“ਅਸਲ ਸੱਚ ਤਾਂ ਇਹ ਹੈ ਕਿ ਅੱਜ ਕੱਲ੍ਹ ਮਾਪੇ ਧੀਆਂ ਪੁੱਤਰਾਂ ਨੂੰ ਆਪ ਹੀ ਵਿਗਾੜ ਰਹੇ ਹਨ। ਉਹ ਸਿਰਫ਼ ਪੈਸੇ ...”
(18 ਜੂਨ 2022)
ਮਹਿਮਾਨ: 377.
ਕਿਸੇ ਦੇ ਗੋਡੇ ਲੱਗੇ ਚਾਹੇ ਗਿੱਟੇ, ਕੌੜਾ ਸੱਚ ਇਹ ਹੈ ਕਿ ਅਸੀਂ ਖੁਦ ਹੀ ਪੰਜਾਬ ਵਿੱਚੋਂ ਨਸ਼ੇ ਖਤਮ ਨਹੀਂ ਕਰਨੇ ਚਾਹੁੰਦੇ। ਵਿਆਹ ਸ਼ਾਦੀਆਂ ਵਿੱਚ ਸ਼ਰਾਬ ਦੇ ਅੱਡ ਸਟਾਲ ਲਗਾਏ ਜਾਂਦੇ ਹਨ। ਕਈ ਮੁੰਡਿਆਂ ਵਾਲੇ ਮਾਪਿਆਂ ਵੱਲੋਂ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਬਰਾਤ ਦੀ ਵਧੀਆ ਸੇਵਾ ਕੀਤੀ ਜਾਵੇ। ਸਾਨੂੰ ਸਭ ਨੂੰ ਪਤਾ ਹੈ ਕਿ ਇਹ ਵਧੀਆ ਸੇਵਾ ਸ਼ਰਾਬ ਨੂੰ ਹੀ ਕਿਹਾ ਜਾਂਦਾ ਹੈ। ਬਰਾਤ ਵਿੱਚ ਸ਼ਰਾਬੀ ਵਿਅਕਤੀ ਨੂੰ ਖਾਣ ਨੂੰ ਭਾਵੇਂ ਕੁਝ ਨਾ ਦਿਉ, ਬੱਸ ਉਸ ਨੂੰ ਸ਼ਰਾਬ ਨਾਲ ਟੱਲੀ ਕਰ ਦਿਉ ਅਤੇ ਚੁੱਕ ਕੇ ਉਸ ਦੇ ਘਰ ਪਹੁੰਚਾ ਦਿਉ। ਫਿਰ ਦੇਖਣਾ ਕਿ ਮੁੰਡੇ ਤੇ ਕੁੜੀ ਵਾਲਿਆਂ ਦੇ ਉਹ ਕਿਵੇਂ ਗੁਣ ਗਾਉਂਦਾ ਹੈ।
ਇਹੀ ਹਾਲ ਨਸ਼ਈ ਰਿਸ਼ਤੇਦਾਰਾਂ ਦਾ ਵੀ ਹੁੰਦਾ ਹੈ। ਨਸ਼ਈ ਰਿਸ਼ਤੇਦਾਰਾਂ ਦੀ ਭਾਵੇਂ ਜਿੰਨੇ ਮਰਜ਼ੀ ਵਧੀਆ ਪਕਵਾਨਾਂ ਨਾਲ ਸੇਵਾ ਕੀਤੀ ਜਾਵੇ ਪ੍ਰੰਤੂ ਜੇਕਰ ਉਨ੍ਹਾਂ ਨੂੰ ਸ਼ਰਾਬ ਨਾ ਪਿਲਾਈ ਜਾਵੇ ਤਾਂ ਉਹ ਆਪਣੀ ਕੀਤੀ ਗਈ ਇੱਜ਼ਤ ਨੂੰ ਸੇਵਾ ਨਹੀਂ ਮੰਨਦੇ। ਲਗਭਗ ਹਰੇਕ ਘਰ ਵਿੱਚ ਸ਼ਰਾਬ ਦੀ ਵਰਤੋਂ ਕੀਤੀ ਜਾ ਰਹੀ ਹੈ। ਬਹੁਤੇ ਲੋਕ ਸ਼ਰਾਬ ਨੂੰ ਨਸ਼ਾ ਹੀ ਨਹੀਂ ਸਮਝਦੇ।
ਪੰਜਾਬ ਵਿੱਚ ਨਸ਼ੇ ਬਾਰੇ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਪੰਜਾਬੀ ਤਾਂ ਨਸ਼ਾ ਹੀ ਨਹੀਂ ਕਰਦੇ, ਇਹ ਤਾਂ ਪਾਕਿਸਤਾਨ ਦੀ ਕਾਰਸਤਾਨੀ ਹੈ। ਉਹ ਹੀ ਨਸ਼ੇ ਭੇਜਦਾ ਹੈ। ਸਭ ਨੂੰ ਪਤਾ ਹੈ ਕਿ ਪਿਛਲੇ ਜਿਹੇ ਘਟੀਆ ਸ਼ਰਾਬ ਨਾਲ ਕਈ ਮੌਤਾਂ ਹੋਣ ਦਾ ਰੌਲਾ ਪਿਆ ਸੀ। ਫਿਰ ਅਸੀਂ ਆਪਣੀ ਆਦਤ ਅਨੁਸਾਰ ਸਭ ਕੁਝ ਭੁੱਲ ਭੁਲਾ ਜਾਂਦੇ ਹਾਂ। ਤ੍ਰਾਸਦੀ ਇਹ ਵੀ ਸੀ ਕਿ ਸ਼ਰਾਬ ਬਣਾਉਣ ਦੇ ਕਾਰਖਾਨੇ ਵੀ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਹੀ ਸਨ। ਕੌਣ ਕਰੇਗਾ ਕਿ ਰਾਣੀਏ ਅੱਗਾ ਢਕ। ਉਹ ਚਾਰ ਕੁ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਫਿਰ ਧੂੜ ਵਿੱਚ ਗਵਾਚ ਗਿਆ। ਨਸ਼ਾ ਕਿਸੇ ਇੱਕ ਦੇਸ਼ ਦੀ ਸਮੱਸਿਆ ਨਹੀਂ ਹੈ, ਇਹ ਇੱਕ ਅੰਤਰਾਸ਼ਟਰੀ ਸਮੱਸਿਆ ਹੈ। ਹਰੇਕ ਦੇਸ਼ ਵਿੱਚ ਉਸ ਦੇ ਮੁਖੀਆਂ ਸਾਹਮਣੇ ਇਹ ਸਮੱਸਿਆ ਮੂੰਹ ਅੱਡੀ ਖੜ੍ਹੀ ਹੈ। ਇਸ ਲਈ ਇਸ ਸਮੱਸਿਆ ਦਾ ਹੱਲ ਵੀ ਅੰਤਰਾਸ਼ਟਰੀ ਪੱਧਰ ’ਤੇ ਹੋਣਾ ਚਾਹੀਦਾ ਹੈ। ਇਕੱਲਾ ਪੰਜਾਬ ਹੀ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕਦਾ। ਫਿਰ ਵੀ ਜਿਸ ਘਰ ਨੂੰ ਅੱਗ ਲੱਗੀ ਹੋਵੇ, ਉਸ ਨੂੰ ਬੁਝਾਉਣ ਦਾ ਵੀ ਘਰ ਵਾਲਿਆਂ ਦਾ ਹੀ ਫ਼ਰਜ਼ ਬਣਦਾ ਹੈ।
ਮੇਰੀ ਸੋਚ ਇਹ ਹੈ ਕਿ ਕੋਈ ਵੀ ਨਸ਼ਾ ਨਾ ਕਰੋ। ਨਸ਼ੇ ਮਨੁੱਖ ਦੀ ਜ਼ਿੰਦਗੀ ਹੀ ਨਹੀਂ ਖੋਹਦੇ, ਇਹ ਬੁੱਢੇ ਮਾਂ ਬਾਪ ਦੇ ਬੁਢਾਪੇ ਦੀ ਡੰਗੋਰੀ, ਬੱਚਿਆਂ ਤੋਂ ਉਨ੍ਹਾਂ ਦਾ ਪਿਤਾ, ਭੈਣਾਂ ਤੋਂ ਉਨ੍ਹਾਂ ਦੇ ਭਰਾ ਅਤੇ ਸੁਹਾਗਣਾਂ ਦਾ ਸੁਹਾਗ ਵੀ ਖੋਹ ਲੈਂਦੇ ਹਨ। ਇੱਕ ਨਸ਼ਈ ਵਿਅਕਤੀ ਨਾ ਚੰਗਾ ਪੁੱਤਰ, ਨਾ ਪਿਤਾ, ਨਾ ਭਰਾ, ਨਾ ਪਤੀ ਅਤੇ ਨਾ ਹੀ ਚੰਗਾ ਨਾਗਰਿਕ ਬਣ ਸਕਦਾ ਹੈ। ਉਹ ਘਰ ਪਰਿਵਾਰ, ਮੁਹੱਲੇ, ਸ਼ਹਿਰ ਅਤੇ ਦੇਸ਼ ਦਾ ਦੁਸ਼ਮਣ ਜਰੂਰ ਬਣ ਸਕਦਾ ਹੈ। ਨਸ਼ਾ ਵੇਚਣ ਵਾਲੇ ਛੋਟੇ ਮੋਟੇ ਦੁਕਾਨਦਾਰ ਵਪਾਰੀ ਨਹੀਂ ਹੁੰਦੇ, ਇਹ ਵੱਡੇ ਵੱਡੇ ਮਗਰਮੱਛ ਹੁੰਦੇ ਹਨ। ਇਹਨਾਂ ਦੀ ਪਹੁੰਚ ਸਿਆਸਤਦਾਨਾਂ ਤੋਂ ਲੈ ਕੇ ਵੱਡੇ ਵੱਡੇ ਅਫਸਰਾਂ ਅਤੇ ਪੁਲਿਸ ਦੇ ਸਿਪਾਹੀਆਂ ਤੋਨ ਲੈ ਕੇ ਉੱਚ ਅਧਿਕਾਰੀਆਂ ਤੱਕ ਹੁੰਦੀ ਹੈ। ਇਹ ਇੱਕ ਅਜਿਹਾ ਗੱਠਜੋੜ ਹੈ ਜਿਸ ਨੂੰ ਤੋੜੇ ਤੋਂ ਬਿਨਾਂ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ। ਪਰ ਜੇਕਰ ਲੋਕ ਚਾਹੁਣ ਤਾਂ ਇਹ ਗੱਠਜੋੜ ਤੋੜਿਆ ਜਾ ਸਕਦਾ ਹੈ। ਇਸ ਲਈ ਦਲੇਰੀ ਅਤੇ ਕੁਰਬਾਨੀ ਦੀ ਲੋੜ ਹੈ।
ਇਹ ਅਟੱਲ ਸਚਾਈ ਹੈ ਕਿ ਹੁਣ ਇਕੱਲੇ ਮੁੰਡੇ ਹੀ ਨਸ਼ਾ ਨਹੀਂ ਕਰਦੇ, ਕੁੜੀਆਂ ਵੀ ਇਸ ਦਲਦਲ਼ ਵਿਚ ਸਿਰ ਤੋਂ ਪੈਰਾਂ ਤੱਕ ਧਸ ਚੁੱਕੀਆਂ ਹਨ। ਹੋਰ ਤਾਂ ਹੋਰ ਉੱਚ ਵਰਗ ਦੀਆਂ ਕਈ ਅਧਖੜ ਉਮਰ ਦੀਆਂ ਔਰਤਾਂ ਵੀ ਸ਼ਰਾਬ ਪੀਣ ਲੱਗ ਪਈਆਂ ਹਨ। ਵੱਡੇ ਵੱਡੇ ਪੰਜ ਤਾਰਾ ਹੋਟਲਾਂ ਵਿੱਚ ਉੱਚ ਵਰਗ ਦੀਆਂ ਪਾਰਟੀਆਂ ਦੌਰਾਨ ਗੁਪਤ ਕੈਮਰਿਆਂ ਰਾਹੀਂ ਸੱਚ ਜਾਣਿਆ ਜਾ ਸਕਦਾ ਹੈ। ਨਸ਼ਿਆਂ ਨਾਲ ਸਾਡੇ ਦੇਸ਼ ਦੇ ਨੌਜਵਾਨ ਹੀ ਖਤਮ ਨਹੀਂ ਹੋ ਰਹੇ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਖਤਮ ਹੋ ਰਹੀਆਂ ਹਨ। ਨਸ਼ਾ ਕਰਕੇ ਮਰਨ ਵਾਲੇ ਨੌਜਵਾਨਾਂ ਦੇ ਮਾਪੇ ਟੀ ਵੀ ਚੈਨਲਾਂ ’ਤੇ ਆ ਕੇ ਧਾਹਾਂ ਮਾਰ-ਮਾਰ ਕੇ ਰੋਂਦੇ ਹਨ। ਜੇਕਰ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਕੀ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਦੇ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਸੀ? ਕੀ ਉਹ ਮਾਵਾਂ, ਜਿਹੜੀਆਂ ਧਾਹਾਂ ਮਾਰ ਮਾਰ ਕੇ ਟੀ ਵੀ ਚੈਨਲਾਂ ‘ਤੇ ਰੋਦੀਆਂ ਹਨ, ਉਨ੍ਹਾਂ ਨੇ ਜਦੋਂ ਪਹਿਲੀ ਵਾਰ ਉਨ੍ਹਾਂ ਦਾ ਲਾਡਲਾ ਪੁੱਤਰ ਜਾਂ ਧੀ ਨਸ਼ਾ ਕਰਕੇ ਘਰ ਆਏ ਸੀ, ਉਨ੍ਹਾਂ ਨੇ ਆਪਣੇ ਪਤੀਆਂ ਨੂੰ ਇਸ ਬਾਰੇ ਦੱਸਿਆ ਸੀ? ਜਾਂ ਫਿਰ ਕਦੇ ਪਿਤਾ ਨੇ ਆਪਣੇ ਬੱਚਿਆਂ ਨੂੰ ਨਸ਼ਾ ਕਰਨ ਤੋਂ ਵਰਜਿਆ ਸੀ? ਟੀ ਵੀ ਚੈਨਲਾਂ ’ਤੇ ਧਾਹਾਂ ਮਾਰ-ਮਾਰ ਕੇ ਰੋਣ ਵਾਲੀਆਂ ਮਾਵਾਂ ਨੇ ਆਪਣੇ ਨਸ਼ਈ ਧੀਆਂ ਪੁੱਤਰਾਂ ਨੂੰ ਕਿਤੇ ਆਪਣੇ ਪਰਿਵਾਰ ਜਾਂ ਫਿਰ ਪਤੀ ਤੋਂ ਚੋਰੀ ਚੋਰੀ ਪੈਸੇ ਤਾਂ ਨਹੀਂ ਦਿੱਤੇ? ਜੇਕਰ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਐਨਾ ਹੀ ਫਿਕਰ ਹੈ ਤਾਂ ਉਹ ਆਪਣੇ ਬੱਚਿਆਂ ਦਾ ਧਿਆਨ ਕਿਉਂ ਨਹੀਂ ਰੱਖਦੇ ਕਿ ਉਨ੍ਹਾਂ ਦੇ ਨਸ਼ਈ ਧੀਆਂ ਪੁੱਤਰ ਕਿਸ ਤੋਂ ਨਸ਼ਾ ਲੈਂਦੇ ਹਨ? ਉਸ ਨਸ਼ਾ ਤਸਕਰ ਨੂੰ ਪੁਲਿਸ ਕੋਲ ਫੜਵਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਅਸਲ ਸੱਚ ਤਾਂ ਇਹ ਹੈ ਕਿ ਅੱਜ ਕੱਲ੍ਹ ਮਾਪੇ ਧੀਆਂ ਪੁੱਤਰਾਂ ਨੂੰ ਆਪ ਹੀ ਵਿਗਾੜ ਰਹੇ ਹਨ। ਉਹ ਸਿਰਫ਼ ਪੈਸੇ ਕਮਾਉਣ ਦੀ ਦੌੜ ਵਿੱਚ ਹੀ ਉਲਝੇ ਹੋਏ ਹਨ। ਧੀਆਂ ਪੁੱਤਰ ਰਾਤ ਨੂੰ ਜਦੋਂ ਮਰਜ਼ੀ ਘਰ ਆਉਣ, ਉਹਨਾਂ ਲਈ ਉਹ ਦਰਵਾਜ਼ੇ ਖੋਲ੍ਹ ਕੇ ਰੱਖਦੇ ਹਨ। ਮੈਂ ਇਸ ਬਾਰੇ ਆਪਣੇ ਵਿਚਾਰਾਂ ’ਤੇ ਪੂਰੀ ਤਰ੍ਹਾਂ ਕਾਇਮ ਹਾਂ ਕਿ ਨਸ਼ਾ ਘਰ ਦੀ ਦਹਿਲੀਜ਼ ਦੇ ਬਾਹਰ ਸ਼ੁਰੂ ਹੁੰਦਾ ਹੈ ਅਤੇ ਇਹ ਘਰ ਦੀ ਦਹਿਲੀਜ਼ ਦੇ ਅੰਦਰ ਹੀ ਖਤਮ ਕਰ ਸਕਦੇ ਹਾਂ। ਘਰ ਅਸੀਂ ਸਿਰਫ ਸੌਣ ਲਈ ਆਉਂਦੇ ਹਾਂ। ਨਸ਼ਈ ਬੱਚੇ ਨੂੰ ਘਰ ਨਾ ਵੜਨ ਦਿਉ, ਫਿਰ ਦੇਖੋ ਨਸ਼ਾ ਖਤਮ ਹੁੰਦਾ ਹੈ ਕਿ ਨਹੀਂ?
ਮਾਪੇ ਡਰਦੇ ਹਨ ਕਿ ਸਾਡੇ ਧੀਆਂ ਪੁੱਤਰਾਂ ਨੂੰ ਕੁਝ ਹੋ ਨਾ ਜਾਏ। ਉਹ ਆਪਣੇ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ। ਇਹੀ ਡਰ ਹੁੰਦਾ ਹੈ ਕਿ ਸਾਡੇ ਧੀਆਂ ਪੁੱਤਰਾਂ ਨੂੰ ਕੁਝ ਹੋ ਨਾ ਜਾਵੇ। ਇਸੇ ਕਰਕੇ ਹੀ ਉਨ੍ਹਾਂ ਦੇ ਧੀਆਂ ਪੁੱਤਰ ਵਿਗੜ ਰਹੇ ਹਨ। ਧੀਆਂ ਪੁੱਤਰ ਇਸ ਡਰ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ। ਅਸੀਂ ਆਮ ਹੀ ਪੜ੍ਹਦੇ ਹਾਂ ਕਿ ਨਸ਼ੇ ਦੀ ਸਰਿੰਜ ਜਾਂ ਓਵਰਡੋਜ਼ ਨਾਲ ਬੱਚੇ ਮਰ ਰਹੇ ਹਨ। ਨਸ਼ਈ ਵਿਅਕਤੀ ਜਿਉਂਦਾ ਵੀ ਮਰਿਆਂ ਬਰਾਬਰ ਹੀ ਹੁੰਦਾ ਹੈ। ਇਸ ਲਈ ਜੇ ਮੁਰਦੇ ਵਿੱਚ ਜਾਨ ਪਾਉਣੀ ਹੈ ਤਾਂ ਸਾਨੂੰ ਇਹ ਡਰ ਕਿ ਸਾਡੇ ਧੀਆਂ ਪੁੱਤਰਾਂ ਨੂੰ ਕੁੱਝ ਹੋ ਨਾ ਜਾਵੇ, ਆਪਣੇ ਮਨਾਂ ਵਿੱਚੋਂ ਕੱਢਣਾ ਪਵੇਗਾ। ਜਿਸ ਦਿਨ ਅਸੀਂ ਕੁੱਝ ਹੋ ਨਾ ਜਾਵੇ ਦਾ ਡਰ ਕੱਢ ਦਿੱਤਾ, ਉਸ ਦਿਨ ਹੀ ਅਸੀਂ ਨਸ਼ਾ ਖਤਮ ਕਰਨ ਲਈ ਪਹਿਲੀ ਪੁਲਾਂਘ ਪੁੱਟ ਲਈ ਸਮਝਾਂਗੇ। ਜਿਹੜਾ ਬੱਚਾ ਨਸ਼ਿਆ ਕਾਰਨ ਆਪਣੇ ਮਾਪਿਆਂ ਨੂੰ ਕੁੱਟਦਾ ਮਾਰਦਾ ਹੈ, ਉਸ ਨੂੰ ਪੁਲਿਸ ਹਵਾਲੇ ਕਰ ਦੇਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਕਰ ਸਕਦੇ ਤਾਂ ਉਸ ਸਮੇਂ ਦੀ ਉਡੀਕ ਕਰੋ, ਜਿਸ ਦਿਨ ਬੱਚੇ ਦੀ ਓਵਰਡੋਜ਼ ਨਾਲ ਜਾਂ ਫਿਰ ਕਿਸੇ ਵੇਲੇ ਨਾੜ ਵਿੱਚ ਲੱਗੀ ਹੋਈ ਸਰਿੰਜ ਨਾਲ ਬੱਚਾ ਖੁਦ ਹੀ ਕੁਝ ਕਰ ਬੈਠੇਗਾ। ਨਸ਼ਾ ਖਤਮ ਕਰਨ ਲਈ ਇੱਕ ਲੋਕ ਲਹਿਰ ਚਲਾਉਣੀ ਪਵੇਗੀ। ਜੇਕਰ ਅਸੀਂ ਆਪਣੇ ਬੱਚਿਆਂ ਦੀਆਂ ਜਿੰਦਗੀਆਂ ਬਚਾਉਣੀਆਂ ਹਨ ਤਾਂ ਸਾਨੂੰ ਸਭ ਨੂੰ ਅੱਗੇ ਆਉਣ ਦੀ ਲੋੜ ਹੈ। ਇਕੱਲੀ ਸਰਕਾਰ-ਸਰਕਾਰ ਕਰਨ ਨਾਲ ਨਸ਼ਿਆਂ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ਸਾਨੂੰ ਸਭ ਨੂੰ ਰਲ਼ ਮਿਲ਼ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਸ ਦਿਨ ਨਸ਼ੇ ਖਤਮ ਹੋ ਗਏ, ਉਸ ਦਿਨ ਹੀ ਇਹ ਝਪਟਮਾਰੀ, ਲੁੱਟ ਖੋਹ, ਚੋਰੀ ਚਕਾਰੀ ,ਕੁਝ ਹੱਦ ਤੱਕ ਕਤਲੋਗਾਰਤ ਅਤੇ ਐਕਸੀਡੈਂਟਾਂ ਨੂੰ ਵੀ ਠੱਲ੍ਹ ਪੈ ਜਾਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3635)
(ਸਰੋਕਾਰ ਨਾਲ ਸੰਪਰਕ ਲਈ: