“ਅਜੇ ਵੀ ਵੇਲਾ ਹੈ ਜੇਕਰ ਤੁਸੀਂ ਮਨੁੱਖ ਨੂੰ ਸੱਚ ਮੁੱਚ ਉੱਤਮ ਜੂਨੀ ...”
(25 ਜੁਲਾਈ 2017)
ਭਾਰਤ ਵਿੱਚ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਇਸ ਧਰਤੀ ’ਤੇ 84 ਲੱਖ ਜੂਨੀਆਂ ਹਨ ਅਤੇ 33 ਕਰੋੜ ਦੇਵੀ ਦੇਵਤੇ ਹਨ। ਨਾ ਤਾਂ ਅੱਜ ਤੱਕ ਜੂਨੀਆਂ ਅਤੇ ਨਾ ਹੀ ਦੇਵੀ ਦੇਵਤਿਆਂ ਬਾਰੇ ਕੋਈ ਕਿਤਾਬ ਛਪੀ ਹੈ ਅਤੇ ਨਾ ਹੀ ਛਪਣ ਦੀ ਆਸ ਕੀਤੀ ਜਾ ਸਕਦੀ ਹੈ। ਕੀ ਇਨ੍ਹਾਂ ਜੂਨੀਆਂ ਤੇ ਦੇਵੀ ਦੇਵਤਿਆਂ ਦੇ ਨਾਵਾਂ ਦੀ ਕੋਈ ਡਿਕਸ਼ਨਰੀ ਛਪ ਸਕੇਗੀ, ਜਿਸ ਤੋਂ ਇਸ ਬਾਰੇ ਜਾਣਿਆ ਜਾ ਸਕੇ ਕਿ ਇਹ ਸੱਚ ਹੈ ਜਾਂ ਸਿਰਫ ਕੋਈ ਕਲਪਨਾ ਹੈ। ਫਿਰ ਵੀ ਜੇਕਰ ਇਹ ਸੱਚ ਮੰਨ ਵੀ ਲਿਆ ਜਾਵੇ ਕਿ ਇੰਨੀਆਂ ਜੂਨੀਆਂ ਹੋ ਸਕਦੀਆਂ ਹਨ ਤੇ ਇਨ੍ਹਾਂ ਜੂਨੀਆਂ ਵਿੱਚੋਂ ਮਨੁੱਖ ਜੂਨੀ ਸਭ ਤੋਂ ਉੱਤਮ ਜੂਨੀ ਹੈ ਤਾਂ ਕੁੱਝ ਸਵਾਲਾਂ ਦੇ ਜਵਾਬ ਤਾਂ ਉਨ੍ਹਾਂ ਨੂੰ ਦੇਣੇ ਹੀ ਪੈਣੇ ਹਨ ਜੋ ਅਕਸਰ ਹੀ ਆਪਣੇ ਭਾਸ਼ਣਾਂ ਅਤੇ ਉਪਦੇਸ਼ਾਂ ਵਿੱਚ ਇਸ ਉੱਤਮ ਜੂਨੀ ਬਾਰੇ ਗੁਣਗਾਣ ਕਰਦੇ ਰਹਿੰਦੇ ਹਨ।
ਅਕਸਰ ਕਿਹਾ ਜਾਂਦਾ ਹੈ ਕਿ ਮਨੁੱਖ ਨੇ ਆਪਣੀਆਂ ਪਿਛਲੀਆਂ ਜੂਨੀਆਂ ਵਿਚ ਕੋਈ ਚੰਗਾ ਕਰਮ ਕੀਤਾ ਹੁੰਦਾ ਹੈ, ਜਿਸ ਕਰਕੇ ਹੀ ਉਸ ਨੇ ਉੱਤਮ ਜੂਨੀ ਮਨੁੱਖ ਜੂਨੀ ਵਿਚ ਜਨਮ ਲਿਆ ਹੈ। ਸੋਚਣ ਵਾਲੀ ਗੱਲ ਹੈ ਕਿ ਜੇਕਰ ਮਨੁੱਖ ਨੇ ਚੰਗੇ ਕਰਮ ਕੀਤੇ ਸਨ ਤਾਂ ਹੀ ਉਸ ਨੂੰ ਦੂਜੀਆਂ ਜੂਨੀਆਂ ਤੋਂ ਛੁਟਕਾਰਾ ਮਿਲ ਗਿਆ ਹੈ। ਮਾਫ ਕਰਨਾ ਕੁਝ ਸ਼ਬਦ ਤੁਹਾਨੂੰ ਅਟਪਟੇ ਜ਼ਰੂਰ ਲੱਗਣਗੇ। ਫਿਰ ਇਸ ਉੱਤਮ ਜੂਨੀ ਵਿੱਚ ਪੈਦਾ ਹੋਏ ਮਨੁੱਖ ਅੰਨ੍ਹੇ, ਕਾਣੇ, ਲੂਲੇ-ਲੰਗੜੇ, ਮਾਨਸਿਕ ਰੋਗੀ ਅਤੇ ਮੰਗਤੇ ਦੇ ਰੂਪ ਵਿਚ ਕਿਉਂ ਪੈਦਾ ਹੋਏ, ਉਹ ਰਿਸ਼ਟ-ਪੁਸ਼ਟ ਕਿਉਂ ਨਹੀਂ ਪੈਦਾ ਹੋਏ। ਕੀ ਕੁੱਤੇ ਦੀ ਜੂਨੀ ਉੱਤਮ ਨਹੀਂ ਹੈ ਜਿਹੜਾ ਮਹਿੰਗੀਆਂ ਕਾਰਾਂ ਵਿਚ ਝੂਟੇ ਲੈਂਦਾ ਹੈ। ਸ਼ਾਹੀ ਖਾਣੇ ਖਾਂਦਾ ਹੈ ਅਤੇ ਆਰਾਮਦਾਇਕ ਗੱਦਿਆਂ ’ਤੇ ਸੌਂਦਾ ਹੈ। ਇਹ ਤੁਸੀਂ ਆਪਣੀਆਂ ਅੱਖਾਂ ਨਾਲ ਖੁਦ ਦੇਖ ਸਕਦੇ ਹੋ। ਪਰ ਉੱਤਮ ਜੂਨੀ ਵਿਚ ਜਨਮਿਆਂ ਮਨੁੱਖ ਸੜਕਾਂ ’ਤੇ ਕੀੜਿਆਂ ਦੀ ਤਰ੍ਹਾਂ ਰੇਂਗਦਾ, ਭੀਖ ਮੰਗਦਾ ਅਤੇ ਸੜੇ ਹੋਏ ਕੂੜੇ ਦੇ ਢੇਰਾਂ ਨੂੰ ਫਰੋਲਦਾ ਗੰਦ ਚੁੱਕਦਾ ਅਤੇ ਗੰਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਕਿਉਂ ਰਹਿੰਦਾ ਹੈ?
ਕਹਿੰਦੇ ਹਨ ਕਿ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਹਨ ਪਰ ਮਨੁੱਖ ਜੂਨੀ ਵਿਚ ਜਨਮੇ ਉੱਤਮ ਮਨੁੱਖ ਦੇ ਤਾਂ ਦੋਨੋਂ ਪਾਸੇ ਦੰਦੇ ਹਨ। ਧਰਮ ਦੇ ਨਾਂ ’ਤੇ ਮਨੁੱਖ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਨਾਲ ਸਰਮਾਏਦਾਰ, ਸਿਆਸਤਦਾਨ ਅਤੇ ਧਰਮ ਉਪਦੇਸ਼ਕ ਮਨੁੱਖ ਨਹੀਂ ਚਾਹੁੰਦੇ ਕਿ ਮਨੁੱਖ ਨੂੰ ਸੋਝੀ ਆਵੇ ਅਤੇ ਉਹ ਆਪਣੀ ਚੰਗੀ ਜ਼ਿੰਦਗੀ ਜਿਉਣੀ ਸਿੱਖ ਜਾਵੇ। ਮਨੁੱਖ ’ਤੇ ਆਈਆਂ ਬਿਪਤਾਵਾਂ, ਉਨ੍ਹਾਂ ਦੀ ਗਰੀਬੀ ਬਾਰੇ ਉਨ੍ਹਾਂ ਦੇ ਪਿਛਲੇ ਕੀਤੇ ਕਰਮਾਂ ਦੀ ਦੁਹਾਈ ਦੇ ਕੇ ਮਨੁੱਖ ਨੂੰ ਔਝੜੇ ਰਾਹ ਪਾਇਆ ਜਾ ਰਿਹਾ ਹੈ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਨ੍ਹਾਂ ਦੀ ਗਰੀਬੀ ਤੇ ਬਿਪਤਾਵਾਂ ਅਸਲ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ’ਤੇ ਅਧਾਰਿਤ ਵਪਾਰ ਅਤੇ ਭ੍ਰਿਸ਼ਟਾਚਾਰ ਜਿਹੀਆਂ ਅਲਾਮਤਾਂ ਹਨ।
ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਆਤਮਾ ਦੀ ਅਮਰਤਾ ਵਿੱਚ ਲਾ ਦਿਓ ਤੇ ਉਸ ਨੂੰ ਜਿਵੇਂ ਮਰਜੀ ਲੁੱਟੋ, ਉਹ ਆਪਣੀ ਸਖਤ ਮਿਹਨਤ ਨਾਲ ਕੀਤੀ ਕਮਾਈ ਤੁਹਾਨੂੰ ਹੱਸ ਕੇ ਲੁਟਾਉਂਦਾ ਰਹੇਗਾ। ਧਾਰਮਿਕ ਉਪਦੇਸ਼ਕ ਮਾਇਆ ਨੂੰ ਨਾਗਣੀ ਦੱਸ ਕੇ ਖੁਦ ਆਪਣੀਆਂ ਜੇਬਾਂ ਮਾਇਆ ਨਾਲ ਭਰ ਰਹੇ ਹਨ ਅਤੇ ਲੋਕਾਂ ਦੀ ਆਸਥਾ ਦਾ ਨਜਾਇਜ਼ ਫਾਇਦਾ ਉਠਾ ਰਹੇ ਹਨ। ਓਪਰੀ ਨਜ਼ਰੇ ਵੇਖਿਆ ਜਾਵੇ ਤਾਂ ਉੱਤਮ ਜੂਨੀ ਵਿੱਚ ਪੈਂਦਾ ਹੋਇਆ ਮਨੁੱਖ ਹੀ ਮਨੁੱਖ ਦਾ ਦੁਸ਼ਮਣ ਬਣਿਆ ਹੋਇਆ ਹੈ। ਅੱਜ ਧਰਮ ਦੇ ਨਾਂ ’ਤੇ ਚਲਾਕ ਮਨੁੱਖ ਥਾਂ ਥਾਂ ਦੰਗੇ ਕਰਵਾ ਰਿਹਾ ਹੈ ਜਦੋਂ ਕਿ ਹੋਰ ਜੂਨੀਆਂ ਵਿਚ ਅਜਿਹਾ ਕੁੱਝ ਵੀ ਨਹੀਂ ਹੋ ਰਿਹਾ। ਜੇਕਰ ਮਨੁੱਖ ਦੀ ਉੱਤਮ ਜੂਨੀ ਤੋਂ ਬਿਨਾਂ ਕਿਸੇ ਜੂਨੀ ਵਿਚ ਅਜਿਹਾ ਹੋ ਰਿਹਾ ਹੈ ਤਾਂ ਬਿਨਾਂ ਝਿਜਕ ਦੱਸਿਆ ਜਾ ਸਕਦਾ ਹੈ।
ਕਿਸੇ ਸਮੇਂ ਮਾਂ ਦਾ ਦਰਜਾ ਮਨੁੱਖ ਜੂਨੀ ਵਿੱਚ ਸਭ ਤੋਂ ਉੱਪਰ ਸੀ ਪਰ ਅੱਜਕੱਲ ਇਹ ਉੱਤਮ ਜੂਨੀ ਦੀਆਂ ਕਈ ਮਾਵਾਂ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਜਾਂ ਤਾਂ ਰੂੜੀਆਂ ’ਤੇ ਸੁੱਟ ਆਉਂਦੀਆਂ ਹਨ ਜਾਂ ਫਿਰ ਨਵੇਂ ਹੋਂਦ ਵਿਚ ਆਏ ਪੰਗੂੜਿਆਂ ਦੇ ਹਵਾਲੇ ਕਰ ਆਉਂਦੀਆਂ ਹਨ ਪਰ ਦੂਜੇ ਪਾਸੇ ਜੰਗਲ ਵਿੱਚ ਵਿਚਲੀਆਂ ਜਾਨਵਰ ਮਾਵਾਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਨ੍ਹਾਂ ਦੀ ਸ਼ਿਕਾਰੀ ਜਾਨਵਰਾਂ ਤੋਂ ਰੱਖਿਆ ਖਾਤਰ ਸ਼ਿਕਾਰੀ ਜਾਨਵਰਾਂ ਨਾਲ ਭਿੜ ਜਾਂਦੀਆਂ ਹਨ ਅਤੇ ਕਈ ਵਾਰ ਤਾਂ ਖੁਦ ਹੀ ਉਸ ਸ਼ਿਕਾਰੀ ਜਾਨਵਰ ਦਾ ਸ਼ਿਕਾਰ ਹੋ ਜਾਂਦੀਆਂ ਹਨ। ਫਿਰ ਤੁਸੀਂ ਕਿਸ ਮੂੰਹ ਨਾਲ ਮਨੁੱਖ ਜੂਨੀ ਨੂੰ ਉੱਤਮ ਜੂਨੀ ਮੰਨਦੇ ਹੋ।
ਹਰੇਕ ਜੂਨੀ ਵਿੱਚ ਜੀਵਤ ਪ੍ਰਾਣੀ ਨੂੰ ਜਿਉਂਦੇ ਰਹਿਣ ਲਈ ਕੋਈ ਨਾ ਕੋਈ ਖੁਰਾਕ ਚਾਹੀਦੀ ਹੈ। ਸ਼ੇਰ ਉੱਤਮ ਜੂਨੀ ਨਹੀਂ ਫਿਰ ਵੀ ਉਹ ਉੰਨਾ ਚਿਰ ਹੋਰ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਦਾ ਜਿੰਨਾ ਚਿਰ ਤੱਕ ਉਹ ਰੱਜਿਆ ਹੋਇਆ ਹੁੰਦਾ ਹੈ। ਸ਼ੇਰ ਭੁੱਖੇ ਹੋਣ ’ਤੇ ਵੀ ਸ਼ੇਰ ਦਾ ਸ਼ਿਕਾਰ ਨਹੀਂ ਕਰਦਾ, ਉਹ ਆਪਣੀ ਖੁਰਾਕ ਲਈ ਦੂਜੇ ਜਾਨਵਰ ਨੂੰ ਮਾਰਦਾ ਹੈ। ਪਰ ਮਨੁੱਖ ਤਾਂ ਰੱਜਿਆ ਹੋਣ ਦੇ ਬਾਵਜੂਦ ਗੱਦੀਆਂ ’ਤੇ ਕਬਜ਼ਾ ਕਰਨ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਮਨੁੱਖ ਹੀ ਮਨੁੱਖ ਦਾ ਖੂਨ ਕਰਦਾ ਅਤੇ ਕਰਵਾਉਂਦਾ, ਅਸੀਂ ਅੱਖੀਂ ਦੇਖ ਸਕਦੇ ਹਾਂ। ਅੱਜ ਇਸ ਉੱਤਮ ਜੂਨੀ ਵਿਚ ਜਨਮੇ ਮਨੁੱਖ ਦੀ ਹੜਾਂ ਵਿਚ ਰੁੜ੍ਹਦੇ ਦੀ ਦੁਰਦਸ਼ਾ, ਇੱਕ ਦੇਸ਼ ਵੱਲੋਂ ਦੂਜੇ ਦੇਸ਼ ’ਤੇ ਕਬਜ਼ਾ ਕਰਨ ਲਈ ਤੋਪਾਂ, ਟੈਂਕਾਂ, ਬੰਬਾਰ ਜ਼ਹਾਜਾਂ ਨਾਲ ਹਮਲੇ, ਪਸ਼ੂਆਂ ਦੇ ਖਾਣ ਲਈ ਚਾਰਾ ਘੁਟਾਲੇ ਅਤੇ ਕੁਦਰਤੀ ਨਿਹਮਤਾ ਦੀ ਲੁੱਟ ਕਰਕੇ ਸਪੈਕਟ੍ਰਮ ਘੁਟਾਲੇ, ਸੜਕਾਂ, ਰੇਤਾ ਬਜਰੀ ਆਦਿ ਜਿਹੇ ਘੁਟਾਲੇ ਕਰਦੇ ਸਰਮਾਏਦਾਰ ਅਤੇ ਸਿਆਸਤਦਾਨ ਆਮ ਹੀ ਦੇਖੇ ਜਾ ਸਕਦੇ ਹਨ। ਇਸ ਉੱਤਮ ਜੂਨੀ ਵਿੱਚ ਜਨਮੇ ਮਨੁੱਖ ਦੇ ਵਹਿਸ਼ੀ ਕਾਰਿਆਂ ਦੀਆਂ ਖ਼ਬਰਾਂ ਅਸੀਂ ਦਿਨ ਰਾਤ ਟੈਲੀਵਿਜ਼ਨਾਂ ’ਤੇ ਵੇਖਦੇ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਹਰ ਰੋਜ਼ ਪੜ੍ਹਦੇ ਹਾਂ। ਫਿਰ ਵੀ ਅਸੀਂ ਚੁੱਪ ਹਾਂ ਕਿਉਂਕਿ ਇਹ ਅਖਾਣ ਬਿਲਕੁਲ ਸੱਚ ਸਾਬਤ ਕਰ ਰਹੇ ਹਾਂ ਕਿ “ਆਪਣੇ ਘਰ ਨੂੰ ਲੱਗੀ ਅੱਗ ਹੈ ਅਤੇ ਦੂਜੇ ਦੇ ਘਰ ਲੱਗੀ ਬਸੰਤਰ”।
ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਮਨੁੱਖ ਜੂਨੀ ਨੂੰ ਸਭ ਤੋਂ ਉੱਤਮ ਜੂਨੀ ਕਿਹਾ ਜਾ ਰਿਹਾ ਹੈ ਮੈਂ ਕਦੇ ਵੀ ਇਸ ਜੂਨੀ ਵਿੱਚ ਜਨਮ ਲੈਣ ਦਾ ਚਾਹਵਾਨ ਨਹੀਂ ਹਾਂ, ਕਿਉਂਕਿ ਜਿਸ ਜੂਨੀ ਵਿੱਚ ਸੱਚ ਨੂੰ ਸੱਚ ਕਹਿਣ ਵਾਲਾ ਜੇਲਾਂ ਵਿਚ ਡੱਕਿਆਂ ਜਾ ਰਿਹਾ ਹੋਵੇ ਅਤੇ ਝੂਠ ਫੈਲਾਉਣ ਤੇ ਝੂਠ ਦੀ ਖੱਟੀ ਖਾਣ ਵਾਲੇ ਮਨੁੱਖ ਧਾਰਮਿਕ ਮੁਖੌਟੇ ਧਾਰਨ ਕਰਕੇ ਐਸ਼ ਕਰ ਰਹੇ ਹੋਣ, ਉਸ ਜੂਨੀ ਵਿਚ ਪੈਦਾ ਹੋਣ ਨਾਲੋਂ ਤਾਂ ਹੋਰ ਅਨੇਕਾਂ ਜੂਨੀਆਂ ਹਨ ਜਿਨ੍ਹਾਂ ਵਿਚ ਬੜੀ ਵਧੀਆ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਅੱਜ ਹਰੇਕ ਧਰਮ ਵਿੱਚ ਉੱਤਮ ਜੂਨੀ ਨੇ ਮੈਂ (ਹਉਮੈ) ਭਾਰੂ ਕਰ ਦਿੱਤੀ ਹੈ। ਮਨੁੱਖ ਨੂੰ ਧਰਮਾਂ ਦੇ ਨਾਂ ’ਤੇ ਤਾਂ ਲੜਾਇਆ ਜਾ ਰਿਹਾ ਸੀ ਹੁਣ ਤਾਂ ਜਾਨਵਰਾਂ, ਥਾਵਾਂ, ਸ਼ਹਿਰਾਂ ਇੱਥੋਂ ਤੱਕ ਕਿ ਨਦੀ ਨਾਲਿਆਂ ਦੇ ਪਾਣੀਆਂ ’ਤੇ ਵੀ ਧਰਮ ਦੀ ਰੰਗਤ ਚਾੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਅਕਸਰ ਹੀ ਕਿਹਾ ਜਾਂਦਾ ਹੈ ਕਿ ਧਰਮ ਜੋੜਦਾ ਹੈ, ਤੋੜਦਾ ਨਹੀਂ। ਇਸ ਜੋੜਨ ਅਤੇ ਤੋੜਨ ਦੀ ਉਦਾਹਰਣ ਵੇਖੋ। ਮੈਂ ਹਿੰਦੂ, ਤੂੰ ਸਿੱਖ, ਆਹ ਮੁਸਲਮਾਨ ਅਤੇ ਔਹ ਈਸਾਈ ਦੇ ਮੁਖੌਟੇ ਪਾ ਕੇ ਮਨੁੱਖ ਨੂੰ ਮਨੁੱਖ ਨਾਲ ਲੜਾਇਆ ਜਾ ਰਿਹਾ ਹੈ। ਅਸੀਂ ਸਾਰੇ ‘ਇਨਸਾਨ’ ਹਾਂ ਕੋਈ ਨਹੀਂ ਕਹਿੰਦਾ - ਅਜੇ ਵੀ ਵੇਲਾ ਹੈ ਜੇਕਰ ਤੁਸੀਂ ਮਨੁੱਖ ਨੂੰ ਸੱਚ ਮੁੱਚ ਉੱਤਮ ਜੂਨੀ ਦਾ ਦਰਜਾ ਦਿੱਤਾ ਹੈ ਤਾਂ ਇਹ ਜਾਤਾਂ ਪਾਤਾਂ, ਗੋਤਾਂ, ਧਰਮਾਂ ਅਤੇ ਧਰਤੀ ’ਤੇ ਖਿੱਚੀਆਂ ਦੇਸ਼ ਪ੍ਰਦੇਸ਼ਾਂ ਦੀਆਂ ਸਰਹੱਦਾਂ ਨੂੰ ਢਾਹ ਕੇ ਮਨੁੱਖਤਾ ਅਤੇ ਸਾਂਝੀਵਾਲਤਾ ਦਾ ਸਬੂਤ ਦਿਓ। ਜੀਓ ਅਤੇ ਜੀਊਣ ਦਿਓ ਦੇ ਸਿਧਾਂਤ ਤੇ ਆਪ ਵੀ ਅਮਲ ਕਰੋ ਤੇ ਦੂਜਿਆਂ ਨੂੰ ਵੀ ਅਮਲ ਕਰਨ ਦੀ ਸਿੱਖਿਆ ਦਿਓ।
*****
(776)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)