InderjitChugavan7ਜ਼ਰਾ ਬਚ ਕੇ ਬਦਰੰਗੀ-ਕਾਰੋਬਾਰੀਆਂ ਤੋਂ, ਅੱਜ-ਕੱਲ੍ਹ ਇਨ੍ਹਾਂ ਦਾ ਬਹੁਤ ਬੋਲ-ਬਾਲਾ ਹੈ! ...
(17 ਜੁਲਾਈ 2021)

 

ਰੰਗ ਵੀ ਕਿਹੋ ਜਿਹੀ ਚੀਜ਼ ਹੁੰਦੇ ਹਨ। ਰੰਗਾਂ ਤੋਂ ਬਿਨ ਜ਼ਿੰਦਗੀ ਕਿੰਨੀ ਨੀਰਸ ਹੋ ਸਕਦੀ ਹੈ, ਇਹ ਸੋਚ ਕੇ ਹੀ ਪਰੇਸ਼ਾਨੀ ਜਿਹੀ ਪੈਦਾ ਹੋ ਜਾਂਦੀ ਹੈ। ਵੱਖੋ-ਵੱਖ ਰੰਗ, ਹਰ ਬੰਦੇ ਦੀ ਆਪੋ-ਆਪਣੀ ਪਸੰਦ। ਕਾਸ਼ਣੀ ਰੰਗ ਮੇਰਾ ਮਨ-ਭਾਉਂਦਾ ਰੰਗ ਹੈ ਪਰ ਮੈਂ ਦੂਸਰੇ ਰੰਗਾਂ ਨੂੰ ਵੀ ਪਿਆਰਦਾ ਹਾਂ ਕਿਉਂਕਿ ਉਨ੍ਹਾਂ ਰੰਗਾਂ ਦੀ ਬਦੌਲਤ ਹੀ ਕਾਸ਼ਣੀ ਰੰਗ ਦੀ ਸ਼ਾਨ ਹੈ।

ਰੰਗਾਂ ਬਾਰੇ ਸਾਡੇ ਜ਼ਿਹਨ ਵਿੱਚ ਕੁੱਝ ਧਾਰਨਾਵਾਂ ਸਹਿਜ-ਸੁਭਾਅ ਪੈਦਾ ਹੋ ਜਾਂਦੀਆਂ ਹਨ। ਸ਼ਗਨਾਂ ਦੇ ਮੌਕੇ ਲਾਲ ਰੰਗ ਹੀ ਚੰਗਾ ਹੁੰਦਾ ਹੈ, ਇਹ ਗੱਲ ਸਾਡੇ ਖੂਨ ਵਿੱਚ ਰਚੀ ਹੋਈ ਹੈ। ਸਿੱਖਾਂ-ਹਿੰਦੂਆਂਵਿੱਵਿੱਚ ਸੋਗ ਮੌਕੇ ਚਿੱਟਾ ਰੰਗ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ। ਮੁਸਲਿਮ ਭਾਈਚਾਰਾ ਸੋਗ ਮੌਕੇ ਕਾਲੇ ਰੰਗ ਨੂੰ ਤਰਜੀਹ ਦਿੰਦਾ ਹੈ। ਇਨ੍ਹਾਂ ਮੌਕਿਆਂ ’ਤੇ ਹੋਰ ਰੰਗ ਬਾਰੇ ਕੋਈ ਸੋਚ ਹੀ ਨਹੀਂ ਸਕਦਾ। ਜੇ ਕੋਈ ਹਿੰਮਤ ਕਰਦਾ ਵੀ ਹੈ ਤਾਂ ਪਰਵਾਰ ਵਿੱਚੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਰੰਗ ਤਾਂ ਰੰਗ ਹੀ ਹੈ, ਬਦਰੰਗ ਤਾਂ ਮਨੁੱਖ ਦੀ ਮਨੋ-ਅਵਸਥਾ ਹੈ। ਚਿੱਟਾ ਰੰਗ ਅਮਨ-ਸ਼ਾਂਤੀ ਦਾ ਪ੍ਰਤੀਕ ਕਿਸ ਨੇ ਬਣਾਇਆ, ਕਾਲੇ ਰੰਗ ਨੂੰ ਮਨਹੂਸ ਕਿਉਂ ਕਿਹਾ ਜਾਂਦਾ ਹੈ? ਇਹ ਸਵਾਲ ਅਕਸਰ ਮਨ ਵਿੱਚ ਉੱਠਦੇ ਰਹਿੰਦੇ ਹਨ। ਨਾਜਾਇਜ਼ ਢੰਗ ਨਾਲ ਕਮਾਇਆ ਧੰਨ, ਕਾਲਾ ਕਿਓਂ ਹੈ , ਉਸ ਨੂੰ ਨਾਜਾਇਜ਼ ਧੰਨ ਜਾਂ ਹਰਾਮੀ ਧੰਨ ਕਿਉਂ ਨਹੀਂ ਕਿਹਾ ਜਾ ਸਕਦਾ?

ਸਾਡੇ ਜ਼ਿਹਨ ਵਿੱਚ, ਸਾਡੇ ਪੋਤੜਿਆਂ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਕਾਲਾ ਰੰਗ ਚੰਗਾ ਹੋ ਹੀ ਨਹੀਂ ਸਕਦਾ। ਫਿਲਮਾਂ ਵਿੱਚ ਨਕਾਰਾਤਮਕ ਰੋਲ ਕਰਨ ਵਾਲੇ ਅਦਾਕਾਰ ਦਾ ਰੰਗ ਕਾਲਾ ਹੀ ਦੇਖਦੇ ਆਏ ਹਾਂਪਤਾ ਨਹੀਂ ਕਾਲੇ ਰੰਗ ਨੇ ਕੀ ਗੁਨਾਹ ਕੀਤਾ ਹੈ? ਅਚਾਨਕ ਕਾਲੇ ਰੰਗ ਦਾ ਬੰਦਾ ਦੇਖ ਕੇ ਡਰ ਜਾਣਾ ਸਾਡੀ ਇੱਕ ਸਹਿਵਨ ਪ੍ਰਤੀਕਿਰਿਆ ਹੈ। ਇਸ ਮਾਨਸਿਕਤਾ ਨੂੰ ਬਦਲਣ ਦਾ ਖਿਆਲ ਮਨ ਵਿੱਚ ਸ਼ਾਇਦ ਹੀ ਕਦੇ ਆਇਆ ਹੋਵੇ।

ਇਸੇ ਮਾਨਸਿਕਤਾ ਕਾਰਨ ਹੀ ਸਿਆਹਫਾਮ ਲੋਕ ਦੁਨੀਆਂ ਭਰ ਵਿੱਚ ਵਿਤਕਰੇ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਸਮੇਂ ਸਮੇਂ ਇਸ ਵਿਤਕਰੇ ਵਿਰੁੱਧ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ ਪਰ ਹਾਲਾਤ ਅਜਿਹੇ ਹਨ ਕਿ ਚਿੱਟੇ-ਕਾਲੇ-ਰੰਗਦਾਰ ਦੀਆਂ ਲਕੀਰਾਂ ਮਿਟਣ ਦਾ ਨਾਂਅ ਹੀ ਨਹੀਂ ਲੈ ਰਹੀਆਂ।

ਅਮਰੀਕਾ ਵਿੱਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੈਦਾ ਹੋਈ “ਬਲੈਕ ਲਾਈਵਜ਼ ਮੈਟਰ” ਨਾਂਅ ਦੀ ਲਹਿਰ ਨੇ ਦੁਨੀਆ ਭਰ ਦਾ ਧਿਆਨ ਇੱਕ ਵਾਰ ਫੇਰ ਇਸ ਬਿਮਾਰੀ ਵੱਲ ਖਿੱਚਿਆ ਹੈ।

ਸਿਆਹਫਾਮ ਲੋਕਾਂ ਨਾਲ ਮਿਲਣ-ਵਰਤਣ ਦਾ ਮੈਨੂੰ ਕਈ ਵਾਰ ਮੌਕਾ ਮਿਲਦਾ ਰਿਹਾ ਹੈ ਤੇ ਉਨ੍ਹਾਂ ਬਾਰੇ ਮੇਰੇ ਮਨ ਵਿੱਚ ਕਦੇ ਵੀ ਕੋਈ ਮੰਦ-ਭਾਵਨਾ ਪੈਦਾ ਨਹੀਂ ਹੋਈ। ਹਾਲ ਹੀ ਵਿੱਚ ਹੋਏ ਇੱਕ ਹੋਰ ਤਜਰਬੇ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ।

ਮੈਂ ਜਿਸ ਟਰੱਕਿੰਗ ਕੰਪਨੀ ‘5ਆਬੀ’ ਨਾਲ ਪਹਿਲਾਂ ਕੰਮ ਕਰਦਾ ਸੀ, ਉਸਦਾ ਐਮਾਜ਼ੌਨ ਨਾਲ ਕੰਟਰੈਕਟ ਹੈ। ਅਸੀਂ ਇੱਕ ਵਾਰ ਟੈਕਸਸ ਦੇ ਡੈਲਸ ਸ਼ਹਿਰ ਅੰਦਰ ਦੋ ਥਾਂਵਾਂ ’ਤੇ ਹੁੱਕ-ਡਰਾਪ ਕਰਨਾ ਸੀ। ਪਹਿਲਾਂ ਵਿਲਮਰ, ਜੋ ਡੈਲਸ ਦਾ ਹੀ ਹਿੱਸਾ ਹੈ ਤੇ ਬਾਅਦ ਵਿੱਚ ਡੈਲਸ ਦੇ ਹੀ ਲਿੰਡਨ ਬੀ ਜਾਨਸਨ ਫਰੀਵੇ ਵਾਲੀ ਥਾਂ ਦੂਸਰੀ ਥਾਂ ਅਸੀਂ ਸਵੇਰੇ 7:39 ਵਜੇ ਚੈੱਕ ਇਨ ਕਰਨਾ ਸੀ ਪਰ ਅਸੀਂ ਚਾਰ ਘੰਟੇ ਪਹਿਲਾਂ ਪਹੁੰਚ ਗਏ। ਸੋਚਿਆ ਕਿ ਜੇ ਲੋਡ ਜਾਂਦਿਆਂ ਨੂੰ ਮਿਲ ਜਾਵੇ ਤਾਂ ਸਮਾਂ ਬਚ ਜਾਵੇਗਾ ਤੇ ਅਗਲਾ ਸਫ਼ਰ ਆਰਾਮ ਨਾਲ ਚੱਲ ਸਕਾਂਗੇ

ਪਹਿਲੀ ਵਾਰ ਐਮਾਜ਼ੌਨ ਦੀ ਇਸ ਲੋਕੇਸ਼ਨ ’ਤੇ ਆਏ ਸੀ, ਇਸ ਲਈ ਪੂਰੀ ਜਾਣਕਾਰੀ ਨਹੀਂ ਸੀ। ਟਰੱਕਾਂ ਦੀ ਮੀਲ ਤੋਂ ਵੀ ਵੱਧ ਲੰਮੀ ਕਤਾਰ ਲੱਗੀ ਹੋਈ ਸੀ। ਅਸੀਂ ਸੋਚਿਆ ਕਿ ਨਾਲ ਲੱਗਦੀ ਇੱਕ ਹੋਰ ਕੰਪਨੀ ਵਾਸਤੇ ਇਹ ਲਾਈਨ ਹੋਵੇਗੀ, ਐਮਾਜ਼ੌਨ ਦੀ ਲਾਈਨ ਤਾਂ ਏਨੀ ਲੰਮੀ ਹੋ ਨਹੀਂ ਸਕਦੀ। ਸਾਡਾ ਤਜਰਬਾ ਤਾਂ ਇਹੋ ਕਹਿ ਰਿਹਾ ਸੀ ਇਸ ਲਈ ਆਪਣਾ ਟਰੱਕ ਬਿਨਾ ਕਿਸੇ ਫਿਕਰਮੰਦੀ ਦੇ ਅੱਗੇ ਲੈ ਗਏ। ਜਦ ਪਤਾ ਲੱਗਾ ਕਿ ਕਤਾਰ ਤਾਂ ਐਮਾਜ਼ੌਨ ਵਾਲੀ ਹੀ ਹੈ, ਗਲਤੀ ਦਾ ਅਹਿਸਾਸ ਹੋ ਗਿਆ ਪਰ ਦਰੁਸਤੀ ਦੀ ਸੰਭਾਵਨਾ ਹੁਣ ਨਹੀਂ ਸੀ ਕਿਉਂਕਿ ਪਿੱਛੇ ਮੁੜਨਾ ਕਿਸੇ ਵੀ ਸੂਰਤ ਵਿੱਚ ਸੰਭਵ ਨਹੀਂ ਸੀ! ਮੋੜ ’ਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਇੱਕ ਡਰਾਈਵਰ ਕੋਲ ਜਾ ਕੇ ਪਹਿਲਾਂ ਉਸ ਕੋਲੋਂ ਮੁਆਫ਼ੀ ਮੰਗੀ ਤੇ ਉਸ ਨੂੰ ਦੱਸਿਆ ਕਿ ਅਸੀਂ ਪਹਿਲੀ ਵਾਰ ਇਸ ਥਾਂ ਆਏ ਹਾਂ ਤੇ ਗਲਤੀ ਕਰ ਬੈਠੇ ਹਾਂ, ਹੁਣ ਅਸੀਂ ਕੀ ਕਰੀਏ? ਸਿਆਹਫਾਮ ਡਰਾਈਵਰ ਹੱਸ ਕੇ ਬੋਲਿਆ, “ਕੋਈ ਗੱਲ ਨਹੀਂ , ਚਾਰ ਘੰਟੇ ਹੋ ਗਏ ਹਨ ਉਡੀਕਦਿਆਂ, ਤੁਸੀਂ ਆਪਣਾ ਟਰੱਕ ਮੇਰੇ ਅੱਗੇ ਕਰ ਲਿਓ। ਥੋੜ੍ਹਾ ਹੋਰ ਲੇਟ ਹੋ ਜਾਵਾਂਗੇ, ਕੋਈ ਫਰਕ ਨਹੀਂ ਪੈਣ ਲੱਗਾ।” ਇਹ ਗੱਲ ਸੁਣ ਕੇ ਅਸੀਨ ਥੋੜਾ ਤਣਾਅ ਮੁਕਤ ਹੋ ਗਏ ਪਰ ਟਰੱਕਾਂ ਦੀ ਕਤਾਰ ਹਿੱਲੇ ਹੀ ਨਾ। ਬੜੀ ਮੁਸ਼ਕਲ ਨਾਲ ਆਪਣਾ ਟਰੱਕ ਕਤਾਰ ਵਿੱਚ ਲਿਆਂਦਾ।

ਸੋਚਿਆ ਕਿ ਗੇਟ ’ਤੇ ਜਾ ਕੇ ਪਤਾ ਕਰਦੇ ਹਾਂ ਕਿ ਮਸਲਾ ਕੀ ਹੈ! ਮੈਂ ਅਜੇ ਸੋਚ ਹੀ ਰਿਹਾ ਸੀ ਕਿ ਮੇਰੇ ਨਾਲ਼ੋਂ ਹੱਥ ਭਰ ਉੱਚਾ ਇੱਕ ਹੋਰ ਸਿਆਹਫਾਮ ਡਰਾਈਵਰ ਆ ਕੇ ਮੇਰੇ ਗਲ਼ ਪੈ ਗਿਆ, “ਵੱਟ ’ਦ ਹੈੱਲ ਯੂ ਆਰ ਡੂਇੰਗ!” ਮੈਂ ਸੋਚਿਆ ਕਿ ਉਹ ਸਾਡੀ ਗਲਤੀ ਪੱਖੋਂ ਗ਼ੁੱਸੇ ਵਿੱਚ ਹੈ। ਇਸ ਲਈ ਮੈਂ ਆਖਿਆ, “ਸੌਰੀ ਬਰੋ, ਅਸੀਂ ਪਹਿਲੀ ਵਾਰ ਆਏ ਹਾਂ ਤੇ ਸਾਨੂੰ ਪਤਾ ਨਹੀਂ ਸੀ।” ਉਹ ਹੈਰਾਨ ਹੋ ਕੇ ਪੁੱਛਣ ਲੱਗਾ, “ਤੁਸੀਂ ਐਮਾਜ਼ੌਨ ਦੇ ਮੁਲਾਜ਼ਮ ਨਹੀਂ ਹੋ?” ਦਰਅਸਲ ਉਹ ਮੇਰੀ ਸੇਫਟੀ ਵੈਸਟ ਤੋਂ ਭੁਲੇਖਾ ਖਾ ਗਿਆ ਸੀ। ਉਸਨੇ ਬੜੇ ਸਲੀਕੇ ਨਾਲ ਇੱਕ ਹੱਥ ਛਾਤੀ ’ਤੇ ਰੱਖ ਕੇ ਮੈਥੋਂ ਮੁਆਫ਼ੀ ਮੰਗੀ। ਉਸ ਦੇ ਵਿਹਾਰ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਪੁੱਛ ਰਿਹਾ ਸੀ, “ਸੱਚ ਦੱਸੀਂ, ਤੂੰ ਉਸਦੇ ਕੱਦ ਤੋਂ ਡਰਿਆ ਸੀ ਜਾਂ ਉਸਦੇ ਗੂੜ੍ਹੇ ਕਾਲੇ ਰੰਗ ਤੋਂ?” ਮੈਂ ਆਪਣੇ ਸਾਹਵੇਂ ਛੋਟਾ ਪੈ ਗਿਆ ਸੀ ਉਸ ਵੇਲੇ।

ਮੈਂ ਇਹ ਵੀ ਸੋਚ ਰਿਹਾ ਸੀ ਕਿ ਜੇ ਅਸੀਂ ਪੰਜਾਬ ਵਿੱਚ ਟਰੱਕ ਚਲਾ ਰਹੇ ਹੁੰਦੇ ਤੇ ਉੱਥੇ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਤਾਂ ਸਾਡਾ ਤਾਂ ਹੁਣ ਤੱਕ ਹੁਲੀਆ ਵਿਗੜਿਆ ਹੋਣਾ ਸੀ। ਆਪਣੀ ਗਲਤੀ ਲਈ ਉਸਨੇ ਮੈਥੋਂ ਇੱਕ ਵਾਰ ਨਹੀਂ, ਵਾਰ ਵਾਰ ਮੁਆਫ਼ੀ ਮੰਗੀ ਤੇ ਪਿੱਛੇ ਵੱਲ ਮੁੜ ਪਿਆ। ਉਹ ਦੱਸ ਰਿਹਾ ਸੀ ਕਿ ਰਾਤ ਇੱਕ ਵਜੇ ਦਾ ਕਤਾਰ ਵਿੱਚ ਲੱਗਾ ਉਹ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਮੈਨੂੰ ਜਾਪਿਆ ਕਿ ਉਹ ਵੀ ਪਹਿਲੀ ਵਾਰ ਆਇਆ ਹੋਵੇਗਾ, ਨਹੀਂ ਤਾਂ ਉਸਨੇ ਭੜਕਾਹਟ ਵਿੱਚ ਨਹੀਂ ਸੀ ਆਉਣਾ। ਮੈਂ ਉਸ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਮੇਰੇ ਨਾਲ ਚੱਲੇ ਤੇ ਪਤਾ ਕਰਦੇ ਹਾਂ ਕਿ ਮਸਲਾ ਕੀ ਹੈ। ਗੇਟ ’ਤੇ ਡਿਊਟੀ ਦੇ ਰਹੀ ਬੀਬੀ ਦਾ ਜੁਆਬ ਸੀ ਕਿ ਉਸ ਦੀ ਸ਼ਿਫ਼ਟ ਖਤਮ ਹੋ ਚੁੱਕੀ ਹੈ, ਅਗਲੀ ਸ਼ਿਫਟ ਦੀ ਉਡੀਕ ਕਰੋ। ਮੱਥੇ ’ਤੇ ਹੱਥ ਹੀ ਮਾਰ ਸਕਦੇ ਸੀ। ਆਪੋ-ਆਪਣੇ ਟਰੱਕ ਵਿੱਚ ਪਰਤਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਆਪਣੇ ਟਰੱਕ ਵੱਲ ਜਾਣ ਤੋਂ ਪਹਿਲਾਂ ਉਸ ਨੇ ਇੱਕ ਵਾਰ ਫੇਰ ਮੁਆਫ਼ੀ ਮੰਗੀ ਤਾਂ ਮੈਂ ਉਸ ਨੂੰ ਕਲਾਵੇ ਵਿੱਚ ਲੈ ਕੇ ਕਿਹਾ, “ਟੇਕ ਇਟ ਈਜ਼ੀ ਬਰੋ!”

ਘੰਟਾ ਕੁ ਆਪਣੇ ਟਰੱਕ ਵਿੱਚ ਬੈਠ ਕੇ ਮੈਂ ਫਿਰ ਥੱਲੇ ਉੱਤਰ ਆਇਆ ਤਾਂ ਇੱਕ ਹੋਰ ਸਿਆਹਫਾਮ ਡਰਾਈਵਰ ਮੇਰੇ ਕੋਲ ਆਗਿਆ। ਬੜਾ ਹੱਸਮੁੱਖ, ਨਾਂਅ ਸੀ ਬੌਬੀ ਗਰੀਨ। ਮੈਨੂੰ ਕਹਿਣ ਲੱਗਾ, “ਫਿਕਰ ਨਾ ਕਰੋ, ਇਸ ਥਾਂ ਮੈਂ ਚੌਵੀ-ਚੌਵੀ ਘੰਟੇ ਦੀ ਉਡੀਕ ਵੀ ਕੀਤੀ ਹੋਈ ਹੈ!”

ਉਸ ਜਗ੍ਹਾ ਐਮਾਜ਼ੌਨ ਦਾ ਕੰਮ ਚੌਵੀ ਘੰਟੇ ਨਹੀਂ ਚੱਲਦਾ, ਪਤਾ ਨਹੀਂ ਮੁਲਾਜ਼ਮਾਂ ਦੀ ਕਿੱਲਤ ਹੈ ਜਾਂ ਕੁੱਝ ਹੋਰ ਪਰ ਟਰੱਕ ਡਰਾਈਵਰਾਂ ਨੂੰ ਲੰਮੀਆਂ ਕਤਾਰਾਂ ਵਿੱਚ ਲੱਗ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਹੈ ਮੈਂ ਤੇ ਬੌਬੀ ਅੰਦਰ ਦੂਰ ਤੱਕ ਗਏ ਪਰ ਕੋਈ ਵੀ ਚਿੜੀ-ਪਰਿੰਦਾ ਨਜ਼ਰ ਨਹੀਂ ਆਇਆ।

ਬੌਬੀ ਹੱਸਦਾ ਹੋਇਆ ਕਹਿਣ ਲੱਗਾ, “ਆਹ ਜਿਹੜੇ ਲਾਈਨ ਵਿੱਚ ਲੱਗੇ ਹੋਏ ਆ ਨਾ, ਇਨ੍ਹਾਂ ਵਿੱਚੋਂ ਕਈਆਂ ਨੂੰ ਇਹ ਕਹਿ ਕੇ ਵਾਪਸ ਵੀ ਭੇਜ ਸਕਦੇ ਹਨ ਕਿ ਤੁਸੀਂ ਸਹੀ ਲਾਈਨ ਵਿੱਚ ਨਹੀਂ ਹੋ।” ਬੌਬੀ ਦੀ ਗੱਲ ਸੁਣਕੇ ਮੈਨੂੰ ਆਪਣਾ ਡਰ ਕਿ ਕਿਤੇ ਸਾਡੇ ਨਾਲ ਵੀ ਅਜਿਹਾ ਨਾ ਵਾਪਰੇ ਤੇ ਅੱਧੇ ਘੰਟੇ ਬਾਅਦ ਗੱਲ ਵੀ ਉਹੀ ਹੋਈ।

ਐਮਾਜ਼ੌਨ ਦਾ ਟ੍ਰੈਫਿਕ-ਹੈੱਡ ਆ ਗਿਆ ਤੇ ਉਸ ਨੇ ਸਾਨੂੰ ਦੱਸਿਆ ਕਿ ਤੁਹਾਡੀ ਕਤਾਰ ਸੱਜੀ ਹੈ, ਤੁਹਾਨੂੰ ਚੱਕਰ ਕੱਢ ਕੇ ਉਸ ਕਤਾਰ ਵਿੱਚ ਆਉਣਾ ਪਵੇਗਾ। ਅਸੀਂ ਦਲੀਲ ਦਿੱਤੀ ਕਿ ਤਿੰਨ ਘੰਟੇ ਤੋਂ ਵੱਧ ਦੀ ਉਡੀਕ ਪਹਿਲਾਂ ਹੀ ਕਰ ਚੁੱਕੇ ਹਾਂ, ਅਸੀਂ ਤਾਂ ਬਹੁਤ ਲੇਟ ਹੋ ਜਾਵਾਂਗ? ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਮੈਂ ਤੇ ਮੇਰਾ ਕੋ-ਡਰਾਈਵਰ ਦਵਿੰਦਰ ਸਹਿਜ ਭਾਅ ਨਾਲ ਗੱਲ ਕਰ ਰਹੇ ਸੀ ਪਰ ਇਸਦੇ ਬਾਵਜੂਦ ਉਹ ਸਾਨੂੰ ਪੁਲਸ ਦੀ ਧਮਕੀ ਦੇਣ ਲੱਗ ਪਿਆ। ਮੈਂ ਉਸ ਨੂੰ ਠੰਢਾ ਕਰਦਿਆਂ ਕਿਹਾ, “ਅਸੀਂ ਜਦ ਆਪਣੀ ਕਤਾਰ ’ਚ ਜਾਣ ਲਈ ਤਿਆਰ ਹਾਂ ਤਾਂ ਪੁਲਸ ਦੀਆਂ ਧਮਕੀਆਂ ਦੇਣ ਦਾ ਕੀ ਕੰਮ! ਪੁਲਸ ਦੀ ਲੋੜ ਉਦੋਂ ਹੁੰਦੀ ਹੈ ਜਦ ਸਾਹਮਣੇ ਵਾਲੀ ਧਿਰ ਆਪਣੀ ਜ਼ਿੱਦ ਕਾਰਨ ਦੂਸਰਿਆਂ ਲਈ ਪਰੇਸ਼ਾਨੀ ਜਾਂ ਅਸੁਰੱਖਿਆ ਪੈਦਾ ਕਰੇ ਅਸੀਂ ਤਾਂ ਆਪਣੀ ਪਰੇਸ਼ਾਨੀ ਦੱਸ ਰਹੇ ਹਾਂ ਤੁਹਾਨੂੰ! ਤੁਸੀਂ ਦੱਸੋ ਕਿ ਹੋਰ ਕਿਸ ਨੂੰ ਦੱਸੀਏ?” ਇਹ ਸੁਣ ਉਹ ਠੰਢਾ ਹੋ ਕੇ ਚਲਾ ਗਿਆ। ਇਹ ਬੰਦਾ ਵੀ ਸਿਆਹਫਾਮ ਹੀ ਸੀ।

ਸੱਤ ਵਜੇ ਦੇ ਕਰੀਬ ਕੰਮ ਸ਼ੁਰੂ ਹੋਇਆ ਪਰ ਸਾਡੇ ਅੱਗੇ ਵਾਲੇ ਟਰੱਕ ਤੁਰਨ ਹੀ ਨਾ। ਜਦ ਜਾ ਕੇ ਦੇਖਿਆ ਤਾਂ ਡਰਾਈਵਰ ਲੰਮੀ ਉਡੀਕ ਤੋਂ ਥੱਕ ਹਾਰ ਕੇ ਸੌਂ ਗਏ ਸਨ। ਉਨ੍ਹਾਂ ਨੂੰ ਜਗਾਇਆ ਕਿ ਭਾਈ ਅਸੀਂ ਤਾਂ ਚੱਕਰ ਕੱਢਕੇ ਮੁੜ ਆਪਣੀ ਕਤਾਰ ’ਚ ਆਉਣਾ ਹੈ, ਤੁਸੀਂ ਰਾਹ ਵਿਹਲਾ ਕਰੋ।

ਜਦ ਗੇਟ ’ਤੇ ਗਏ ਤਾਂ ਜਪਾਨੀ ਮੂਲ ਦਾ ਜਾਪ ਰਿਹਾ ਇੱਕ ਡਰਾਈਵਰ ਗੇਟ ’ਤੇ ਡਿਊਟੀ ’ਤੇ ਆਏ ਕਲਰਕ ਨਾਲ ਉਲਝ ਰਿਹਾਸੀ ਮਾਮਲਾ ਸਾਡੇ ਵਾਲਾ ਹੀ ਸੀ ਟਰੈਫਿਕ ਹੈੱਡ ਨੇ ਉਸ ਨੂੰ ਵੀ ਕਤਾਰ ਬਦਲਣ ਲਈ ਆਖ ਦਿੱਤਾ ਹੋਇਆ ਸੀ ਤੇ ਉਹ ਪੰਜ ਘੰਟੇ ਤੋਂ ਵੀ ਵੱਧ ਸਮੇਂ ਤੋਂ ਕਤਾਰ ਵਿੱਚ ਲੱਗਾ ਹੋਇਆ ਸੀ। ਉਹ ਤਪਿਆ ਹੋਇਆ ਉੱਚੀ ਸੁਰ ਵਿੱਚ ਗੱਲ ਕਰ ਰਿਹਾ ਸੀ। ਕਲਰਕ ਨੇ ਉਸ ਨੂੰ ਸਖ਼ਤੀ ਨਾਲ ਆਪਣੇ ਟਰੱਕ ਵਿੱਚ ਜਾਣ ਲਈ ਆਖ ਦਿੱਤਾ। ਆਪਣੀ ਵਾਰੀ ਆਉਣ ’ਤੇ ਮਾਹੌਲ ਨੂੰ ਦੇਖਦਿਆਂ, ਦੁਆ-ਸਲਾਮ ਕਰਕੇ ਮੈਂ ਕਿਹਾ, “ਸਵੇਰੇ ਸਵੇਰੇ ਏਨਾ ਖਫਾ ਕਿਉਂ ਹੋ ਗਏ ਓ ਜਨਾਬ?” ਉਸਦਾ ਜੁਆਬ ਸੀ, “ਉਹ ਉੱਚੀ ਆਵਾਜ਼ ਵਿੱਚ ਗੱਲ ਕਰ ਰਿਹਾ ਸੀ, ਏਸ ਲਈ ਮੈਨੂੰ ਵੀ ਗ਼ੁੱਸਾ ਆ ਗਿਆ?” ਮੈਂ ਉਸ ਨੂੰ ਕਿਹਾ, “ਕਸੂਰ ਨਾ ਤੁਹਾਡਾ ਹੈ ਤੇ ਨਾ ਈ ਡਰਾਈਵਰ ਦਾ। ਦਰਅਸਲ ਕੰਪਨੀ ਨੂੰ ਮੋੜ ਉੱਤੇ ਅਜਿਹੇ ਢੰਗ ਨਾਲ ਕਤਾਰਾਂ ਦੀ ਨਿਸ਼ਾਨਦੇਹੀ ਦੇ ਸਾਈਨ-ਬੋਰਡ ਲਾਉਣੇ ਚਾਹੀਦੇ ਹਨ ਕਿ ਹਰ ਡਰਾਈਵਰ ਦੇ ਨਜ਼ਰੀਂ ਚੜ੍ਹ ਜਾਣ। ਫੇਰ ਤੁਹਾਡਾ ਕੰਮ ਵੀ ਆਸਾਨ ਹੋ ਜਾਵੇਗਾ, ਕੋਈ ਵੀ ਤੁਹਾਡਾ ਮੂਡ ਖ਼ਰਾਬ ਨਹੀਂ ਕਰੇਗਾ!” ਸੰਬੰਧਤ ਕਲਰਕ ਵੀ ਸਿਆਹਫਾਮ ਸੀ।

ਮੇਰੀ ਗੱਲ ਉਸ ਦੇ ਮਨ ਨੂੰ ਲੱਗ ਗਈ ਸੀ ਮੈਨੂੰ ਪੁੱਛਣ ਲੱਗਾ ਕਿ ਤੁਹਾਡਾ ਟਰੱਕ ਕਿੱਥੇ ਐ? ਮੈਂ ਦੱਸਿਆ ਕਿ ਸਾਹਮਣੇ ਵਾਲਾ ਮੇਰਾ ਹੀ ਹੈਮੇਰੇ ਵੱਲ ਦੇਖ ਕੇ ਉਹ ਮੁਸਕਰਾਉਣ ਲੱਗ ਪਿਆ, “ਮਾਮਲਾ ਤਾਂ ਤੁਹਾਡਾ ਵੀ ਉਹੀ ਐ ... ਚਲੋ, ਕਰਦਾਂ ਮੈਂ ਕੋਈਚਾਰਾ! ਤੁਹਾਡੇ ਵਾਸਤੇ ਤਾਂ ਜ਼ਰੂਰ ਕਰੂੰਗਾ।” ਇਸ ਤੋਂ ਪਹਿਲਾਂ ਕਿ ਟ੍ਰੈਫ਼ਿਕ-ਹੈੱਡ ਆਵੇ, ਉਸਨੇ ਸਾਨੂੰ ਇੱਕ ਦੂਸਰੀ ਥਾਂ ਤੋਂ ਲੋਡ ਅਲਾਟ ਕਰ ਦਿੱਤਾ ਤੇ ਖਾਲ਼ੀ ਟ੍ਰੇਲਰ ਵੀ ਓਥੇ ਹੀ ਲੈ ਜਾਣ ਲਈ ਆਖ ਦਿੱਤਾ। ਇਸ ਤਰ੍ਹਾਂ ਮਾਹੌਲ ਨੂੰ ਭਾਂਪ ਕੇ ਹਲੀਮੀ ਨਾਲ ਕੀਤੀ ਗਈ ਗੱਲਬਾਤ ਨੇ ਸਾਨੂੰ ਵੱਡੀ ਪ੍ਰੇਸ਼ਾਨੀ ਤੋਂ ਬਚਾ ਲਿਆ। ਉਸ ਦੇ ਮੂਡ ਤੋਂ ਜਾਪ ਰਿਹਾ ਸੀ ਕਿ ਉਹ ਜਪਾਨੀ ਡਰਾਈਵਰ ਦੀ ਮੁਸ਼ਕਲ ਵੀ ਹੱਲ ਕਰ ਦੇਵੇਗਾ

ਇਹ ਇਲਾਕਾ ਮੈਨੂੰ ਸਿਆਹਫਾਮ ਲੋਕਾਂ ਦੀ ਬਹੁਤਾਤ ਵਾਲਾ ਜਾਪਿਆ। ਇਸ ਜਗ੍ਹਾ ਐਮਾਜ਼ੌਨ ਦੇ ਮੁਲਾਜ਼ਮਾਂ ਵਿੱਚ ਸਿਆਹਫਾਮ ਲੋਕ ਵੱਡੀ ਗਿਣਤੀ ਵਿੱਚ ਦੇਖਣ ਨੂੰ ਮਿਲੇ ਤੇ ਸਿਰਫ ਇੱਕ, ਟਰੈਫਿਕ ਹੈੱਡ ਨੂੰ ਛੱਡ ਕੇ ਬਾਕੀ ਸਾਰੇ ਬੜੇ ਮਿਲਾਪੜੇ ਨਜ਼ਰ ਆਏ

ਸਾਡੀ ਮਾਨਸਿਕਤਾ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਜੇ ਕਾਲਾ ਰੰਗ ਮਾੜਾ ਹੁੰਦਾ ਹੈ ਤਾਂ ਕਾਲੇ ਲੋਕ ਕਿਵੇਂ ਚੰਗੇ ਹੋ ਸਕਦੇ ਹਨ!

ਯਾਦ ਆ ਰਿਹਾ ਹੈ ਜਾਰਜ ਸਟਿਨੀ ਜੂਨੀਅਰ ਜਿਸ ਨੂੰ ਉਸਦੀ ਮੌਤ ਦੇ 70 ਸਾਲ ਬਾਅਦ ਨਿਰਦੋਸ਼ ਕਰਾਰ ਦਿੱਤਾ ਗਿਆ। ਇਹ ਹਿਲਾ ਕੇ ਰੱਖ ਦੇਣ ਵਾਲੀ ਘਟਨਾ 1944 ਵਿੱਚ ਅਮਰੀਕਾ ਦੇ ਸਾਊਥ ਕੈਰੋਲਾਇਨਾ ਸੂਬੇ ਵਿੱਚ ਵਾਪਰੀ ਸੀ14 ਸਾਲ ਦੇ ਸਟਿਨੀ ਨੂੰ ਦੋ ਗੋਰੀਆਂ ਬਾਲੜੀਆਂ ਦੇ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਸਜ਼ਾ ਸੁਣਾਉਣ ਲਈ ਨਾ ਕੋਈ ਸਬੂਤ ਸੀ, ਨਾ ਕੋਈ ਗਵਾਹ। ਉਸਦਾ ਰੰਗ ਕਾਲਾ ਸੀ ਤੇ ਇਹ ਮੰਨ ਲਿਆ ਗਿਆ ਸੀ ਕਿ ਕਤਲ ਉਸਨੇ ਹੀ ਕੀਤਾ ਹੋਵੇਗਾ। ਸਟਿਨੀ ਵੀਹਵੀਂ ਸਦੀ ਵਿੱਚ ਮੌਤ ਦੀ ਸਜ਼ਾ ਪਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਸੀ। ਉਸ ਦਾ ਮੁਕੱਦਮਾ ਪਤਾ ਹੈ ਕਿੰਨੀ ਦੇਰ ਚੱਲਿਆ? ਸਿਰਫ ਦੋ ਘੰਟੇ! … ਤੇ ਜਿਊਰੀ ਨੇ ਉਸ ਦੀ ਸਜ਼ਾ ’ਤੇ ਸਹੀ ਪਾਉਣ ਲਈ ਕਿੰਨਾ ਸਮਾਂ ਲਿਆ, ਸਿਰਫ 10 ਮਿੰਟ! ਜੱਜ ਤੇ ਜਿਊਰੀ, ਸਭ ਗੋਰੇ! ਸਟਿਨੀ ਦਾ ਸਰੀਰ ਏਨਾ ਮਾੜਕੂ ਜਿਹਾ ਸੀ ਕਿ ਉਹ ਬਿਜਲੀ ਵਾਲੀ ਕੁਰਸੀ ’ਤੇ ਝਟਕੇ ਵਾਸਤੇ ਫਿੱਟ ਨਹੀਂ ਸੀ ਬੈਠ ਰਿਹਾ। ਇਸ ਕੰਮ ਲਈ ਉਸ ਹੇਠਾਂ ਕਿਤਾਬਾਂ ਰੱਖੀਆਂ ਗਈਆਂ ਸਨ ਜਿਨ੍ਹਾਂ ਵਿੱਚ ਇੱਕ ਬਾਈਬਲ ਵੀ ਸੀ। ਸਟਿਨੀ ਨੂੰ ਮਿਲੀ ਸਜ਼ਾ ਤੇ ਮੁਕੱਦਮੇ ਵਿੱਚ ਦਿਖਾਈ ਗਈ ਲੋਹੜੇ ਦੀ ਕਾਹਲ ਦਾ ਮਾਮਲਾ ਦਹਾਕਿਆਂ ਬੱਧੀ ਰਿੜਕ ਹੁੰਦਾ ਰਿਹਾ ਤੇ ਆਖਰਕਾਰ 2014 ਵਿੱਚ ਉਸ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ! ਅਜਿਹੀਆਂ ਘਟਨਾਵਾਂ ਸਿਰਫ ਅਮਰੀਕਾ ਵਿੱਚ ਹੀ ਨਹੀਂ, ਦੁਨੀਆਂ ਦੇ ਹਰ ਹਿੱਸੇ ਵਿੱਚ ਵਾਪਰ ਰਹੀਆਂ ਹਨ। ਰੰਗ ਕਾਲਾ ਹੈ ਤਾਂ ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਉਹ ਲਾਜ਼ਮੀ ਤੌਰ ’ਤੇ ਅਪਰਾਧੀ ਹੋਵੇਗਾ।

ਇੱਕ ਖ਼ੂਬਸੂਰਤ ਵਾਕਿਆ ਯਾਦ ਆ ਰਿਹਾ ਹੈ ਜੋ ਰਾਜਿੰਦਰ ਬਿਮਲ (ਕਿਤਾਬਾਂ ਵਾਲੇ ਬਾਬਾ ਜੀ) ਹੁਰਾਂ ਸੁਣਾਇਆ ਸੀ। ਇੱਕ ਵਾਰ ਦੂਰ-ਦਰਸ਼ਨ ਲਈ ਲਖਵਿੰਦਰ ਜੌਹਲ ਹੁਰਾਂ ਉੱਘੇ ਚਿੱਤਰਕਾਰ ਸੋਹਣ ਕਾਦਰੀ ਨਾਲ ਮੁਲਾਕਾਤ ਵਾਸਤੇ ਬਖਸ਼ਿੰਦਰ ਹੁਰਾਂ ਦੀ ਡਿਊਟੀ ਲਾ ਦਿੱਤੀ। ਕਾਦਰੀ ਜਦੋਂ ਜਲੰਧਰ ਆਪਣੀ ਭੈਣ ਦੇ ਘਰ ਆਉਂਦੇ ਸਨ ਤਾਂ ਬਿਮਲ ਉਨ੍ਹਾਂ ਨੂੰ ਅਕਸਰ ਮਿਲਣ ਚਲੇ ਜਾਂਦੇ ਸਨ ਬਖਸ਼ਿੰਦਰ ਨੇ ਬਿਮਲ ਨੂੰ ਨਾਲ ਚੱਲਣ ਲਈ ਕਿਹਾ। ਕਾਦਰੀ ਨਾਲ ਗੱਲਬਾਤ ਦਾ ਸਿਲਸਿਲਾ ਰਿਕਾਰਡ ਕਰਨ ਲਈ ਕੈਮਰਾ ਚਾਲੂ ਕਰਨ ਤੋਂ ਪਹਿਲਾਂ ਬਖਸ਼ਿੰਦਰ ਨੇ ਨੋਟ ਕੀਤਾ ਕਿ ਕਾਦਰੀ ਆਪਣੇ ਚਿੱਤਰਾਂ ਵਿੱਚ ਕਾਲੇ ਰੰਗ ਦੀ ਵਰਤੋਂ ਜ਼ਿਆਦਾ ਕਰਦੇ ਹਨਉਨ੍ਹਾਂ ਕਾਦਰੀ ਨੂੰ ਸੁਆਲ ਕੀਤਾ, “ਤੁਸੀਂ ਕਾਲੇ ਰੰਗ ਦੀ ਵਰਤੋਂ ਜ਼ਿਆਦਾ ਕਰਦੇ ਓ, ਇਹ ਤੁਹਾਡੀ ਜ਼ਿੰਦਗੀ ਦਾ ਪਹਿਲੂ ਤਾਂ ਨਹੀਂ ਮਤਲਬ ਹਨੇਰਾ ਪੱਖ?” ਕਾਦਰੀ ਨੇ ਮੁਸਕਰਾ ਕੇ ਕਿਹਾ, “ਤੁਹਾਨੂੰ ਕੌਣ ਕਹਿੰਦੈ ਕਿ ਕਾਲੇ ਰੰਗ ਦਾ ਮਤਲਬ ਹਨੇਰਾ ਹੁੰਦੈ? ਤੁਹਾਨੂੰ ਪਤਾ ਹੈ ਕਿ ਕਾਲੇ ਰੰਗ ਦੀ ਸਿਆਹੀ ਨੂੰ ਰੁਸ਼ਨਾਈ ਵੀ ਕਹਿੰਦੇ ਹਨ!” ਕਾਦਰੀ ਦੇ ਜੁਆਬ ਨੇ ਦੋਹਾਂ ਅਦੀਬਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਥੇ ਨਵੀਂ ਪੀੜ੍ਹੀ ਦੇ ਪਾਠਕਾਂ ਨੂੰ ਇਹ ਦੱਸਣਾ ਚੰਗਾ ਰਹੇਗਾ ਕਿ ਸਾਡੇ ਪ੍ਰਾਇਮਰੀ ਸਕੂਲ ਦੇ ਦਿਨਾਂ ਵਿੱਚ ਲਿਖਾਈ ਸੁੰਦਰ ਬਣਾਉਣ ਲਈ ਮਾਸਟਰ ਫੱਟੀ ਲਿਖਾਇਆ ਕਰਦੇ ਸਨ। ਇਸ ਕੰਮ ਵਾਸਤੇ ਵਰਤੀ ਜਾਂਦੀ ਕਾਲੀ ਸਿਆਹੀ ਪੁੜੀਆਂ ਵਿੱਚ ਵਿਕਦੀ ਸੀ ਤੇ ਪੁੜੀ ਉੱਪਰ ਰੌਸ਼ਨੀ ਜਾਂ ਰੁਸ਼ਨਾਈ ਲਿਖਿਆ ਹੋਇਆ ਹੁੰਦਾ ਸੀ। ਹੱਟੀ ’ਤੇ ਜਾ ਕੇ ਕਾਲੀ ਸਿਆਹੀ ਦੀ ਮੰਗ ਨਹੀਂ ਸੀ ਕਰਦੇ ਅਸੀਂ। ਕਿਹਾ ਕਰਦੇ ਸੀ, “ਬਾਬਾ ਜੀ, ਰੌਸ਼ਨੀ ਦੀ ਇੱਕ ਪੁੜੀ ਦੇ ਦਿਓ!”

ਸਮੇਂ ਦੇ ਨਾਲ ਨਾਲ ਬਹੁਤ ਕੁਝ ਬਦਲਿਆ ਹੈ ਤੇ ਬਦਲਣਾ ਵੀ ਚਾਹੀਦਾ ਹੈਫੱਟੀ ਹੁਣ ਇੱਕ ਇਤਿਹਾਸ ਬਣ ਗਈ ਹੈ। ਕੰਪਿਊਟਰ ਆ ਗਿਆ ਹੈ। ਪੜ੍ਹਨ-ਲਿਖਣ ਦੇ ਢੰਗ ਬਦਲ ਗਏ ਹਨ। ਸਾਡੀ ਪੀੜ੍ਹੀ ਤਕਨਾਲੋਜੀ ਵਿੱਚ ਹੋਈਆਂ ਵੱਡੀਆਂ ਤਬਦੀਲੀਆਂ ਦੀ ਗਵਾਹ ਹੈ। ਇਸ ਗੱਲ ’ਤੇ ਮਾਣ ਵੀ ਹੁੰਦਾ ਹੈ ਕਿ ਅਸੀਂ ਇਹ ਕ੍ਰਾਂਤੀ ਆਪਣੀਆਂ ਅੱਖਾਂ ਨਾਲ ਵੇਖ ਸਕੇ ਹਾਂ। ਐਪਰ, ਇਸ ਗੱਲ ਦਾ ਦੁੱਖ ਉਸ ਮਾਣ ਨਾਲ਼ੋਂ ਵੀ ਵੱਡਾ ਹੈ ਕਿ ਇਸ ਕ੍ਰਾਂਤੀ ਨੇ ਕੇਵਲ ਤਕਨਾਲੋਜੀ ਵਿੱਚ ਹੀ ਤਬਦੀਲੀ ਲਿਆਂਦੀ ਹੈ, ਜ਼ਿਹਨੀਅਤ ਵਿੱਚ ਨਹੀਂ! ਕਾਲਾ ਰੰਗ ਅਜੇ ਵੀ ਸਾਡੇ ਲਈ ਮਨਹੂਸ ਹੀ ਹੈ।

ਕੁਦਰਤ ਨੇ ਧਰਤੀ ਦੇ ਹਰ ਹਿੱਸੇ ਨੂੰ ਵੱਖੋ-ਵੱਖਰਾ ਰੰਗ ਰੂਪ ਦਿੱਤਾ ਹੈ। ਹਰ ਹਿੱਸੇ ਦਾ ਜਲ-ਵਾਯੂ ਵੱਖਰਾ ਹੈ ਹਰ ਹਿੱਸੇ ਵਿੱਚ ਰਹਿਣ ਵਾਲੇ ਮਨੁੱਖਾਂ ਦਾ ਰੰਗ-ਰੂਪ ਦੂਸਰੇ ਹਿੱਸੇ ਦੇ ਮਨੁੱਖਾਂ ਨਾਲੋਂ ਵੱਖਰਾ ਹੈ ਤੇ ਰਹਿਣ ਸਹਿਣ, ਖਾਣ-ਪੀਣ ਵੀ ਵੱਖਰਾ। ਅਸੀਂ ਉਸ ਦੌਰ ਵਿੱਚ ਪਹੁੰਚ ਗਏ ਹਾਂ, ਜਿੱਥੇ ਦੂਸਰੇ ਲੋਕਾਂ ਦੇ ਰਹਿਣ-ਸਹਿਣ, ਖਾਣ-ਪਹਿਨਣ, ਉਨ੍ਹਾਂ ਦੀਆਂ ਸਭਿਆਚਾਰਿਕ ਕਦਰਾਂ-ਕੀਮਤਾਂ ਪ੍ਰਤੀ ਸੰਵੇਦਨਸ਼ੀਲਤਾ, ਸਤਿਕਾਰ ਬਹੁਤ ਜ਼ਰੂਰੀ ਹੋ ਜਾਂਦਾ ਹੈ ਤੇ ਅਸੀਂ ਚਾਹੁੰਦੇ ਪਤਾ ਕੀ ਹਾਂ? ਦੂਸਰਾ ਸਾਡੀਆਂ ਕਦਰਾਂ-ਕੀਮਤਾਂ ਦਾ ਸਤਿਕਾਰ ਕਰੇ ਪਰ ਸਾਡੇ ਤੋਂ ਅਜਿਹੀ ਆਸ ਨਾ ਰੱਖੇ।

ਕਿਸੇ ਵਿਅਕਤੀ ਦੇ ਰੰਗ-ਰੂਪ, ਨਸਲ, ਜਾਤ ਨੂੰ ਦੇਖ ਕੇ ਉਸ ਬਾਰੇ ਬਣਾਈ ਗਈ ਪੂਰਵ-ਧਾਰਨਾ ਅਕਸਰ ਵੱਡੇ ਬਖੇੜੇ ਖੜ੍ਹੇ ਕਰਦੀ ਹੈ। ਕਿਸੇ ਵੀ ਰੰਗ, ਕਿਸੇ ਵੀ ਨਸਲ, ਕਿਸੇ ਵੀ ਧਰਮ-ਜਾਤ ਵਿੱਚ ਨਾ ਤਾਂ ਸਾਰੇ ਲੋਕ ਚੰਗੇ ਹੋ ਸਕਦੇ ਹਨ ਤੇ ਨਾ ਹੀ ਮਾੜੇ। ਸਿਆਹਫਾਮ ਲੋਕ ਸਾਰੇ ਮਾੜੇ ਨਹੀਂ ਹੋ ਸਕਦੇਸਫ਼ੈਦ ਜਾਂ ਰੰਗਦਾਰ ਚਮੜੀ ਵਾਲੇ ਸਾਰੇ ਚੰਗੇ ਨਹੀਂ ਹੋ ਸਕਦੇਬਿਲਕੁਲ ਇਸੇ ਤਰ੍ਹਾਂ ਜਿਵੇਂ ਸਾਰੇ ਮੁਸਲਮਾਨ ਮਾੜੇ ਨਹੀਂ ਤੇ ਸਾਰੇ ਹਿੰਦੂ ਚੰਗੇ ਨਹੀਂ, ਸਾਰੇ ਸਿੱਖ ਵੱਖਵਾਦੀ-ਅੱਤਵਾਦੀ ਨਹੀਂ ਹੋ ਸਕਦੇ!

ਰੰਗਾਂ ਵਿਚਲੀ ਵੰਨ-ਸੁਵੰਨਤਾ ਆਲੇ ਦੁਆਲੇ ਨੂੰ ਖ਼ੂਬਸੂਰਤੀ ਬਖ਼ਸ਼ਦੀ ਹੈ। ਇਹੀ ਕਾਰਨ ਹੈ ਕਿ ਤੁਸੀਂ ਆਪਣੇ ਬਗ਼ੀਚੇ ਵਿੱਚ ਇੱਕੋ ਰੰਗ ਦੇ ਫੁੱਲ ਨਹੀਂ ਲਾਉਂਦੇ।

ਇੱਕ ਗੱਲ ਜ਼ਰਾ ਠੰਢੇ ਦਿਮਾਗ਼ ਨਾਲ ਜ਼ਰੂਰ ਸੋਚਿਓ ਕਿ ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਕੁਰਾਨ, ਬਾਈਬਲ, ਗੀਤਾ, ਰਮਾਇਣ ਸਭ ਕਾਲੀ ਸਿਆਹੀ ਨਾਲ ਕਿਓਂ ਲਿਖੇ ਹੋਏ ਹਨ ? ਕਾਲੀ ਸਿਆਹੀ ਨਾਲ ਉੱਕਰੇ ਲਫ਼ਜ਼ਾਂ ਦੀ ਪੂਜਾ ਤੇ ਕਾਲਾ ਰੰਗ ਫੇਰ ਵੀ ਮਾੜਾ ਕਿਓਂ!

ਰੰਗ ਕੋਈ ਵੀ ਬਦਰੰਗ ਨਹੀਂ ਹੋ ਸਕਦਾ, ਜੇ ਬਦਰੰਗ ਹੈ ਤਾਂ ਮਾਨਸਿਕਤਾਇਹ ਮਾਨਸਿਕਤਾ ਆਪਣੇ ਆਪ ਬਦਰੰਗ ਨਹੀਂ ਹੋ ਜਾਂਦੀ, ਸਗੋਂ ਕੀਤੀ ਜਾਂਦੀ ਹੈ। ਤੁਹਾਨੂੰ ਪਤਾ ਹੀ ਨਹੀਂ ਲਗਦਾ ਕਿ ਤੁਹਾਡੇ ਅੰਦਰਲੇ ਰੰਗਾਂ ਨੂੰ ਕੋਈ ਹੌਲੀ ਹੌਲੀ ਬਦਰੰਗ ਕਰੀ ਜਾ ਰਿਹਾ ਹੈਤੁਹਾਡੇ ਅੰਦਰ ਹੌਲੀ ਹੌਲੀ ਇੱਕ ਵੱਡੀ ਗੁਣਾਤਮਕ ਤਬਦੀਲੀ ਆ ਜਾਂਦੀ ਹੈ ਪਰ ਤੁਸੀਂ ਉਸ ਤੋਂ ਬੇਖ਼ਬਰ ਹੁੰਦੇ ਹੋ। ਤੁਹਾਨੂੰ ਉਹ ਦੂਸਰੇ ਦੀ ਰਸੋਈ ਦੀ ਤਲਾਸ਼ੀ ਲੈਣ ਲਈ ਮਜਬੂਰ ਕਰ ਦਿੰਦੇ ਹਨ! ਬੇਵਜ੍ਹਾ ਕਤਲ ਕਰਵਾ ਦਿੰਦੇ ਹਨ! ਤੁਸੀਂ ਜਦ ਕਤਲ ਦੇ ਇਲਜ਼ਾਮ ਵਿੱਚ ਘਿਰ ਜਾਂਦੇ ਹੋ, ਬਚ ਨਿਕਲਣ ਦਾ ਕੋਈ ਰਾਹ ਬਾਕੀ ਨਹੀਂ ਬਚਦਾ,ਫੇਰ ਤੁਹਾਡੀ ਅੱਖ ਖੁੱਲ੍ਹਦੀ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ! ਇਸ ਲਈ ਜ਼ਰਾ ਬਚ ਕੇ ਬਦਰੰਗੀ-ਕਾਰੋਬਾਰੀਆਂ ਤੋਂ, ਅੱਜ-ਕੱਲ੍ਹ ਇਨ੍ਹਾਂ ਦਾ ਬਹੁਤ ਬੋਲ-ਬਾਲਾ ਹੈ!

ਬਾਬਾ ਬੁੱਲੇ ਸ਼ਾਹ ਦੇ ਬੋਲਾਂ ਨਾਲ ਆਪਣੀ ਗੱਲ ਸਮੇਟਣ ਦੀ ਇਜਾਜ਼ਤ ਚਾਹਾਂਗਾ,

ਮੈਂ ਕਾਲੀ ਤੇ ਮੇਰਾ ਯਾਰ ਵੀ ਕਾਲਾ ਤੇ ਅਸੀਂ ਕਾਲੇ ਲੋਕ ਸਦੀਂਦੇ,
ਨੀਮ ਪਹਾੜ ਦਾ ਸੁਰਮਾਂ ਵੀ ਕਾਲਾ
, ਲੋਕੀਂ ਅੱਖੀਆਂ ਵਿੱਚ ਪਵੀਂਦੇ
ਕੁਰਾਨ ਸ਼ਰੀਫ ਦੇ ਹਰਫ਼ ਵੀ ਕਾਲੇ
, ਲੋਕੀਂ ਜਿਸ ਵੱਲ ਜਾਣ ਭਜੀਂਦੇ,
ਬੁੱਲੇ ਸ਼ਾਹ ਗੋਰੇ ਰੰਗ ਕੀ ਕਰਨੇ, ਜਿਹੜੇ ਗਲੀਓ ਗਲੀ ਵਕੀਂਦੇ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2901)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author