੀਆਂ, ਅਨਾਜ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਪੈਦਾ ਹੀ ਨਹੀਂ ਹੋ ਸਕਦੀਆਂ। ਜੋ ਸ਼ਰਾਬ ਦੀ ਘੁੱਟ ਤੂੰ ਪੀ ਰਿਹਾ, ਉਸ ਨੂੰ ਬਣਾਉਣ ਲਈ ਵੀ ਮੇਰੀ ਬੇਦਰਦੀ ਨਾਲ ਵਰਤੋਂ ਕੀਤੀ ਜਾਂਦੀ ਹੈ।
ਤੂੰ ਅੰਨ੍ਹੇਵਾਹ, ਰਸਾਇਣਿਕ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਉਦਯੋਗਾਂ ਦਾ ਗੰਦਾ ਪਾਣੀ ਮੇਰੇ ਸਵੱਛ ਪਾਣੀ ਵਿੱਚ ਮਿਲਾ ਕੇ ਇਸ ਨੂੰ ਹੋਰ ਵੀ ਪ੍ਰਦੂਸ਼ਿਤ ਕਰ ਰਿਹਾ ਹੈਂ। ਇਹ ਨਹੀਂ ਕਿ ਤੈਨੂੰ ਸਮਝਾਉਣ ਵਾਲਾ ਕੋਈ ਨਹੀਂ। ਸੁਚੇਤ ਲੋਕ ਲੇਖ ਲਿਖ-ਲਿਖ ਕੇ ਤੈਨੂੰ ਸਮਝਾ ਰਹੇ ਹਨ ਅਤੇ ਛੋਟੇ-ਛੋਟੇ ਬੱਚੇ ਹੱਥਾਂ ਵਿੱਚ ਤਖਤੀਆਂ ਲੈ ਕੇ ਮੇਰੀ ਬੱਚਤ ਕਰਨ ਲਈ ਗਰਮੀ ਦੇ ਬਾਵਜੂਦ ਤੇਰੇ ਘਰਾਂ ਅੱਗੇ ਤੈਨੂੰ ਸਮਝਾਉਣ ਲਈ ਆ ਰਹੇ ਹਨ। ਪਰ ਇਹ ਗੱਲਾਂ ਤੂੰ ਇੱਕ ਕੰਨ ਵਿੱਚੋਂ ਸੁਣ ਕੇ ਦੂਜੇ ਕੰਨ ਰਾਹੀਂ ਬਾਹਰ ਕੱਢ ਰਿਹਾ ਹੈਂ। ਇਨ੍ਹਾਂ ਉੱਤੇ ਭੋਰਾ ਵੀ ਅਮਲ ਨਹੀਂ ਕਰ ਰਿਹਾ।ਸਿਆਸੀ ਲੋਕ ਤੈਨੂੰ ਤਵਾ ਬਣਾ ਕੇ ਰੋਟੀਆਂ ਸੇਕ ਰਹੇ ਹਨ।
ਮੈਂ ਅਕਸਰ ਵੇਖਦਾ ਹਾਂ ਕਿ ਕਈ ਇਲਾਕਿਆਂ ਵਿੱਚ, ਜਿੱਥੇ ਮੇਰੀ ਥੋੜ ਹੈ ਉੱਥੇ ਮੇਰੇ ਲਈ ਲੜਾਈਆਂ ਹੋ ਰਹੀਆਂ ਹਨ ਤੇ ਲੋਕ ਮਰਨ ਮਾਰਨ ਉੱਤੇ ਉਤਾਰੂ ਹੋ ਰਹੇ ਹਨ ਅਤੇ ਕਈ ਜਾਨਾਂ ਵੀ ਗਵਾ ਚੁੱਕੇ ਹਨ। ਮੇਰੀ ਖਾਤਰ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਦਾਹਰਣ ਤੇਰੇ ਸਾਹਮਣੇ ਹੈ ਜਿਸ ਨੇ ਪੂਰੇ ਪੰਜਾਬ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ ਸੀ ਅਤੇ ਕਈ ਪਰਿਵਾਰਾਂ ਦੇ ਪਰਿਵਾਰ ਅਤੇ ਜਵਾਨ ਪੁੱਤਰ ਇਸ ਅੱਗ ਦੀ ਭੇਂਟ ਚੜ੍ਹ ਚੁੱਕੇ ਹਨ, ਪਰ ਜਿੱਥੇ ਮੇਰੀ ਬਹੁਤਾਤ ਹੈ ਉੱਥੇ ਘਰਾਂ ਵਿੱਚ ਚਲਦੀਆਂ ਟੂਟੀਆਂ ਖੁੱਲ੍ਹੀਆਂ ਛੱਡੀਆਂ ਹੁੰਦੀਆਂ ਹਨ। ਘਰਾਂ ਦੇ ਫਰਸ਼, ਟਰੱਕ, ਕਾਰਾਂ, ਸਕੂਟਰ ਧੋਣ ਲਈ ਮੇਰੀ ਬੇਕਿਰਕੀ ਨਾਲ ਦੁਰਵਰਤੋਂ ਕੀਤੀ ਜਾਂਦੀ ਹੈ। ਜਲ ਸਪਲਾਈ ਮਹਿਕਮੇ ਨੂੰ ਵੀ ਚਾਹੀਦਾ ਹੈ ਕਿ ਮੇਰੀ ਬਰਬਾਦੀ ਰੋਕਣ ਲਈ ਪਾਣੀ ਵਾਲੀਆਂ ਟੂਟੀਆਂ ਤੇ ਵੀ ਬਿਜਲੀ ਦੇ ਬਿੱਲ ਵਾਲੇ ਮੀਟਰਾਂ ਵਾਂਗ ਹੀ ਮੀਟਰ ਲਗਾ ਦਿੱਤੇ ਜਾਣ ਅਤੇ ਬਿੱਲ ਉਸ ਅਨੁਸਾਰ ਲਏ ਜਾਣ।
ਕੁਦਰਤ ਦੀ ਇੱਕ ਅਜਿਹੀ ਅਣਮੋਲ ਦੇਣ ਹਾਂ ਕਿ ਮੈਂ ਹਰੇਕ ਅਮੀਰ ਗ਼ਰੀਬ ਲਈ ਮੁਫ਼ਤ ਸੀ, ਪਰ ਕੁਝ ਚਲਾਕ ਸਰਮਾਏਦਾਰਾਂ ਨੇ ਸਾਧਾਰਨ ਲੋਕਾਂ ਨੂੰ ਔਝੜੇ ਰਾਹਾਂ ’ਤੇ ਪਾ ਕੇ ਮੈਂਨੂੰ ਬੋਤਲਾਂ ਵਿੱਚ ਬੰਦ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਭਾਵੇਂ ਟਾਹਰਾਂ ਵਿਕਾਸ ਦੀਆਂ ਮਾਰੀਆਂ ਜਾ ਰਹੀਆਂ ਹਨ। ਪਰ ਮੈਂਨੂੰ ਲੱਗਦਾ ਹੈ ਕਿ ਤੂੰ ਦਿਨੋਂ ਦਿਨ ਵਿਨਾਸ਼ ਦੀਆਂ ਗਹਿਰਾਇਆਂ ਵਿੱਚ ਧਸਦਾ ਜਾ ਰਿਹਾ ਹੈਂ।
ਅਜੇ ਵੀ ਵੇਲਾ ਹੈ ਸੰਭਲ ਜਾ। ਮੇਰੀ ਬੱਚਤ ਕਰਨਾ ਸਿੱਖ ਲੈ। ਆਉਣ ਵਾਲੇ ਸਮੇਂ ਵਿੱਚ ਜੇਕਰ ਤੇਰੇ ਪੁੱਤ ਪੋਤਰਿਆਂ ਨੇ ਪੁੱਛ ਲਿਆ ਕਿ ਤੂੰ ਉਨ੍ਹਾਂ ਲਈ ਕੀ ਛੱਡ ਕੇ ਜਾ ਰਿਹਾ ਹੈਂ ਤਾਂ ਤੇਰੇ ਕੋਲ਼ ਕੋਈ ਜਵਾਬ ਨਹੀਂ ਹੋਵੇਗਾ। ਤੈਨੂੰ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਮੇਰੇ ਪਿੱਛੇ ਲੜਾਈਆਂ ਹੋਰ ਤੇਜ਼ ਹੋਣਗੀਆਂ। ਫਿਰ ਮੈਂਨੂੰ ਮੁਫ਼ਤ ਵਿੱਚ ਬਦਨਾਮ ਕੀਤਾ ਜਾਵੇਗਾ ਜਦੋਂ ਕਿ ਗ਼ਲਤੀਆਂ ਅਤੇ ਬੇਵਕੂਫੀਆਂ ਸਿਰਫ਼ ਤੇਰੀਆਂ ਆਪਣੀਆਂ ਹੋਣਗੀਆਂ। ਤੂੰ ਝੂਠੀ ਸੁਪਨਿਆਂ ਦੀ ਦੁਨੀਆਂ ਵਿੱਚ ਗਵਾਚ ਕੇ ਮੇਰੀ ਬਰਬਾਦੀ ਨਾ ਕਰ। ਜੇ ਮੇਰੀ ਇੰਜ ਹੀ ਬਰਬਾਦੀ ਕਰਦਾ ਰਿਹਾ ਤਾਂ ਤੇਰੀ ਬਰਬਾਦੀ ਤੈਅ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1688)
(ਸਰੋਕਾਰ ਨਾਲ ਸੰਪਰਕ ਲਈ: