“ਭਾਰਤ ਦੇ ਮੰਦਰਾਂ ਵਿਚ ਲੱਖਾਂ ਟੱਨ ਸੋਨਾ ਪਿਆ ਹੈ। ਜੇਕਰ ਇਹ ਸੋਨਾ ਪੂਰੇ ਦੇਸ਼ ਲਈ ਵਰਤਿਆ ਜਾਵੇ ਤਾਂ ...”
(ਅਗਸਤ 11, 2016)
ਪਿਛਲੇ ਕੁਝ ਸਮੇਂ ਤੋਂ ਕੁੱਝ ਸਿਆਸੀ ਪਾਰਟੀਆਂ ਵੱਲੋਂ ਇਕ ਨਵਾਂ ਹੀ ਨਾਅਰਾ ਲਾਇਆ ਜਾ ਰਿਹਾ ਹੈ ਕਿ ਭਾਰਤ ਨੂੰ ਕਾਂਗਰਸ ਮੁਕਤ ਕੀਤਾ ਜਾਵੇ। ਕੋਈ ਭਾਰਤ ਨੂੰ ਬੀ. ਜੇ. ਪੀ. ਅਤੇ ਆਰ. ਐੱਸ. ਐੱਸ. ਤੋਂ ਮੁਕਤ ਕਰਨ ਲਈ ਕਹਿ ਰਿਹਾ ਹੈ। ਪਰ ਕੋਈ ਵੀ ਸਿਆਸੀ ਪਾਰਟੀ ਇਹ ਨਹੀਂ ਕਹਿ ਰਹੀ ਕਿ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾਵੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡਾ ਮਹਾਨ ਭਾਰਤ ਘਪਲਿਆਂ, ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਦੀ ਬਲੀ ਚੜ੍ਹ ਚੁੱਕਿਆ ਹੈ। ਜੇਕਰ ਪਿਛਲੇ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਸ਼ੇਅਰ ਦਲਾਲ ਹਰਸ਼ਦ ਮਹਿਤਾ ਨੇ 56 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਸੀ। ਕੁੱਝ ਪਤਾ ਨਹੀਂ ਕਿ ਉਹ ਪੈਸਾ ਕਿੱਥੇ ਗਿਆ? ਆਏ ਦਿਨ ਘਪਲੇ ਹੋ ਰਹੇ ਹਨ। ਅਖਬਾਰਾਂ, ਟੈਲੀਵੀਜ਼ਨ ਕੂਕ ਕੂਕ ਕੇ ਅਜਿਹੇ ਘਪਲਿਆਂ ਨੂੰ ਉਜਾਗਰ ਕਰਦੇ ਹਨ। ਪਰ ਜਿਵੇਂ ਕਿਹਾ ਜਾਂਦਾ ਹੈ ਕਿ “ਚਾਰ ਦਿਨਾਂ ਦੀ ਚਾਂਦਨੀ ਫਿਰ ਹਨ੍ਹੇਰੀ ਰਾਤ”। ਇਹ ਘਪਲੇ, ਘੁਟਾਲੇ ਹੋ ਰਹੇ ਹਨ ਅਤੇ ਹੁੰਦੇ ਰਹਿਣਗੇ, ਜਦੋਂ ਤੱਕ ਇਨ੍ਹਾਂ ਘਪਲੇ, ਘੁਟਾਲਿਆਂ ਕਰਨ ਵਾਲਿਆ ਨੂੰ ਸਬਕ ਨਹੀਂ ਸਿਖਾਇਆ ਜਾਂਦਾ। ਪਿਛਲੇ ਸਮੇਂ ਵਿਚ ਭਾਰਤੀ ਜਨਤਾ ਪਾਰਟੀ ਦੇ ਰਾਜ ਵਿਚ ਕਾਰਗਿਲ ਦੀ ਜੰਗ ਵਿਚ ਦੇਸ਼ ਦੀ ਰਖਵਾਲੀ ਕਰਦੇ ਜਾਂਬਾਜ਼ ਸ਼ਹੀਦ ਫੌਜੀਆਂ ਦੇ ਸਰੀਰ ਲਿਆਉਣ ਲਈ ਜੋ ਤਾਬੂਤ ਬਣਾਏ ਸਨ, ਉਹ ਵੀ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਗਏ ਅਤੇ ਧਰਤੀ ਵਿਚ ਡੂੰਘੇ ਦਫ਼ਨ ਹੋ ਗਏ। ਇਸੇ ਤਰ੍ਹਾਂ ਹੈਲੀਕਪਟਰ ਖਰੀਦ ਘੁਟਾਲਾ, ਬੋਫਰਸ ਤੋਪ ਘੁਟਾਲਾ, ਦੂਰ ਸੰਚਾਰ ਅਤੇ ਕੋਲਾ ਘੁਟਾਲਾ ਸਭ ਅਖਬਾਰਾਂ ਦੀਆਂ ਸੁਰਖੀਆਂ ਅਤੇ ਟੈਲੀਵੀਜ਼ਨ ਦੀਆਂ ਬਰੇਕਿੰਗ ਨਿਊਜ਼ ਬਣ ਕੇ ਰਹਿ ਗਏ। ਲੋਕ ਜਲਦੀ ਹੀ ਸਭ ਕੁਝ ਭੁੱਲ ਭੁਲਾ ਜਾਂਦੇ ਹਨ ਅਤੇ ਹੋਰ ਘਪਲੇ, ਭ੍ਰਿਸ਼ਟਾਚਾਰ ਕਰਨ ਲਈ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਫਿਰ ਰਾਜ ਗੱਦੀਆਂ ਦੇ ਸਜਾ ਦਿੰਦੇ ਹਨ।
ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਇਸ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਬੁਲੰਦ ਨਹੀਂ ਕੀਤੀ। ਪਿਛਲੇ ਸਮੇਂ ਵਿਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਵਿੱਸ ਬੈਂਕਾਂ ਵਿਚ ਪਏ ਕਾਲੇ ਧਨ ਨੂੰ ਵਾਪਸ ਲਿਆ ਕੇ ਹਰੇਕ ਦੇ ਖਾਤੇ ਵਿਚ 15-15 ਲੱਖ ਰੁਪਏ ਜਮ੍ਹਾਂ ਕਰਾਉਣ ਦੇ ਸਬਜ਼ ਬਾਗ ਵਿਖਾ ਕੇ ਕੁਰਸੀ ਪ੍ਰਾਪਤ ਕਰ ਲਈ। ਜਦੋਂ ਕੁਰਸੀ ਮਿਲ ਗਈ ਤਾਂ ਇਸ ਨੂੰ ਚੋਣ ਜੁਮਲਾ ਕਹਿ ਕੇ ਲੋਕਾਂ ਨੂੰ ਮੂਰਖ ਬਣਾ ਦਿੱਤਾ। ਚੰਗੇ ਦਿਨਾਂ ਲਿਆਉਣ ਦੇ ਵਾਅਦੇ ਕਰਕੇ ਆਪਣੇ ਖੁਦ ਦੇ ਚੰਗੇ ਦਿਨ ਲੈ ਆਂਦੇ ਪਰ ਲੋਕਾਂ ਦੇ ਬੁਰੇ ਦਿਨਾਂ ਵਿਚ ਚੋਖਾ ਵਾਧਾ ਕਰ ਦਿੱਤਾ। ਕਹਿੰਦੇ ਹਨ ਕਿ ਕੁਰਸੀ ਕਿਸ ਨੂੰ ਪਿਆਰੀ ਨਹੀਂ। ਜਿਨ੍ਹਾਂ ਦੀ ਸਹਾਇਤਾ ਨਾਲ ਇਹ ਕੁਰਸੀ ਪ੍ਰਾਪਤ ਕੀਤੀ ਹੈ ਜੇਕਰ ਉਨ੍ਹਾਂ ਦੇ ਘਪਲਿਆਂ ਦਾ ਹੀ ਪਰਦਾ ਫਾਸ਼ ਹੋ ਗਿਆ ਤਾਂ ਫਿਰ ਇਹ ਕੁਰਸੀ ਕਿੱਥੋਂ ਰਹੇਗੀ।
ਸਿਆਣੇ ਕਹਿੰਦੇ ਹਨ ਕਿ ਜੇਕਰ ਝੱਗਾ ਚੁਕਾਂਗੇ ਤਾਂ ਢਿੱਡ ਆਪਣਾ ਹੀ ਨੰਗਾ ਹੋਵੇਗਾ। ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਹਰੇਕ ਸਿਆਸੀ ਪਾਰਟੀ ਵਿਚ ਦੋ ਤਰ੍ਹਾਂ ਦੇ ਲੋਕ ਨਜ਼ਰ ਆਉਣਗੇ। ਬਹੁਤੇ ਭ੍ਰਿਸ਼ਟਾਚਾਰੀ ਹਨ ਅਤੇ ਥੋੜ੍ਹੇ ਲੋਕ ਸੇਵਕ, ਜਿਨ੍ਹਾਂ ਦੀ ਗਿਣਤੀ ਆਟੇ ਵਿਚ ਲੂਣ ਦੇ ਬਰਾਬਰ ਹੈ। ਅੱਜ ਅਸੀਂ ਇਕੀਵੀਂ ਸਦੀ ਦੀਆਂ 16 ਬਹਾਰਾਂ ਦੇਖ ਚੁੱਕੇ ਹਾਂ। ਵਿਸ਼ਵ ਹਮੇਸ਼ਾ ਸਾਡੇ ਹੱਥ ਦੀ ਮੁੱਠੀ ਵਿਚ ਰਹਿੰਦਾ ਹੈ। ਚੰਗੇ ਮਾੜੇ ਦੀ ਸਾਨੂੰ ਸੂਝ ਆ ਜਾਣੀ ਚਾਹੀਦੀ ਹੈ। ਨਿਤ ਦਿਨ ਸਿਆਸਤਦਾਨਾਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਉਜਾਗਰ ਹੋ ਰਹੇ ਹਨ। ਅਖਬਾਰਾਂ ਅਤੇ ਟੈਲੀਵੀਜ਼ਨ ਦੱਸ ਰਹੇ ਹਨ ਕਿ ਭ੍ਰਿਸ਼ਟਾਚਾਰ ਵਿਚ ਲਿਪਤ ਸਿਆਸਤਦਾਨਾਂ ਦੀਆਂ ਤਿਜ਼ੌਰੀਆਂ ਨੱਕੋ ਨੱਕ ਭਰੀਆਂ ਪਈਆਂ ਹਨ ਅਤੇ ਬਾਹਰ ਪਏ ਧਨ ਨੂੰ ਸਵਿੱਸ ਬੈਂਕਾਂ ਵਿਚ ਭੇਜਿਆ ਜਾ ਰਿਹਾ ਹੈ।. ਮਹਿੰਗਾਈ ਦੇ ਇਸ ਦੌਰ ਵਿਚ ਆਮ ਲੋਕ ਤਿਲ ਤਿਲ ਕਰਕੇ ਪਿਸ ਰਹੇ ਹਨ। ਦੇਸ਼ ਦਾ ਅੱਨ ਦਾਤਾ ਕਿਸਾਨ ਅਤੇ ਉਸ ਦਾ ਸਾਥੀ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ ਅਤੇ ਸਰਮਾਏਦਾਰਾਂ ਨੂੰ ਘਪਲੇ ਘੁਟਾਲੇ ਕਰਵਾ ਕੇ ਵਿਦੇਸ਼ਾਂ ਵਿਚ ਸੈੱਟ ਕਰਾਇਆ ਜਾ ਰਿਹਾ ਹੈ। ਸ਼ੇਅਰ ਬਜ਼ਾਰ ਰਾਹੀਂ ਲੋਕਾਂ ਦੀ ਹੱਡ ਭੰਨਵੀਂ ਮਿਹਨਤ ਨੂੰ ਲੁੱਟਿਆ ਜਾ ਰਿਹਾ ਹੈ।
ਅਸੀਂ ਵੇਖ ਰਹੇ ਹਾਂ ਕਿ ਮਾਨਸੂਨ ਦੇ ਕਹਿਰ ਨੇ ਪਿੰਡਾਂ ਦੇ ਪਿੰਡ ਅਤੇ ਹਜ਼ਾਰਾਂ ਜ਼ਿੰਦਗੀਆਂ ਨੂੰ ਨਿਗਲ ਲਿਆ ਹੈ। ਟੀਵੀ ਊੱਤੇ ਹੜ੍ਹ ਦੀਆਂ ਖਬਰਾਂ ਦੇਖਦਿਆਂ ਕਲੇਜਾ ਮੂੰਹ ਨੂੰ ਆਉਂਦਾ ਹੈ। ਪਰ ਆਖਿਆ ਇਹ ਜਾ ਰਿਹਾ ਹੈ ਕਿ ਭਾਰਤ ਮਾਤਾ ਦੀ ਜੈ ਬੋਲੋ! ਇਹ ਤਾਂ ਮੁਰਦਿਆਂ ਦੀਆਂ ਲਾਸ਼ਾਂ ਉੱਤੇ ਭੰਗੜੇ ਪਾਉਣ ਦੀ ਗੱਲ ਕਹਿਣ ਦੇ ਤੁਲ ਹੈ।
ਇਹ ਗੱਲ ਸੌ ਫੀਸਦੀ ਸੱਚ ਹੈ ਕਿ ਭਾਰਤ ਸੋਨੇ ਦੀ ਚਿੜੀ ਹੈ। ਭਾਰਤ ਦੇ ਮੰਦਰਾਂ ਵਿਚ ਲੱਖਾਂ ਟੱਨ ਸੋਨਾ ਪਿਆ ਹੈ। ਜੇਕਰ ਇਹ ਸੋਨਾ ਪੂਰੇ ਦੇਸ਼ ਲਈ ਵਰਤਿਆ ਜਾਵੇ ਤਾਂ ਹਰੇਕ ਘਰ ਵਿਚ ਖੁਸ਼ਹਾਲੀ ਆ ਸਕਦੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਭਾਰਤ ਵਰਗੇ ਵਿਸ਼ਾਲ ਦੇਸ਼ ਵਿਚ ਭਾਵੇਂ ਕੋਈ ਪਾਰਟੀ ਰਾਜ ਕਰੇ ਲੋਕਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਲੋਕ ਅਮਨ ਚੈਨ ਨਾਲ ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪੇਟ ਪਾਲਣ ਲਈ ਰੁਜ਼ਗਾਰ ਮਿਲੇ ਅਤੇ ਵਿਦੇਸ਼ਾਂ ਵਿਚ ਜਾ ਕੇ ਉਨ੍ਹਾਂ ਅੰਗਰੇਜ਼ਾਂ ਦੀ ਗੁਲਾਮੀ ਨਾ ਕਰਨੀ ਪਵੇ ਜਿਨ੍ਹਾਂ ਨੂੰ ਹਜ਼ਾਰਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਕਰਕੇ ਭਾਰਤ ਵਿੱਚੋਂ ਖਦੇੜਿਆ ਸੀ। ਲੋਕ ਚਾਹੁੰਦੇ ਨੇ ਕਿ ਭਾਰਤ ਦੀ ਸਚਮੁੱਚ ਦੀ ਜੈ ਹੋਵੇ। ਹਰੇਕ ਭਾਰਤੀ ਨੂੰ ਮਨਮਰਜ਼ੀ ਦਾ ਖਾਣ ਪੀਣ, ਪਹਿਨਣ ਤੇ ਆਪਣੇ ਆਪਣੇ ਧਰਮ ਦੀ ਪਾਲਣਾ ਕਰਨ ਦੀ ਪੂਰੀ ਖੁੱਲ੍ਹ ਹੋਵੇ। ਪਸ਼ੂਆਂ ਅਤੇ ਨਦੀਆਂ ਨਾਲਿਆਂ ਦੀ ਪਵਿੱਤਰਤਾ ਦੀ ਆੜ ਹੇਠ ਮਨੁੱਖਤਾ ਦਾ ਖੂਨ ਨਾ ਵਹਾਇਆ ਜਾਵੇ। ਇਹ ਧਰਤੀ, ਹਵਾ, ਪਾਣੀ ਅਤੇ ਕੁਦਰਤੀ ਸਾਧਾਨਾਂ ਉੱਤੇ ਹਰੇਕ ਮਨੁੱਖ ਦਾ ਪੂਰਾ ਪੂਰਾ ਹੱਕ ਹੈ। ਇਸ ਨੂੰ ਭ੍ਰਿਸ਼ਟਾਚਾਰ ਕਰਕੇ ਕੁੱਝ ਲੋਕਾਂ ਦੇ ਹੱਥਾਂ ਵਿਚ ਨਾ ਸੌਂਪਿਆ ਜਾਵੇ ਅਤੇ ਆਮ ਲੋਕਾਂ ਦੀ ਲੁੱਟ ਕਰਨ ਦਾ ਰਾਹ ਨਾ ਖੋਲ੍ਹਿਆ ਜਾਵੇ, ਸਗੋਂ ਇਹ ਰਾਹ ਬੰਦ ਕੀਤਾ ਜਾਵੇ। ਚਾਹੀਦਾ ਤਾਂ ਇਹ ਹੈ ਕਿ ਦੇਸ਼ ਦੇ ਬਾਹਰਲੇ ਦੁਸ਼ਮਣਾਂ ਨਾਲੋਂ ਭਾਰਤ ਵਿਚਲੇ ਵਿਭੀਸ਼ਣਾਂ ਦਾ ਦੰਭ ਸਭ ਦੇ ਸਾਹਮਣੇ ਆਵੇ।
ਜਦੋਂ ਭਾਰਤ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਗਿਆ ਉਦੋਂ ਇਸ ਦੀ ਜੈ ਆਪਣੇ ਆਪ ਹੀ ਹੋ ਜਾਣੀ ਹੈ।
*****
(385)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)