SukhminderBagi7ਸੁਰੈਣ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ। ਏ. ਸੀ. ਵਾਲੇ ਕਮਰੇ ਵਿਚ ਬੈਠੇ ਨੂੰ ਤਰੇਲੀਆਂ ਆਉਣ ਲੱਗ ਪਈਆਂ ...
(ਮਾਰਚ 22, 2016)


ਰਸੋਈ ਵਿਚ ਆਟਾ ਗੁੰਨ੍ਹਣ ਲੱਗੀ ਆਪਣੀ ਮਾਂ ਨੂੰ ਸੁਖਜੀਤ ਨੇ ਕਿਹਾ
, “ਮਾਂ, ਮੈਂ ਭਗਤ ਸਿੰਘ ਬਣਾਂਗਾ।”

ਅੱਠਵੀਂ ਵਿਚ ਪੜ੍ਹਦੇ ਸੁਖਜੀਤ ਦੇ ਮੂੰਹੋਂ ਇਹ ਬੋਲ ਸੁਣਦਿਆਂ ਹੀ ਸੁਰਜੀਤ ਕੌਰ ਦੇ ਹੱਥੋਂ ਪਰਾਤ ਡਿੱਗਦੀ ਡਿੱਗਦੀ ਮਸਾਂ ਬਚੀ। ਆਪਣੇ ਲਾਡਲੇ ਦੀ ਗੱਲ ਸੁਣ ਕੇ ਉਸ ਨੂੰ ਤਰੇਲੀਆਂ ਆਉਣ ਲੱਗੀਆਂ। ਵਾਹੋਦਾਹੀ ਭੱਜੀ ਉਹ ਆਪਣੇ ਪਤੀ ਸੁਰੈਣੇ ਕੋਲ ਜਾ ਕੇ ਬੋਲੀ, “ਸੁਣੋ ਜੀ, ਤੁਹਾਡਾ ਇਹ ਲਾਡਲਾ ਕੀ ਕਹਿ ਰਿਹਾ ਏ? ਤੁਹਾਡੇ ਕੀਤੇ ਕੰਮਾਂ ਦਾ ਮੈਨੂੰ ਇਹੋ ਹੀ ਸਿਲਾ ਮਿਲਣਾ ਸੀ।”

ਸੁਰੈਣੇ ਨੇ ਹੱਥ ਵਿਚ ਫੜੀ ਫਿਲਮ ਦੀ ਸਕਰਿਪਟ ਨੂੰ ਪਾਸੇ ਰੱਖਦਿਆਂ ਕਿਹਾ, “ਕੀ ਗੱਲ ਭਾਗਵਾਨੇ, ਲੋਹੀ ਲਾਖੀ ਕਿਉਂ ਹੋਈ ਜਾਨੀ ਐਂ? ਸੁਖਜੀਤ ਨੇ ਕੀ ਐਸਾ ਚੰਦ ਚੜ੍ਹਾ ਦਿੱਤਾ ਜੋ ਤੂੰ ਮੇਰੇ ’ਤੇ ਲਾਮ ਲਸ਼ਕਰ ਲੈ ਕੇ ਚੜ੍ਹਾਈ ਕਰ ਦਿੱਤੀ ਐ?”

ਸੁਰਜੀਤ ਕੌਰ ਕਹਿਣ ਲੱਗੀ, “ਅਜੇ ਚੰਦ ਤਾਂ ਕੋਈ ਨਹੀਂ ਚੜ੍ਹਾਇਆ ਪਰ ਮੈਨੂੰ ਲੱਗਦਾ ਐ ਕਿ ਹੁਣ ਸਾਡੇ ਬੁਰੇ ਦਿਨ ਸ਼ੁਰੂ ਹੋਣ ਵਾਲੇ ਈ ਨੇ।”

ਸੁਰੈਣ ਸਿੰਘ ਨੇ ਝੁੰਜਲਾਉਂਦਿਆਂ ਕਿਹਾ, “ਬੁਝਾਰਤਾਂ ਈ ਪਾਈ ਜਾਏਂਗੀ ਜਾਂ ਫਿਰ ਕੁੱਝ ਦੱਸੇਂਗੀ ਵੀ ਕਿ ਹੋਇਆ ਕੀ ਐੈ?

ਇੰਨੇ ਨੂੰ ਸੁਖਜੀਤ ਵੀ ਹੌਲੀ ਹੌਲੀ ਤੁਰਦਾ ਆਪਣੀ ਮਾਂ ਦੇ ਪਿੱਛੇ ਆ ਖਲੋਤਾ। ਸੁਰਜੀਤ ਕੌਰ ਨੇ ਸੁਖਜੀਤ ਨੂੰ ਅੱਗੇ ਕਰਦਿਆਂ ਕਿਹਾ, “ਆਪਣੇ ਪੁੱਤ ਤੋਂ ਹੀ ਪੁੱਛ ਲਵੋ, ਮੈਂ ਕੀ ਦੱਸਾਂ? ਤੁਸੀਂ ਹੀ ਇਸ ਨੂੰ ਸਿਰ ਚੜ੍ਹਾਇਆ ਹੈ, ਆਪ ਤਾਂ ਰੋਜ਼ ਹੀ ਕਿਤੇ ਨਾ ਕਿਤੇ ਡਰਾਮੇ ਕਰਨ ਤੁਰੇ ਰਹਿੰਦੇ ਸੀ, ਤੁਹਾਨੂੰ ਤਾਂ ਕਦੇ ਧਰਨਿਆਂ ਮੁਜ਼ਾਹਰਿਆਂ ਤੋਂ ਹੀ ਵਿਹਲ ਨਹੀਂ ਸੀ ਮਿਲਦੀ। ਘਰ ਦਾ ਕੋਈ ਖਿਆਲ ਰੱਖਿਆ ਹੁੰਦਾ ਤਾਂ ਹੁਣ ਇਹ ਨੌਬਤ ਨਾ ਆਉਂਦੀ। ਹੁਣ ਤੁਸੀਂ ਆਪ ਹੀ ਸੰਭਾਲੋ ਆਪਣੇ ਲਾਡਲੇ ਨੂੰ, ਮੇਰੀ ਤੋਬਾ!” ਇਹ ਕਹਿੰਦੀ ਹੋਈ ਸੁਰਜੀਤ ਕੌਰ ਕਮਰੇ ਵਿੱਚੋਂ ਬਾਹਰ ਵੱਲ ਤੁਰ ਪਈ

ਹੁਣ ਸੁਰੈਣ ਸਿੰਘ ਵੀ ਆਪਣੇ ਅਸਲੀ ਰੰਗ ਵਿਚ ਆ ਗਿਆ ਤੇ ਉਸ ਨੂੰ ਘੂਰਦਾ ਹੋਇਆ ਬਾਹੋਂ ਫੜ ਕੇ ਬੈੱਡ ਤੇ ਬਿਠਾਉਂਦਾ ਹੋਇਆ ਗੁੱਸੇ ਵਿਚ ਬੋਲਿਆ, “ਕੀ ਬੱਕੜਵਾਹ ਲਾਈ ਐ, ਸਿੱਧੀ ਤਰ੍ਹਾਂ ਗੱਲ ਦੱਸ, ਕੀ ਹੋਇਆ?

ਵਿਚਾਰੀ ਸੁਰਜੀਤ ਕੌਰ ਨੇ ਰੋਣਹਾਕੀ ਆਵਾਜ਼ ਵਿਚ ਕਿਹਾ, “ਸੁਖਜੀਤ ਭਗਤ ਸਿੰਘ ਬਣਨ ਨੂੰ ਫਿਰਦੈ।”

ਇਹ ਸੁਣਦਿਆਂ ਹੀ ਸੁਰੈਣ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ। ਏ. ਸੀ. ਵਾਲੇ ਕਮਰੇ ਵਿਚ ਬੈਠੇ ਨੂੰ ਤਰੇਲੀਆਂ ਆਉਣ ਲੱਗ ਪਈਆਂਸੁਖਜੀਤ ਨੂੰ ਜੱਫੀ ਵਿਚ ਲੈਂਦਿਆਂ ਸੁਰੈਣ ਸਿੰਘ ਬੋਲਿਆ, “ਪੁੱਤ ਸੁਖਜੀਤਿਆ, ਤੈਨੂੰ ਇਹ ਭਗਤ ਸਿੰਘ ਬਣਨ ਦੀ ਕਿਵੇਂ ਸੁੱਝੀ?”

ਅੱਗੋਂ ਸੁਖਜੀਤ ਬੋਲਿਆ, “ਪਾਪਾ, ਮੈਂ ਅੱਜ ਪੰਜਾਬੀ ਦੀ ਕਿਤਾਬ ਵਿਚ ਸ਼ਹੀਦ ਭਗਤ ਸਿੰਘ ਬਾਰੇ ਪੜ੍ਹਿਆ ਸੀ ਕਿ ਕਿਵੇਂ ਉਸਨੇ ਅੰਗਰੇਜ਼ਾਂ ਨੂੰ ਆਪਣੇ ਦੇਸ਼ ਵਿੱਚੋਂ ਭਜਾਇਆ ਸੀ। ਅੰਗਰੇਜ਼ ਸਾਡੇ ਲੋਕਾਂ ’ਤੇ ਬਹੁਤ ਜ਼ੁਲਮ ਕਰਦੇ ਸੀ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਉੱਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਕੇ ਪੈਸਾ ਬਟੋਰਦੇ ਸੀ ਤੇ ਉਹ ਪੈਸਾ ਇੰਗਲੈਡ ਲੈ ਜਾਂਦੇ ਸੀ। ਪਾਪਾ, ਤੁਸੀਂ ਵੀ ਤਾਂ ਡਰਾਮਿਆਂ ਵਿਚ ਭਗਤ ਸਿੰਘ ਬਣਦੇ ਹੋ, ਫਿਰ ਮੈਨੂੰ ਭਗਤ ਸਿੰਘ ਬਣਨ ਤੋਂ ਕਿਉਂ ਰੋਕਦੇ ਹੋ?

ਸੁਰੈਣ ਸਿੰਘ ਸੁਖਜੀਤ ਨੂੰ ਸਮਝਾਉਣ ਲੱਗਿਆ, “ਪੁੱਤਰਾ, ਉਹ ਤਾਂ 1947 ਤੋਂ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਅੰਗਰੇਜ਼ ਭਾਰਤ ’ਤੇ ਰਾਜ ਕਰਦੇ ਸੀ। ਹੁਣ ਤਾਂ ਸਾਡਾ ਦੇਸ਼ ਆਜ਼ਾਦ ਹੋ ਗਿਆ ਏ, ਫਿਰ ਤੈਨੂੰ ਹੁਣ ਭਗਤ ਸਿੰਘ ਬਣਨ ਦੀ ਕੀ ਲੋੜ ਐ?” ਸੁਖਜੀਤ ਨੂੰ ਡਰਾਉਣ ਲਈ ਸੁਰੈਣ ਸਿੰਘ ਨੇ ਨਵਾਂ ਪੈਂਤੜਾ ਘੜਿਆ ਉਹ ਕਹਿਣ ਲੱਗਾ, “ਪੁੱਤਰਾ, ਤੈਨੂੰ ਨਹੀਂ ਪਤਾ ਭਗਤ ਸਿੰਘ ਨੂੰ ਅੰਗਰੇਜ਼ਾਂ ਨੇ ਜੇਲ੍ਹ ਵਿਚ ਬਹੁਤ ਤਸੀਹੇ ਦਿੱਤੇ ਸਨ ਤੇ ਫਿਰ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਸੀ। ਤੂੰ ਤਾਂ ਮੇਰਾ ਸਿਆਣਾ ਪੁੱਤ ਐਂ। ਨਾਲੇ ਅਸੀਂ ਕਿਹੜਾ ਅਸਲੀ ਭਗਤ ਸਿੰਘ ਬਣਦੇ ਆਂਅਸੀਂ ਤਾਂ ਸਿਰਫ ਡਰਾਮੇ ਕਰਦੇ ਆਂਡਰਾਮਿਆਂ ਵਿਚ ਅਤੇ ਅਸਲੀ ਭਗਤ ਸਿੰਘ ਬਣਨ ਵਿੱਚ ਬਹੁਤ ਵੱਡਾ ਫਰਕ ਹੈ। ਡਰਾਮਿਆਂ ਨਾਲ ਲੋਕਾਂ ਦਾ ਮਨ ਪ੍ਰਚਾਵਾ ਹੋ ਜਾਂਦਾ ਐ ਅਤੇ ਡਰਾਮੇ ਵੇਖ ਕੇ ਲੋਕ ਘਰੋ ਘਰੀਂ ਚਲੇ ਜਾਂਦੇ ਆ ਤੇ ਦੂਜੇ ਦਿਨ ਆਪੋ ਆਪਣੇ ਕੰਮਾਂ ਵਿਚ ਰੁੱਝ ਜਾਂਦੇ ਆ। ਤੂੰ ਤਾਂ ਪੜ੍ਹ ਲਿਖ ਕੇ ਵੱਡਾ ਡਾਕਟਰ ਜਾਂ ਇੰਜੀਨੀਅਰ ਬਣਨਾ ਐ। ਵੇਖ, ਤੂੰ ਹੁਣ ਏ. ਸੀ. ਵਾਲੇ ਕਮਰੇ ਵਿਚ ਸੌਂਦਾ ਏਂ ਤੇ ਕਾਰਾਂ ਤੇ ਝੂਟੇ ਲੈਂਦਾ ਏਂਜੇਲ੍ਹਾਂ ਦੀਆਂ ਕਾਲ ਕੋਠੜੀਆਂ ਤਾਂ ਬਹੁਤ ਗੰਦੀਆਂ ਹੁੰਦੀਆਂ ...”

ਇਹ ਸੁਣ ਸੁਖਜੀਤ ਗੁੱਸੇ ਵਿਚ ਆ ਗਿਆ ਤੇ ਕਹਿਣ ਲੱਗਾ, “ਪਾਪਾ, ਮੈਨੂੰ ਅੱਜ ਪਤਾ ਲੱਗਿਆ ਕਿ ਤੁਸੀਂ ਵੀ ਆਮ ਲੋਕਾਂ ਦੀ ਤਰ੍ਹਾਂ ਹੀ ਹੋ। ਤੁਹਾਨੂੰ ਸਾਡੇ ਦੇਸ਼ ਦੇ ਕਿਸਾਨ ਖੁਦਕਸ਼ੀਆਂ ਕਰਦੇ ਨਹੀਂ ਦੀਹਦੇ। ਉਨ੍ਹਾਂ ਦੀ ਮਿਹਨਤ ਨਾਲ ਪਾਲੀ ਫਸਲ ਲੁੱਟੀ ਜਾ ਰਹੀ ਏ ਅਤੇ ਥਾਂ ਥਾਂ ਟੋਲ ਪਲਾਜ਼ੇ ਲਾ ਕੇ ਲੋਕਾਂ ਦੀ ਮਿਹਨਤ ਨਾਲ ਕੀਤੀ ਕਮਾਈ ਨੂੰ ਲੁੱਟਿਆ ਜਾ ਰਿਹਾ ਹੈ। ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਰਿਆ ਵਿਚ ਰੋੜ੍ਹਿਆ ਜਾ ਰਿਹਾ ਹੈ। ਚਲਾਕ ਲੋਕਾਂ ਅਤੇ ਧਨਾਢਾਂ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਲੁੱਟ ਲੁੱਟ ਸਵਿੱਸ ਬੈਂਕਾਂ ਵਿਚ ਜਮ੍ਹਾਂ ਕਰਾ ਰੱਖਿਆ ਹੈ। ਕਿਸਾਨ ਨਿੱਤ ਖੁਦਕੁਸ਼ੀਆਂ ਕਰ ਰਹੇ ਹਨ। ਫਿਰ ਇਹ ਕੇਹੀ ਆਜ਼ਾਦੀ ਹੈ? ਫਰਕ ਸਿਰਫ ਐਨਾ ਹੈ, ਉਦੋਂ ਅੰਗਰੇਜ਼ ਲੋਕਾਂ ਨੂੰ ਲੁੱਟਦੇ ਸੀ ਅਤੇ ਹੁਣ ਆਪਣੇ ਹੀ ਦੇਸ਼ ਦੇ ਚਲਾਕ ਲੋਕ, ਆਪਣੇ ਸਧਾਰਨ ਲੋਕਾਂ ਨੂੰ ਲੁੱਟ ਰਹੇ ਹਨ।”

ਸੁਖਜੀਤ ਤੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਕੇ ਸੁਰੈਣ ਸਿੰਘ ਦੇ ਬੁੱਲ੍ਹ ਸੀਤੇ ਗਏ ਅਤੇ ਉਸ ਨੂੰ ਆਪਣੇ ਘਰ ਦੀਆਂ ਨੀਂਹਾਂ ਹਿੱਲਦੀਆਂ ਜਾਪੀਆਂ। ਸੁਰੈਣ ਸਿੰਘ ਤਾਂ ਪੁੱਤਰ ਨੂੰ ਪੜ੍ਹਾ ਲਿਖਾ ਕੇ ਵਿਦੇਸ਼ ਵਿਚ ਸੈੱਟ ਕਰਨ ਦੇ ਸੁਪਨੇ ਸੰਜੋਈ ਬੈਠਾ ਸੀ। ਪਰ ਸੁਖਜੀਤ ਦੀਆਂ ਗੱਲਾਂ ਸੁਣ ਕੇ ਉਸ ਨੂੰ ਆਪਣੇ ਸੁਪਨੇ ਟੁੱਟਦੇ ਜਾਪੇ। ਉਸ ਨੇ ਜ਼ਬਤ ਵਿਚ ਰਹਿੰਦਿਆਂ ਸੁਖਜੀਤ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਡਰਾਵੇ ਵੀ ਦਿੱਤੇ, ਪਰ ਸੁਖਜੀਤ ’ਤੇ ਉਸ ਦੀਆਂ ਗੱਲਾਂ ਅਤੇ ਡਰਾਵਿਆਂ ਦਾ ਕੋਈ ਅਸਰ ਨਾ ਹੋਇਆ। ਸੁਖਜੀਤ ਇਹੀ ਜ਼ਿੱਦ ਕਰੀ ਬੈਠਾ ਸੀ ਕਿ ਉਹ ਆਪਣੇ ਦੇਸ਼ ਦੇ ਗਰੀਬ ਲੋਕਾਂ ਨੂੰ ਇਨ੍ਹਾਂ ਚਲਾਕ ਲੋਕਾਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਾ ਕੇ ਇਕ ਵਧੀਆ ਭਾਰਤ ਦੇਸ਼ ਬਣਾਏਗਾ। ਆਪਣੇ ਪਾਪਾ ਦੀਆਂ ਨਸੀਹਤਾਂ ਨੂੰ ਅਣਗੌਲ਼ਿਆ ਕਰਦਾ, ਪੈਰ ਪਟਕਦਾ ਆਪਣੇ ਕਮਰੇ ਵਿਚ ਚਲਿਆ ਗਿਆ।

ਸੁਰੈਣ ਸਿੰਘ ਦੇ ਘਰ ਉਸ ਦਿਨ ਰੋਟੀ ਨਾ ਪੱਕੀ।

ਸੁਰੈਣ ਸਿੰਘ ਸਾਰੀ ਰਾਤ ਉੱਸਲਵੱਟੇ ਲੈਂਦਾ ਰਿਹਾ।

*****

(228)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author