“ਜੇਕਰ ਇਨ੍ਹਾਂ ਕਲੰਕਾਂ ਨੂੰ ਮਿਟਾਉਣਾ ਹੈ ਤਾਂ ਹਰ ਸਾਲ ...”
(8 ਮਾਰਚ 2018)
ਅੱਜ ਔਰਤ ਦਿਵਸ ’ਤੇ ਵਿਸ਼ੇਸ਼
ਅੱਜ 8 ਮਾਰਚ ਹੈ। ਇਸ ਦਿਨ ਨੂੰ ਕੌਮੰਤਰੀ ਮਹਿਲਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸਿਰਫ ਕਾਨਫਰੰਸਾਂ ਕਰਕੇ ਮਰਦਾਂ ਨੂੰ ਭੰਡਿਆ ਜਾਂਦਾ ਹੈ। ਔਰਤਾਂ ਦੀ ਭਲਾਈ ਅਤੇ ਮੌਜੂਦਾ ਮਸਲਿਆਂ ਦਹੇਜ, ਮਾਦਾ ਭਰੂਣ ਹੱਤਿਆ ਅਤੇ ਬਲਾਤਕਾਰ ਦੇ ਮੁੱਦਿਆਂ ਨਾਲ ਸਿੱਝਣ ਬਾਰੇ ਕੋਈ ਵੀ ਠੋਸ ਢੰਗ ਤਰੀਕਾ ਨਹੀਂ ਅਪਣਾਇਆ ਜਾਂਦਾ। ਮੈਂ ਕਿਸੇ ਬਹਿਸ ਵਿੱਚ ਪੈਣਾ ਨਹੀਂ ਚਾ,, ਸਿਰਫ ਸੱਚ ਬੋਲਣ ਤੇ ਲਿਖਣ ਦੀ ਹੀ ਗੁਸਤਾਖੀ ਕਰ ਰਿਹਾ ਹਾਂ। ਜੇਕਰ ਸਾਫ਼ ਨਜ਼ਰ ਨਾਲ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਕੁੱਤੇ ਦਾ ਕੁੱਤਾ ਵੈਰੀ , ਹੈ, ਇਸੇ ਤਰ੍ਹਾਂ ਹੀ ਦਾਜ ਹੱਤਿਆ ਲਈ ਔਰਤ ਦੀ ਦੁਸ਼ਮਣ ਔਰਤ ਹੀ ਹੁੰਦੀ ਹੈ। ਹਮੇਸ਼ਾ ਸੱਸਾਂ, ਨਣਦਾਂ ਵੱਲੋਂ ਹੀ ਦਾਜ ਦੀ ਮੰਗ ਕੀਤੀ ਜਾਂਦੀ ਹੈ, ਮਰਦਾਂ ਵੱਲੋਂ ਤਾਂ ਆਟੇ ਵਿੱਚ ਲੂਣ ਦੇ ਬਰਾਬਰ ਹੀ ਅਜਿਹੀ ਮੰਗ ਹੋ ਸਕਦੀ ਹੈ। ਅੱਜ ਦਾਜ, ਮਾਦਾ ਭਰੂਣ ਹੱਤਿਆ ਅਤੇ ਸਮੂਹਿਕ ਬਲਾਤਕਾਰ ਵਰਗੇ ਘਿਨਾਉਣੇ ਕਲੰਕ ਚਰਚਾ ਦਾ ਵਿਸ਼ਾ ਬਣਨੇ ਚਾਹੀਦੇ ਹਨ।
ਜਿਉਂ-ਜਿਉਂ ਮਨੁੱਖ 21ਵੀਂ ਸਦੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ, ਤਿਉਂ ਤਿਉਂ ਸਾਦਗੀ, ਸਹਿਣਸ਼ੀਲਤਾ, ਈਮਾਨਦਾਰੀ ਅਤੇ ਸੱਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਜਦੋਂ ਤੋਂ ਧਰਤੀ ’ਤੇ ਜੀਵਨ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਮਨੁੱਖ ਨੇ ਸਾਇੰਸ ਨੂੰ ਪ੍ਰਫੁੱਲਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਹੁਣ ਮਨੁੱਖ ਆਪਣੀਆਂ ਲੋੜਾਂ ਨੂੰ ਭੁੱਲ ਆਪਣੀ ਐਸ਼ੋ ਇਸ਼ਰਤ ਅਤੇ ਲੋਭ-ਲਾਲਚ ਵਿੱਚ ਦਿਨੋਂ ਦਿਨ ਵਾਧਾ ਕਰਦਾ ਜਾ ਰਿਹਾ ਹੈ। ਇਹੀ ਐਸ਼ੋ ਇਸ਼ਰਤ, ਲੋਭ-ਲਾਲਚ ਨੇ ਉਸ ਨੂੰ ਮਾਨਸਿਕ ਤਣਾਓ ਵਿੱਚ ਇੰਨਾ ਉਲਝਾ ਦਿੱਤਾ ਹੈ ਕਿ ਉਸਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਖੰਭ ਲਾ ਕੇ ਉੱਡ ਗਏ ਹਨ। ਪੈਸਾ ਇਕੱਠਾ ਕਰਨ ਦੀ ਅੰਨ੍ਹੀ ਹਵਸ ਨੇ ਉਸ ਨੂੰ ਇੱਕ ਤੰਦਰੁਸਤ ਮਨੁੱਖ ਤੋਂ ਮਾਨਸਿਕ ਰੋਗੀ ਤੱਕ ਬਣਾ ਦਿੱਤਾ ਹੈ।
ਸਾਇੰਸ ਦੀਆਂ ਕਾਢਾਂ ਨੂੰ ਮਨੁੱਖ ਨੇ ਮਨੁੱਖਤਾ ਦੇ ਭਲੇ ਦੀ ਥਾਂ ਆਪਣੇ ਗਲਤ ਇਰਾਦਿਆਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਅਲਟਰਾਸਾਊਂਡ ਵਾਲੀ ਮਸ਼ੀਨ ਦੀ ਖੋਜ ਜਿਸ ਸਾਇੰਸਦਾਨ ਨੇ ਕੀਤੀ ਹੋਵੇਗੀ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਮਸ਼ੀਨ ਇੱਕ ਦਿਨ ਮਾਦਾ ਭਰੂਣ ਹੱਤਿਆ ਦਾ ਜਰੀਆ ਬਣ ਜਾਵੇਗੀ। ਕਿਹਾ ਜਾਂਦਾ ਹੈ ਕਿ ਪੁਰਾਤਨ ਸਮੇਂ ਵਿੱਚ ਵੀ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਇਸ ਬਾਰੇ ਇੱਕ ਅਖਾਣ ਵੀ ਬੋਲਿਆ ਜਾਂਦਾ ਸੀ ਕਿ ਜੰਮਦੀ ਕੁੜੀ ਦੇ ਮੂੰਹ ਵਿੱਚ ਗੁੜ ਪਾ ਕੇ ਹੱਥ ਵਿੱਚ ਰੂੰ ਦੀ ਪੂਣੀ ਫੜਾ ਕੇ ਉਸ ਨੂੰ ਕਬਰ ਵਿਚ ਦੱਬਦੇ ਸਮੇਂ ਇਹ ਕਿਹਾ ਜਾਂਦਾ ਸੀ ਕਿ “ਗੁੜ ਖਾਈਂ ਪੂਣੀ ਕੱਤੀਂ, ਆਪ ਨਾ ਆਈਂ, ਵੀਰੇ ਨੂੰ ਘੱਤੀਂ।” ਸ਼ਾਇਦ ਇਹ ਸੱਚ ਹੀ ਹੋਣਾ ਹੈ, ਇਸੇ ਕਰਕੇ ਹੀ ਬਾਬਾ ਨਾਨਕ ਨੂੰ ਕਹਿਣਾ ਪਿਆ ਸੀ ਕਿ “ਸੋ ਕਿਓਂ ਮੰਦਾ ਆਖੀਏ ਜਿਤੁ ਜੰਮੇ ਰਾਜਾਨ।” ਸਾਰੇ ਧਰਮਾਂ ਵਿੱਚ ਮਾਦਾ ਭਰੂਣ ਹੱਤਿਆ ਦਾ ਕੁਕਰਮ ਹੋ ਰਿਹਾ ਹੈ। ਦਿਖਾਵੇ ਦੇ ਤੌਰ ’ਤੇ ਹੀ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਅਤੇ ਨਰਾਤਿਆਂ ਦੌਰਾਨ ਕੰਜਕਾਂ ਬਿਠਾ ਕੇ ਉਨ੍ਹਾਂ ਦੇ ਪੈਰ ਧੋ-ਧੋ ਕੇ ਪੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।
ਭਾਵੇਂ ਸਰਕਾਰ ਨੇ ਮਾਦਾ ਭਰੂਣ ਹੱਤਿਆ ਰੋਕਣ ਲਈ ਪੀ.ਐਨ.ਡੀ.ਟੀ. ਵਰਗਾ ਐਕਟ ਪਾਸ ਕੀਤਾ ਹੋਇਆ ਹੈ, ਇਸ ਵਿੱਚ ਭਰੂਣ ਦਾ ਟੈਸਟ ਕਰਵਾਉਣ, ਟੈਸਟ ਲਈ ਉਕਾਸਉਣ ਅਤੇ ਟੈਸਟ ਕਰਨ ਵਾਲੇ ਲਈ ਸਜ਼ਾ ਦਾ ਪ੍ਰਬੰਧ ਹੈ ਪਰ ਕਾਨੂੰਨ ਦੀਆਂ ਚੋਰ ਮੋਰੀਆਂ ਨੂੰ ਕੌਣ ਨਹੀਂ ਜਾਣਦਾ। ਇਸ ਬਾਰੇ ਅੱਜ ਤੱਕ ਮਿਸਾਲੀ ਸਜ਼ਾ ਕਿਸੇ ਨੂੰ ਵੀ ਨਹੀਂ ਮਿਲੀ। ਇਸੇ ਕਰਕੇ ਮਾਦਾ ਭਰੂਣ ਹੱਤਿਆ ਬੇਰੋਕ ਟੋਕ ਜਾਰੀ ਹੈ। ਅਸਲ ਵਿੱਚ ਅਸੀਂ ਸਿਰਫ ਬੁਰਾਈ ਦੀਆਂ ਟਹਿਣੀਆਂ ਹੀ ਛਾਂਗ ਰਹੇ ਹਾਂ, ਇਸ ਦੀਆਂ ਜੜ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਇਸ ਸਵਾਲ ਦਾ ਜਵਾਬ ਨਾ ਸਰਕਾਰ ਕੋਲ ਹੈ ਅਤੇ ਨਾ ਹੀ ਸਿਹਤ ਮਹਿਕਮੇ ਕੋਲ ਹੈ ਕਿ ਇੰਨਾ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਵੀ ਮਾਦਾ ਭਰੂਣ ਹੱਤਿਆ ਕਿਉਂ ਨਹੀਂ ਰੁਕ ਰਹੀ। ਕਿਸੇ ਵੀ ਬਿਮਾਰੀ ਦਾ ਇਲਾਜ ਉੰਨਾ ਚਿਰ ਤੱਕ ਸੰਭਵ ਨਹੀਂ, ਜਿੰਨਾ ਚਿਰ ਤੱਕ ਉਸ ਬਿਮਾਰੀ ਨੂੰ ਫੈਲਣ ਦੇ ਕਾਰਨਾਂ ਦਾ ਸਾਨੂੰ ਪਤਾ ਨਾ ਹੋਵੇ। ਮਾਦਾ ਭਰੂਣ ਹੱਤਿਆ ਦਾ ਸਭ ਤੋਂ ਵੱਡਾ ਕਾਰਨ ਹੈ ਸ਼ਾਨਦਾਰ ਵਿਆਹ ਸਮਾਗਮ ਅਤੇ ਦਾਜ। ਜਿੰਨਾ ਚਿਰ ਤਕ ਇਨ੍ਹਾਂ ’ਤੇ ਰੋਕ ਨਹੀਂ ਲੱਗਦੀ, ਉੰਨਾ ਚਿਰ ਤਕ ਮਾਦਾ ਭਰੂਣ ਹੱਤਿਆ ਹੁੰਦੀ ਰਹੇਗੀ। ਵਿਆਹ ਸਮਾਗਮ ਉਦੋਂ ਤੋਂ ਹੀ ਜ਼ਿਆਦਾ ਮਹਿੰਗੇ ਹੋਏ ਹਨ ਜਦੋਂ ਤੋਂ ‘ਮੈਰਿਜ ਪੈਲੇਸ’ ਕਲਚਰ ਸ਼ੁਰੂ ਹੋਇਆ। ਵਿਆਹ ਜਿਹੇ ਪਵਿੱਤਰ ਰਿਸ਼ਤੇ ਵਿੱਚ ਬੰਨ੍ਹਣ ਸਮੇਂ ਮਾਮਿਆਂ, ਚਾਚਿਆਂ, ਤਾਇਆਂ, ਫੁੱਫੜਾਂ ਅਤੇ ਜਵਾਈਆਂ ਨੂੰ ਸੋਨੇ ਦੇ ਕੜੇ ਮੁੰਦੀਆਂ ਦੀ ਬੇਲੋੜੀ ਰਸਮ ਤੇ ਮੰਗ, ਵਿਆਹ ਪੈਲਿਸ ਵਿੱਚ ਕੀਤਾ ਜਾਵੇ, ਬਰਾਤੀਆਂ ਦੀ ਐਨੀ ਗਿਣਤੀ ਹੋਵੇਗੀ, ਸਵਾਦੀ ਖਾਣਿਆਂ ਦੇ ਨਾਲ-ਨਾਲ ਮੀਟ ਸ਼ਰਾਬ ਵੀ ਵਰਤਾਈ ਜਾਵੇ ਅਤੇ ਦਾਜ-ਦਹੇਜ ਨਾਲ ਲਾੜੇ ਲਈ ਮੋਟਸਾਈਕਲ ਜਾਂ ਕਾਰ ਵੀ ਦਿੱਤੀ ਜਾਵੇ। ਅਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਇਹ ਮਾਦਾ ਭਰੂਣ ਹੱਤਿਆ ਹੋ ਰਹੀ ਹੈ ਅਤੇ ਹੁੰਦੀ ਰਹੇਗੀ। ਜਦੋਂ ਵੀ ਕੋਈ ਜੋੜਾ, ਗਰਭਵਤੀ ਔਰਤ ਅਤੇ ਉਸਦਾ ਪਤੀ, ਕਿਸੇ ਮੈਰਿਜ ਪੈਲਿਸ ਦੇ ਅੱਗੋਂ ਲੰਘਦਾ ਹੈ ਤਾਂ ਉੱਥੇ ਪੈਲਿਸ ਅੱਗੇ ਲੱਗੀਆਂ ਸਜਾਵਟੀ ਨਿਸ਼ਾਨੀਆਂ, ਕਾਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਵੇਖ ਕੇ ਵਿਚਾਰਾ ਦਹਿਲ ਜਾਂਦਾ ਹੈ ਕਿ ਇੰਨਾ ਖਰਚਾ ਕਿੱਥੋਂ ਕਰਾਂਗੇ ਤੇ ਉਹ ਫਿਰ ਪਹਿਲਾਂ ਸਿੱਧਾ ਕਿਸੇ ਸਕੈਨ ਸੈਂਟਰ ’ਤੇ ਜਾਂਦਾ ਹੈ ਅਤੇ ਉੱਥੇ ਭਰੂਣ ਦਾ ਟੈਸਟ ਕਰਵਾਉਂਦਾ ਹੈ ਅਤੇ ਭਰੂਣ ਦੇ ਮਾਦਾ ਹੋਣ ’ਤੇ ਕਿਸੇ ਲਾਲਚੀ ਡਾਕਟਰ ਦੀ ਭਾਲ ਕਰਦਾ ਹੈ। ਅੱਜਕਲ 25-30 ਹਜ਼ਾਰ ਰੁਪਏ ਵਿੱਚ ਪੇਟ ਵਿੱਚ ਪਲ ਰਹੀ ਮਾਦਾ ਭਰੂਣ ਤੋਂ ਖਹਿੜਾ ਛੁਡਾ ਕੇ ਉਸ ਲੜਕੀ ਦੇ ਵਿਆਹ ਤੇ 25-30 ਲੱਖ ਖਰਚਣ ਤੋਂ ਬਚ ਜਾਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਮਾਦਾ ਭਰੂਣ ਹੱਤਿਆ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਮਾਮੀਆਂ, ਚਾਚੀਆਂ, ਤਾਈਆਂ, ਮਾਸੀਆਂ, ਭੈਣਾਂ ਅਤੇ ਭਾਬੀਆਂ ਦੇ ਰਿਸ਼ਤੇ ਤੱਕ ਖਤਮ ਹੋ ਜਾਣਗੇ।
ਅਸੀਂ ਮਾਦਾ ਭਰੂਣ ਹੱਤਿਆ ਦੇ ਕਾਰਨ ਤਾਂ ਸਮਝ ਗਏ ਹਾਂ। ਸਾਡੇ ਸਭ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਮਾਦਾ ਭਰੂਣ ਹੱਤਿਆ ਨੂੰ ਰੋਕਿਆ ਜਾ ਸਕਦਾ ਹੈ? ਮੇਰੀ ਤੁੱਛ ਸਮਝ ਅਨੁਸਾਰ ਇਸ ਦਾ ਜਵਾਬ ਹਾਂ ਵਿਚ ਹੈ। ਜੇਕਰ ਇਨ੍ਹਾਂ ਸੁਝਾਵਾਂ ’ਤੇ ਅਮਲ ਕਰਨ ਲਈ ਕਾਨੂੰਨ ਬਣਾਏ ਜਾਣ ਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਲਾਗੂ ਕੀਤਾ ਜਾਵੇ, ਜਿਵੇਂ ਸਾਡੇ ਮੋਦੀ ਜੀ ਨੇ ਰਾਤੋ ਰਾਤ ਸਾਰੀ ਲੋਕਾਈ ਨੂੰ ਨੋਟ ਬੰਦੀ ਕਰਕੇ ਬੈਂਕਾਂ ਅੱਗੇ ਲਾਈਨਾਂ ਵਿਚ ਲਗਾ ਦਿੱਤਾ ਸੀ ਜਾਂ ਫਿਰ ਅੱਧੀ ਰਾਤ ਤੋਂ ਜੀ.ਐਸ.ਟੀ. ਲਾਗੂ ਕਰ ਦਿੱਤਾ ਸੀ। ਇਸ ਤਰ੍ਹਾਂ ਕਰਕੇ ਮਾਦਾ ਭਰੂਣ ਹੱਤਿਆ ਨੂੰ ਵੀ ਰੋਕਿਆ ਜਾ ਸਕਦਾ ਹੈ। ਪਹਿਲਾਂ ਹੱਲ ਪੂਰੇ ਦੇਸ਼ ਵਿੱਚ ਮੈਰਿਜ ਅਦਾਲਤਾਂ ਬਣਾਈਆਂ ਜਾਣ, ਜਿੱਥੇ ਸਿਰਫ ਵਿਆਹ ਹੀ ਰਜਿਸਟਰਡ ਕੀਤੇ ਜਾਣ। ਹੋਰ ਕੋਈ ਵੀ ਕੰਮ ਨਾ ਕੀਤਾ ਜਾਵੇ। ਵਿਆਹ ਸਮਾਗਮ ਬੰਦ ਕਰਕੇ ਮੁੰਡੇ ਅਤੇ ਕੁੜੀ ਦੇ ਮਾਤਾ ਪਿਤਾ ਸਮੇਤ ਕੁੱਝ ਗਿਣਵੇਂ ਚੁਣਵੇਂ ਰਿਸ਼ਤੇਦਾਰ ਅਤੇ ਦੋਵੇਂ, ਮੁੰਡਾ ਕੁੜੀ, ਆਪਣੇ ਸਾਰੇ ਸਨਾਖ਼ਤੀ ਸਬੂਤ ਲੈ ਕੇ ਉਸ ਮੈਰਿਜ ਅਦਾਲਤ ਵਿੱਚ ਪਹੁੰਚ ਕੇ ਬਿਨਾਂ ਕਿਸੇ ਡਰ ਭੈਅ ਦੇ ਆਪਣਾ ਵਿਆਹ ਰਜਿਸਟਰਡ ਕਰਾਉਣ। ਇਸ ਵਿਆਹ ਰਜਿਸਟ੍ਰੇਸ਼ਨ ਲਈ ਘੱਟ ਤੋਂ ਘੱਟ ਫੀਸ ਰੱਖੀ ਜਾਵੇ ਜਾਂ ਬਿਲਕੁਲ ਹੀ ਮੁਫਤ ਰਜਿਸਟ੍ਰੇਸ਼ਨ ਕੀਤੀ ਜਾਵੇ। ਤਲਾਕ ਦੀ ਸੂਰਤ ਵਿੱਚ ਦੋਹਾਂ ਧਿਰਾਂ ਤੋਂ ਮੋਟੀ ਫੀਸ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਈ ਜਾਵੇ ਤਾਂ ਕਿ ਵਿਆਹ ਸਬੰਧੀ ਬਣੇ ਪੁਰਾਣੇ ਕਾਨੂੰਨਾਂ ਅਨੁਸਾਰ ਕੋਈ ਵੀ ਧਿਰ ਕਾਨੂੰਨ ਦਾ ਗਲਤ ਸਹਾਰਾ ਲੈ ਕੇ ਕਾਨੂੰਨ ਦਾ ਦੁਰਉਪਯੋਗ ਨਾ ਕਰ ਸਕੇ।
ਜੇਕਰ ਅਜਿਹਾ ਅਸੰਭਵ ਹੈ ਤਾਂ ਵਿਆਹ ਸਮੇਂ ਬਰਾਤੀਆਂ ਦੀ ਗਿਣਤੀ ਅਤੇ ਦੇਣ ਲੈਣ ’ਤੇ ਵੀ ਬੰਦਸ਼ਾਂ ਲਗਾਈਆਂ ਜਾ ਸਕਦੀਆਂ ਹਨ। ਕਾਨੂੰਨ ਸਭ ਤੋਂ ਉੱਪਰ ਹੋਵੇ ਅਤੇ ਕਿਸੇ ਵੀ ਧਰਮ ਨੂੰ ਇਸ ਵਿੱਚ ਦਖਲ ਅੰਦਾਜ਼ੀ ਕਰਨ ਦਾ ਅਧਿਕਾਰ ਨਾ ਹੋਵੇ। ਜ਼ਿਆਦਾ ਅਮੀਰਾਂ ਲਈ ਇਹ ਸ਼ਰਤ ਹੋਵੇ ਕਿ ਜਿੰਨਾ ਖਰਚ ਉਹ ਵਿਖਾਵਾ ਕਰਕੇ ਵਿਆਹ ’ਤੇ ਖਰਚ ਕਰਨਗੇ ਉਸ ਦੇ ਬਰਾਬਰ ਰਕਮ ਉਨ੍ਹਾਂ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਾਉਣੀ ਪਵੇਗੀ। ਸ਼ਾਹੀ ਵਿਆਹ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਸੰਵਿਧਾਨ ਵਿੱਚ ਸਭ ਬਰਾਬਰ ਹਨ, ਅਜਿਹੇ ਕਾਨੂੰਨ ਦੀਆਂ ਧਰਾਵਾਂ ਦਰਜ ਹਨ।
ਜੇਕਰ ਅਸੀਂ ਸੱਚਮੁੱਚ ਹੀ ਭਰੂਣ ਹੱਤਿਆ ਰੋਕਣ ਲਈ ਸੁਹਿਰਦ ਹਾਂ ਤਾਂ ਸਰਕਾਰੀ ਤੌਰ ’ਤੇ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਦੋ ਲੜਕੀਆਂ ਤੇ ਨਲਬੰਦੀ ਜਾਂ ਨਸਬੰਦੀ ਕਰਾਉਣ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਦੇ ਪਾਲਣ ਪੋਸ਼ਣ ਤੋਂ ਲੈ ਕੇ ਉਨ੍ਹਾਂ ਦੀ ਉੱਚ ਵਿੱਦਿਆ ਤੱਕ ਦੀ ਪੜ੍ਹਾਈ ਮੁਫਤ ਕੀਤੀ ਜਾਵੇ ਅਤੇ ਪੜ੍ਹਨ ਤੋਂ ਬਾਅਦ ਯੋਗਤਾ ਅਨੁਸਾਰ ਲਾਜ਼ਮੀ ਨੌਕਰੀ ਦੀ ਵਿਵਸਥਾ ਵੀ ਕੀਤੀ ਜਾਵੇ। ਕੀਤਾ ਤਾਂ ਬਹੁਤ ਕੁਝ ਜਾ ਸਕਦਾ ਹੈ ਜੇਕਰ ਸਾਡੇ ਇਰਾਦੇ ਪਾਕ ਸਾਫ਼ ਅਤੇ ਨੇਕ ਹੋਣ। ਪਰ ਅਸੀਂ ਤਾਂ ਗੁਰੂਆਂ, ਪੈਗ਼ੰਬਰਾਂ ਦਾ ਸਿਰਫ ਸਤਿਕਾਰ ਹੀ ਕਰ ਸਕਦੇ ਹਾਂ। ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ’ਤੇ ਨਾ ਤਾਂ ਖੁਦ ਅਮਲ ਕਰ ਸਕਦੇ ਹਾਂ ਅਤੇ ਨਾ ਹੀ ਕਿਸੇ ਨੂੰ ਅਮਲ ਕਰਦਿਆਂ ਸਹਾਰ ਸਕਦੇ ਹਾਂ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਮੱਥੇ ਦੇ ਕਲੰਕਾਂ ਨੂੰ ਮਿਟਾਇਆ ਜਾ ਸਕਦਾ ਹੈ? ਸਾਡੇ ਦੇਸ਼ ਦੇ ਕਾਨੂੰਨ ਬਾਰੇ ਕਿਸੇ ਵਿਦਵਾਨ ਨੇ ਕਿਹਾ ਹੈ ਕਿ ਇਹ ਕਾਨੂੰਨ ਤਾਂ ਮੱਕੜੀ ਦਾ ਇੱਕ ਕਮਜ਼ੋਰ ਜਾਲ਼ਾ ਹੈ, ਜਿਸ ਵਿੱਚ ਸਿਰਫ ਛੋਟੇ ਛੋਟੇ ਮੱਖੀਆਂ ਮੱਛਰ ਹੀ ਫਸਦੇ ਹਨ ਤੇ ਇਹ ਜਾਲ਼ਾ ਤਾਂ ਵੱਡਿਆਂ ਦਾ ਕੁਝ ਵੀ ਵਿਗਾੜ ਨਹੀਂ ਸਕਦਾ। ਜੇਕਰ ਇਨ੍ਹਾਂ ਕਲੰਕਾਂ ਨੂੰ ਮਿਟਾਉਣਾ ਹੈ ਤਾਂ ਹਰ ਸਾਲ 8 ਮਾਰਚ ਨੂੰ ਮਾਦਾ ਭਰੂਣ ਹੱਤਿਆ ਅਤੇ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਨਹੀਂ ਤਾਂ ਫਿਰ ਦਾਜ, ਮਾਦਾ ਭਰੂਣ ਹੱਤਿਆ ਅਤੇ ਸਮੂਹਿਕ ਬਲਾਤਕਾਰਾਂ ਨੂੰ ਰੋਕਣ ਲਈ ਅਸੀਂ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਹਾਂ ਅਤੇ ਝਾੜਦੇ ਹੀ ਰਹਾਂਗੇ।
*****
(1049)
ਆਪਣੇ ਵਿਚਾਰ ਸਾਂਝੇ ਕਰੋ: (sThis email address is being protected from spambots. You need JavaScript enabled to view it.)