InderjitChugavan7ਮੈਂ ਫੇਰ ਜਾਂਦਾ ... ਉਨ੍ਹਾਂ ਦੇ ਸਿਰ ਪਲੋਸ ਕੇ ਆਖਦਾ ... ਹੁਣ ਤਾਂ ਉੱਠਣਾ ਈ ਪੈਣਾ ਕਮਲ਼ੀਓ ...
(13 ਜੁਲਾਈ 2023)


ਧੀਆਂ ਤੇ ਕਵਿਤਾਵਾਂ

ਸਵੇਰ ਵੇਲੇ
ਰਸੋਈ ’ਚ ਰੁੱਝੀ
ਬੱਚੀਆਂ ਦੀ ਮਾਂ
ਜਦ ਆਖਦੀ
ਉਠਾਓ ਨਿਆਣੀਆਂ ਨੂੰ
ਸਕੂਲ ਦੀ ਬੱਸ ਛੁੱਟ ਜਾਊ
ਫੇਰ ਤੁਹਾਨੂੰ ਈ ਜਾਣਾ ਪਊ!

ਮੈਂ ਜਾ ਕੇ ਸਹਿਜੇ ਜਿਹੇ
ਮੂੰਹ ਤੋਂ ਰਜਾਈ ਹਟਾਉਂਦਾ
ਧੀਆਂ ਦਾ ਸਿਰ ਪਲੋਸਦਾ
ਕੰਨਾਂ ’ਚ ਹੌਲੀ ਜਿਹੇ
ਉੱਠਣ ਲਈ ਆਖਦਾ
ਉਨ੍ਹਾਂ ਦੀ ਨੀਂਦ ਸਗੋਂ
ਹੋਰ ਗੂੜ੍ਹੀ ਹੋ ਜਾਂਦੀ
ਪਾਪਾ ਦੇ ਹੱਥ ਦੀ ਛੋਹ ਨਾਲ

ਥੋੜ੍ਹੀ ਦੇਰ ਬਾਅਦ ਰਸੋਈ ’ਚੋਂ
ਫੇਰ ਸਵਾਲ ਗੂੰਜਦਾ
ਉੱਠੀਆਂ ਭਲਾ ...?
ਉਠਾ ਤਾਂ ਆਇਆ ਸੀ ਭਾਈ
ਮੈਂ ਆਖਦਾ
ਫੇਰ ਇੱਕ ਲਡਿੱਕੀ ਜਿਹੀ
ਨਾ ਅਮਲਯੋਗ ਘੂਰੀ ਘੂਕਦੀ
ਜਿਸ ਤਰ੍ਹਾਂ ਤੁਸੀਂ ਉਠਾਉਂਦੇ ਓ
ਇਨ੍ਹਾਂ ਉੱਠਣਾ ਭਲਾ …?
ਠਹਿਰੋ ਮੈਂ ਆਉਂਦੀ ਆਂ!

ਮੈਂ ਫੇਰ ਜਾਂਦਾ
ਉਨ੍ਹਾਂ ਦੇ ਸਿਰ ਪਲੋਸ ਕੇ ਆਖਦਾ
ਹੁਣ ਤਾਂ ਉੱਠਣਾ ਈ ਪੈਣਾ ਕਮਲ਼ੀਓ
ਨਹੀਂ ਤਾਂ ਪਾਪਾ ਦੇ ਕੁੱਟ ਪਈ ਸਮਝੋ!
ਉਹ ਉੱਠ ਕੇ ਅੰਗੜਾਈ ਭੰਨਦੀਆਂ
ਮੈਂ ਉਨ੍ਹਾਂ ਦੇ ਮੱਥੇ ਚੁੰਮਦਾ
ਰਸੋਈ ’ਚ ਪਿੱਛਿਓਂ ਦੀ ਆ
ਮਾਂ ਨੂੰ ਉਨ੍ਹਾਂ ਦੀ ਜੱਫੀ ਨਾਲ
ਪੂਰਾ ਹੁੰਦਾ ਸੀ ਸਾਡਾ ਨਿੱਤ ਨੇਮ!

ਧੀਆਂ ਹੁਣ ਕੋਲ ਨਹੀਂ ਰਹੀਆਂ
ਨਜ਼ਰਾਂ ਤੋਂ ਦੂਰ ਹੋ ਗਈਆਂ ਹਨ
ਉਨ੍ਹਾਂ ਦੇ ਸਿਰ ਦੀ ਛੋਹ ਨੂੰ ਤਰਸਦੇ
ਮੇਰੇ ਹੱਥ ਜਾ ਖੜ੍ਹਦੇ ਹਨ
ਆਪਣੀਆਂ ਕਵਿਤਾਵਾਂ ਸਿਰਹਾਣੇ
ਵਾਰ ਵਾਰ ਉਨ੍ਹਾਂ ਦੇ ਵਾਲ਼ ਸੰਵਾਰਦਾ ਹਾਂ
ਮੱਥਾ ਚੁੰਮਦਾ, ਮੰਮਾ ਦੇ ਆਉਣ ਦੀ
ਮਿੱਠੀ ਜਿਹੀ ਧਮਕੀ ਦਿੰਦਾ ਹਾਂ
ਤੇ ਆਖਦਾ ਹਾਂ
ਉੱਠੋ ਕਿਤੇ ਦੇਰ ਨਾ ਹੋ ਜਾਵੇ
ਕਿਤੇ ਬੱਸ ਨਾ ਲੰਘ ਜਾਵੇ!

ਅੱਖਾਂ ’ਚੋਂ ਉਮੜ੍ਹਦੀ ਸਿੱਲ੍ਹ
ਗੁੱਝੀ ਕਿੱਥੇ ਰਹਿੰਦੀ ਹੈ
ਧੀਆਂ ਦੀ ਮਾਂ ਆ ਕੇ
ਬਾਹਲ਼ਾ ਈ ਕਮਲ਼ਾ ਐ ਇਹ ਬੰਦਾ, ਆਖ
ਮੇਰਾ ਸਿਰ ਫੜ ਸੀਨੇ ਨਾਲ ਲਾਉਂਦੀ ਹੈ
ਤੇ ਮੈਂ ਕੁਝ ਵੀ ਨਾ ਹੋਣ ਦਾ ਨਾਟਕ ਕਰ
ਸਹਿਜ ਹੋਣ ਦਾ ਆਹਰ ਕਰਨ ਲੱਗਦਾ ਹਾਂ!

ਪਤਾ ਨਹੀਂ ਧੀਆਂ ਹਨ ਕਵਿਤਾਵਾਂ
ਜਾਂ ਕਵਿਤਾਵਾਂ ਹਨ ਧੀਆਂ
ਸਮਝ ਨਹੀਂ ਆਉਂਦੀ
ਕੋਈ ਰਿਸ਼ਤਾ ਤਾਂ ਜ਼ਰੂਰ ਹੈ
ਸ਼ਾਇਦ ਏਸੇ ਲਈ ਪੁੱਛਦੇ ਹਨ ਯਾਰ ਮੇਰੇ
ਕਿ ਤੇਰੀਆਂ ਕਵਿਤਾਵਾਂ ’ਚ
ਤਿਤਲੀਆਂ ਵਰਗਾ ਕਿਉਂ ਸਰੂਰ ਹੈ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4086)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author